ਠੀਕ ਆ ਡੈਡੀ ਜੀ/ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਕੁਲਜਿੰਦਰ ਸਿੰਘ ਦਾ ਛੋਟਾ ਲੜਕਾ ਹਰਪ੍ਰੀਤ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ। ਅੱਜ ਦੀਵਾਲੀ ਹੋਣ ਕਰਕੇ ਸਕੂਲ ਵਿੱਚ ਛੁੱਟੀ ਸੀ। ਕੁਲਜਿੰਦਰ ਸਿੰਘ ਨੇ ਉਸ ਨੂੰ ਆਖਿਆ," ਹਰਪ੍ਰੀਤ ਜੇ ਪਟਾਕੇ ਲੈਣੇ ਆਂ ਤਾਂ ਆ ਤੈਨੂੰ ਮਜਾਰੀ ਤੋਂ ਪਟਾਕੇ ਲੈ ਕੇ ਦੇ ਦਿਆਂ। ਫੇਰ ਰਾਤ ਨੂੰ ਮੈਨੂੰ ਕਹੀਂ ਨਾ ਕਿ ਡੈਡੀ ਨੇ ਮੈਨੂੰ ਪਟਾਕੇ ਵੀ ਲੈ ਕੇ ਨਹੀਂ ਦਿੱਤੇ।" ਇਹ ਸੁਣ ਕੇ ਹਰਪ੍ਰੀਤ ਇਕ ਦਮ ਬੋਲ ਪਿਆ," ਡੈਡੀ ਜੀ, ਐਤਕੀਂ ਮੈਂ ਪਟਾਕੇ ਨਹੀਂ ਲੈਣੇ। ਸਾਡੇ ਪੰਜਾਬੀ ਵਾਲੇ ਮਾਸਟਰ ਕਹਿੰਦੇ ਸੀ ਕਿ ਪਟਾਕਿਆਂ ਦੇ ਧੂੰਏਂ ਨਾਲ ਪ੍ਰਦੂਸ਼ਣ ਫੈਲਦਾ ਆ। ਉਨ੍ਹਾਂ ਦੀ ਆਵਾਜ਼ ਨਾਲ ਮਰੀਜ਼ਾਂ ਨੂੰ ਬੇਆਰਾਮੀ ਹੁੰਦੀ ਆ, ਪਸ਼ੂ, ਪੰਛੀ ਡਰ ਜਾਂਦੇ ਆ, ਸਾਡੇ ਕੰਨ ਵੀ ਬੋਲ਼ੇ ਹੋ ਸਕਦੇ ਆ। ਆਤਸ਼ਬਾਜ਼ੀਆਂ ਲਾਗੇ ਦੇ ਘਰਾਂ ਵਿੱਚ ਡਿੱਗ ਜਾਂਦੀਆਂ ਆਂ ਤੇ ਅੱਗਾਂ ਲੱਗ ਜਾਂਦੀਆਂ ਆਂ।" ਹਰਪ੍ਰੀਤ ਦੀਆਂ ਗੱਲਾਂ ਸੁਣ ਕੇ ਕੁਲਜਿੰਦਰ ਸਿੰਘ ਬੜਾ ਖੁਸ਼ ਹੋਇਆ। ਉਸ ਨੂੰ ਯਾਦ ਹੈ , ਪਿਛਲੀ ਦੀਵਾਲੀ ਤੇ ਹਰਪ੍ਰੀਤ ਨੇ ਉਸ ਦਾ ਹਜ਼ਾਰ ਰੁਪਿਆ ਪਟਾਕਿਆਂ ਤੇ ਖਰਚਾ ਦਿੱਤਾ ਸੀ।
" ਚੱਲ ਫੇਰ ਏਦਾਂ ਕਰ, ਤੂੰ ਪਟਾਕੇ ਨਾ ਲਈਂ, ਮੋਮਬੱਤੀਆਂ ਤੇ ਫੁੱਲਝੜੀਆਂ ਲੈ ਲਈਂ।" ਕੁਲਜਿੰਦਰ ਸਿੰਘ ਨੇ ਆਖਿਆ।
ਹਰਪ੍ਰੀਤ ਇਕ ਦਮ ਮੰਨ ਗਿਆ ਅਤੇ ਉਹ ਕੁਲਜਿੰਦਰ ਸਿੰਘ ਨਾਲ ਮੋਮਬੱਤੀਆਂ ਤੇ ਫੁੱਲਝੜੀਆਂ ਲੈਣ ਲਈ ਮਜਾਰੀ ਨੂੰ ਤੁਰ ਪਿਆ। ਮਜਾਰੀ ਪਹੁੰਚ ਕੇ ਉਸ ਨੇ ਦੋਹੀਂ ਪਾਸੀਂ ਨਜ਼ਰਾਂ ਦੌੜਾਈਆਂ। ਦੁਕਾਨਦਾਰਾਂ ਨੇ ਛੋਟੇ, ਵੱਡੇ ਪਟਾਕੇ, ਅਨਾਰ, ਚੱਕੀਆਂ, ਆਤਸ਼ਬਾਜ਼ੀਆਂ, ਫੁੱਲਝੜੀਆਂ ਤੇ ਮੋਮਬੱਤੀਆਂ ਬੈਂਚਾਂ ਤੇ ਸਜਾ ਕੇ ਰੱਖੀਆਂ ਹੋਈਆਂ ਸਨ। ਅਚਾਨਕ ਕੁਲਜਿੰਦਰ ਸਿੰਘ ਦਾ ਹੱਥ ਫੜ ਕੇ ਉਹ ਆਖਣ ਲੱਗਾ," ਡੈਡੀ ਜੀ, ਔਹ ਸਾਮ੍ਹਣੇ ਸਾਡੇ ਪੰਜਾਬੀ ਵਾਲੇ ਮਾਸਟਰ ਤੇ ਉਨ੍ਹਾਂ ਦਾ ਮੁੰਡਾ ਪਟਾਕਿਆਂ ਦੀ ਦੁਕਾਨ ਤੇ ਪਤਾ ਨਹੀਂ ਕਿਉਂ ਖੜ੍ਹੇ ਆ?"
" ਪੁੱਤ ਉਹ ਦੁਕਾਨ ਤੇ ਖੜ੍ਹੇ ਨਹੀਂ, ਉਨ੍ਹਾਂ ਨੇ ਵੀ ਪਟਾਕਿਆਂ ਦੀ ਦੁਕਾਨ ਪਾਈ ਹੋਈ ਆ। ਅੱਜ ਕੱਲ੍ਹ ਲੋਕ ਆਖਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ। ਪਰ ਤੂੰ ਉਨ੍ਹਾਂ ਨੂੰ ਦੇਖ ਕੇ ਹੁਣ ਆਪਣਾ ਮਨ ਨਾ ਬਦਲ ਲਈਂ। ਜੋ ਕੁਝ ਲੈਣ ਆਇਆਂ, ਲੈ ਲੈ।"
" ਠੀਕ ਆ ਡੈਡੀ ਜੀ।" ਹਰਪ੍ਰੀਤ ਨੇ ਹੌਲੀ ਜਹੀ ਆਖਿਆ।
ਉਸ ਨੇ ਦੋ ਮੋਮਬੱਤੀਆਂ ਦੇ ਪੈਕਟ ਤੇ ਦੋ ਫੁੱਲਝੜੀਆਂ ਦੇ ਪੈਕਟ ਲਏ ਤੇ ਕੁਲਜਿੰਦਰ ਸਿੰਘ ਨਾਲ ਘਰ ਵੱਲ ਨੂੰ ਵਾਪਸ ਤੁਰ ਪਿਆ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ - 144514
ਫੋਨ  -9915803554