ਵਕਤ ਦੀ ਚਪੇੜ - ਮਹਿੰਦਰ ਸਿੰਘ ਮਾਨ
ਘਰ ਦੀ ਨਿੱਤ ਵਰਤੋਂ ਦਾ ਸਾਮਾਨ ਖਰੀਦਣ ਪਿੱਛੋਂ ਜਦ ਮੈਂ ਸ਼ਰਮਾ ਸਵੀਟ ਸ਼ਾਪ ਮਾਹਿਲਪੁਰ ਤੋਂ ਬੱਚਿਆਂ ਲਈ ਮਠਿਆਈ ਦਾ ਡੱਬਾ ਲੈ ਕੇ ਪਿੱਛੇ ਮੁੜਿਆ, ਤਾਂ ਮੈਂ ਵੇਖਿਆ, ਇੱਕ ਔਰਤ ਮਠਿਆਈ ਲੈਣ ਲਈ ਸ਼ਾਪ ਵਿੱਚ ਦਾਖਲ ਹੋ ਰਹੀ ਸੀ। ਉਹ ਔਰਤ ਮੈਡਮ ਕਰਮਜੀਤ ਸੀ, ਜੋ ਦਸ ਸਾਲ ਪਹਿਲਾਂ ਮੇਰੇ ਨਾਲ ਸਰਕਾਰੀ ਹਾਈ ਪੋਜੇਵਾਲ ਪੜ੍ਹਾਉਂਦੀ ਸੀ। ਕੁੱਝ ਸਮੇਂ ਬਾਅਦ ਮੈਂ ਬਦਲੀ ਕਰਵਾ ਕੇ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਆ ਗਿਆ ਸਾਂ। ਉੱਥੇ ਉਸ ਨੇ ਆਪਣੇ ਸਕੂਲ ਦੇ ਕਲਰਕ ਪਰਮਿੰਦਰ ਸਿੰਘ ਨਾਲ ਅੰਤਰ ਜਾਤੀ ਵਿਆਹ ਕਰਵਾ ਲਿਆ ਸੀ। ਭਾਵੇਂ ਕਲਰਕ ਪਰਮਿੰਦਰ ਸਿੰਘ ਦਾ ਰੰਗ ਗੋਰਾ ਸੀ, ਪਰ ਉਹ ਰੱਜ ਕੇ ਸ਼ਰਾਬ ਪੀਣ ਵਾਲਾ, ਹੇਰਾਫੇਰੀ ਕਰਨ ਵਾਲਾ ਤੇ ਵੱਧ, ਘੱਟ ਬੋਲਣ ਵਾਲਾ ਬੰਦਾ ਸੀ। ਮੈਨੂੰ ਵੇਖ ਕੇ ਮੈਡਮ ਕਰਮਜੀਤ ਨੇ ਆਪਣਾ ਸਿਰ ਸਤਿਕਾਰ ਵਜੋਂ ਝੁਕਾਇਆ। ਮੇਰੇ ਹਾਲ ਪੁੱਛਣ ਤੇ ਉਸ ਨੇ ਦੱਸਿਆ," ਵਿਆਹ ਤੋਂ ਛੇ ਸਾਲ ਬਾਅਦ ਮੇਰੇ ਪਤੀ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ। ਇੱਕ ਬੇਟੀ ਹੋਈ ਸੀ, ਉਹ ਵੀ ਰੱਬ ਨੇ ਖੋਹ ਲਈ। ਹੁਣ ਮੈਂ ਘਰ ਵਿੱਚ ਕੱਲੀ ਰਹਿੰਦੀ ਆਂ। ਵਿਆਹ ਕਰਵਾਣ ਦਾ ਸੁਆਦ ਨ੍ਹੀ ਆਇਆ। ਉਸ ਵੇਲੇ ਜਜ਼ਬਾਤੀ ਹੋ ਕੇ ਮੈਂ ਪਰਮਿੰਦਰ ਨਾਲ ਵਿਆਹ ਕਰਵਾਣ ਦਾ ਫੈਸਲਾ ਕਰ ਲਿਆ ਸੀ। ਹੁਣ ਪਤਾ ਲੱਗਦਾ, ਮੇਰਾ ਫੈਸਲਾ ਕਿੰਨਾ ਗਲਤ ਸੀ। ਮੈਂ ਤੁਹਾਡੀ ਵਿਆਹ ਦੀ ਪਰਪੋਜਲ ਨਾ ਮੰਨ ਕੇ ਮੈਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਸੀ। ਹੁਣ ਮੈਨੂੰ ਵਕਤ ਦੀ ਚਪੇੜ ਨੇ ਆਪਣੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਆ । ਜੇ ਹੋ ਸਕੇ, ਤਾਂ ਮੈਨੂੰ ਮਾਫ ਕਰ ਦਿਉ। ਮਈ ਦਿਵਸ ਦੀ ਛੁੱਟੀ ਹੋਣ ਕਾਰਨ ਇੱਥੇ ਮੈਂ ਆਪਣੀ ਭੈਣ ਨੂੰ ਮਿਲਣ ਆਈ ਆਂ। ਉਸ ਨਾਲ ਚਾਰ ਗੱਲਾਂ ਕਰਕੇ ਦਿਲ ਦਾ ਭਾਰ ਹੌਲਾ ਹੋ ਜਾਊਗਾ।" ਇਹ ਗੱਲਾਂ ਕਰਦੀ ਉਹ ਬੜੀ ਭਾਵੁਕ ਹੋ ਗਈ ਸੀ। ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ , ਸ਼ਾਪ ਤੋਂ ਮਠਿਆਈ ਦਾ ਡੱਬਾ ਲੈ ਕੇ, ਮੈਨੂੰ ਬੁਲਾ ਕੇ ਆਪਣੀ ਭੈਣ ਦੇ ਘਰ ਜਾਣ ਲਈ ਸਕੂਟਰੀ ਸਟਾਰਟ ਕਰਕੇ ਤੁਰ ਪਈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ - 144514
ਫੋਨ -9915803554