ਭਾਜੀ ਗੁਰਸ਼ਰਨ ਸਿੰਘ ਜੀ ਇੱਕ ਲਹਿਰ ਸਨ - ਜਸਪਾਲ ਸਿੰਘ ਲੋਹਾਮ

ਜੇ ਦਰਿਆਵਾਂ ਦੇ ਰੁਖ ਮੋੜੇ ਜਾ ਸਕਦੇ ਹਨ ਤਾਂ ਜਿੰਦਗੀ ਦੇ ਰੁਖ ਵੀ ਮੋੜ ਸਕਦੇ ਹਾਂ, ਸਮਾਜ ਦੇ ਰੁਖ ਨੂੰ ਕਿਉਂ ਨਹੀਂ ਮੋੜਿਆ ਜਾ ਸਕਦਾ? ਮੇਰਾ ਨਾਟਕੀ ਮੰਚ ਥੜੇ ਤੋਂ ਤਿਆਰ ਹੋਇਆ ਸੀ ਅਤੇ ਕ੍ਰਾਂਤੀ ਸਾਡੀ ਇਬਾਦਤ ਹੈ। ਇਹ ਵਿਚਾਰ ਭਾਜੀ ਗੁਰਸ਼ਰਨ ਸਿੰਘ ਜੀ ਦੇ ਸਨ। ਉਨ੍ਹਾਂ ਦਾ ਜਨਮ 16.9.1929 ਨੂੰ ਮੁਲਤਾਨ ਬ੍ਰਿਟਿਸ਼ ਭਾਰਤ ਪਰ ਹੁਣ ਪਾਕਿਸਤਾਨ ਵਿਚ ਹੋਇਆ ਸੀ। ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਪਾਕਿਸਤਾਨ ਵਿਚ ਰੁਕਣਾ ਚਾਹੁੰਦੇ ਸਨ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਆਪ ਬਣਾਈਆਂ ਹੱਦਾਂ ਦੀ ਕੋਈ ਕੀਮਤ ਨਹੀਂ। ਉਨ੍ਹਾਂ ਦੇ ਪਿਤਾ ਨੇ ਆਪਣੇ ਪ੍ਰਵਾਰ ਨੂੰ ਭਾਰਤ ਭੇਜਿਆ। ਉਹ ਬਚਪਨ ਵਿਚ ਸਾਹਿਤ ਨਾਲ ਜੁੜੇ ਹੋਏ ਸਨ ਇਸ ਕਰਕੇ ਚੁਟਕਲੇ, ਸਕਿੱਟ ਅਤੇ ਨਾਟਕ ਸਕੂਲ ਵਿਚ ਕਰਦੇ ਸਨ। ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਸੰਨ 1951 ਵਿਚ ਉਨ੍ਹਾਂ ਨੇ ਦਿੱਲੀ ਤੋਂ ਐਮ.ਐਸ.ਸੀ. ਟੈਕਨੀਕਲ ਕਮਿਸਟਰੀ ਕੀਤੀ। ਉਹ ਭਾਖੜਾ ਨੰਗਲ ਚਲੇ ਗਏ। ਉੱਥੇ ਇੱਕ ਰੀਸਰਚ ਅਫ਼ਸਰ ਗਜਟਿਡ ਪੋਸਟ ਤੇ ਕੰਮ ਕੀਤਾ। ਉੱਥੇ ਲੋਕਾਂ ਨੂੰ ਬਹੁਤ ਨੇੜੇ ਹੋ ਕੇ ਦੇਖਿਆ। ਇਥੇ ਦਸ ਹਜਾਰ ਵਰਕਰ ਕੰਮ ਕਰਦੇ ਸਨ। ਉਨ੍ਹਾਂ ਨੰਗਲ ਵਿਖੇ ਲੇਬਰ ਕਲੱਬ ਅਤੇ ਸਟਾਫ਼ ਕਲੱਬ ਬਣਾਈ। ਆਮ ਲੋਕਾਂ ਦੀਆਂ ਗੱਲਾਂ ਨਾਟਕਾਂ ਵਿਚ ਕਰਨ ਦੀ ਉਨ੍ਹਾਂ ਗੱਲ ਕੀਤੀ।  ਸੰਨ 1955 ਵਿਚ ਪੰਡਤ ਜਵਾਹਰ ਲਾਲ ਨਹਿਰੂ ਕੋਲ ਗੱਲਬਾਤ ਕਰਨ ਲਈ ਬਾਹਰਲੇ ਦੇਸ਼ਾਂ ਦੀਆਂ ਸ਼ਖਸੀਅਤਾਂ ਕਰੁਸਟੀਵ ਅਤੇ ਬਲਗੈਨਿਨ ਨੇ ਇਥੇ ਨੰਗਲ ਵਿਚ ਆਉਣਾ ਸੀ। ਇਸ ਲਈ ਦਰਿਆ ਵਿਚ ਇੱਕ ਕਿਸ਼ਤੀ ਤੇ ਕਮਰਾ ਬਣਾ ਕੇ ਗੁਪਤ ਮੀਟਿੰਗ ਕਰਨ ਲਈ ਸਥਾਨ ਤਿਆਰ ਕੀਤਾ ਗਿਆ। ਇਥੇ ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਹੋਣਾ ਸੀ। ਉਸ ਸਮੇਂ ਨਹਿਰੂ ਨੇ ਕਿਹਾ ਕਿ ਡੈਮ ਸਾਡੇ ਵਾਸਤੇ ਨਵੇਂ ਜ਼ਮਾਨੇ ਦਾ ਮੰਦਰ ਹੈ। ਭਾਜੀ ਦੀ ਡਿਊਟੀ ਮਹਿਮਾਨ ਨਿਵਾਜੀ ਕਰਨ ਵਿਚ ਲਗਾਈ ਗਈ ਸੀ। ਉਨ੍ਹਾਂ ਨੇ ਉਸ ਸਮੇਂ ਵਰਕਰਾਂ ਨੂੰ ਵੀ ਇਹ ਰੰਗਾਰੰਗ ਪ੍ਰੋਗਰਾਮ ਦਿਖਾਉਣ ਬਾਰੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪਰ ਇਸਦੀ ਇਜਾਜਤ ਨਹੀਂ ਮਿਲੀ। ਅਧਿਕਾਰੀਆਂ ਨੇ ਕਿਹਾ ਕਿ ਇਹ ਸੁਰੱਖਿਆ ਦਾ ਮਾਮਲਾ ਹੈ ਅਤੇ ਇਸ ਵਿਚ ਸਿਰਫ਼ ਦਿੱਲੀ ਅਤੇ ਪੰਜਾਬ ਦੇ ਵੱਡੇ ਅਫ਼ਸਰ ਹੀ ਜਾਣਗੇ। ਅਗਲੇ ਦਿਨ ਉਨ੍ਹਾਂ ਨੇ ਸਕੂਲ ਦੀ ਗਰਾਊਂਡ ਵਿਚ ਵਰਕਰਾਂ ਲਈ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ। ਉੱਥੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਟਕ ਖੇਡਿਆ। ਉੱਥੇ ਉਸ ਸਮੇਂ 2600-00 ਰੁਪਏ ਇਕੱਤਰ ਹੋਏ ਉਸ ਸਮੇਂ ਦੇ ਮੁਤਾਬਿਕ ਇਹ ਘੱਟ ਨਹੀਂ ਸਨ। ਉਹ ਕਹਿੰਦੇ ਸਨ ਕਿ ਜੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ ਤਾਂ ਕਲਾ ਲੋਕਾਂ ਤੱਕ ਪਹੁੰਚ ਸਕਦੀ ਹੈ। ਨਿਜ਼ਾਮ 'ਚ ਅਣਖ ਵਾਲੇ ਦਾ ਜੀਣ ਨਹੀਂ ਹੈ। ਅਣਖ ਵਾਲਾ ਬਗਾਵਤੀ ਸੁਰ ਵਿਚ ਜਦੋਂ ਬੋਲਦਾ ਹੈ ਤਾਂ ਹਾਕਮ ਧਿਰ ਨੂੰ ਬੁਰਾ ਲੱਗਦਾ ਸੀ। ਉਨ੍ਹਾਂ ਨੇ ਲੋਕਾਂ ਦੀ ਅਵਾਜ਼ ਬਣ ਕੇ ਨਾਟਕ ਪੇਸ਼ ਕੀਤੇ। ਉਹ ਅਕਸਰ ਹੀ ਕਹਿੰਦੇ ਹੱਥ ਜੋੜਨ ਦੀ ਪ੍ਰਥਾ ਛੱਡ ਕੇ ਬਗਾਵਤ ਵੱਲ ਆਓ। ਪੰਜਾਬ ਸਟੂਡੈਂਟ ਯੂਨੀਅਨ ਨੇ ਸ਼ਹੀਦ ਭਗਤ ਸਿੰਘ ਨੂੰ ਨਾਇਕ ਮੰਨ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਲਿਆਂਦਾ। ਉਹ ਕੱਟੜਵਾਦ ਦੇ ਵਿਰੁੱਧ ਸਨ ਅਤੇ ਸਰਕਾਰੀ ਜਬਰ ਦੇ ਵੀ ਵਿਰੁੱਧ ਸਨ। ਉਨ੍ਹਾਂ ਨੇ ਔਰਤ ਵਰਗ ਨੂੰ ਚੇਤਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਖੁਸ਼ ਹਾਂ ਜਿੰਨੇ ਕੁ ਸਾਧਨ ਮੇਰੇ ਕੋਲ ਸਨ ਉਹਦੇ ਅਨੁਸਾਰ ਮੈਂ ਕੰਮ ਕੀਤਾ। ਹੁਣ ਮੇਰੇ ਕੰਮ ਨੂੰ ਅੱਗੇ ਲਿਜਾਣ ਦੀ ਲੋੜ ਹੈ। ਸੱਤ ਗਰੁੱਪ ਚੰਗੇ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਲਵੰਤ ਗਾਰਗੀ ਦੇ ਨਾਟਕਾਂ ਦੀ ਵਾਰਤਾਲਾਪ ਕਮਾਲ ਦੀ ਸੀ। ਭਾਖੜਾ ਡੈਮ ਦੇ ਵਰਕਰ ਲੋਹੜੀ ਦੇ ਦਿਨ ਆਪਣੇ ਅਧਿਕਾਰੀਆਂ ਤੋਂ ਛੁੱਟੀ ਦੀ ਮੰਗ ਕਰਦੇ ਸਨ ਪਰ ਅਧਿਕਾਰੀਆਂ ਨੇ ਛੁੱਟੀ ਨਹੀਂ ਦਿੱਤੀ। ਇਸ ਲਈ ਵਰਕਰ ਹੜਤਾਲ ਤੇ ਚਲੇ ਗਏ। ਫਿਰ ਆਪ ਨੇ ''ਲੋਹੜੀ ਦੀ ਹੜਤਾਲ'' ਨਾਟਕ ਲਿਖਿਆ। ਸੰਨ 1970 ਵਿਚ ਨਕਸਲਾਇਟ ਮੂਵਮੈਂਟ ਸਮੇਂ ਜਾਅਲੀ ਮੁਕਾਬਲੇ ਬਣਾ ਕੇ ਨੌਜਵਾਨ ਮੁੰਡਿਆਂ ਨੂੰ ਮਾਰਿਆ ਸੀ ਉਦੋਂ ''ਕਿਵ ਕੂੜੇ ਤੁਟੇ ਪਾਲ'' ਨਾਟਕ ਰਾਹੀ ਅਸਲੀਅਤ ਬਿਆਨ ਕੀਤੀ ਸੀ। ਸੰਨ 1976 ਦੇ ਸਤੰਬਰ ਮਹੀਨੇ ਵਿਚ ਜੰਮੂ ਯੂਨੀਵਰਸਿਟੀ ਵਿਚ ਇੱਕ ਨਾਟਕ ਖੇਡਿਆ ਗਿਆ। ਇਸ ਤੋਂ ਚਾਰ ਦਿਨ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿਚੋਂ ਗ੍ਰਿਫ਼ਤਾਰ ਕਰ ਗਿਆ ਗਿਆ। ਉਨ੍ਹਾਂ ਤੇ ਪੁੱਲ ਉਡਾਉਣ ਦਾ ਦੋਸ਼ ਲਗਾਇਆ ਗਿਆ। ਬਾਅਦ ਵਿਚ ਮਾਣਯੋਗ ਕੋਰਟ ਨੇ ਛੱਡਣ ਦੇ ਹੁਕਮ ਜਾਰੀ ਕੀਤੇ। ਜਦੋਂ ਐਮਰਜੈਂਸੀ ਵਿਚ ਬੋਲਣ ਤੇ ਦਬਾਇਆ ਜਾਂਦਾ ਸੀ ਤਾਂ ਉਦੋਂ ਉਨ੍ਹਾਂ ਨੇ ''ਬੰਦ ਕਮਰੇ'' ਨਾਟਕ ਖੇਡਿਆ। ਜਦੋਂ ਪੰਜਾਬ ਦੇ ਹਾਲਾਤ ਸਧਾਰਨ ਨਹੀਂ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਆਪਣੇ ਨਾਟਕ ਜਾਰੀ ਰੱਖੇ। ਇਸੇ ਤਰ੍ਹਾਂ ਸਿੱਖਿਆ ਬੋਰਡ ਵਿਚ ਇੱਕ ਨਾਟਕ ਖੇਡਿਆ ਗਿਆ। ਉੱਥੇ ਉਨ੍ਹਾਂ ਨੇੇ ਔਰਤਾਂ ਦੇ ਹੱਕ ਵਿਚ ਕਿਹਾ ਕਿ ਸਕੂਲ ਸਰਟੀਫਿਕੇਟਾਂ ਵਿਚ ਸਿਰਫ਼ ਪਿਤਾ ਦਾ ਨਾਂਅ ਲਿਖਿਆ ਹੁੰਦਾ ਹੈ ਮਾਂ ਦਾ ਨਾਂਅ ਕਿਉਂ ਨਹੀਂ ਲਿਖਿਆ ਜਾਂਦਾ। ਇਹ ਪ੍ਰਚਾਰ ਲਗਾਤਾਰ ਹਰ ਥਾਂ ਕਰਦੇ ਸਨ। ਉਸ ਸਮੇਂ ਚੇਅਰਮੈਨ ਨੇ ਮੌਕੇ ਤੇ ਹੀ ਐਲਾਨ ਕਰ ਦਿੱਤਾ ਕਿ ਹੁਣ ਸਕੂਲਾਂ ਵਿਚ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਵਿਚ ਮਾਂ ਬਾਪ ਦੋਹਾਂ ਦਾ ਨਾਂਅ ਦਰਜ ਹੋਵੇਗਾ। ਅਗਲੇ ਸਾਲ ਸਰਟੀਫਿਕੇਟਾਂ ਤੇ ਦੋਨੇ ਨਾਂਅ ਛਪ ਕੇ ਆਏ। ਇਹ ਉਨ੍ਹਾਂ ਦੀ ਦੇਣ ਸੀ। ਉਹ ਗੁਰੂ ਨਾਨਕ ਦੇਵ ਜੀ ਦੀ ਤਰਕਸ਼ੀਲ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ। ਉਨ੍ਹਾਂ ਸੁਨੇਹਾਂ ਦਿੱਤਾ ਕਿ ਜਿੱਥੇ ਰਹਿ ਰਹੇ ਹਾਂ ਉਥੇ ਦੀਆਂ ਕਦਰਾਂ ਕੀਮਤਾਂ ਦਾ ਧਿਆਨ ਰੱਖੀਏ ਅਤੇ ਮਨੱਖੀ ਕਦਰਾਂ ਕੀਮਤਾਂ ਬਣਾਈ ਰੱਖੀਏ। ਸਾਡਾ ਸੱਭਿਆਚਾਰ ਅੱਗੇ ਵਧਣਾ ਚਾਹੀਦਾ ਹੈ ਤਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੈ। ਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਤੇ ਗਲੀਆਂ ਵਿਚ ਨਾਟਕ ਖੇਡੇ। ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਕੁੱਝ ਹੋਰ ਨਾ ਬਣਾਓ ਪੰਜਾਬ ਨੂੰ ਪੰਜਾਬ ਰਹਿਣ ਦਿਓ। ਉਨ੍ਹਾਂ ਦਾ ਕਹਿਣਾ ਸੀ ਕਿ ਨਾਟਕ ਲੋਕਾਂ ਨੂੰ ਚੇਤਨ ਕਰਨ ਦਾ ਇੱਕ ਕਦਮ ਹੈ। ਹਰ ਇੱਕ ਬੱਚੇ ਨੂੰ ਬਰਾਬਰ ਦੀ ਪੜ੍ਹਾਈ ਮਿਲਣੀ ਚਾਹੀਦੀ ਹੈ। ਉਨ੍ਹਾਂ ਨਾਟਕਾਂ ਵਿਚ ਕਿਹਾ ਕਿ ਮਰਾਸੀਆ ਤੂੰ ਹੁਣ ਚੱਲ। ਮੈਂ ਆਪੇ ਗੱਲ ਲੀਡਰਾਂ ਨਾਲ ਕਰਾਂਗਾ। ਭਾਈ ਮੰਨਾ ਸਿੰਘ ਮਰਾਸੀ ਨੂੰ ਦੱਸਦੇ ਕਿ ਇਨ੍ਹਾਂ ਲੀਡਰਾਂ ਨੇ ਆਪਣੀ ਬੇੜੀ ਤਾਂ ਰੋੜਨੀ ਹੀ ਰੋੜਨੀ ਹੈ ਪਰ ਨਾਲ ਦੇਸ਼ ਦੀ ਬੇੜੀ ਵੀ ਰੋੜ ਦੇਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਸੀਂ ਕਿਸੇ ਜ਼ੁਲਮ ਨੂੰ ਤਮਾਸ਼ਾ ਹੀ ਬਣ ਕੇ ਦੇਖਾਂਗੇ। ਸਾਨੂੰ ਉਸ ਤਮਾਸ਼ੇ ਦੀ ਕੀਮਤ ਦੇਣੀ ਪਵੇਗੀ। ਉਨ੍ਹਾਂ ਨੇ ਘੁੰਮਣਘੇਰੀ, ਕੰਪਨੀ ਰੁੜ ਗਈ, ਸਾਡਾ ਵਿਰਸਾ, ਗਦਰ ਦੀ ਗੂੰਜ, ਅਗਨੀ, ਇਨਕਲਾਬ ਦੇ ਰਾਹ ਤੇ, ਇੱਕ ਮਾਂ ਦੋ ਮੁਲਕ, ਭਗੌਤੀ ਦੀ ਸ਼ਕਤੀ, ਇਹ ਲਹੂ ਕਿਸਦਾ ਹੈ, ਜਦੋਂ ਰੌਸ਼ਨੀ ਹੁੰਦੀ ਹੈ, ਮਾਂ, ਸਿਊਂਕ, ਪੁਰਜਾ ਪੁਰਜਾ ਕੱਟ ਮਰੇ, ਕਿਵ ਕੂੜੇ ਤੁਟੇ ਪਾਲ, ਚਾਂਦਨੀ ਚੌਂਕ, ਦਾਸਤਾਨੇ-ਏ-ਪੰਜਾਬ, ਸ਼ਹੀਦ, ਟੋਇਆ, ਕੁਰਸੀਵਾਲਾ ਤੇ ਮੰਜੀ ਵਾਲਾ ਆਦਿ ਨਾਟਕ ਖੇਡੇ। ਉਨ੍ਹਾਂ ਨੇ ਮਨਜੀਤੇ ਜਗਜੀਤ, ਮੁਟਿਆਰ ਅਤੇ ਸੂਰਮਾ ਭਗਤ ਫ਼ਿਲਮ ਵਿਚ ਕੰਮ ਕੀਤਾ। ਦੂਰਦਰਸ਼ਨ ਪੰਜਾਬੀ ਜਲੰਧਰ ਤੇ ਭਾਈ ਮੰਨਾ ਸਿੰਘ ਨਾਟਕ ਪ੍ਰਦਰਸ਼ਿਤ ਹੋਇਆ ਜਿਹੜਾ ਕਿ ਬਹੁਤ ਹਰਮਨ ਪਿਆਰਾ ਹੋਇਆ ਅਤੇ ਭਾਜੀ ਨੂੰ ਭਾਈ ਮੰਨਾ ਸਿੰਘ ਨਾਲ ਜਾਣਨ ਲੱਗ ਪਏ। ਸਾਲ 2004 ਵਿਚ ਨੈਸ਼ਨਲ ਸੰਗੀਤ ਨਾਟਕ ਅਕੈਡਮੀ ਨੇ ਉਨ੍ਹਾਂ ਨੂੰ ਕਾਲੀਦਾਸ ਸਨਮਾਨ ਅਤੇ ਕਾਲਾ ਰਤਨ ਪੁਰਸਕਾਰ ਨਾਲ ਨਿਵਾਜਿਆ। ਉਨ੍ਹਾਂ ਦੇ ਵਿਚਾਰ ਲੱਖਾਂ ਲੋਕਾਂ ਨੇ ਆਪਣੇ ਅੰਦਰ ਪਰੋਏ ਹੋਏ ਹਨ। ਭਾਜੀ ਗੁਰਸ਼ਰਨ ਸਿੰਘ ਆਪਣੇ ਆਪ ਵਿਚ ਇੱਕ ਲਹਿਰ ਸਨ। ਉਨ੍ਹਾਂ ਦੇੇ ਪੰਜਾਬੀ ਨਾਟਕਾਂ ਨੇ ਲੋਕਾਂ ਦੀ ਸੋਚ ਨੂੰ ਬਦਲਿਆ। ਉਹ ਮਿਤੀ 27.9.2011 ਨੂੰ 82 ਸਾਲ ਦੀ ਉਮਰ ਵਿਚ ਇਸ ਦੁਨੀਆ ਤੋਂ ਰੁਕਸਤ ਹੋ ਗਏ। ਉਨ੍ਹਾਂ ਦਾ ਘਰ ਸੈਕਟਰ 43 ਵਿਚ ਸੀ ਤੇ ਉਸ ਘਰ ਨੂੰ ''ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ'' ਵਿਚ ਬਦਲ ਦਿੱਤਾ।
ਪਤਾ: ਮਕਾਨ ਨੰਬਰ 166, ਵਾਰਡ ਨੰਬਰ: 29,  ਗਲੀ ਹਜਾਰਾ ਸਿੰਘ ਮੋਗਾ-142001
ਮੋਬ: 97 810 40140
ਈਮੇਲ: jaspal.loham@gmail.com