ਨੈਤਿਕਤਾ ਸਿਰਫ਼ ਇੱਕ ਸਿਧਾਂਤ ਨਹੀਂ, ਸਗੋਂ ਜੀਵਨ ਦਾ ਅਧਾਰ ਹੈ। - ਪ੍ਰੋਫ਼ੈਸਰ ਮਨਜੀਤ ਤਿਆਗੀ

ਸਾਡੇ ਸਮਾਜ ਵਿਚ ਚਰਿੱਤਰ ਨੂੰ ਸਭ ਤੋਂ ਉੱਚਾ ਸਮਝਿਆ ਜਾਂਦਾ ਹੈ। ਨੈਤਿਕ ਕਦਰਾਂ-ਕੀਮਤਾਂ ਚਰਿੱਤਰ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਨੈਤਿਕ ਕਦਰਾਂ-ਕੀਮਤਾਂ ਉਹ ਸਿਧਾਂਤ ਅਤੇ ਮੁੱਲ ਹਨ ਜੋ ਵਿਅਕਤੀ ਜਾਂ ਸਮਾਜ ਨੂੰ ਸਹੀ ਅਤੇ ਗ਼ਲਤ ਦੀ ਪਛਾਣ ਕਰਨ ਵਿਚ ਮੱਦਦ ਕਰਦੇ ਹਨ। ਇਹ ਸਮਾਜਿਕ, ਸੱਭਿਆਚਾਰਕ, ਅਤੇ ਨਿੱਜ਼ੀ ਵਿਸ਼ਵਾਸਾਂ 'ਤੇ ਅਧਾਰਿਤ ਹੁੰਦੇ ਹਨ ਅਤੇ ਵਿਅਕਤੀ ਦੇ ਵਿਵਹਾਰ, ਫ਼ੈਸਲਿਆਂ, ਅਤੇ ਸੰਬੰਧਾਂ ਨੂੰ ਨਿਰਦੇਸ਼ਿਤ ਕਰਦੇ ਹਨ। ਨੈਤਿਕਤਾ ਜੀਵਨ ਨੂੰ ਸੁਚੱਜਾ ਅਤੇ ਸਾਰਥਿਕ ਬਣਾਉਂਦੀ ਹੈ। ਜਦੋਂ ਅਸੀਂ ਪਿਆਰ, ਸਤਿਕਾਰ, ਸੱਚ, ਸੇਵਾ ਅਤੇ ਇਮਾਨਦਾਰੀ ਵਰਗੇ ਗੁਣਾਂ ਨੂੰ ਅਪਣਾਉਂਦੇ ਹਾਂ, ਤਾਂ ਸਾਡੀ ਅੰਤਰ-ਆਤਮਾ ਨੂੰ ਸ਼ਕੂਨ ਮਿਲਦਾ ਹੈ। ਇਸ ਤਰ੍ਹਾਂ ਸਾਡਾ ਜੀਵਨ ਹੀ ਨਹੀਂ, ਸਮਾਜ ਵੀ ਸੁੰਦਰ ਬਣਦਾ ਹੈ। ਨੈਤਿਕ ਕਦਰਾਂ-ਕੀਮਤਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਉਸ ਤਰ੍ਹਾਂ ਹੈ ਜਿਵੇਂ ਕਿਸੇ ਸਮੁੰਦਰੀ ਜਹਾਜ਼ ਨੂੰ, ਕੰਪਾਸ ਤੋਂ ਬਿਨ੍ਹਾਂ ਸਮੁੰਦਰ ਵਿਚ ਛੱਡ ਦਿੱਤਾ ਜਾਵੇ। ਨੈਤਿਕਤਾ ਮਨੁੱਖ ਦੇ ਕਿਰਦਾਰ ਨੂੰ ਨਿਖ਼ਾਰ ਕੇ ਉਸ ਦੇ ਜੀਵਨ ਨੂੰ ਅਰਥ ਅਤੇ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਾਨੂੰ ਸੱਚ ਬੋਲਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੁਨੇਹਾ ਦੇ ਕੇ ਨੈਤਿਕਤਾ ਦਾ ਪਾਠ ਪੜ੍ਹਾਇਆ ਸੀ। ਸ਼ਖ਼ਸ ਤੋਂ ਸ਼ਖ਼ਸੀਅਤ ਬਣਨ ਲਈ ਨੈਤਿਕ ਸਿੱਖਿਆ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਭਾਰਤ ਦੀਆਂ ਪ੍ਰਾਚੀਨ ਸਿੱਖਿਆ ਸੰਸਥਾਵਾਂ 'ਨਾਲੰਦਾ' ਅਤੇ 'ਟੈਕਸਲਾ' ਯੂਨੀਵਰਸਿਟੀਆਂ 'ਚ ਵੀ ਨੈਤਿਕ ਸਿੱਖਿਆ ਨੂੰ ਅਹਿਮ ਸਥਾਨ ਦਿੱਤਾ ਜਾਂਦਾ ਰਿਹਾ ਹੈ। ਜਿਸ ਦੀ ਬਦੌਲਤ ਹੀ ਭਾਰਤ ਮਹਾਨ ਸੀ।
ਨੈਤਿਕਤਾ ਦਾ ਕੋਈ ਸਥਿਰ ਜਾਂ ਸਰਵਵਿਆਪੀ ਸਿਧਾਂਤ ਨਹੀਂ ਹੈ। ਇਹ ਵਿਅਕਤੀ ਦੇ ਦ੍ਰਿਸ਼ਟੀਕੋਣ, ਸਮਾਜਿਕ ਸੰਦਰਭ, ਅਤੇ ਸਥਿਤੀ 'ਤੇ ਨਿਰਭਰ ਕਰਦੀ ਹੈ। ਇਸ ਸਬੰਧੀ ਮੈਂ ਇਕ ਘਟਨਾ ਦਾ ਜ਼ਿਕਰ ਕਰਨਾ ਚਾਹੂੰਗਾ। ਮੈਂ ਇਕ ਵਾਰ ਆਪਣੇ ਦੋਸਤ ਨਾਲ ਸਰਕਸ ਦੇਖਣ ਗਿਆ। ਸਰਕਸ ਦੇ ਸ਼ੌ ਦੌਰਾਨ ਜਦੋਂ ਸੁੰਦਰ ਨੌਜਵਾਨ ਕੁੜ੍ਹੀਆਂ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਉਸ ਸਮੇਂ ਦਰਸਕਾਂ 'ਚ ਬੈਠੇ ਕੁੱਝ ਮੁੰਡਿਆਂ ਨੇ ਕਲਾਕਾਰ ਕੁੜ੍ਹੀਆਂ ਨੂੰ ਸੀਟੀਆਂ ਮਾਰਨਾ ਸ਼ੁਰੂ ਕਰ ਦਿੱਤਾ। ਮੈਨੂੰ ਇਹ ਸਭ ਅਪਮਾਨਜਨਕ ਅਤੇ ਅਨੈਤਿਕ ਲੱਗਿਆ। ਜਦੋਂ ਇਸ ਸਬੰਧੀ ਮੈਂ ਨੇੜੇ ਬੈਠੇ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ, "ਨਹੀਂ ਤਿਆਗੀ, ਉਹ ਵੀ ਮਜ਼ਾ ਲੈ ਰਹੀਆਂ ਨੇ"। ਹਜ਼ਾਰਾਂ ਦਰਸ਼ਕਾਂ (ਜਿਨ੍ਹਾਂ 'ਚ ਲੜਕੀਆਂ ਅਤੇ ਔਰਤਾਂ ਵੀ ਸੀ) ਦੀ ਹਾਜ਼ਰੀ 'ਚ ਮੁੰਡਿਆਂ ਵੱਲੋਂ ਸੀਟੀਆਂ ਮਾਰਨਾ ਮੈਨੂੰ ਗ਼ਲਤ ਅਤੇ ਅਨੈਤਿਕ ਲੱਗ ਰਿਹਾ ਸੀ ਪਰ ਇਹ ਸਭ ਮੁੰਡਿਆਂ ਨੂੰ ਸਹੀ ਲੱਗ ਰਿਹਾ ਸੀ ਕਿਉਂਕਿ ਉਹਨਾਂ ਨੂੰ ਕਲਾਕਾਰ ਕੁੜੀਆਂ ਤੋਂ ਮੁਸਕਰਾਹਟ ਤੇ ਅੱਖਾਂ ਦੇ ਇਸ਼ਾਰਿਆਂ ਨਾਲ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਸੀ। ਉਹ ਖੁਸ਼ ਜਾਪਦੀਆਂ ਸਨ ਅਤੇ ਇਸ ਨੂੰ ਮਨੋਰੰਜਨ ਦਾ ਹਿੱਸਾ ਸਮਝਦੀਆਂ ਸਨ। ਨਜ਼ਾਰਾ ਤਾਂ ਇਕ ਹੀ ਸੀ ਪਰ ਨਜ਼ਰੀਆਂ ਅਲੱਗ-ਅਲੱਗ ਸੀ। ਇਸੇ ਤਰ੍ਹਾਂ ਮਾਸ ਖਾਣ ਨੂੰ ਲੈ ਕੇ ਵੀ ਨੈਤਿਕਤਾ ਵੱਖਰੀ ਹੋ ਸਕਦੀ ਹੈ। ਜਿਹੜੇ ਲੋਕ ਸ਼ਾਕਾਹਾਰੀ ਹਨ, ਉਹ ਮਾਸ ਖਾਣ ਨੂੰ ਅਨੈਤਿਕ ਸਮਝਦੇ ਹਨ ਕਿਉਂਕਿ ਇਹ ਮਾਮਲਾ  ਜਾਨਵਰਾਂ ਨਾਲ ਹਿੰਸਾ ਕਰਨ ਨਾਲ ਜੁੜਿਆ ਹੈ। ਪਰ ਜਿਹੜੇ ਮਾਸਾਹਾਰੀ ਹਨ, ਉਹ ਇਸ ਨੂੰ ਆਪਣੀ ਸੱਭਿਆਚਾਰਕ ਪਰੰਪਰਾ ਦਾ ਹਿੱਸਾ ਮੰਨਦੇ ਹਨ। ਦੋਵੇਂ ਪੱਖਾਂ ਦੀ ਨੈਤਿਕਤਾ ਵੱਖਰੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਗ਼ਲਤ ਹੈ। ਸੰਵਾਦ, ਸਮਝ ਤੇ ਸਿੱਖਿਆ ਨਾਲ ਅਸੀਂ ਨੈਤਿਕਤਾ ਦੀ ਵਿਭਿੰਨਤਾ ਨੂੰ ਸਮਝ ਸਕਦੇ ਹਾਂ ਅਤੇ ਸਮਾਜ ਵਿਚ ਸਤਿਕਾਰ ਅਤੇ ਸਦਭਾਵਨਾ ਨੂੰ ਵਧਾ ਸਕਦੇ ਹਾਂ।
ਨੈਤਿਕ ਕਦਰਾਂ-ਕੀਮਤਾਂ ਵਿਚ ਮੁੱਖ ਤੌਰ 'ਤੇ ਕਿਸੇ ਦਾ ਬੁਰਾ ਨਾ ਕਰਨਾ, ਖ਼ੁਸ਼ ਹੋ ਕੇ ਸਭ ਨਾਲ ਮਿਲਣਾ, ਹੰਕਾਰ ਨਾ ਕਰਨਾ, ਸੇਵਾ ਦੀ ਭਾਵਨਾ ਰੱਖਣਾ, ਆਗਿਆਕਾਰੀ ਹੋਣਾ, ਨਿਮਰਤਾ ਰੱਖਣਾ,  ਅਨੁਸ਼ਾਸਨ ਭਰਪੂਰ ਹੋਣਾ, ਕਿਰਤ ਕਰਨਾ, ਸਹਿਣਸ਼ੀਲਤਾ, ਦੂਜਿਆਂ ਦੀ ਮੱਦਦ ਕਰਨਾ, ਆਪਣੀ ਸਿਹਤ ਦਾ ਧਿਆਨ ਰੱਖਣਾ, ਸੱਚਾਈ, ਸਮੇਂ ਦੀ ਪਾਬੰਦੀ, ਕਿਸੇ ਦੀ ਨਿੰਦਿਆ ਚੁੰਗਲੀ ਨਾ ਕਰਨਾ, ਇਮਾਨਦਾਰੀ, ਸਾੜ੍ਹਾ ਤੇ ਈਰਖਾ ਰਹਿਤ ਵਰਤਾਓ, ਨਿਆਂ, ਦੂਜਿਆਂ ਦਾ ਸਤਿਕਾਰ ਕਰਨਾ, ਅਹਿੰਸਾ, ਜ਼ਿੰਮੇਵਾਰੀ, ਦੇਸ਼ ਪਿਆਰ ਆਦਿ ਗੁਣ ਸ਼ਾਮਿਲ ਹਨ । ਇਹ ਗੁਣ ਅਪਣਾਉਣ ਨਾਲ ਮਨੁੱਖ ਆਪਣੇ ਜੀਵਨ ਦੇ ਹਰ ਪੜ੍ਹਾਅ 'ਤੇ ਵਿਕਾਸ ਕਰਦਾ ਜਾਂਦਾ ਹੈ ਤੇ ਦੂਜਿਆਂ ਲਈ ਪ੍ਰੇਰਨਾਸਰੋਤ ਬਣ ਜਾਂਦਾ ਹੈ। ਭਾਵੇਂ ਨੈਤਿਕ ਕਦਰਾਂ-ਕੀਮਤਾਂ ਨੂੰ ਅਪਨਾਉਣ ਦੀ ਕੋਈ ਨਿਰਧਾਰਿਤ ਉਮਰ ਨਹੀਂ ਹੁੰਦੀ ਪਰ ਫਿਰ ਵੀ ਇਨ੍ਹਾਂ ਨੂੰ ਬਚਪਨ 'ਚ ਹੀ ਗ੍ਰਹਿਣ ਕਰਨਾ ਸਿਖਾ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਮਨੁੱਖ ਇਸ ਦੀ ਪਾਲਣਾ ਵਧੀਆ ਢੰਗ ਨਾਲ ਕਰ ਸਕੇ। ਇਸ ਨੂੰ ਗ੍ਰਹਿਣ ਕਰਵਾਉਣ ਦੀ ਜ਼ਿੰਮੇਵਾਰੀ ਸਮਾਜ 'ਚ ਉਚੇਚੇ ਤੌਰ 'ਤੇ ਬੱਚਿਆਂ ਦੇ ਮਾਤਾ-ਪਿਤਾ, ਵਡੇਰਿਆਂ ਤੇ ਅਧਿਆਪਕਾਂ ਆਦਿ ਦੀ ਬਣਦੀ ਹੈ। ਇਸ ਦੀ ਪਾਲਣਾ ਕਰਨੀ ਜਾਂ ਕਰਵਾਉਣਾ ਕੋਈ ਕਾਨੂੰਨੀ ਨਿਯਮ ਨਹੀਂ ਸਗੋਂ ਇਸ ਨੂੰ ਇਕ ਫ਼ਰਜ਼ ਸਮਝਿਆ ਜਾਣਾ ਚਾਹੀਦਾ ਹੈ।
ਸੰਸਾਰੀਕਰਨ ਅਤੇ ਵਪਾਰੀਕਰਨ ਦੇ ਦੌਰ 'ਚ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੌਤਿਕਵਾਦ, ਸਵਾਰਥ, ਅਤੇ ਅਨੈਤਿਕ ਪ੍ਰਥਾਵਾਂ ਨੇ ਸਮਾਜ ਦੀਆਂ ਜੜ੍ਹਾ ਨੂੰ ਕਮਜ਼ੋਰ ਕੀਤਾ ਹੈ। ਖ਼ਪਤ ਸੱਭਿਆਚਾਰ ਦੇ ਪ੍ਰਭਾਵ ਹੇਠ ਸਾਡਾ ਸਮਾਜਿਕ ਢਾਂਚਾ ਦਿਨ ਪ੍ਰਤੀ ਦਿਨ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੈਤਿਕ ਕਦਰਾਂ-ਕੀਮਤਾਂ ਨਾਲ ਲੈਸ ਕਰਕੇ ਆਦਰਸ਼ ਮਨੁੱਖ ਬਣਾਉਣਾ ਸਾਡੀ ਵਿੱਦਿਅਕ ਨੀਤੀ (ਲਾਰਡ ਮੈਕਾਲੇ ਦੀ ਵਿੱਦਿਅਕ ਨੀਤੀ ) 'ਚ ਸ਼ਾਮਿਲ ਹੀ ਨਹੀਂ। ਨੈਤਿਕ ਸਿੱਖਿਆ ਦਾ ਤਾਂ ਸੰਕਲਪ ਹੀ ਖ਼ਤਮ ਕਰ ਦਿੱਤਾ ਗਿਆ ਹੈ। ਜਿਸ ਦਾ ਨਤੀਜ਼ਾ ਇਹ ਨਿਕਲਿਆ ਕਿ ਜਿਨ੍ਹਾ ਮਨੁੱਖ ਵੱਧ ਪੜ੍ਹਿਆ ਹੋਇਆ ਹੈ ਓਨ੍ਹਾ ਹੀ ਵੱਧ ਵਿਗੜਿਆ ਸਾਬਿਤ ਹੋਣ ਲੱਗਿਆ ਹੈ। ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਕਾਰਨ ਹੀ ਸਾਡੇ ਸਮਾਜਿਕ ਢਾਂਚੇ ਵਿਚ ਭ੍ਰਸ਼ਿਟਾਚਾਰ ਦਾ ਬੋਲ-ਬਾਲਾ ਹੈ। ਅਜਿਹੇ ਮਾਹੌਲ ਵਿਚ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦਾ ਹੈ, ਲਾਲਚੀ ਵਕੀਲ ਮੁਕਦਮੇਂ ਨੂੰ ਬੇਵਜ਼੍ਹਾ ਲੰਮਾ ਖਿੱਚਦੇ ਹਨ, ਕਈ ਡਾਕਟਰ ਇੰਨਸ਼ੋਰੇਂਸ ਦਾ ਪੈਸਾ ਹੜੱਪਣ ਲਈ ਕਈ-ਕਈ ਦਿਨ ਡੈੱਡ-ਬਾਡੀ ਨੂੰ ਹੀ ਆਕਸੀਜਨ ਲਾ ਕੇ ਵੈਂਟੀਲੇਟਰ 'ਚ ਪਾਈ ਰੱਖਦੇ ਹਨ ਤੇ ਭ੍ਰਿਸ਼ਟਾਚਰ 'ਚ ਲੁਪਤ ਕਈ ਜੱਜ ਪੈਸੇ ਦੇ ਪੁੱਤ ਬਣ ਕੇ ਫ਼ੈਸਲੇ ਬਦਲ ਜਾਂਦੇ ਹਨ। ਕੁੱਝ ਸਾਲ ਪਹਿਲਾਂ ਮੈਨੂੰ ਬਤੌਰ ਇਗਜ਼ੈਮੀਨਰ ਇੱਕ ਪ੍ਰਾਇਵੇਟ ਐਜੂਕੇਸ਼ਨ ਕਾਲਜ ਵਿਚ ਸਲਾਨਾ ਪ੍ਰੀਖਿਆ ਸਮੇਂ ਬੀ.ਐਡ. ਕਰ ਰਹੇ ਵਿਦਿਆਰਥੀਆਂ ਦਾ ਅੰਗਰੇਜ਼ੀ ਦੇ ਵਿਸ਼ੇ ਦਾ ਵਾਈਵਾ ਲੈਣ ਦਾ ਮੌਕਾ ਮਿਲਿਆ। ਮੈਂ ਤੇ ਮੇਰੇ ਸਾਥੀਆਂ ਨੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਲਿਸਟਾਂ ਤਿਆਰ ਕੀਤੀਆਂ। ਦੂਜੇ ਦਿਨ ਜਦੋਂ ਮੈ ਪ੍ਰਿੰਸੀਪਲ ਦੇ ਦਫ਼ਤਰ ਗਿਆ ਤਾਂ ਮੈਨੂੰ ਟੇਬਲ 'ਤੇ ਪਈਆਂ ਲਿਸਟਾਂ ਦੇਖ ਕੇ ਬਹੁਤ ਹੈਰਾਨੀ ਹੋਈ। ਨਵੀਆਂ ਲਿਸਟਾਂ ਵਿੱਚ ਅੰਕ ਵਧਾਏ ਹੋਏ ਸਨ ਤੇ ਕਿਸੇ ਵੀ ਵਿਦਿਆਰਥੀ ਦੇ ਅੰਕ 90 ਤੋਂ ਘੱਟ ਨਹੀਂ ਸਨ! ਵਿਚਲੀ ਗੱਲ ਇਹ ਸੀ ਕਿ ਯੂਨੀਵਰਸਿਟੀ ਤੋਂ ਆਈ ਡਾਕਟਰ ਮੈਡਮ ਇੱਕ ਦਿਨ ਵਿਚ ਹੀ ਕਈ ਲੱਖ ਕਮਾ  ਗਈ ਸੀ। ਉਸ ਸਮੇਂ ਮੇਰੇ ਦਿਮਾਗ਼ ਵਿੱਚ ਆਇਆ ਕਿ ਜੇ ਸੋਨੇ ਨੂੰ ਹੀ ਜੰਗ ਲੱਗ ਜਾਵੇ ਤਾਂ ਲੋਹੇ ਦਾ ਕੀ ਬਣੂ? ਇਹ ਹੈ ਨੈਤਿਕਤਾ ਪੜ੍ਹਾਉਣ ਵਾਲਾ ਸਾਡਾ ਸਿੱਖਿਆ ਤੰਤਰ!
ਨੈਤਿਕ ਕਦਰਾਂ-ਕੀਮਤਾਂ ਜੀਵਨ ਦਾ ਆਧਾਰ ਹਨ। ਬਿਨਾ ਸ਼ੱਕ ਇਹ ਸਮਾਜ ਨੂੰ ਸੁਚਾਰੂ ਅਤੇ ਸੁਖਮਈ ਬਣਾਉਣ ਵਿਚ ਮੱਦਦ ਕਰਦੀਆਂ ਹਨ। ਇਹ ਮੁੱਲ ਸਾਡੇ ਅੰਦਰ ਸਾਕਾਰਾਤਮਕਤਾ, ਸਹਿਣਸ਼ੀਲਤਾ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਦੇ ਹਨ। ਇਸ ਲਈ ਸਿੱਖਿਆ ਅਤੇ ਸਮਾਜਿਕ ਸੰਵਾਦ ਨਾਲ ਨੌਜਵਾਨ ਪੀੜ੍ਹੀ ਵਿੱਚ ਕਦਰਾਂ-ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਜਿਸ ਤਰ੍ਹਾਂ ਰੌਸ਼ਨੀ ਦੇ ਫ਼ੈਲਣ ਨਾਲ ਹਨ੍ਹੇਰਾ ਅਲੋਪ ਹੋ ਜਾਂਦਾ ਹੈ। ਉਸੇ ਤਰ੍ਹਾਂ ਨੈਤਿਕ ਕਦਰਾਂ-ਕੀਮਤਾਂ ਦੇ ਪ੍ਰਸਾਰ ਨਾਲ ਸਮਾਜ 'ਚ ਫ਼ੈਲ ਰਹੀਆਂ ਕੁਰੀਤੀਆਂ ਆਪਣੇ ਆਪ ਹੀ ਖ਼ਤਮ ਹੋ ਜਾਣਗੀਆਂ ਤੇ ਇਕ ਨਰੋਏ ਸਮਾਜ ਦੀ ਸਿਰਜਣਾ ਹੋਵੇਗੀ।
ਲੇਖਕ:                                                                                         ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਸੰਸਥਾਪਕ ਤੇ ਮੁੱਖ ਬੁਲਾਰਾ:  ਮਿਸ਼ਨ "ਜ਼ਿੰਦਗੀ ਖ਼ੂਬਸੂਰਤ ਹੈ"
ਮਾਲੇਰਕੋਟਲਾ / ਅੰਮ੍ਰਿਤਸਰ (ਪੰਜਾਬ) 9814096108