" ਭਾਰਤ 'ਚ ਭ੍ਰਿਸ਼ਟਾਚਾਰ ਦੀ ਚਲਦੀ ਗੰਗੋਤਰੀ" - ਅਸਟ੍ਰੇਲੀਆ ਤੋਂ ਮਨਮੋਹਨ ਸਿੰਘ ਖੇਲਾ
ਅਸੀਂ ਸਾਰੇ ਭਾਰਤਵਾਸੀ ਆਪਣੇ ਆਪ ਨੂੰ ਅਤੇ ਆਪਣੇ ਦੇਸ਼ ਭਾਰਤ ਵਰਸ਼ ਵਾਰੇ ਸਮਝਦੇ ਹਾਂ ਕਿ ਸਾਰੀ ਦੁਨੀਆਂ ਦੇ ਦੇਸ਼ਾ 'ਚੋਂ ਸਾਡਾ ਦੇਸ਼ ਭਾਰਤ ਵਰਸ਼ ਅਤੇ ਭਾਰਤ ਵਾਸੀ ਬਹੁਤ ਵੱਧੀਆ ਆਦਰਸ਼ਕ ਉਦੇਸ਼ਾਂ ਵਾਲੇ ਕਲਚਰ ਸਭਿਆਚਾਰ ਅਤੇ ਵੱਧੀਆ ਕਰੈਕਟਰ ਵਾਲੇ ਹਨ।ਜਦ ਕਿ ਹਕੀਕਤ 'ਚ ਸੱਭ ਕੁੱਝ ਇਸ ਦੇ ਉਲਟ ਹੈ ਕਿਉਂ ਕਿ ਬਾਕੀ ਦੇਸ਼ਾਂ ਦੇ ਵਸਨੀਕ ਭੋਲੇ-ਭਾਲੇ ਸੱਚੇ ਪੱਕੇ ਪੂਰੀ ਤਰ੍ਹਾਂ ਇਮਾਨਦਾਰ ਹਨ।ਉਹ ਜੋ ਵੀ ਕਰਦੇ ਹਨ ਬਿਨਾ ਕਿਸੇ ਤੋਂ ਕੁੱਝ ਲੁਕਾਏ ਸੱਭ ਦੇ ਸਾਹਮਣੇ ਕਰਦੇ ਹਨ।ਉਹ ਪਰਦੇ ਪਿੱਛੇ ਛੁੱਪ ਕੇ ਕੁੱਝ ਨਹੀਂ ਕਰਦੇ,ਜਿਸ ਕੰਮ ਨੂੰ ਉਹ ਨਹੀਂ ਕਰ ਸਕਦੇ ਉਸ ਵਾਰੇ ਸ਼ਰੇਆਮ ਸੌਰੀ ਕਹਿ ਦਿੰਦੇ ਹਨ ਕਿ ਮੈਂ ਇਵੇਂ ਨਹੀਂ ਕਰ ਸਕਦਾ।ਪਿੱਛਲੇ ਦਿਨੀਂ ਭਾਰਤ ਦੇਸ਼ ਦੀ ਕੇਂਦਰ ਸਰਕਾਰ ਦੇ ਗੁਪਤਚਰ ਵਿਭਾਗ ਦੀ ਇੰਟੈਲੀਜੈਂਸੀ ਏਜੰਸੀ ਅਥਵਾ ਵਿਜੀਲੈਂਸ ਵਿਭਾਗ ਦੇ ਸਾਬਕਾ ਕੇਂਦਰੀ ਕਮਿਸ਼ਨਰ ਵਲੋਂ ਪਿੰਟ੍ਰ ਅਤੇ ਇਲੈਕਟ੍ਰੋਨਿਕ ਮੀਡੀਏ 'ਚ ਇਹ ਬਿਆਨ ਦਿੱਤਾ ਗਿਆ ਕਿ ਭਾਰਤ ਦੇਸ਼ ਦਾ ਹਰ ਤੀਜਾ ਨਾਗਰਿਕ ਭ੍ਰਿਸ਼ਟ ਹੈ।ਭ੍ਰਿਸ਼ਟ ਭਾਰਤੀਆਂ ਵਾਰੇ ਸਰਕਾਰ ਦੇ ਬਹੁਤ ਹੀ ਖਾਸ ਜਿਮੇਂਵਾਰੀ ਵਾਲੇ ਵਿਭਾਗ ਦੇ ਮੁੱਖੀ ਵਲੋਂ ਆਪਣੇ ਆਹੁਦੇ ਤੋਂ ਸੇਵਾਮੁਕਤੀ ਬਾਅਦ ਸ਼ਰੇਆਮ ਜਨਤਕ ਤੌਰ 'ਤੇ ਬਿਆਨ ਦੇਣਾ ਸਾਰੇ ਭਾਰਤੀਆਂ ਨੂੰ ਸ਼ਰਮਸਾਰ ਕਰਨ ਵਾਲਾ ਬਹੁਤ ਵੱਡਾ ਸਬੂਤ ਹੈ।ਇਹ ਬਿਆਨ ਵਿਦੇਸ਼ਾਂ 'ਚ ਵਸਦੇ ਸਾਰੇ ਭਾਰਤੀਆਂ ਦਾ ਦੁਨੀਆਂ ਦੀਆਂ ਬਾਕੀ ਕੌਮਾਂ 'ਚ ਮਖੌਲ ਉਡਾਉਂਣ ਲਈ ਬਥੇਰਾ ਹੈ।ਬੀਤ ਚੁੱਕੇ ਸਮੇਂ 'ਚ ਵੀ ਇਸ ਬਿਆਨ ਤੋਂ ਪਹਿਲਾਂ ਵੀ ਇਹੋ ਜਹੇ ਬਿਆਨ ਕਈ ਵਾਰ ਜਿਮੇਂਵਾਰ ਉੱਚ ਅਧਿਕਾਰੀਆਂ ਦੇ ਆਉਂਦੇ ਰਹੇ ਹਨ।ਜਿਨ੍ਹਾਂ ਬਿਆਨਾਂ ਦੀ ਵਜ੍ਹਾ ਕਰਕੇ ਪੜਤਾਲੀਆ ਕਮੇਟੀਆਂ ਵੀ ਬਣਦੀਆਂ ਰਹੀਆਂ ਹਨ ਅਤੇ ਸਰਵੇਖਣ ਵੀ ਹੁੰਦੇ ਰਹੇ ਹਨ।ਉਨ੍ਹਾਂ ਸਾਰੇ ਸਰਵੇਖਣਾ ਨੂੰ ਕੁੱਝ ਸਮੇਂ ਬਾਅਦ ਹੀ ਬਿਨਾ ਕਿਸੇ ਨਤੀਜੇ 'ਤੇ ਪਹੁੰਚਿਆਂ ਅੱਧ ਵਿਚਕਾਰ ਖਤਮ ਵੀ ਕੀਤਾ ਜਾਂਦਾ ਰਿਹਾ ਹੈ।ਇਸ ਵਿਜੀਲੈਂਸ ਵਿਭਾਗ ਦੇ ਉਸ ਸਾਬਕਾ ਅਧਿਕਾਰੀ ਵਲੋਂ ਦਿੱਤਾ ਬਿਆਨ ਸ਼ਾਇਦ ਹਕੀਕਤ 'ਚ ਭਾਵੇਂ ਸਹੀ ਨਾ ਵੀ ਹੋਕੇ ਝੂਠਾ ਹੀ ਹੋਵੇ।ਫਿਰ ਵੀ ਇਸ ਦੇ ਬਾਵਯੂਦ ਬਹੁਤ ਸਾਰੇ ਹੋਰ ਸਰੋਤਾਂ ਰਾਹੀਂ ਸਾਰੀ ਦੁਨੀਆਂ ਨੂੰ ਇਸ ਹਕੀਕਤ ਦਾ ਪਤਾ ਲਗ ਚੁੱਕਾ ਹੈ ਕਿ ਭ੍ਰਿਸ਼ਟਾਚਾਰ ਦੀ ਬਿਮਾਰੀ ਰੂਪੀ ਕੋਹੜ ਭਾਰਤ ਦੇਸ਼ ਦੇ ਸਿਆਸੀ,ਸਰਕਾਰੀ,ਗੈਰਸਰਕਾਰੀ ਅਤੇ ਹਰ ਤਰ੍ਹਾਂ ਦੇ ਆਮ ਲੋਕਾਂ ਤੋਂ ਸਿਵਾਏ ਭਾਰਤੀ ਸਮਾਜਕ ਧਾਰਮਿਕ ਆਰਥਿਕ ਢਾਚੇਂ ਦੀ ਰਗ-ਰਗ 'ਚ ਜਾ ਵੜਿਆ ਹੈ।
