ਔਰਤ ਦਿਵਸ ’ਤੇ ਵਿਸ਼ੇਸ਼ - ਜ਼ਬੂਤ ਔਰਤ ਚੁਣੌਤੀ ਤੋਂ ਨਹੀਂ ਭੱਜਦੀ - ਗੁਰਭਿੰਦਰ ਗੁਰੀ
ਔਰਤਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਰੱਕੀ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਵੱਖ ਵੱਖ ਸੰਸਥਾਵਾਂ ਵੱਲੋਂ 8 ਮਾਰਚ ਨੂੰ 'ਔਰਤ ਦਿਵਸ' ਵਜੋਂ ਮਨਾਇਆ ਜਾਂਦਾ ਹੈ, ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਕਾਨਫਰੰਸਾਂ ਅਤੇ ਮੁਹਿੰਮਾਂ ਅਤੇ ਸਕੂਲਾਂ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ।
ਜੇਕਰ ਇਸ ਦੇ ਪਿਛੋਕੜ ਇਤਿਹਾਸ ਵੱਲ ਝਾਤ ਮਾਰੀ ਜਾਏ ਤਾਂ 8 ਮਾਰਚ 1857 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਤਥਾਕਥਿਤ ‘ਖਾਲੀ ਪਤੀਲਾ’ ਜਲੂਸ ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ, ਉਸ ਸਮੇਂ ਇਸ ਨੂੰ ‘ਕੌਮਾਂਤਰੀ ਕੰਮਕਾਜੀ ਔਰਤ ਦਿਵਸ’ ਵਜੋਂ ਹੀ ਜਾਣਿਆ ਜਾਂਦਾ ਸੀ। ਸਭ ਤੋਂ ਪਹਿਲਾ ਅੰਤਰਰਾਸ਼ਟਰੀ ਔਰਤ ਦਿਵਸ 1911 ਵਿੱਚ 19 ਮਾਰਚ ਨੂੰ ਆਸਟ੍ਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਲੱਖਾਂ ਲੋਕਾਂ ਦੁਆਰਾ ਮਨਾਇਆ ਗਿਆ ਸੀ। 1913 ਵਿਚ ਰੂਸੀ ਔਰਤਾਂ ਨੇ ਫਰਵਰੀ ਦੇ ਆਖਰੀ ਸ਼ਨੀਵਾਰ ਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। 1914 ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਜਰਮਨੀ ਵਿਚ ਆਯੋਜਿਤ ਕੀਤਾ ਗਿਆ ਸੀ ਅਤੇ ਹੁਣ ਇਹ ਸਾਰੇ ਦੇਸ਼ਾਂ ਵਿਚ ਹਮੇਸ਼ਾਂ 8 ਮਾਰਚ ਨੂੰ ਆਯੋਜਿਤ ਕੀਤਾ ਜਾਂਦਾ ਹੈ।
ਔਰਤ ਦਿਵਸ ’ਤੇ ਕੀ ਕਹਿਣਾ ਹੈ ਵੱਖ ਵੱਖ ਖੇਤਰ ‘ਚ ਕੰਮ ਕਰਦੀਆਂ ਔਰਤਾਂ ਦਾ :-
ਔਰਤ ਬਿਨ੍ਹਾ ਹਰ ਰਿਸ਼ਤਾ ਅਧੂਰਾ ਹੈ : ਪਰਮਜੀਤ ਕੌਰ ਪਰਮਜੀਤ ਕੌਰ ਕੈਨੇਡਾ ਨੇ ਕਿਹਾ ਕਿ ਔਰਤ ਜਗ ਜਨਣੀ ਹੈ, ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਨਾਲੋਂ ਅੱਗੇ ਹੈ, ਔਰਤ ਪ੍ਰਮਾਤਮਾ ਵੱਲੋਂ ਦਿੱਤਾ ਇੱਕ ਅਨਮੋਲ ਤੋਹਫਾ ਹੈ, ਔਰਤ ਬਿਨ੍ਹਾ ਹਰ ਰਿਸ਼ਤਾ ਅਧੂਰਾ ਹੈ, ਇਸ ਲਈ ਹਰ ਇੱਕ ਇਨਸਾਨ ਨੂੰ ਔਰਤ ਦਾ ਦਿਲ ਤੋਂ ਸਤਿਕਾਰ ਕਰਨਾ ਚਾਹੀਦਾ ਹੈ। ਪਰਮਜੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਜਿੰਮੇਵਾਰੀ ਵਾਲੇ ਆਹੁਦਿਆਂ ਤੇ ਬੈਠ ਕੇ ਔਰਤਾਂ ਮੱਲ੍ਹਾਂ ਮਾਰ ਰਹੀਆਂ ਹਨ, ਉਨ੍ਹਾਂ ਵਾਂਗ ਹਰ ਔਰਤ ਨੂੰ ਆਪਣੇ ਹੱਕ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਰਤਾਂ ਨੂੰ ਆਪਣੇ ਹੱਕਾਂ ਲਈ ਇੱਕ ਹੋਣਾ ਜਰੂਰੀ ਹੈ, ਉੱਥੇ ਸਮਾਜ ਨੂੰ ਅੱਗੇ ਲਿਜਾਣ ਲਈ ਵੀ ਕਦਮ ਪੁੱਟਣ ਦੀ ਲੋੜ ਹੈ।
