ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਭਾਜਪਾ ਅਤੇ ਕਾਂਗਰਸ ਹੇਠ ਪਛੜੀਆਂ ਸ਼੍ਰੇਣੀਆਂ ਦੀ ਸਥਿਤੀ ‘ਚ ਕੋਈ ਬਦਲਾਅ ਨਹੀਂ ਹੋਇਆ- ਮਾਇਆਵਤੀ
ਤੇ ਬੀਬੀ ਤੂੰ ਕਿਹੜਾ ਕੱਦੂ ‘ਚ ਤੀਰ ਮਾਰ ਲਿਆ ਸੀ।
ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕੇਸ ਦਰਜ ਕਰਨ ‘ਤੇ ਭੜਕੇ ਕਾਂਗਰਸੀ- ਇਕ ਖ਼ਬਰ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।
ਅੱਤਵਾਦੀ ਹਮਲੇ ਮਗਰੋਂ ਸੈਲਾਨੀਆਂ ਨੇ ਕਸ਼ਮੀਰ ਤੋਂ ਮੂੰਹ ਮੋੜਿਆ- ਇਕ ਖ਼ਬਰ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।
ਜੇਲ੍ਹ ਤੋਂ ਛੁੱਟਣ ਬਾਅਦ ਧਰਮਸੋਤ ਦੇ ਘਰ ਜਾਣ ‘ਤੇ ਕਾਂਗਰਸੀ ਵਰਕਰਾਂ ਦਾ ਲੱਗਿਆ ਤਾਂਤਾ- ਇਕ ਖ਼ਬਰ
ਧਰਮਸੋਤ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ।
ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਦਾ ਹਾਲ ਪੰਜ ਮੈਂਬਰੀ ਕਮੇਟੀ ਵਲੋਂ ਬੁੱਕ ਕਰਵਾਉਣ ਦੇ ਬਾਵਜੂਦ ਬੰਦ ਕਰ ਦਿਤਾ ਗਿਆ- ਇਕ ਖ਼ਬਰ
ਗੁਰਧਾਮਾਂ ਦੇ ਬਣਾ ‘ਤੇ ਡੇਰੇ, ਕਿ ਧਾਮੀ ‘ਚ ਨਰੈਣੂ ਆ ਗਿਆ।
ਜ਼ੈੱਡ ਪਲੱਸ ਸੁਰੱਖਿਆ ਲੈਣ ਲਈ ਮਜੀਠੀਆ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।
ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੇ ਮਜੀਠੀਆ ਵਿਰੁੱਧ ਮੋਰਚਾ ਖੋਲ੍ਹਿਆ- ਇਕ ਖ਼ਬਰ
ਬੱਗੀ ਤਿੱਤਰੀ ਕਮਾਦੋਂ ਨਿਕਲੀ ਕਿ ਉਡਦੀ ਨੂੰ ਬਾਜ਼ ਪੈ ਗਿਆ।
ਅੱਗ ਲੱਗਣ ਕਾਰਨ ਮਾਨ ਸਰਕਾਰ ਕਿਸਾਨਾਂ ਦੇ ਆਰਥਕ ਨੁਕਸਾਨ ਦੀ ਭਰਪਾਈ ਕਰੇਗੀ- ਮੰਤਰੀ ਸੌਂਦ
ਸੌਂਦ ਸਾਬ ਗਪੌੜ ਨਾ ਛੱਡੋ, ਅਜੇ ਤਾਂ ਹੜ੍ਹਾਂ ਦੌਰਾਨ ਮਾਰੀਆਂ ਗਈਆਂ ਮੁਰਗ਼ੀਆਂ ਤੇ ਬੱਕਰੀਆਂ ਦਾ ਇਵਜ਼ਾਨਾ ਭੀ ਨਹੀਂ ਮਿਲਿਆ।
ਅਮਰੀਕਾ ਨੇ ਪਹਿਲਗਾਮ ਹਮਲੇ ਬਾਅਦ ਆਪਣੇ ਨਾਗਰਿਕਾਂ ਨੂੰ ਸਲਾਹ ਜਾਰੀ ਕੀਤੀ- ਇਕ ਖ਼ਬਰ
ਨਾ ਜਾਈਂ ਮਸਤਾਂ ਦੇ ਡੇਰੇ, ਮਸਤ ਬਣਾ ਦੇਣਗੇ।
ਸੁਖਬੀਰ ਬਾਦਲ ਵਲੋਂ ਜਥੇਦਾਰਾਂ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਨੇ ਹਿਰਦੇ ਵਲੂੰਧਰੇ- ਮਿਸਲ ਸਤਲੁਜ
ਬੋਲੀ ਅਮਲੀ ਦੀ, ਦਿਲਾਂ ਨੂੰ ਚੀਰਦੀ ਜਾਵੇ।
ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ ਜਥੇਦਾਰਾਂ ਬਾਰੇ ਨਿਯਮ ਬਣਾਉਣ ਦਾ ਅਧਿਕਾਰ ਨਹੀਂ- ਬੀਬੀ ਕਿਰਨਜੋਤ ਕੌਰ
ਵਾਹ ਵਾਹ ਤੇਰੀ ਚਤੁਰਾਈ, ਤਬੇਲੇ ਦੀ ਬਲਾਅ ਵਛੇਰੇ ਗਲ਼ ਪਾਈ।
ਅਮਰੀਕਾ ‘ਚ ਚੋਣ ਕਮਿਸ਼ਨ ਦੀ ਆਲੋਚਨਾ ਕਰਨ ‘ਤੇ ਕਾਂਗਰਸ ਨੇ ਕੀਤਾ ਰਾਹੁਲ ਗਾਂਧੀ ਦਾ ਸਮਰਥਨ- ਇਕ ਖ਼ਬਰ
ਕੰਤ ਸਹੇੜੀਂ ਵੇ ਬਾਬਲਾ, ਗੁਟਕੂੰ ਗੁਟਕੂੰ ਕਰਦਾ।
ਸੁਪਰੀਮ ਕੋਰਟ ਦੀ ਮਜੀਠੀਆਂ ਨੂੰ ਚਿਤਾਵਨੀ, ਜਾਂਚ ‘ਚ ਸਹਿਯੋਗ ਕਰੋ ਨਹੀਂ ਤਾਂ ਜ਼ਮਾਨਤ ਹੋਵੇਗੀ ਰੱਦ- ਇਕ ਖ਼ਬਰ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਆਪਣੇ ਕੂਟਨੀਤਕ ਸਬੰਧ ਘਟਾਏ- ਇਕ ਖ਼ਬਰ
ਹੁਣ ਤੇਰੀ ਸਾਡੀ ਬਸ ਵੇ, ਦਸ ਕਿੱਥੇ ਗਿਆ ਸੈਂ।
ਖੇਡ ਐਸੋਸੀਏਸ਼ਨਾਂ ‘ਚ ਖੇਡਾਂ ਨੂੰ ਛੱਡ ਕੇ ਬਾਕੀ ਸਭ ਕੁਝ ਹੋ ਰਿਹੈ- ਸੁਪਰੀਮ ਕੋਰਟ
ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।
=================================================================================