ਹੁਣ ਤਾਂ ਇਹ ਲਗਦਾ ਹੈ ਕਿ ਕੋਹੜ ਦੀ ਬਿਮਾਰੀ ਭਾਰਤੀਆਂ ਦੇ ਹੱਡਾਂ 'ਚ ਰਚਣ ਬਾਅਦ ਹੁਣ ਖੂਨ 'ਚ ਵੜ ਚੁੱਕੀ ਹੋਈ ਹੈ।ਇਹ ਜਾਣਿਆ ਪਹਿਚਾਣਿਆ ਅਟੱਲ ਸਚਾਈ ਵਾਲਾ ਕੋੜਾ ਲੱਗਣ ਵਾਲਾ ਸੱਚ ਹੈ ਕਿ ਸਾਡੇ ਭਾਰਤ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਅਧਿਕਾਰੀ,ਵੱਡੇ ਅਹੁਦਿਆਂ ਸਮੇਤ ਛੋਟੇ ਮੁਲਾਜਮ,ਵਪਾਰੀ,ਸਿਆਸੀ ਪਾਰਟੀਆਂ ਸਮੇਤ ਸਿਆਸਤਦਾਨ,ਧਾਰਮਿਕ ਬਾਬੇ, ਸਮਾਜਕ ਸੰਸਥਾਵਾਂ ਦੇ ਆਗੂ, ਵਪਾਰੀ, ਡਾਕਟਰ, ਟੀਚਰ, ਅਧਿਆਪਕ, ਡਾਕਟਰ, ਪੱਤਰਕਾਰ,ਜੱਜ, ਪੁਲੀਸ ਅਫਸਰ,ਸਿਪਾਹੀ,ਥਾਣੇਦਾਰ,ਵਕੀਲ, ਸੰਪਾਦਕ, ਦੁਕਾਨਦਾਰ, ਤਹਿਸੀਲਦਾਰ, ਇੰਨਸਪੈਕਟਰਾਂ ਤੋਂ ਛੁੱਟ ਹਰ ਮਹਿਕਮੇ ਦੇ ਚੌਥੇ ਦਰਜੇ ਦੇ ਕਰਮਚਾਰੀ ਤੋਂ ਲੈ ਕੇ ਪਹਿਲੀ ਕਲਾਸ ਦੀ ਕੁਰਸੀ 'ਤੇ ਬੈਠੇ ਕਰਮਚਾਰੀ ਆਦਿ ਸੱਭ ਭ੍ਰਿਸ਼ਟ ਬਣ ਚੁੱਕੇ ਹਨ।
ਸਰਕਾਰੀ ਦਫਤਰਾਂ 'ਚ ਸਰਕਾਰ ਵਲੋਂ ਆਮ ਜਨਤਾ ਦੀ ਸਹੂਲਤ ਲਈ ਦਫਤਰਾਂ ਲਈ ਭੇਜੇ ਗਏ ਸਮਾਨ ਪੱਖੇ, ਮੇਜ,ਕੁਰਸੀਆਂ,ਟਾਟ, ਕੂਲਰ,ਦਰੀਆਂ,ਟੀ ਵੀ,ਡੀ ਵੀ ਡੀ,ਵੀ ਸੀ ਆਰ,ਰੇਡੀਓ,ਕੈਲੰਡਰ ਫੋਟੋਆਂ,ਕੰਪਿਊਟਰ,ਲੈਪਟੋਪ ਕੰਧਾਂ 'ਤੇ ਲਟਕਦੇ ਸ਼ੀਸ਼ੇ ਆਦਿ ਕਈ ਤਰ੍ਹਾਂ ਦੇ ਹੋਰ ਕੀਮਤੀ ਸਮਾਨ ਨੂੰ ਇਨ੍ਹਾਂ ਘਟੀਆ ਕਿਸਮ ਦੇ ਅਧਿਕਾਰੀਆਂ ਵਲੋਂ ਬਾਕੀ ਸਟਾਫ ਦੇ ਅੱਖਾਂ 'ਚ ਘੱਟਾ ਪਾਕੇ ਘਰਾਂ ਨੂੰ ਲੈ ਜਾਣਾ ਅਮ ਗੱਲ ਹੈ।ਇਨ੍ਹਾਂ ਚੀਜਾਂ 'ਤੇ ਆਪਣਾ ਨਿੱਜੀ ਹੱਕ ਸਮਝਦੇ ਹੋਏ ਬੜੇ ਇਹ ਵੱਡੇ-ਵੱਡੇ ਲੈਂਡਲਾਰਡ ਧੰਨਾਡ,ਕਾਫੀ ਵੱਡੇ ਅਮੀਰ ਰਈਸ ਅਤੇ ਖੱਬੀਖਾਂਹ ਕਹਾਉਣ ਵਾਲੇ ਇਨ੍ਹਾਂ ਘਟੀਆ ਅਧਿਕਾਰੀਆਂ ਵਲੋਂ ਆਪਣੇ ਘਰਾਂ ਨੂੰ ਲਿਜਾਉਣਾ ਮਮੂਲੀ ਜਹੀ ਗੱਲ ਬਣੀ ਹੋਈ ਹੈ।ਉਹ ਸਮਝਦੇ ਹਨ ਕਿ ਇਹ ਦਫਤਰ ਸਾਡੇ ਪਿਓ ਦੀ ਜਗੀਰ ਹੈ।ਆਪਣੇ ਘਰਾਂ ਨੂੰ ਸਮਾਨ ਚੁੱਕ ਕੇ ਲੈ ਜਾਣਾ ਸਾਡਾ ਸੰਵਿਧਾਨਕ ਤੌਰ 'ਤੇ ਮੁੱਢਲਾ ਅਤੇ ਇਖਲਾਕੀ ਹੱਕ ਹੈ ਕਿ ਅਸੀਂ ਆਪਣੇ ਦਫਤਰ 'ਚ ਜੋ ਮਰਜੀ ਕਰੀਏ।ਇਸ ਤਰ੍ਹਾਂ ਦੇ ਲੋਕੀਂ ਸਾਡੇ ਭੋਲੇ-ਭਾਲੇ ਅਤੇ ਇਨ੍ਹਾਂ ਗੱਲਾਂ ਤੋਂ ਅਣਜਾਣ ਸਮਾਜ 'ਚ ਅਪਣੀਆਂ ਚਾਪਲੂਸੀ ਵਾਲੀਆਂ ਮਿੱਠੀਆਂ-ਮਿੱਠੀਆਂ ਚੋਪੜਵੀਆਂ ਫੋਕੀਆਂ ਫੁਕਰੀਆਂ ਗੱਲਾਂ ਦੁਆਰਾ ਬਣਾਈ ਗਈ ਛੱਤੀ ਪ੍ਰਕਾਰ ਦੇ ਸੁਆਦਾਂ ਭਰੀ ਪਰੋਸੀ ਗਈ ਖੀਰ ਰਾਹੀਂ ਇਸ ਤਰ੍ਹਾਂ ਵਿਚਰਦੇ ਹਨ,ਜਿਵੇਂ ਕਿ ਉਹ ਹੀ ਪੂਰੇ ਸਮਾਜ ਨੂੰ ਸੇਧ ਦੇਣ ਵਾਲੇ ਭਲਾਈ ਦੇ ਰਸਤੇ 'ਤੇ ਲਿਜਾਉਂਣ ਵਾਲੇ ਸਾਰੇ ਸਮਾਜ ਦੇ ਅਸਲੀ ਮਾਰਗ ਦਰਸ਼ਕ ਅਤੇ ਪਹਿਰੇਦਾਰ ਹੋਣ।