ਰਸੋਈ ਤੋਂ ਲੈ ਕੇ ਜਹਾਜ ਤੱਕ ਔਰਤਾਂ ਨੇ ਹਰ ਖੇਤਰ ’ਚ ਆਪਣੇ ਜੌਹਰ ਦਿਖਾ ਰਹੀਆਂ ਹਨ : ਨਵਪ੍ਰੀਤ ਕੌਰ ਢਿੱਲੋਂ ਨਵਪ੍ਰੀਤ ਕੌਰ ਢਿੱਲੋਂ ਨੇ ਅੰਤਰ ਰਾਸ਼ਟਰੀ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ, ਸਿਰਫ ਉਨ੍ਹਾਂ ਨੂੰ ਆਪਣੀ ਸ਼ਕਤੀ ਪਛਾਣਨ ਦੀ ਲੋੜ ਹੈ। ਰਸੋਈ ਤੋਂ ਲੈ ਕੇ ਜਹਾਜ ਤੱਕ ਔਰਤਾਂ ਨੇ ਹਰ ਖੇਤਰ ’ਚ ਆਪਣੇ ਜੌਹਰ ਦਿਖਾਏ ਹਨ ਤੇ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤ ਦਿਵਸ ਮਨਾਉਣ ਦਾ ਉਦੋਂ ਤੱਕ ਕੋਈ ਲਾਭ ਨਹੀਂ, ਜਦੋਂ ਤੱਕ ਔਰਤਾਂ ਦੀ ਦਸ਼ਾ ਨਹੀਂ ਸੁਧਰਦੀ। ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਕੀ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਹੋ ਰਹੇ ਹਨ?, ਇੱਕ ਪੜ੍ਹੀ ਲਿਖੀ ਔਰਤ ਇੱਕ ਪਰਿਵਾਰ ’ਚ ਪੈਦਾ ਹੋ ਕੇ ਦੋ ਪਰਿਵਾਰਾਂ ਨੂੰ ਸਿੱਖਿਅਤ ਕਰਦੀ ਹੈ। ਔਰਤ ਨੂੰ ਕਾਮਯਾਬ ਹੋਣ ਲਈ ਸਿਰਫ ਆਪਣੇ ਅੰਦਰ ਆਤਮ ਵਿਸ਼ਵਾਸ ਨੂੰ ਜਗਾਉਣ ਦੀ ਲੋੜ ਹੁੰਦੀ ਹੈ।
ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ: ਡਾ. ਅਮਿਤਾਹੈਮਿਓਪੈਥਿਕ ਡਾਕਟਰ ਡਾ. ਅਮਿਤਾ ਨੇ ਕੌਮਾਂਤਰੀ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੀ ਔਰਤ ਮਰਦਾਂ ਮੁਕਾਬਲੇ ਕਿਸੇ ਗੱਲੋਂ ਵੀ ਘੱਟ ਨਹੀਂ ਹੈ, ਅੱਜ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਹਰ ਖੇਤਰ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਵੇਂ ਕਿ ਪੁਲਿਸ, ਫੌਜ, ਪਾਇਲਟ, ਸਰਪੰਚੀ ਤੋਂ ਲੈ ਕੇ ਵਿਧਾਇਕਾ-ਮੰਤਰੀ ਬਣ ਕੇ ਸਮਾਜ ਦੀ ਸੇਵਾ ਕਰ ਰਹੀਆਂ ਹਨ। ਔਰਤ ਚਾਹੇ ਨੌਕਰੀ ਕਰਦੀ ਹੋਵੇ ਜਾਂ ਘਰੇਲੂ ਪਰ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਘੜਨ-ਸੰਵਾਰਨ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਾਰਿਆਂ ਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਮਜ਼ਬੂਤ ਔਰਤ ਚੁਣੌਤੀ ਤੋਂ ਨਹੀਂ ਭੱਜਦੀ : ਪੂਨਮ ਸੂਦਅਦਾਕਾਰਾ ਪੂਨਮ ਸੂਦ ਕਿਹਾ ਕਿ ਔਰਤ ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫਲ ਹੈ, ਅਸਲ ਵਿੱਚ ਔਰਤਾਂ ਹੀ ਸੱਭਿਅਕ ਸਮਾਜ ਦੀ ਰਚਣਹਾਰ ਹਨ। ਇੱਕ ਔਰਤ ਹੀ ਹੈ, ਜੋ ਇਨਸਾਨ ਨੂੰ ਮਨੁੱਖੀ ਰੂਪ ਬਖ਼ਸ਼ਦੀ ਹੈ। ਇੱਕ ਮਜ਼ਬੂਤ ਔਰਤ ਚੁਣੌਤੀ ਤੋਂ ਨਹੀਂ ਭੱਜਦੀ, ਜੋ ਉਹ ਠਾਣ ਲੈਂਦੀ ਹੈ, ਉਸਨੂੰ ਕਰ ਕੇ ਵਿਖਾਉਂਦੀ ਹੈ। ਔਰਤ ਆਪਣਾ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਂਦੀ ਹੋਈ, ਘਰ ਨੂੰ ਸਵਰਗ ਬਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਦੀ ਘਾਟ ਹੈ, ਜਿਸ ਲਈ ਸਰਕਾਰਾਂ ਨੂੰ ਠੋਸ ਕਦਮ ਉਠਾਉਣਾ ਚਾਹੀਦਾ ਹੈ।
ਗੁਰਭਿੰਦਰ ਗੁਰੀ
+44 7951 590424