ਬਿਹਤਰੀਨ ਕਾਰਜਕੁਸ਼ਲਤਾ, ਵਫ਼ਾਦਾਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਸੁਰੇਸ਼ ਕੁਮਾਰ - ਉਜਾਗਰ ਸਿੰਘ
ਭਾਰਤ ਵਿਚ ਆਈ ਏ ਐਸ ਦੀ ਨੌਕਰੀ ਨੂੰ ਸਰਵੋਤਮ ਸਰਵਿਸ ਸਮਝਿਆ ਜਾਂਦਾ ਹੈ। ਜਿਹੜੇ ਉਮੀਦਵਾਰ ਆਈ ਏ ਐਸ ਅਤੇ ਆਈ ਪੀ ਐਸ ਲਈ ਚੁਣੇ ਜਾਂਦੇ ਹਨ, ਉਨ੍ਹਾਂ ਵਿਚੋਂ ਜੋ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚੋਂ ਹੁੰਦੇ ਹਨ, ਉਨ੍ਹਾਂ ਵਿਚੋਂ ਵੀ ਬਹੁਤਿਆਂ ਦੀ ਪਹਿਲ ਪੰਜਾਬ ਕੇਡਰ ਵਿਚ ਆਉਣ ਦੀ ਹੁੰਦੀ ਹੈ। ਪੰਜਾਬ ਕੇਡਰ ਉਨ੍ਹਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੀ ਮੈਰਿਟ ਉਚੀ ਹੁੰਦੀ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪੰਜਾਬ ਕੇਡਰ ਦੀ ਪਹਿਲ ਕਿਉਂ ਹੁੰਦੀ ਹੈ ? ਪੰਜਾਬ ਕਿਸੇ ਸਮੇਂ ਦੇਸ਼ ਦਾ ਖ਼ੁਸ਼ਹਾਲ ਰਾਜ ਹੁੰਦਾ ਸੀ। ਪੰਜਾਬੀਆਂ ਦਾ ਜੀਵਨ ਪੱਧਰ ਵੀ ਸਭ ਤੋਂ ਉਚਾ ਹੁੰਦਾ ਸੀ। ਇਸ ਲਈ ਹਰ ਉਮੀਦਵਾਰ ਦੀ ਇੱਛਾ ਪੰਜਾਬ ਕੇਡਰ ਦੀ ਹੁੰਦੀ ਸੀ। ਭਾਵੇਂ ਪੰਜਾਬ ਦੀ ਆਰਥਿਕ ਹਾਲਤ ਇਸ ਸਮੇਂ ਬਹੁਤੀ ਚੰਗੀ ਨਹੀਂ ਪ੍ਰੰਤੂ ਫਿਰ ਵੀ ਪੰਜਾਬ ਕੇਡਰ ਦੀ ਚਾਹਤ ਅਜੇ ਵੀ ਬਰਕਰਾਰ ਹੈ। ਪੰਜਾਬ ਦੇ ਕੁਝ ਲੋਕਾਂ ਅਤੇ ਕੁਝ ਵਿਓਪਾਰੀਆਂ ਨੇ ਆਪਣੇ ਹਿਤਾਂ ਦੀ ਪੂਰਤੀ ਅਤੇ ਸ਼ਾਰਟ ਕਟ ਨਾਲ ਜਲਦੀ ਅਮੀਰ ਬਣਨ ਦੀ ਲਾਲਸਾ ਕਰਕੇ ਇਨ੍ਹਾਂ ਕੇਡਰਾਂ ਅਤੇ ਸਿਆਸਤਦਾਨਾ ਉਪਰ ਡੋਰੇ ਪਾ ਕੇ ਦੋਹਾਂ ਵਰਗਾਂ ਦੇ ਕੁਝ ਕੁ ਲੋਕਾਂ ਨੂੰ ਲਾਲਚ ਦੇ ਚੁੰਗਲ ਵਿਚ ਫਸਾ ਲਿਆ। ਇਸ ਲਈ ਵੀ ਪੰਜਾਬ ਕੇਡਰ ਦੀ ਚਾਹਤ ਵਧ ਗਈ। ਪੰਜਾਬ ਦੇ ਬਹੁਤੇ ਇਨ੍ਹਾਂ ਵਰਗਾਂ ਦੇ ਅਧਿਕਾਰੀਆਂ ਦਾ ਕਿਰਦਾਰ ਬਾਕੀ ਸੂਬਿਆਂ ਨਾਲੋਂ ਬਿਹਤਰ ਹੈ। ਅਜਿਹੇ ਦੌਰ ਵਿਚ ਇਨ੍ਹਾਂ ਵਰਗਾਂ ਦੇ ਅਧਿਕਾਰੀਆਂ ਵਿਚ ਵੀ ਬਿਹਤਰੀਨ ਅਹੁਦੇ ਲੈਣ ਦੀ ਦੌੜ ਲੱਗ ਗਈ। ਇਸ ਦੌੜ ਵਿਚ ਸਿਆਸਤਦਾਨਾ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਵਾਤਾਵਰਨ ਪੈਦਾ ਹੋ ਗਿਆ, ਜਿਸ ਕਰਕੇ ਲੋਕਾਂ ਨਾਲ ਬੇਇਨਸਾਫੀ ਹੋਣ ਲੱਗ ਗਈ। ਅਜਿਹੇ ਦੌਰ ਵਿਚ ਪੰਜਾਬ ਦੇ ਬਿਹਤਰੀਨ ਅਧਿਕਾਰੀਆਂ ਵਿਚ ਇਕ ਅਜਿਹੇ ਅਧਿਕਾਰੀ ਹਨ, ਜਿਹੜੇ ਆਪਣੀ ਸਰਵਿਸ ਦੌਰਾਨ ਇਨਸਾਫ ਦੇ ਤਰਾਜੂ ਨਾਲ ਫੈਸਲੇ ਪਾਰਦਰਸ਼ਤਾ, ਨਿਰਪੱਖਤਾ ਅਤੇ ਦਿਆਨਤਦਾਰੀ ਨਾਲ ਕਰਦੇ ਹਨ। ਉਨ੍ਹਾਂ ਉਪਰ ਕਦੀਂ ਵੀ ਕਿਸੇ ਨੇ ਉਂਗਲ ਉਠਾਉਣ ਦੀ ਹਿੰਮਤ ਨਹੀਂ ਕੀਤੀ। ਉਹ ਹਰ ਸਰਕਾਰ ਦੇ ਚਹੇਤੇ ਅਧਿਕਾਰੀ ਰਹੇ ਹਨ। ਉਹ ਅਧਿਕਾਰੀ ਹਨ, ਸੁਰੇਸ਼ ਕੁਮਾਰ ਕੈਬਨਿਟ ਸਕੱਤਰ ਦੇ ਪੇ ਸਕੇਲ ਵਿਚ ਅੱਜ ਕਲ੍ਹ ਪੰਜਾਬ ਦੇ ਮੁੱਖ ਮੰਤਰੀ ਦੇ ਚੀਫ ਪਿ੍ਰੰਸੀਪਲ ਸਕੱਤਰ ਹਨ। ਜਿਵੇਂ ਸਮਾਜ ਅਤੇ ਸਮਾਜ ਵਿਚ ਵਿਚਰਨ ਵਾਲੇ ਇਨਸਾਨ ਬਹੁਰੰਗੇ ਹੁੰਦੇ ਹਨ। ਹਰ ਇਕ ਦਾ ਰੰਗ ਆਪੋ ਆਪਣਾ ਹੁੰਦਾ ਹੈ। ਇਕ ਬਾਗੀਚੇ ਵਿਚ ਕਈ ਰੰਗਾਂ ਅਤੇ ਕਿਸਮਾ ਦੇ ਫੁਲ ਹੁੰਦੇ ਹਨ ਪ੍ਰੰਤੂ ਉਨ੍ਹਾਂ ਦੀ ਸੁਗੰਧ ਵੱਖੋ ਵੱਖਰੀ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਇਕੱਠੇ ਕਰਕੇ ਗੁਲਦਸਤਾ ਬਣਾਉਂਦੇ ਹਾਂ ਤਾਂ ਸਾਰਿਆਂ ਦੀ ਖ਼ੁਸ਼ਬੋ ਰਲ ਮਿਲਕੇ ਵੱਖਰੀ ਕਿਸਮ ਦੀ ਬਣ ਜਾਂਦੀ ਹੈ। ਫਿਰ ਇਹ ਜਾਨਣਾ ਅਸੰਭਵ ਹੋ ਜਾਂਦਾ ਹੈ ਕਿ ਕਿਸ ਫੁੱਲ ਦੀ ਸੁਗੰਧ ਸਾਰਿਆਂ ਤੋਂ ਜ਼ਿਆਦਾ ਹੈ। ਇਸਦੇ ਉਲਟ ਜਦੋਂ ਕਿਸੇ ਕਾਰੋਬਾਰ ਜਾਂ ਦਫਤਰ ਵਿਚ ਕਰਮਚਾਰੀ ਅਤੇ ਅਧਿਕਾਰੀ ਕੰਮ ਕਰਦੇ ਹਨ ਤਾਂ ਹਰ ਇਕ ਦੀ ਇਕੱਲੇ-ਇਕੱਲੇ ਦੀ ਕਾਜਕੁਸ਼ਲਤਾ ਦਾ ਅੰਦਾਜ਼ਾ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਹੁੰਦਾ ਹੈ। ਆਮ ਤੌਰ ਤੇ ਜਿਹੜਾ ਕਰਮਚਾਰੀ ਜਾਂ ਅਧਿਕਾਰੀ ਇਮਾਨਦਾਰੀ ਅਤੇ ਬਚਨਵੱਧਤਾ ਨਾਲ ਕੰਮ ਕਰਦਾ ਹੈ ਤਾਂ ਸਾਰਾ ਭਾਰ ਉਸ ਉਪਰ ਹੀ ਸੁੱਟ ਦਿੱਤਾ ਜਾਂਦਾ ਹੈ। ਜਦੋਂ ਕੁਸ਼ਲ ਅਧਿਕਾਰੀ ਨੂੰ ਮਹੱਤਤਾ ਦਿੱਤੀ ਜਾਂਦੀ ਹੈ, ਤਾਂ ਕੁਝ ਲੋਕ ਇਤਰਾਜ਼ ਕਰਨ ਲੱਗ ਜਾਂਦੇ ਹਨ ਕਿ ਉਨ੍ਹਾਂ ਨੂੰ ਇਤਨੀ ਮਹੱਤਤਾ ਦਿੱਤੀ ਕਿਉਂ ਦਿੱਤੀ ਜਾਂਦੀ ਹੈ। ਇਹ ਇਨਸਾਨੀ ਫਿਤਰਤ ਹੈ। ਮੁੱਖੀ ਨੇ ਤਾਂ ਕੁਦਰਤੀ ਕੰਮ ਕਰਨ ਵਾਲੇ ਵਿਅਕਤੀ ਨੂੰ ਹੀ ਮੂਹਰੇ ਰੱਖਣਾ ਹੁੰਦਾ ਹੈ, ਚਾਹੇ ਕੋਈ ਕਿਤਨਾ ਇਤਰਾਜ਼ ਕਰੀ ਜਾਵੇ। ਸੁਰੇਸ਼ ਕੁਮਾਰ ਦਾ ਕੰਮ ਕਰਨ ਦਾ ਰੰਗ ਢੰਗ ਵੀ ਵੱਖਰਾ ਹੈ। ਸੁਰੇਸ਼ ਕੁਮਾਰ ਕਾਮਾ ਹੈ, ਉਨ੍ਹਾਂ ਨੇ ਤਾਂ ਮਸਤ ਹਾਥੀ ਦੀ ਤਰ੍ਹਾਂ ਆਪਣਾ ਕੰਮ ਕਰੀ ਹੀ ਜਾਣਾ ਹੈ ਕਿਉਂਕਿ ਉਨ੍ਹਾਂ ਨੂੰ ਕੰਮ ਕਰਕੇ ਖ਼ੁਸ਼ੀ ਮਿਲਦੀ ਹੈ ਪ੍ਰੰਤੂ ਉਹ ਕਿਸੇ ਦੀ ਟੈਂ ਮੰਨਣ ਨੂੰ ਤਿਆਰ ਨਹੀਂ, ਇਹ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਉਨ੍ਹਾਂ ਨੂੰ ਆਪਣੀ ਕਾਬਲੀਅਤ ਤੇ ਮਾਣ ਹੈ ਜੋ ਕਿ ਹੋਣਾ ਵੀ ਚਾਹੀਦਾ। ਕਾਬਲ, ਮਿਹਨਤੀ, ਵਫ਼ਾਦਾਰ ਅਤੇ ਇਮਾਨਦਾਰ ਵਿਅਕਤੀਆਂ ਦੀ ਵਿਰਾਸਤ ਅਮੀਰ ਹੁੰਦੀ ਹੈ, ਜਿਸ ਕਰਕੇ ਉਹ ਦਿਆਨਤਦਾਰੀ ਦਾ ਪੱਲਾ ਨਹੀਂ ਛੱਡਦੇ। ਜਿਹੜੇ ਆਪਣੇ ਕੰਮ ਤੋਂ ਬਿਨਾ ਹੋਰ ਕੋਈ ਮਤਲਬ ਨਹੀਂ ਰੱਖਦੇ। ਸੁਰੇਸ਼ ਕੁਮਾਰ ਦੀ ਵਿਰਾਸਤ ਵੀ ਅਮੀਰ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਦੇਸ਼ ਦੇ ਉਸਰੀਏ ਅਗਾਂਹਵਧੂ ਅਧਿਆਪਕ ਸਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਨਾਮਣਾ ਖੱਟਿਆ ਹੈ। ਉਹ ਇਕ ਮਾਨਵਵਾਦੀ ਕਵੀ ਵੀ ਸਨ, ਜਿਸ ਕਰਕੇ ਉਨ੍ਹਾਂ ਦਾ ਸਪੁੱਤਰ ਪਿਤਾ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਵਚਨਵੱਧਤਾ, ਨਿਰਪੱਖਤਾ ਤੇ ਇਮਾਨਦਾਰੀ ਨਾਲ ਆਪਣੇ ਫ਼ਰਜ ਨਿਭਾਉਂਦਿਆਂ ਮਾਨਵਤਾ ਦਾ ਪੱਲਾ ਨਹੀਂ ਛੱਡਦੇ। ਵਿਰਸਾ ਅਮੀਰ ਹੋਣ ਦਾ ਭਾਵ ਆਰਥਿਕ ਅਮੀਰੀ ਨਹੀਂ ਸਗੋਂ ਕਿਰਦਾਰ ਦੀ ਅਮੀਰੀ ਹੋਣੀ ਚਾਹੀਦੀ ਹੈ, ਜਿਸਦਾ ਵਾਰਿਸ ਸੁਰੇਸ਼ ਕੁਮਾਰ ਹੈ। ਸੁਰੇਸ਼ ਕੁਮਾਰ ਅੱਜ ਦਾ ਕੰਮ ਕਲ੍ਹ ਤੇ ਨਹੀਂ ਛੱਡਦੇ। ਹਰ ਰੋਜ਼ ਆਪਣਾ ਮੇਜ਼ ਖਾਲੀ ਕਰਕੇ ਜਾਂਦੇ ਹਨ। ਕੋਈ ਫਾਈਲ ਬਕਾਇਆ ਨਹੀਂ ਰੱਖਦੇ, ਭਾਵੇਂ ਰਾਤ ਬਰਾਤੇ ਕੰਮ ਕਰਨਾ ਪਵੇ। ਉਨ੍ਹਾਂ ਦੀ ਵਿਚਾਰਧਾਰਾ ‘‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’’ ਦੀ ਨੀਤੀ ਉਪਰ ਅਧਾਰਤ ਹੈ। ਉਹ ਨਾ ਕੋਈ ਗ਼ਲਤ ਕੰਮ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਕਰਨ ਦੇਂਦੇ ਹਨ। ਉਨ੍ਹਾਂ ਦਾ ਸੁਭਾਅ ਕੋਰਾ ਕਰਾਰਾ ਹੈ। ਜਿਹੜਾ ਕੰਮ ਹੋਣ ਵਾਲਾ ਨਹੀਂ, ਉਸਦਾ ਮੂੰਹ ਤੇ ਜਵਾਬ ਦੇ ਦਿੰਦੇ ਹਨ। ਕੋਈ ਲਾਰਾ ਲੱਪਾ ਨਹੀਂ। ਉਹ ਕੋਈ ਗੱਲ ਆਪਣੇ ਦਿਲ ਵਿਚ ਲੁਕੋ ਕੇ ਨਹੀਂ ਰਖਦੇ। ਬਿਲਕੁਲ ਸ਼ਪਸ਼ਟ ਕਿਸਮ ਦੇ ਇਨਸਾਨ ਹਨ। ਜਿਨ੍ਹਾਂ ਦਾ ਉਨ੍ਹਾਂ ਨਾਲ ਵਾਹ ਪੈਂਦਾ ਹੈ, ਉਹ ਉਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਕਰਕੇ ਬਹੁਤੇ ਲੋਕ ਉਨ੍ਹਾਂ ਨਾਲ ਨਾਰਾਜ਼ ਰਹਿੰਦੇ ਹਨ। ਉਨ੍ਹਾਂ ਦਾ ਰਹਿਣ ਸਹਿਣ, ਖਾਣ ਪੀਣ ਅਤੇ ਪਹਿਰਾਵਾ ਬਿਲਕੁਲ ਸਾਧਾਰਣ ਹਨ।
ਉਨ੍ਹਾਂ ਦੀ ਇਮਾਨਦਾਰੀ ਅਤੇ ਦਲੇਰੀ ਬਾਰੇ ਇਕ ਉਦਾਹਰਣ ਦੇਣੀ ਚਾਹਾਂਗਾ। ਪੰਜਾਬ ਵਿਚ ਇਕ ਵਾਰ ਕਿਸੇ ਵਿਭਾਗ ਵਿਚ ਇਕ ਸਕੈਂਡਲ ਹੋ ਗਿਆ। ਰੌਲਾ ਪੈਣ ਤੇ ਮੁੱਖ ਮੰਤਰੀ ਨੇ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ। ਸੁਰੇਸ਼ ਕੁਮਾਰ ਉਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਨ। ਉਨ੍ਹਾਂ ਪੜਤਾਲ ਕਰਨ ਲਈ ਇਕ ਇਮਾਨਦਾਰ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ। ਜਦੋਂ ਪੜਤਾਲ ਮੁਕੰਮਲ ਹੋਣ ਲੱਗੀ ਤਾਂ ਪੜਤਾਲ ਦੀ ਭਿਣਕ ਸੰਬੰਧਤ ਦੋਸ਼ੀਆਂ ਨੂੰ ਪੈ ਗਈ। ਉਨ੍ਹਾਂ ਦਾ ਮੁੱਖ ਮੰਤਰੀ ਤੇ ਦਬਾਅ ਪੈ ਗਿਆ ਕਿਉਂਕਿ ਸਕੈਂਡਲ ਦੀਆਂ ਤਾਰਾਂ ਦੂਰ ਤੱਕ ਜੁੜਦੀਆਂ ਸਨ। ਮੁੱਖ ਮੰਤਰੀ ਨੇ ਸੁਰੇਸ਼ ਕੁਮਾਰ ਨਾਲ ਪੜਤਾਲ ਸੰਬੰਧੀ ਗੱਲ ਕਰਨੀ ਚਾਹੀ ਪ੍ਰੰਤੂ ਸੁਰੇਸ਼ ਕੁਮਾਰ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸਕੈਂਡਲ ਦੇ ਦੋਸ਼ੀਆਂ ਨੂੰ ਜੇਲ੍ਹ ਦੀ ਹਵਾ ਹਰ ਹਾਲਤ ਵਿਚ ਖਾਣੀ ਪਵੇਗੀ। ਜਿਹੜੀ ਗੱਲ ਮੁੱਖ ਮੰਤਰੀ ਨੇ ਕਰਨੀ ਚਾਹੁੰਦੇ ਸਨ, ਉਹ ਕਰ ਹੀ ਨਹੀਂ ਸਕੇ। ਇਹ ਦਲੇਰੀ ਸੁਰੇਸ਼ ਕੁਮਾਰ ਵਰਗੇ ਅਧਿਕਾਰੀਆਂ ਵਿਚ ਹੀ ਹੋ ਸਕਦੀ ਹੈ। ਸੱਚੇ ਸੁੱਚੇ ਵਿਅਕਤੀ ਨੂੰ ਲੋਕ ਬਦਨਾਮ ਕਰਨ ਦੀ ਕੋਸ਼ਿਸ ਕਰਦੇ ਹਨ, ਜਿਹੜੇ ਗ਼ਲਤ ਕੰਮ ਕਰਵਾਉਣੇ ਚਾਹੁੰਦੇ ਹਨ। ਕਿਤਨੀਆਂ ਸਰਕਾਰਾਂ ਆਈਆਂ ਕਿਤਨੀਆਂ ਗਈਆਂ ਪ੍ਰੰਤੂ ਸੁਰੇਸ਼ ਕੁਮਾਰ ਨੂੰ ਹਮੇਸ਼ਾ ਮਹੱਤਵਪੂਰਨ ਅਹੁਦਿਆਂ ਤੇ ਲਗਾਇਆ ਜਾਂਦਾ ਰਿਹਾ ਹੈ। ਸਬ ਡਵੀਜ਼ਨਲ ਅਧਿਕਾਰੀ ਤੋਂ ਨੌਕਰੀ ਸ਼ੁਰੂ ਕਰਕੇ ਐਡੀਸ਼ਨਲ ਮੁੱਖ ਸਕੱਤਰ ਤੱਕ ਪਹੁੰਚੇ ਅਤੇ ਸੇਵਾ ਮੁਕਤੀ ਤੋਂ ਬਾਅਦ ਚੀਫ ਪਿ੍ਰੰਸੀਪਲ ਸਕੱਤਰ ਮੁੱਖ ਮੰਤਰੀ ਦੇ ਅਹੁਦੇ ਤੇ ਹਨ। ਇਤਨੇ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਦਿਆਂ ਆਪਣੇ ਕਿਰਦਾਰ ਦੀ ਚਿੱਟੀ ਚਾਦਰ ਰੱਖਣੀ ਆਮ ਵਿਅਕਤੀ ਦਾ ਕੰਮ ਨਹੀਂ। ਉਹ ਇੰਟਰ ਸਟੇਟ ਅਤੇ ਇੰਟਰ ਸਰਕਾਰ ਕੋਆਰਡੀਨੇਸ਼ਨ, ਸਹਿਕਾਰਤਾ, ਵਿਕਾਸ, ਸਥਾਨਕ ਸਰਕਾਰਾਂ, ਪਾਵਰ, ਟੈਕਸ, ਇੰਡਸਟਰੀ, ਸਿਖਿਆ, ਅਰਬਨ ਡਿਵੈਲਪਮੈਂਟ, ਖੇਤੀਬਾੜੀ, ਵਾਟਰ ਸਪਲਾਈ, ਸੈਨੀਟੇਸ਼ਨ, ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟਰੇਨਿੰਗ ਵਿਭਾਗਾਂ ਦੇ ਸਕੱਤਰ/ ਪਿ੍ਰੰਸੀਪਲ ਸਕੱਤਰ/ ਕਮਿਸ਼ਨਰ ਅਤੇ ਐਡੀਸ਼ਨਲ ਮੁੱਖ ਸਕੱਤਰ ਦੇ ਤੌਰ ਤੇ ਕੰਮ ਵੇਖਦੇ ਰਹੇ ਹਨ। 2003 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਪਿ੍ਰੰਸੀਪਲ ਸਕੱਤਰ ਅਤੇ ਹੁਣ 2017 ਮੁੱਖ ਮੰਤਰੀ ਦੇ ਚੀਫ ਪਿ੍ਰੰਸੀਪਲ ਸਕੱਤਰ ਹਨ। ਹਰ ਮੰਤਰੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਕਾਰਜ਼ਕੁਸ਼ਲਤਾ ਨੂੰ ਮਾਣ ਦਿੱਤਾ ਹੈ। ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ। ਡਿਪਟੀ ਕਮਿਸ਼ਨਰ ਹੁੰਦਿਆਂ ਕਿਸੇ ਵੀ ਵੀ ਪੀ ਆਈ ਦੇ ਦੌਰੇ ਸਮੇਂ ਕਿਸੇ ਅਧਿਕਾਰੀ ਦੇ ਕਹਿਣ ਤੇ ਇਕ ਸਿਆਸਤਦਾਨ ਲਈ ਪ੍ਰੋਟੋਕੋਲ ਨਾ ਤੋੜਨ ਕਰਕੇ ਉਨ੍ਹਾਂ ਨੂੰ ਕੇਂਦਰ ਵਿਚ ਡੈਪੂਟੇਸ਼ਨ ਭੇਜਿਆ ਗਿਆ। ਪ੍ਰੰਤੂ ਉਨ੍ਹਾਂ ਨੇ ਕੇਂਦਰ ਵਿਚ ਰਹਿੰਦਿਆਂ ਪੰਜਾਬ ਲਈ ਬਹੁਤ ਸਾਰੇ ਪ੍ਰਾਜੈਕਟ ਪ੍ਰਵਾਨ ਕਰਵਾਏ। ਉਹ ਕੇਂਦਰ ਵਿਚ ਵੀ ਮਹੱਤਵਪੂਰਨ ਅਹੁਦਿਆਂ ਤੇ ਰਹੇ, ਜਿਥੇ ਉਨ੍ਹਾਂ ਪੰਜਾਬ ਦੇ ਹਿਤਾਂ ਤੇ ਪਹਿਰਾ ਦਿੱਤਾ।
ਸੁਰੇਸ਼ ਕੁਮਾਰ ਦੀ ਇਤਨੀ ਕਾਬਲੀਅਤ ਦੇ ਕਈ ਕਾਰਨ ਹਨ ਕਿਉਂਕਿ ਉਨ੍ਹਾਂ ਦੀ ਵਿਦਿਅਕ ਯੋਗਤਾ ਅਤੇ ਤਜ਼ਰਬਾ ਬਹੁਤ ਹੈ। ਉਹ ਬੀ ਕੌਮ ਵਿਚ ਯੂਨੀਵਰਸਿਟੀ ਵਿਚੋਂ ਦੂਜੇ ਨੰਬਰ ਤੇ ਆਏ ਅਤੇ ਉਚ ਵਿਦਿਆ ਲਈ ਸਕਾਲਰਸ਼ਿਪ ਮਿਲਿਆ ਸੀ। ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ਵਿਚ ਐਮ ਕਾਮ 1978 ਵਿਚ ਕੀਤੀ। ਯੂਨੀਵਰਸਿਟੀ ਵਿਚੋਂ ਚੌਥੇ ਨੰਬਰ ਤੇ ਆਏ ਅਤੇ ਮੈਰਿਟ ਸਰਟੀਫੀਕੇਟ ਮਿਲਿਆ। ਉਨ੍ਹਾਂ ਮਾਸਟਰਜ਼ ਇਨ ਸ਼ੋਸ਼ਲ ਪਾਲਿਸੀ ਐਂਡ ਪਲਾਨਿੰਗ 1994-95 ਵਿਚ ਲੰਡਨ ਸਕੂਲ ਆਫ ਇਕਨਾਮਿਕਸ, ਯੂਨੀਵਰਸਿਟੀ ਆਫ ਲੰਡਨ, ਲੰਡਨ ਤੋਂ ਕੀਤੀ। ਇਸ ਤੋਂ ਇਲਾਵਾ ਪ੍ਰੋਫੈਸ਼ਨਲ ਤਜ਼ਰਬਾ ਵੀ ਉਨ੍ਹਾਂ ਦਾ ਵਿਸ਼ਾਲ ਹੈ। ਉਨ੍ਹਾਂ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਸੰਸਾਰ ਪੱਧਰ ਦੀਆਂ 7 ਸੰਸਥਾਵਾਂ ਨੇ ਸਨਮਾਨ ਅਵਾਰਡ ਅਤੇ ਮੈਂਬਰਸ਼ਿਪ ਦਿੱਤੀ ਹੋਈ ਹੈ। ਉਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ-ਇਸ ਸਮੇਂ ਉਹ ਕੈਂਬਰਿਜ਼ ਯੂਨੀਵਰਸਿਟੀ ਇੰਗਲੈਂਡ ਦੇ ਟਾਈਗਰੈਸ ਪ੍ਰਾਜੈਕਟ ਦੇ (2020-22) ਲਈ ਟਰਾਂਸਲੇਸ਼ਨ ਐਂਡ ਇਮਪਲੀਮੈਂਟੇਸ਼ਨ ਸਲਾਹਕਾਰ ਹਨ। 2019-21 ਲਈ ਕੈਂਬਰਿਜ਼ ਯੂਨੀਵਰਸਿਟੀ ਦੇ ਹੀ ਸੈਂਟਰ ਫਾਰ ਸਾਇੰਸ ਐਂਡ ਪਾਲਿਸੀ ਦੇ ਲਈ ਇੰਟਨੇੈਸ਼ਨਲ ਫੈਲੋ ਚੁਣੇ ਹੋਏ ਹਨ। ਮੈਂਬਰ ਕਨਵੀਨਰ ਆਫ ਯੂ ਐਨ ਵਰਕਿੰਗ ਗਰੁਪ ਆਨ ਪ੍ਰਾਇਮਰੀ ਐਜੂਕੇਸ਼ਨ। ਮੈਂਬਰ ਆਫ ਇੰਟਰ ਯੂ ਐਨ ਏਜੰਸੀ ਵਰਕਿੰਗ ਗਰੁਪ ਆਨ ਜੰਡਰ ਡਾਟਾਬੇਸ। ਉਨ੍ਹਾਂ ਨੂੰ ਐਮ ਐਸ ਸੀ ਦੀ ਡਿਗਰੀ ਲਈ ਯੂ ਕੇ ਓਡਾ ਸਕਾਲਰਸ਼ਿਪ ਸ਼ੋਸਲ ਪਾਲਿਸੀ ਪਲਾਨਿੰਗ ਵਿਚ ਵਿਸ਼ੇਸ ਤੌਰ ਤੇ ਐਜੂਕੇਸ਼ਨ ਅਤੇ ਦਿਹਾਤੀ ਵਿਕਾਸ ਲਈ ਮਿਲਿਆ ਸੀ। ਜੇਕਰ ਉਨ੍ਹਾਂ ਦੇ ਤਜ਼ਰਬੇ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਪਾਲਿਸੀ ਪਲਾਨਿੰਗ ਅਤੇ ਇਪਲੀਮੈਂਟੇਸ਼ਨ ਮੈਨੇਜਮੈਂਟ ਰੀਫਾਰਮਜ਼ ਪ੍ਰੋ ਪੂਅਰ ਪ੍ਰੋਗਰਾਮ ਦੀਆਂ ਕਮੇਟੀਆਂ ਦੇ ਮੈਂਬਰ ਰਹੇ ਹਨ। ਇਸੇ ਤਰ੍ਹਾਂ ਭਾਰਤ ਸਰਕਾਰ ਦੀ ਪਾਲਿਸੀ ਪਲਾਨਿੰਗ, ਗਵਰਨੈਂਸ, ਪਬਲਿਕ ਐਡਮਨਿਟਰੇਸ਼ਨ ਦਾ ਭਰਪੂਰ ਤਜ਼ਰਬਾ ਹੈ। ਕੇਂਦਰ ਵਿਚ ਡੈਪੂਟੇਸ਼ਨ ਤੇ ਹੁੰਦਿਆਂ ਅਤੇ ਪੰਜਾਬ ਵਿਚ ਨੌਕਰੀ ਕਰਦਿਆਂ ਬਹੁਤ ਸਾਰੇ ਮਹੱਤਵਪੂਰਨ ਵਿਭਾਗਾਂ ਲਈ ਵਰਲਡ ਬੈਂਕ ਨਾਲ ਤਾਲਮੇਲ ਕਰਕੇ ਕੇਂਦਰ ਅਤੇ ਪੰਜਾਬ ਲਈ ਯੋਜਨਾਵਾਂ ਪ੍ਰਵਾਨ ਕਰਵਾਈਆਂ। ਪੰਜਾਬ ਲਈ ਕਈ ਨਵੀਂਆਂ ਸਕੀਮਾ ਬਣਾਈਆਂ ਜਿਨ੍ਹਾਂ ਵਿਚ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ, ਪੰਜਾਬ ਸ਼ੋਸਲ ਸਕਿਉਰਿਟੀ ਫੰਡ 2019, ਪੰਜਾਬ ਸਲਮ ਡਿਵੈਲਰਜ਼ ਐਕਟ 2020, ਪੰਜਾਬ ਸਟੇਟ ਪਾਲਿਸੀ ਆਨ ਰੂਰਲ ਡਰਿੰਕਿੰਗ ਵਾਟਰ ਸਪਲਾਈ ਐਂਡ ਸੈਨੀਟੇਸ਼ਨ 2014 ਆਦਿ ਮਹੱਤਵਪੂਰਨ ਹਨ। ਜੇਕਰ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਵੀਂਆਂ ਸਕੀਮਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਚੁਕੇ ਗਏ ਕਦਮਾ ਦੀ ਸੂਚੀ ਬਣਾਈਏ ਤਾਂ ਉਹ ਬਹੁਤ ਲੰਮੀ ਹੋ ਜਾਵੇਗੀ। ਇਸ ਲਈ ਸੰਖੇਪ ਵਿਚ ਦੱਸਿਆ ਗਿਆ ਹੈ।
ਸੁਰੇਸ਼ ਕੁਮਾਰ ਦਾ ਜਨਮ 4 ਅਪ੍ਰੈਲ 1956 ਨੂੰ ਮਾਤਾ ਸ਼੍ਰੀਮਤੀ ਸ਼ਕੁੰਤਲਾ ਰਾਣੀ ਅਤੇ ਪਿਤਾ ਸ੍ਰੀ ਦੇਵੀ ਦਿਆਲ ਆਤਿਸ਼ ਦੇ ਘਰ ਸੋਨੀਪਤ ਵਿਖੇ ਹੋਇਆ। ਉਨ੍ਹਾਂ ਦੀ ਮੁੱਢਲੀ ਪੜ੍ਹਾਈ ਸੋਨੀਪਤ ਵਿਚ ਹੀ ਹੋਈ। ਬੀ ਕਾਮ ਅਤੇ ਐਮ ਕਾਮ ਦਿੱਲੀ ਯੂਨੀਵਰਸਿਟੀ ਤੋਂ ਦਿੱਲੀ ਵਿਖੇ ਪਾਸ ਕੀਤੀਆਂ। ਉਸ ਤੋਂ ਬਾਅਦ ਥੋੜ੍ਹਾ ਸਮਾਂ ਉਨ੍ਹਾਂ ਬੈਂਕ ਵਿਚ ਨੌਕਰੀ ਕੀਤੀ ਅਤੇ 1983 ਵਿਚ ਆਈ ਏ ਐਸ ਲਈ ਚੁਣੇ ਗਏ। ਉਨ੍ਹਾਂ ਦਾ ਵਿਆਹ ਅਨੀਤਾ ਧਵਨ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਹਨ। ਦੋਵੇਂ ਇੰਜਨੀਅਰ ਹਨ ਅਤੇ ਅਮਰੀਕਾ ਵਿਚ ਨੌਕਰੀਆਂ ਰਹੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com