ਕੁੱਝ ਇਸੇ ਤਰ੍ਹਾਂ ਦੇ ਮਾਮਲੇ ਵਾਰੇ ਸਾਲ 1971-72 ਦੀ ਗੱਲ ਹੈ ਕਿ ਸਾਡੇ ਪਿੰਡ ਤੋਂ 5-6 ਕਿਲੋਮੀਟਰ ਦੂਰੀ 'ਤੇ ਇੱਕ ਸਰਕਾਰੀ ਹਾਈ ਸਕੂਲ 'ਚ ਮੇਰੇ ਪਿਤਾ ਜੀ ਅਤੇ ਮੈਂ ਦੋਵੇਂ ਹੀ ਅਸੀਂ ਬਤੌਰ ਅਧਿਆਪਕ ਵਜੋਂ ਇੱਕੋ ਸਕੂਲ 'ਚ ਸਰਵਿਸ ਕਰਦੇ ਸਾਂ।ਉਸ ਸਕੂਲ ਦਾ ਮੁੱਖੀ ਪਹਿਲਾਂ ਕਦੇ ਕਿਸੇ ਸਮੇਂ 'ਚ ਤਹਿਸੀਲ ਪੱਧਰ ਦੇ ਬਲਾਕ ਦਾ ਅਫਸਰ ਸੀ ਜਿਸ ਨੂੰ ਉਸ ਵੇਲੇ ਏ ਡੀ ਆਈ ਕਹਿੰਦੇ ਸਨ।ਬਾਅਦ 'ਚ ਜਿਲ੍ਹਾ ਸਿਖਿਆ ਵਿਭਾਗ 'ਚ ਐਕਟਿੰਗ ਜਿਲ੍ਹਾ ਸਿਖਿਆ ਵਿਭਾਗ ਮੁੱਖੀ ਵੀ ਰਿਹਾ ਉਸ ਸਮੇਂ ਉਸ ਨੂੰ ਜਿਲ੍ਹਾ ਸਿਖਿਆ ਇੰਸਪੈਕਟਰ (ਡੀ ਆਈ) ਕਹਿੰਦੇ ਸਨ ਹੁਣ ਉਸ ਨੂੰ ਡੀ ਈ ਓ ਜਿਲ੍ਹਾ ਸਿਖਿਆ ਵਿਭਾਗ ਅਫਸਰ ਕਿਹਾ ਜਾਂਦਾ ਹੈ।ਉਹ ਹੈੱਡਮਾਸਟਰ ਆਪਣੇ ਆਪ ਨੂੰ ਬਹੁਤ ਅਨੁਸ਼ਾਸ਼ਨ 'ਚ ਰਹਿਣ ਵਾਲਾ ਬਹੁਤ ਸੱਖਤ ਸੁਭਾਓ ਵਾਲਾ ਬੰਦਾ ਅਖਵਾਉਂਦਾ ਸੀ।ਆਪਣੇ ਆਪ ਨੂੰ ਇਮਾਨਦਾਰ ਹੋਣ ਵਾਰੇ ਅਤੇ ਉੱਚੇ ਸੁੱਚੇ ਅਨੂਸ਼ਾਸ਼ਨ ਵਾਲਾ ਹੋਣ ਦਾ ਬਹੁਤ ਢਡੋਰਾ ਪਿੱਟਦਾ ਰਹਿੰਦਾ ਸੀ।ਮੇਰੇ ਪਿਤਾ ਜੀ ਵਲੋਂ ਪਹਿਲਾਂ ਫੌਜ ਦੀ ਨੌਕਰੀ ਕੀਤੀ ਹੋਣ ਕਰਕੇ ਅਨੁਸ਼ਾਸ਼ਨ 'ਚ ਰਹਿ ਕੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਣ ਦੀ ਆਦਤ ਪਈ ਹੋਈ ਸੀ।ਇਸੇ ਕਰਕੇ ਸਾਨੂੰ ਵੀ ਉਹ ਹਮੇਸ਼ਾ ਕਹਿੰਦੇ ਸਨ ਕਿ ਆਪਣੀ ਡਿਊਟੀ ਅਤੇ ਕੰੰਮ ਨੂੰ ਰੱਬ ਦੀ ਪੂਜਾ ਦੇ ਸਮਾਨ ਸਮਝੋ ਕਦੇ ਵੀ ਡਿਊਟੀ ਅਤੇ ਕੰਮ 'ਚ ਅਣਗਿਹਲੀ ਨਾ ਵਰਤੋ ਆਪਣੇ ਜਿੰਮੇਂ ਲਾਏ ਕੰਮ ਨੂੰ ਹਮੇਸ਼ਾ ਇਮਾਨਦਾਰੀ ਨਾਲ ਨਿਭਾਓ।ਸਮੇਂ ਤੋਂ ਪਹਿਲਾਂ ਡਿਊਟੀ 'ਤੇ ਜਾਓ ਛੁੱਟੀ ਹੋਣ ਤੋਂ ਬਾਅਦ ਦੇ ਸਮੇਂ ਸਾਰੇ ਕੰਮ ਖਤਮ ਕਰਕੇ ਘਰ ਪਹੁੰਚੋ।ਉਹ ਹਮੇਸ਼ਾਂ ਇਹੀ ਕਹਿੰਦੇ ਰਹਿੰਦੇ ਸਨ ਕਿ ਆਪਣੇ ਵਿਦਿਆਰਥੀਆਂ ਨੂੰ ਆਪਣੇ ਅਸਲੀ ਪੁੱਤਰ-ਧੀਆਂ ਨਾਲੋਂ ਵੀ ਇੱਕ ਦਰਜਾ ਵੱਧ ਸਮਝੋ ਇਸ ਤਰ੍ਹਾਂ ਕਰਨ ਨਾਲ ਅਤੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਿਭਾਉਂਦਿਆਂ ਮਹਿਕਮੇ ਸਮੇਤ ਸਰਕਾਰ ਦਾ ਵੱਡੇ ਤੋਂ ਵੱਡਾ ਅਫਸਰ ਤੇ ਅਧਿਕਾਰੀ ਤੁਹਾਨੂੰ ਕਦੇ ਵੀ ਉੱਚਾ-ਨੀਵਾਂ ਜਾਂ ਵੱਧ-ਘੱਟ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਸਗੋਂ ਉਲਟਾ ਤੁਹਾਡੀ ਲਿਆਕਤ ਬਦਲੇ ਸਤਿਕਾਰ ਕਰੇਗਾ।ਪਿਤਾ ਜੀ ਵਲੋਂ ਦਸੇ ਮਾਰਗ ਵਾਲੇ ਇਨ੍ਹਾਂ ਅਸੂਲਾਂ 'ਤੇ ਚਲਦਿਆਂ 33 ਸਾਲ ਦੀ ਸੇਵਾ ਅਸਾਂ ਦੋਵਾਂ ਭਰਾਵਾਂ ਨੇ ਬਹੁਤ ਸਾਰੇ ਸਮਾਜਕ ਅਤੇ ਸਰਕਾਰੀ ਮਾਣ-ਸਨਮਾਨਾਂ ਸਮੇਤ ਪੂਰੀ ਇੱਜਤ ਨਾਲ ਅਤੇ ਠਾਠ ਨਾਲ ਬੇਦਾਗ ਰਹਿ ਕੇ ਨਿਭਾਈ।ਛੋਟੇ ਭਰਾ ਨੇ ਤਾਂ ਪੰਜਾਬ ਸਰਕਾਰ ਤੋਂ 94 'ਚ ਸਟੇਟ ਅਵਾਰਡ ਲੈਣ ਦੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਕ ਸੰਸਥਾਵਾਂ ਤੋਂ ਸਨਮਾਨ ਪ੍ਰਾਪਤ ਕਰਨ ਬਾਅਦ 1996 'ਚ ਭਾਰਤ ਸਰਕਾਰ ਦੇ ਰਾਸ਼ਟਰਪਤੀ ਤੋਂ ਨੈਸ਼ਨਲ ਅਵਾਰਡ ਵੀ ਪ੍ਰਾਪਤ ਕੀਤਾ।
