ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਬਾਜਵਾ ਨੂੰ ਡਰਾ ਕੇ ਭਗਵੰਤ ਮਾਨ ਕਾਂਗਰਸ ਦੀ ਆਵਾਜ਼ ਨੂੰ ਨਹੀਂ ਦਬਾਅ ਸਕਦੇ-ਇਕ ਖ਼ਬਰ
ਪਰੇ ਹਟ ਜਾ ਬਲ਼ਦ ਸਿੰਙ ਮਾਰੂ, ਨੀਂ ਸੋਨੇ ਦੇ ਤਵੀਤ ਵਾਲ਼ੀਏ।
ਵਿਸਾਖੀ ਮੌਕੇ ਸੁਖਬੀਰ ਬਾਦਲ ਵਲੋਂ ਕੀਤਾ ਰੋਡ ਸ਼ੋਅ ਹੰਕਾਰ ਦੀ ਨਿਸ਼ਾਨੀ- ਪਰਮਿੰਦਰ ਸਿੰਘ ਢੀਂਡਸਾ
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਅਕਾਲੀ ਦਲ ਸਾਰੇ ਗੁਰਦੁਆਰਿਆਂ ਨੂੰ ਆਪਣੀ ਨਿਜੀ ਜਾਗੀਰ ਵਜੋਂ ਵਰਤ ਰਿਹੈ- ਗੁਰਸੇਵਕ ਸਿੰਘ ਜੈਤੋ
ਲਾਲ ਸਿੰਘ ਤੇਜ਼ ਸਿੰਘ ਜੀ, ਕਰ ਗਏ ਨੇ ਗ਼ਦਾਰੀ ਭਾਰੀ।
ਮੁੱਖ ਮੰਤਰੀ ਦੀ ਕੁਰਸੀ ਇਕ- ਛੇ ਕਾਂਗਰਸੀ ਦਾਅਵੇਦਾਰ- ਪੱਤਰਕਾਰ ਉਜਾਗਰ ਸਿੰਘ
ਇਕ ਅਨਾਰ, ਸੌ ਬਿਮਾਰ।
ਗੜਗੱਜ ਨੇ ਸੁਖਬੀਰ ਬਾਦਲ ਨੂੰ ਸਿਰੋਪਾ ਦੇ ਕੇ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਮਾਨਤਾ ਦਿਤੀ- ਇਕ ਖ਼ਬਰ
ਬਈ ਅਖੀਰ ‘ਤੇ ਤਾਂ ਪੰਥ ਦੀ ਮਾਨਤਾ ਹੀ ਮੰਨੀ ਜਾਊਗੀ।
ਬਾਜਵਾ ਵਿਰੁੱਧ ਦਰਜ ਕੇਸ ਨੇ ਖਿੱਲਰੀ ਪਈ ਕਾਂਗਰਸ ਨੂੰ ਕੀਤਾ ਇਕਜੁੱਟ- ਇਕ ਖ਼ਬਰ
ਕੁੱਬੇ ਦੇ ਲੱਤ ਮਾਰੀ ਕੁੱਬੇ ਦੇ ਗੁਣ ਆਈ।
ਵਕਫ਼ ਕਾਨੂੰਨ ‘ਚ ਸੋਧ ਮੁਸਲਮਾਨਾਂ ਵਿਰੁੱਧ ਨਹੀਂ- ਕਿਰਨ ਰਿਜੀਜੂ
ਖਵਾਜੇ ਦਾ ਗਵਾਹ ਡੱਡੂ।
ਤਾਜ਼ਾ ਸਰਵੇ ਵਿਚ 50% ਅਮਰੀਕਨ ਲੋਕਾਂ ਨੇ ਟਰੰਪ ਦੀ ਟੈਰਿਫ਼ ਨੀਤੀ ਨੂੰ ਕੀਤਾ ਰੱਦ- ਇਕ ਖ਼ਬਰ
ਕਾਹਨੂੰ ਡਾਹ ਲਿਆ ਗਲ਼ੀ ਦੇ ਵਿਚ ਚਰਖ਼ਾ, ਬਹੁਤਿਆਂ ਦੇ ਖ਼ੂਨ ਹੋਣਗੇ।
ਮੋਦੀ ਸਰਕਾਰ ਅੰਬੇਦਕਰ ਦੇ ਨਾਮ ‘ਤੇ ਸਿਰਫ਼ ਬਿਆਨਬਾਜ਼ੀ ਕਰਦੀ ਹੈ- ਖੜਗੇ
ਖ਼ਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।
ਪੰਜਾਬ ਕਾਂਗਰਸ ਦੀ ਫੁੱਟ ਕਰ ਸਕਦੀ ਹੈ ਹਾਈ ਕਮਾਂਡ ਦੀਆਂ ਉਮੀਦਾਂ ਨੂੰ ਚਕਨਾਚੂਰ- ਇਕ ਖ਼ਬਰ
ਆਂਙਣ ਦਿਸੇ ਨਾ ਖੇਡਦਾ ਬਾਲ ਮੈਨੂੰ, ਸੁੰਞੇ ਪਏ ਨੇ ਮਹਿਲ ਵੀਰਾਨ ਮੇਰੇ।
ਜ਼ਿੰਦਾ ਰਿਹਾ ਤਾਂ ਸਮਾਂ ਆਉਣ ‘ਤੇ ਭਗਵੰਤ ਮਾਨ ਨਤੀਜੇ ਭੁਗਤਣ ਲਈ ਤਿਆਰ ਰਹੇ- ਬਾਜਵਾ
ਡਾਂਗ ਮੇਰੀ ਖ਼ੂਨ ਮੰਗਦੀ, ਜੱਟ ਵੜ ਕੇ ਚਰ੍ਹੀ ਦੇ ਵਿਚ ਬੜ੍ਹਕੇ।
ਰਾਜ ਸਭਾ ਦੇ ਕਿਸੇ ਚੇਅਰਪਰਸਨ ਨੂੰ ਏਨੀ ਵੱਡੀ ਸਿਆਸੀ ਟਿੱਪਣੀ ਕਰਦੇ ਕਦੇ ਨਹੀਂ ਦੇਖਿਆ- ਕਪਿਲ ਸਿੱਬਲ
ਅੱਗ ਭੜਕਦੀ ਭੜਕਦੀ ਭੜਕ ਜਾਂਦੀ, ਪੌਣ ਛੇੜਦੀ ਜਦੋਂ ਅੰਗਿਆਰਿਆਂ ਨੂੰ।
ਸ਼ੈਨਨ ਪ੍ਰਾਜੈਕਟ ਦੇ ਮੁੱਦੇ ‘ਤੇ ਪੰਜਾਬ ਅਤੇ ਹਿਮਾਚਲ ਫਿਰ ਆਹਮੋ ਸਾਹਮਣੇ- ਇਕ ਖ਼ਬਰ
ਭੂਆ ਭਤੀਜੀ ਲੜੀਆਂ, ਵਿਚ ਦਰਵਾਜ਼ੇ ਦੇ।
ਭਗੌੜਾ ਦਲ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ- ਬੀਬੀ ਜਾਗੀਰ ਕੌਰ
ਸੇਵੀਂਆਂ ਦੀ ਪਿੱਛ ਮੰਗਦਾ, ਮੇਰੀ ਸੱਸ ਨੇ ਕਲਹਿਣਾ ਪੁੱਤ ਜੰਮਿਆਂ।
ਹਾਰਵਰਡ ਯੂਨੀਵਰਸਿਟੀ ਦੀ ਗਰਾਂਟ ਦੇ ਮਾਮਲੇ ‘ਚ ਟਰੰਪ ਪ੍ਰਸ਼ਾਸਨ ਨੇ ਆਪਣਾ ਫ਼ੈਸਲਾ ਬਦਲਿਆ- ਇਕ ਖ਼ਬਰ
ਤੀਂਘੜਦਾ ਕਿਉਂ ਐਂ ਬਈ? ਮੈਂ ਸਾਨ੍ਹ ਹੁੰਨੈ! ਹੁਣ ਮੋਕ ਕਿਉਂ ਮਾਰਦੈਂ? ਗਊ ਦਾ ਜਾਇਆ ਜੁ ਹੋਇਆ!
==========================================================================