ਇਮਾਨਦਾਰੀ ਅਤੇ ਅਨੁਸ਼ਾਸ਼ਨ ਦਾ ਢਡੋਰਾ ਪਿੱਟਣ ਵਾਲੇ ਉਸ ਹੈੱਡਮਾਸਟਰ ਨੇ ਪਿਤਾ ਜੀ ਦੇ ਅਸੂਲ ਵੇਖ ਕੇ ਉਨ੍ਹਾਂ ਨਾਲ ਬਹੁਤ ਨੇੜਤਾ ਕਰ ਲਈ ਸੀ।ਉਸ ਸਕੂਲ ਦੇ ਕੁੱਝ ਕੁ ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਣ ਵਾਲੇ ਕੰਮ ਚੋਰ ਅਤੇ ਅਨੂਸ਼ਾਸ਼ਨ ਦੀ ਨਾ ਪ੍ਰਵਾਹ ਕਰਨ ਵਾਲੇ ਸਟਾਫ ਮੈਂਬਰ ਪਿਤਾ ਜੀ ਨਾਲ ਇਸ ਕਰਕੇ ਈਰਖਾ ਭਾਵਨਾ ਰੱਖਦੇ ਸਨ ਕਿਉਂ ਕਿ ਪਿਤਾ ਜੀ ਤੋਂ ਪਹਿਲਾਂ ਸਾਰੇ ਸਕੂਲ ਦੀ ਵਾਗਡੋਰ ਉਨ੍ਹਾਂ ਦੇ ਹੱਥ ਹੁੰਦੀ ਸੀ।ਉਹ ਆਪਣੀ ਮਰਜੀ ਨਾਲ ਸਕੂਲ ਦੇ ਫੰਡਾਂ ਨੂੰ ਖਾ ਜਾਂਦੇ ਸਨ ਸਕੂਲ ਦਾ ਸਰਕਾਰੀ ਸਮਾਨ ਵੀ ਘਰਾਂ ਨੂੰ ਚੁੱਕ ਲੈ ਕੇ ਜਾਂਦੇ ਸਨ।ਬੱਚਿਆਂ ਤੋਂ ਇਮਤਿਹਾਨਾਂ ਵੇਲੇ ਕਿਸੇ ਨਾ ਕਿਸੇ ਰੂਪ 'ਚ ਪੈਸੇ ਲੈਣੇ ਅਤੇ ਬੱਚਿਆਂ ਤੋਂ ਹੀ ਸ਼ਰਾਬਾਂ ਮੰਗਵਾ ਕੇ ਸਕੂਲ 'ਚ ਹੀ ਪੀ ਜਾਣੀਆ ਉਨ੍ਹਾਂ ਦੇ ਸ਼ੌਕ ਸਨ।ਉਨ੍ਹਾਂ ਨੇ ਸਕੂਲ ਨੂੰ ਸਕੂਲ ਨਾ ਸਮਝ ਕੇ ਆਪਣੀ ਨਿੱਜੀ ਜਗੀਰ ਬਣਾਈ ਹੋਈ ਸੀ।ਪਿਤਾ ਜੀ ਦੇ ਉਸ ਸਕੂਲ 'ਚ ਆਉਂਣ ਨਾਲ ਉਨ੍ਹਾਂ ਦਾ ਇਹ ਠੱਕਠਕਾ ਬੰਦ ਹੋ ਗਿਆ।
ਇੱਕ ਵੇਰ ਆਪਣੇ ਆਪ ਨੂੰ ਇਮਾਨਦਾਰ ਅਤੇ ਅਨੁਸ਼ਾਸ਼ਨ ਵਾਲਾ ਹੋਣ ਦਾ ਬਹੁਤ ਢਡੋਰਾ ਪਿੱਟਣ ਵਾਲੇ ਉਸ ਹੈੱਡਮਾਸਟਰ ਨੂੰ ਮਿਡਲ ਵਿਭਾਗ ਦੀਆਂ ਸਲਾਨਾ ਪ੍ਰੀਖਿਆਵਾਂ ਲੈਣ ਵਾਰੇ ਸਿਖਿਆ ਬੋਰਡ ਪੰਜਾਬ ਵਲੋਂ ਜਿਲ੍ਹਾਂ ਹੁਸ਼ਿਆਰਪੁਰ ਦੇ ਸੜੋਏ ਬਲਾਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।ਉਸ ਨੇ ਮੇਰੀ ਵੀ ਨਿਯੁਕਤੀ ਆਪਣਾ ਸਹਾਇਕ ਬਣਾ ਕੇ ਕਰ ਲਈ।ਜਦੋਂ ਇਸੇ ਸਬੰਧ 'ਚ ਇੱਕ ਵੇਰ ਉਸ ਦੇ ਘਰ ਜਾਣ ਦਾ ਮੌਕਾ ਮਿਲਿਆ ਤਾਂ ਉਸ ਦੇ ਘਰ ਦੇ ਕਮਰੇ 'ਚ ਸਕੂਲ ਤੋਂ ਲਿਜਾਏ ਗਏ ਬੱਚਿਆਂ ਹੇਠਾਂ ਵਿਛਾਉਣ ਵਾਲੇ ਤਪੜਾਂ (ਟਾਟਾਂ) ਤੋਂ ਬਣਾ ਕੇ ਵਿਛਾਈ ਗਈ ਦਰੀ ਵੇਖ ਕੇ ਦਿਲ ਨੂੰ ਬਹੁਤ ਦੁੱਖ ਲੱਗਾ ਅਤੇ ਦਿਲ 'ਚ ਉਸ ਪ੍ਰਤੀ ਵੱਧੀਆ ਆਦਰਸ਼ਤਾ ਅਤੇ ਵੱਧੀਆ ਅਨੁਸ਼ਾਸ਼ਨ ਸਬੰਧੀ ਬਣੇ ਪ੍ਰਤੀਬਿੰਬ ਦੀਆਂ ਲੀਰਾਂ-ਲੀਰਾਂ ਹੋ ਗਈਆਂ।ਇਸੇ ਤਰ੍ਹਾਂ ਹੀ ਜਿਲ੍ਹੇ ਦੇ ਪ੍ਰਧਾਨ ਰਹਿ ਚੁੱਕੇ ਮੇਰੇ ਉਸਤਾਦ ਉਸਾਰੂ ਵਿਚਾਰਧਾਰਾ ਵਾਲੇ ਆਦਰਸ਼ਵਾਦੀ ਅਧਿਆਪਕ ਜਿਨ੍ਹਾਂ ਨੂੰ ਮੈਂ ਆਪਣੇ ਪਿਓ ਦੇ ਸਮਾਨ ਸਮਝਦਾ ਸਾਂ।ਜਦੋਂ ਆਪਣੀ ਮੱਝ ਦੀ ਖੁਰਲੀ ਬਨਾਉਂਣ ਲਈ ਸਕੂਲ ਤੋਂ ਲਕੜ ਦੀਆਂ ਫੱਟੀਆਂ 'ਤੇ ਲੋਹੇ ਦੀ ਚਾਦਰ (ਟੀਨ) ਨੂੰ ਸੇਵਾਦਾਰ ਰਾਹੀਂ ਘਰ ਲਿਜਾਉਂਦੇ ਵੇਖਿਆ।ਆਪਣੇ ਆਪ ਨੂੰ ਬਹੁਤ ਸ਼ਰਮਸ਼ਾਰ ਹੁੰਦਿਆਂ ਇੱਕੋ-ਇੱਕ ਇਮਾਨਦਾਰੀ ਵਾਲੇ ਕਿੱਤੇ ਨੂੰ ਵੀ ਭ੍ਰਿਸ਼ਟਚਾਰ ਦੇ ਚਿੱਕੜ 'ਚ ਡੁੱਬਦੇ ਵੇਖ ਕੇ ਸੋਚਿਆ ਕਿ ਹੁਣ ਤਾਂ ਭਾਰਤ ਦਾ ਰੱਬ ਹੀ ਬੇਲੀ ਹੋਏਗਾ।ਭਾਰਤ ਦੇ ਸਰਕਾਰੀ ਮਹਿਕਮਿਆਂ 'ਚ ਜੇ ਕੋਈ ਮਹਿਕਮਾ ਇਮਾਨਦਾਰ ਮੰਨਿਆ ਜਾਂਦਾ ਸੀ ਤਾਂ ਉਹ ਸਿਰਫ ਸਿਖਿਆ ਵਿਭਾਗ ਸੀ ਜਾਂ ਫਿਰ ਫੌਜ।
ਜਦੋਂ ਮੈਂ ਵੀ ਡੁੰਘਾਈ ਨਾਲ ਆਪਣੇ ਆਪ ਨੂੰ ਚੰਗੀ ਤਰ੍ਹਾਂ ਪੜਚੋਲਿਆ ਤਾਂ ਮੇਰੀ ਆਤਮਾ 'ਚੋਂ ਨਿਕਲੀ ਅਵਾਜ ਤੋਂ ਪਤਾ ਲੱਗਾ ਕਿ ਮੈਂ ਖੁੱਦ ਵੀ ਭ੍ਰਿਸ਼ਟਾਚਾਰ ਤੋਂ ਬਚ ਨਹੀਂ ਸਕਿਆ।ਕਿਉਂ ਕਿ ਕਈ ਵਾਰ ਸਕੂਲੋਂ ਆਪਣੇ ਘਰ ਦੇ ਕੰਮਾਂ ਖਾਤਰ ਕਿਧਰੇ ਜਾਣ ਵੇਲੇ ਮੇਰੇ ਵਲੋਂ ਮੂਵਮੈਂਟ ਸਮੇਤ ਆਰਡਰ ਬੁੱਕ ਰਜਿਸਟਰ 'ਤੇ ਕਿਸੇ ਹੋਰ ਸਕੂਲ ਜਾਂ ਸਿਖਿਆ ਦਫਤਰ ਜਰੂਰੀ ਡਾਕ ਦੇਣ ਜਾਣ ਦਾ ਬਹਾਨਾ ਲਿਖਿਆ ਗਿਆ ਸੀ।ਜਦ ਕਿ ਅਸਲ ਵਿਚ ਇਸ ਬਹਾਨੇ ਮੈਂ ਆਪਣੇ ਨਿੱਜੀ ਕੰਮ ਲਈ ਸਰਕਾਰੀ ਡਿਊਟੀ ਸਮੇਂ 'ਚ ਜਾ ਕੇ ਡਿਊਟੀ ਪ੍ਰਤੀ ਲਾਪ੍ਰਵਾਹੀ ਕਰਕੇ ਭ੍ਰਿਸ਼ਟ ਬਣਿਆਂ ਹਾਂ।ਬਾਕੀ ਦੇ ਮਹਿਕਮਿਆਂ ਦੀ ਰੀਸੇ ਅੱਜ ਫੌਜ ਅਤੇ ਸਿਖਿਆ ਦੇ ਮਹਿਕਮਿਆਂ ਨੂੰ ਵੀ ਬਾਕੀਆਂ ਦੀ ਲਾਗ ਲੱਗ ਗਈ ਹੈ,ਇਨ੍ਹਾਂ 'ਚ ਵੀ ਕਾਫੀ ਨਿਘਾਰ ਆਇਆ ਹੈ।ਜਿਸ ਕਰਕੇ ਮੇਰੇ ਸਮੇਤ ਬਹੁਤ ਸਾਰੇ ਵੇਖੋ-ਵੇਖੀ ਦੂਜਿਆਂ ਦੀ ਰੀਸੇ ਕਿਸੇ ਨਾ ਕਿਸੇ ਬਹਾਨੇ ਇਸ ਕੋਹੜ ਰੂਪੀ ਬਿਮਾਰੀ ਦੀ ਗ੍ਰਿਫਤ 'ਚ ਨਾ ਚਾਹੁੰਦਿਆਂ ਹੋਇਆਂ ਵੀ ਆ ਹੀ ਜਾਂਦੇ ਹਨ।
ਹੁਣ ਜਦੋਂ ਦੀ ਪਿਛਲੀ ਸਰਕਾਰ ਵੇਲੇ ਪੰਜਾਬ ਰਾਜ ਦੇ ਸਿਖਿਆ ਵਿਭਾਗ ਦੀ ਵਾਗਡੋਰ ਨਵਾਂ ਸ਼ਹਿਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਕ੍ਰਿਸ਼ਨ ਕੁਮਾਰ ਨੂੰ ਮੁੱਖੀ ਬਣਾ ਕੇ ਸੌਂਪੀ ਗਈ ਸੀ,ਵਿਭਾਗ 'ਚ ਬਹੁਤ ਸੁਧਾਰ ਹੋਇਆ ਸੀ।ਇਸ ਪਾਸੋਂ ਵੀ ਕੁੱਝ ਕੁ ਇੱਕਾ ਦੁੱਕਾ ਭਦਰ ਪੁਰਸ਼ਾਂ ਵਲੋਂ ਲੁਕਵੇਂ ਢੰਗਾਂ ਨਾਲ ਕੀਤੀ ਗਈ ਚਾਪਲੂਸੀ ਦੁਆਰਾ ਅੱਖਾਂ ਵਿੱਚ ਘੱਟਾ ਪਾ ਕੇ ਲਏ ਗਏ ਕੁੱਝ ਕੁ ਲਾਭਾਂ ਨੂੰ ਨਜ਼ਰਅੰਦਾਜ ਕਰਦਿਆਂ ਕ੍ਰਿਸ਼ਨ ਕੁਮਾਰ ਇੱਕਲੇ ਨੇ ਹੀ ਆਪਣੀਆਂ ਸੁਲਝੀਆਂ ਅਤੇ ਦੂਰਅੰਦੇਸ਼ੀ ਵਾਲੀਆਂ ਵਿਧੀਆਂ ਦੁਆਰਾ 60-62 ਸਾਲਾਂ ਤੋਂ ਨਿਘਾਰ ਵੱਲ਼ ਨੂੰ ਜਾ ਰਹੇ ਵਿਭਾਗ 'ਚ ਸੁਧਾਰ ਕਰ ਕੇ ਮੋਰਚਾ ਫਤਿਹ ਕਰਕੇ ਇੱਕ ਯਾਦਗਾਰੀ ਮੀਲ ਪੱਥਰ ਗੱਡ ਵਿਖਾਇਆ ਸੀ।ਜਦ ਕਿ ਉਨ੍ਹਾਂ ਤੋਂ ਪਹਿਲਾਂ 60-62 ਸਾਲ ਹਰ ਸੰਸਥਾਂ ਦਾ ਮੁੱਖੀ ਉਸ ਤੋਂ ਉੱਤੇ ਸੈਂਟਰ, ਬਲਾਕ,ਜਿਲ੍ਹੇ ਦੇ ਮੁੱਖੀ,ਡਿਵੀਜਨ ਦੇ ਮੁੱਖੀ ਤੋਂ ਇਲਾਵਾ ਰਾਜ ਦੇ ਡਾਇਰੈਕਟੋਰੇਟ ਦੇ ਕਈ ਮੁੱਖੀ,ਸਿਖਿਆ ਸੈਕ੍ਰੇਟਰੀ ਤੋਂ ਇਲਾਵਾ ਸਿਖਿਆ ਮੰਤਰੀ, ਮੁੱਖ-ਮੰਤਰੀ ਤੱਕ ਦੇ ਅਫਸਰਾਂ 'ਤੇ ਵਜੀਰਾਂ ਦੀ ਕਾਫੀ ਵੱਡੀ ਫੌਜ ਹੋਣ ਦੇ ਬਾਵਯੂਦ ਵੀ ਕੋਈ ਕੁੱਝ ਵੀ ਨਾ ਕਰ ਸਕਿਆ।ਸਗੋਂ ਹਰ ਸਾਲ ਵਿਭਾਗ 'ਚ ਸੁਧਾਰਾਂ ਲਈ ਕਾਗਜੀ ਨੀਤੀਆਂ ਤਾਂ ਜਰੂਰ ਬਣਦੀਆਂ ਰਹੀਆਂ ਪਰ ਸੁਧਾਰ ਦੀ ਵਜਾਏ ਹਰ ਵੇਰ ਵਿਭਾਗ 'ਚ ਨਿਘਾਰ ਹੀ ਆਉਂਦਾ ਰਿਹਾ।ਕ੍ਰਿਸ਼ਨ ਕੁਮਾਰ ਨੇ ਸਿਸਟਮ ਨੂੰ ਇਵੇਂ ਦਾ ਬਣਾ ਦਿੱਤਾ ਸੀ।ਜਿਸ ਨਾਲ ਕੋਈ ਮੁਲਾਜਮ ਜਾਂ ਅਫਸਰ ਕਿਸੇ ਵੀ ਹਾਲਤ 'ਚ ਕੁਤਾਹੀ ਨਹੀਂ ਸੀ ਕਰ ਸਕਦਾ।ਕਿੰਨਾ ਚੰਗਾ ਹੋਵੇ ਸਾਰੇ ਭਾਰਤ-ਪੰਜਾਬ ਦੇ ਸਰਕਾਰੀ ਅਫਸਰ ਅਥਵਾ ਅਧਿਕਾਰੀ ਕ੍ਰਿਸ਼ਨ ਕੁਮਾਰ ਦੀ ਵਿਚਾਰਧਾਰਾ ਦੇ ਬਣ ਜਾਣ ਜਿਨ੍ਹਾਂ ਸਦਕਾ ਸਾਡਾ ਭਾਰਤ-ਪੰਜਾਬ ਰਾਮਰਾਜ ਦੀ ਤਰ੍ਹਾਂ ਦਾ ਸਵਰਗ ਬਣ ਸਕਦਾ ਹੈ।ਇਸ ਦੇ ਨਾਲ ਹੀ ਜੇ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਸੌੜੀ ਸੋਚ ਨੂੰ ਛੱਡ ਕੇ ਇਸ ਅਸੂਲਾਂ ਵਾਲੇ ਇਮਾਨਦਾਰ ਇਨਸਾਨ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਦਾ ਮੁੱਖ-ਮੰਤਰੀ ਬਣਾਉਂਣ ਲਈ ਸਹਿਮਤ ਹੋ ਜਾਣ ਤਾਂ ਸ਼ਰਤੀਆ ਤੌਰ 'ਤੇ ਵਾਕਿਆ ਹੀ ਪੰਜਾਬ 'ਚ ਰਾਮਰਾਜ ਅਥਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਬਾਰਾ ਤੋਂ ਦੁਹਰਾਇਆ ਜਾ ਸਕਦਾ ਹੈ।ਨਹੀਂ ਤਾਂ ਇਹ ਭ੍ਰਿਸ਼ਟ ਕਿਸਮ ਦੇ ਲੋਕ ਕਿਤੇ ਨਾ ਕਿਤੇ ਕਨੂੰਨੀ ਅਤੇ ਸਮਾਜਕ ਨਿਯਮਾਂ ਤੋਂ ਉਲਟ ਜਾ ਕੇ ਭ੍ਰਿਸ਼ਟ ਤਰੀਕਿਆਂ ਰਾਹੀਂ ਬਿਨਾ ਮਹਿਨਤ ਕੀਤਿਆਂ ਆਮ ਲੋਕਾਂ ਨੂੰ ਲੁੱਟ ਕੇ ਆਪਣੀਆਂ ਜੇਬਾਂ ਭਰਦੇ ਰਹਿਣਗੇ।ਸਾਡੇ ਦੇਸ਼ ਦਾ ਹਾਲ ਹੁਣ ਇਹ ਹੋ ਚੁੱਕਾ ਹੈ ਕਿ ਛੋਟੇ ਤੋਂ ਛੋਟੇ ਸਰਕਾਰੀ ਦਫਤਰ 'ਚ ਬਿਨਾ ਰਿਸ਼ਵਤ ਦਿੱਤਿਆਂ ਕੋਈ ਕੰਮ ਨਹੀਂ ਹੁੰਦਾ ਜੇ ਕੋਈ ਕਿਸੇ ਤਰ੍ਹਾਂ ਕਰਵਾ ਲਵੇ ਤਾਂ ਉਸ ਨੂੰ ਬਹੁਤ ਵੱਡੀ ਪ੍ਰਾਪਤੀ ਮਨਿਆ ਜਾਂਦਾ ਹੈ।ਹੁਣ ਤਾਂ ਇੰਜ ਜਾਪ ਰਿਹਾ ਕਿ ਭ੍ਰਿਸ਼ਟਾਚਾਰ ਭਾਰਤ ਦੀ ਰਗ-ਰਗ 'ਚ ਰਚ ਗਿਆ ਹੈ।ਕਾਗਰਸ ਘਾਹ 'ਤੇ ਅਮਰਵੇਲ ਦੀ ਤਰ੍ਹਾਂ ਦਿਨ ਪ੍ਰਤੀ ਦਿਨ ਖਤਮ ਹੋਣ ਦੀ ਵਜਾਏ ਵੱਧ ਰਿਹੈ।
ਪਿੱਛੇ ਜਹੇ ਬੀਤੇ ਸਮੇਂ 'ਚ ਰਾਜਸਥਾਨ ਪ੍ਰਾਂਤ ਦੇ ਸਾਬਕਾ ਮੰਤਰੀ ਅਤੇ ਬਹੁਜਨ ਸਮਾਜ ਦੇ ਸਾਬਕਾ ਪ੍ਰਧਾਨ ਜਗਤ ਸਿੰਘ ਦਾਇਮਾ ਦੀ ਪਤਨੀ ਉਰਵਸੀ ਨੇ ਅਨੇਕਾਂ ਦਲਿਤ ਅਪਾਹਜਾਂ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਝਟਕ ਲਏ ਸਨ।ਬੇਰੁਜਗਾਰ ਨੌਜਵਾਨਾਂ ਨਾਲ ਇਸ ਤੋਂ ਕੋਝਾ ਮਜਾਕ ਹੋਰ ਕੀ ਹੋ ਸਕਦਾ ਹੈ।ਪਰ ਮਜਾਲ ਹੈ ਸਰਕਾਰ ਵਲੋਂ ਇਨ੍ਹਾਂ ਸਿਅਸੀ ਪਹੁੰਚ ਵਾਲਿਆਂ ਖਿਲਾਫ ਕੋਈ ਕਨੂੰਨੀ ਕਾਰਵਾਈ ਕੀਤੀ ਹੋਵੇ।ਇਸ ਵਾਰੇ ਇਹ ਵੀ ਪਤਾ ਲੱਗਿਆ ਸੀ ਉਰਵਸੀ ਆਪਣੀ ਠੱਗੀ ਦਾ ਧੰਦਾ ਸੈਰ ਸਪਾਟਾ ਰਾਜ-ਮੰਤਰੀ ਨਰਿੰਦਰ ਕਵੰਰ ਦੇ ਲੈਟਰ ਪੈਡ 'ਤੇ ਨਰਿੰਦਰ ਦੇ ਕੀਤੇ ਦਸਖਤਾਂ ਨਾਲ ਕਰਦੀ ਸੀ।ਇਸ ਤੋਂ ਜਾਹਰ ਸੀ ਕਿ ਉਰਵਸੀ ਅਤੇ ਨਰਿੰਦਰ ਵਿਚਕਾਰ ਬਹੁਤ ਨੇੜਲੇ ਸਬੰਧ ਹੋਣ ਕਰਕੇ ਇਹ ਧੰਦਾ ਦੋਵੇਂ ਮਿਲ ਕੇ ਕਰਦੇ ਸਨ।ਇਸ ਤਰ੍ਹਾਂ ਸਿਆਸੀ ਅਤੇ ਰਾਜ ਨੇਤਾਵਾਂ ਦੁਆਰਾ ਭ੍ਰਿਸ਼ਟ ਹਰਕਤਾਂ ਕਰਨਾ ਸਾਡੇ ਭਾਰਤ ਮਹਾਨ ਦੀ ਪ੍ਰੰਮਪਰਾ ਹੀ ਬਣਦੀ ਜਾ ਰਹੀ ਹੈ ਅਤੇ ਉਹ ਇਸ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ।ਰਾਜੀਵ ਗਾਂਧੀ ਦੁਆਰਾ ਬੋਫਰਜ ਤੋਪ ਘੁਟਾਲਾ,ਲਾਲੂ ਯਾਦਵ ਦਾ ਚਾਰਾ ਘੁਟਾਲਾ,ਸਾਬਕਾ ਪ੍ਰਧਾਨ-ਮੰਤਰੀ ਨਰਸਿਮਹਾ ਰਾਓ ਅਤੇ ਉਸ ਦੇ ਪੁੱਤਰ ਪ੍ਰਭਾਕਰ ਰਾਓ ਦੀ ਮਹਿਮਾ ਸੱਭ ਜੱਗ ਜਾਹਰ ਹੈ।ਤਾਮਿਲਨਾਡੂ ਦੀ ਸਾਬਕਾ ਮੁੱਖ-ਮੰਤਰੀ ਜੈ ਲਲਿਤਾ ਅਤੇ ਉਸ ਦੀ ਸਹੇਲੀ ਸ਼ਸ਼ੀਕਲਾ ਵੀ ਭ੍ਰਿਸ਼ਟਾਚਾਰ ਦੇ ਸੰਗੀਨ ਜੁਰਮਾ 'ਚ ਕਾਫੀ ਨਾਮਣਾ ਖੱਟ ਚੁੱਕੀਆਂ ਹਨ।ਸਾਬਕਾ ਕੇਂਦਰੀ ਮੰਤਰੀ ਰਾਮ ਲਖਨ ਯਾਦਵ ਦੇ ਸਪੁਤਰ ਪ੍ਰਕਾਸ਼ ਯਾਦਵ ਵੀ ਕਿਸੇ ਤੋਂ ਘਟ ਨਹੀਂ ਰਹੇ।ਟੈਲੀਫੋਨ ਘੁਟਾਲੇ ਦੇ ਹੀਰੋ ਸੁੱਖ ਰਾਮ ਦੀ ਜੈ ਜੈ ਰਾਮ ਨੂੰ ਕੋਣ ਨਹੀਂ ਜਾਣਦਾ? ਬੂਟਾ ਸਿੰਘ,ਮੁੁੱਥਈਆ,ਰਾਮ ਕ੍ਰਿਸ਼ਨ ਹੈਗੜੇ,ਰਾਮ ਜੇਠ ਮਲਾਨੀ ਆਦਿ ਦੇ ਨਾਮ ਵੀ ਬਹੁਤ ਚਰਚਾ 'ਚ ਰਹੇ ਹਨ।ਕਾਰਗਿਲ ਦੇ ਫੌਜੀ ਸ਼ਹੀਦਾਂ ਦੇ ਕਫਣ ਘੁਟਾਲੇ ਨੂੰ ਕੋਣ ਨਹੀਂ ਜਣਦਾ।ਦੁਨੀਆਂ ਦੇ ਕਾਮਵੈਲਥ ਦੇਸ਼ਾਂ ਦੀਆਂ ਇਸ ਸਾਲ 2010 'ਚ ਭਾਰਤ ਹਿੱਸੇ ਆਈਆਂ ਖੇਡਾਂ ਦਾ ਪ੍ਰਬੰਧ ਕਰਨ ਸਬੰਧੀ ਹੋਏ ਭ੍ਰਿਸ਼ਟਾਚਾਰ ਨੇ ਤਾਂ ਵਿਦੇਸ਼ਾਂ 'ਚ ਵਸਦੇ ਭਾਰਤੀਆਂ ਦੀ ਸ਼ਾਖ ਨੂੰ ਵੀ ਧੱਕਾ ਲਗਾ ਕੇ ਦੂਜੀਆਂ ਕੌਮਾਂ ਸਾਹਮਣੇ ਬੇਇਜਤ ਕਰ ਵਿਖਾਇਆ ਹੈ।
ਗੱਲ ਕੀ ਭਾਰਤ ਦੇ ਭ੍ਰਿਸ਼ਟਾਚਾਰ ਸਬੰਧੀ ਲਿਖਦਿਆਂ ਬਹੁਤ ਵੱਡੀ ਸੂਚੀ ਤਿਆਰ ਹੋ ਕੇ ਇੱਕ ਪੂਰੀ ਕਿਤਾਬ ਭਰ ਸਕਦੀ ਹੈ।ਮੇਰੇ ਭਾਰਤ ਮਹਾਨ 'ਚ ਭ੍ਰਿਸ਼ਟਾਚਾਰ ਉਪਰਲੇ ਨੇਤਾਵਾਂ ਤੋਂ ਲੈ ਕੇ ਹੇਠਾਂ ਤੱਕ ਕੈਂਸਰ ਰੂਪੀ ਬਿਮਾਰੀ ਦੀ ਤਰ੍ਹਾਂ ਆਪਣੀਆਂ ਜੜ੍ਹਾਂ ਫੈਲਾਅ ਚੁੱਕਾ ਹੈ।ਕ੍ਰਿਸ਼ਨ ਕੁਮਾਰ ਵਰਗੇ ਕੁੱਝ ਗਿਣਤੀ ਮਿਣਤੀ ਦੇ ਵੱਧੀਆ ਸੋਚ ਦੇ ਧਾਰਨੀ ਵੱਧੀਆ ਇਨਸਾਨ ਅਫਸਰਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਜਣੇ ਅਸੀਂ ਭ੍ਰਿਸ਼ਟ ਹਾਂ।ਇਸ ਨੂੰ ਰੋਕਣ ਦੀ ਜਿਮੇਂਵਾਰੀ ਰਾਜਨੀਤਿਕ ਨੇਤਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੀ ਬਣਦੀ ਹੈ,ਕਿਉਂ ਕਿ ਇਹ ਲੱਖਾਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ।ਪਰ ਇਨ੍ਹਾਂ 10 ਰਾਜਨੀਤਿਕ ਨੇਤਾਵਾਂ 'ਚੋਂ ਮੋਟੇ ਜਹੇ ਅੰਦਾਜੇ ਅਨੁਸਾਰ 8 ਭ੍ਰਿਸ਼ਟ ਹਨ।ਜਿਨ੍ਹਾਂ ਵਾਰੇ ਕੋਰਟਾਂ 'ਚ ਚੱਲ ਰਹੇ ਕੇਸਾਂ ਨੂੰ ਸੱਭ ਜਾਣਦੇ ਹਨ।ਪਿੱਛੇ ਜਹੇ ਸਾਬਕਾ ਕਨੂੰਨ ਮੰਤਰੀ ਹੀ ਇਹ ਕਹਿ ਰਿਹਾ ਸੀ ਕਿ ਲੋਕਾਂ ਨੂੰ ਇਨਸਾਫ ਦੇਣ ਵਾਲੇ 16 ਮੁੱਖ ਜੱਜਾਂ 'ਚੋਂ ਵੀ 8 ਭ੍ਰਿਸ਼ਟ ਹਨ।ਭਾਰਤ ਦੀ ਫੌਜੀ ਮਹਿਕਮੇ ਨੂੰ ਇਮਾਨਦਾਰ ਸਮਝਿਆ ਜਾਂਦਾ ਸੀ ਹੁਣ ਉਥੋਂ ਵੀ ਗੋਲੀ ਸਿੱਕਾ ਕਾਫੀ ਹੋਰ ਸਮਾਨ ਸਮੇਤ ਤੇਲ ਰਾਸ਼ਨ ਵਗੈਰਾ ਚੋਰੀ ਹੋਣ ਦੀਆਂ ਖਬਰਾਂ ਆਉਂਣ ਕਰਕੇ ਭ੍ਰਿਸ਼ਟਾਚਾਰ ਦੀ ਬਦਬੋ ਆਉਂਣ ਲੱਗ ਪਈ ਹੈ।ਜਦ ਤੱਕ ਭਾਰਤ ਦੇ ਸਮੂਹ ਸਿਆਸੀ ਪਾਰਟੀਆਂ ਦੇ ਮੁੱਖੀ ਅਤੇ ਉਪਰੋਂ ਹੇਠਾਂ ਤੱਕ ਦੀ ਸਮੂਹ ਅਫਸਰਸ਼ਾਹੀ ਕ੍ਰਿਸ਼ਨ ਕੁਮਾਰ ਦੀ ਤਰ੍ਹਾਂ ਇਮਾਨਦਾਰ,ਨਿਰਪੱਖ ਅਤੇ ਸਖਤ ਨਹੀਂ ਬਣਦੀ ਉਦੋਂ ਤੱਕ ਭ੍ਰਿਸ਼ਟਾਚਾਰ ਦੇ ਕੋਹੜ ਰੂਪੀ ਦੇਸ਼ ਨੂੰ ਜੱਫਾ ਪਾਈ ਬਿਮਾਰੀ ਖਤਮ ਨਾ ਹੋਕੇ ਸਾਰੇ ਹੀ ਦੇਸ਼ ਨੂੰ ਕੋਹੜੀ ਬਣਾ ਦੇਵੇਗੀ।ਭਾਰਤ ਵਲੋਂ ਹੁਣੇ ਹੀ ਕਾਮਨਵੈਲਥ ਖੇਡਾਂ ਦੇ ਕੀਤੇ ਗਏ ਪ੍ਰਬੰਧ ਵਾਰੇ ਚਲ ਰਹੇ ਵਿਵਾਦ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀਆਂ ਦੀ ਵਿਦੇਸ਼ਾਂ 'ਚ ਹੋ ਰਹੀ ਬਦਨਾਮੀ ਇਸ ਦਾ ਜੀਊਂਦਾ ਜਾਗਦਾ ਸਬੂਤ ਸਾਹਮਣੇ ਹੈ।ਜੇ ਇਵੇਂ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹੋਰ ਦੂਸਰੇ ਦੇਸ਼ਾਂ ਦੀਆਂ ਦੂਜੀਆਂ ਕੌਮਾਂ ਭਾਰਤੀਆਂ 'ਤੇ ਕਿਸੇ ਵੀ ਹਾਲਤ 'ਚ ਯਕੀਨ ਨਹੀਂ ਕਰਨਗੀਆਂ ਸਗੋਂ ਵਿਦੇਸ਼ਾਂ 'ਚ ਇਨ੍ਹਾਂ ਦਾ ਮਖੌਲ ਉਡਾਉਂਣਗੀਆਂ।ਭ੍ਰਿਸ਼ਟਾਚਾਰ ਦੀ ਇਸ ਗਗੋਤਰੀ ਦੇ ਪ੍ਰਵਾਹ ਨੂੰ ਰੋਕਣਾ ਦੇਸ਼ ਹਿੱਤਾਂ ਲਈ ਬਹੁਤ ਜਰੂਰੀ ਹੈ।ਜੇ ਇਸ ਭ੍ਰਿਸ਼ਟਾਚਾਰ ਦੇ ਵਹਾਓ ਨੂੰ ਨਾ ਰੋਕਿਆ ਗਿਆ ਤਾਂ ਲੋਕਤੰਤਰ ਲਈ ਬਹੁਤ ਭਿਆਨਕ ਸਾਬਤ ਹੋਏਗਾ।ਦੁਨੀਆਂ ਦੇ ਲੋਕਤੰਤਰ ਦੀ ਵਿਆਖਿਆ ਅਨੁਸਾਰ ਕਿਸੇ ਦੇਸ਼ ਦੀ ਰਾਜਨੀਤਿਕ ਨੀਤੀ 'ਚ ਲੋਕਤੰਤਰ ਅਤੇ ਭ੍ਰਿਸ਼ਟਾਚਾਰ ਦੋਵੇਂ ਨਾਲ-ਨਾਲ ਇੱਕਠਿਆਂ ਨਹੀਂ ਚੱਲ ਸਕਦੇ।ਜੇ ਕਰ ਇਹ ਦੋਵੇਂ ਇੱਕਠੇ ਚਲਦੇ ਰਹੇ ਤਾਂ ਇਹ ਲੋਕਤੰਤਰ ਲਈ ਬਹੁਤ ਘਾਤਕ ਅਤੇ ਖਤਰਨਾਕ ਸਿੱਧ ਹੋਏਗਾ ਹੋ ਸਕਦੈ ਲਗਾਤਾਰ ਚਲਦਿਆਂ ਇਸ ਨੂੰ ਨਸ਼ਟ ਹੀ ਕਰ ਦੇਵੇ।ਪਰ ਹੁਣ ਇਹ ਭਾਰਤ ਵਾਸੀਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਸ਼ਹੀਦਾਂ ਦੇ ਸਪਨਿਆਂ ਵਾਲਾ ਭਾਰਤਵਰਸ਼ ਬਣਾ ਕੇ ਲੋਕਤੰਤਰ ਦੀਆਂ ਜੜ੍ਹਾਂ ਲਗਾਉਂਣੀਆਂ ਚਾਹੁੰਦੇ ਹਨ ਜਾਂ ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਅੰਜਾਈ ਗੁਆ ਕੇ ਭ੍ਰਿਸ਼ਟਾਚਾਰ ਦਾ ਹੀ ਬੋਲਬਾਲਾ ਚਾਹੁੰਦੇ ਹਨ।ਜਰਾ ਸੋਚੋ ਸ਼ੈਤਾਨ ਬਣਨਾ ਤਾਂ ਬੜਾ ਅਸਾਨ ਹੈ ਪਰ ਕੀ ਇਨਸਾਨ ਬਣੇ ਰਹਿਣਾ ਬਹੁਤ ਮੁਸ਼ਕਿਲ ਹੈ? ਇਸ ਕਰਕੇ ਆਓ ਆਪਾਂ ਸਾਰੇ ਰਲ਼ਮਿਲ ਕੇ ਇੱਕ ਜੁੱਟ ਹੋਕੇ ਇਸ ਨਾਮੁਰਾਦ ਬਿਮਾਰੀ ਨੂੰ ਖਤਮ ਕਰਨ ਦਾ ਹੱਲ਼ ਕੱਢਦੇ ਹੋਏ ਕ੍ਰਿਸ਼ਨ ਕੁਮਾਰ ਵਰਗੇ ਨਿਰਪੱਖ ਇਮਾਨਦਾਰ ਅਤੇ ਸੱਖਤ ਅਫਸਰਾਂ ਨੂੰ ਅੱਗੇ ਲਿਆ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਪੂਰਾ-ਪੂਰਾ ਸਹਿਯੋਗ ਵੀ ਦੇਈਏ।
ਅਸਟ੍ਰੇਲੀਆ ਤੋਂ ਮਨਮੋਹਨ ਸਿੰਘ ਖੇਲਾ