ਦੋਗਲੀ ਨੀਤੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ

ਜ਼ਬਰਦਸਤੀ ਪਿਆਰ ਵੀ ਨਿਭਾਏ ਨਹੀਂ ਜਾਂਦੇ,
ਧੌਂਸ ਨਾਲ ਝੂਠ ਦੇ ਸੱਚ ਬਣਾਏ ਨਹੀਂ ਜਾਂਦੇ।

ਵਕਤੀ ਰਿਉੜੀਆਂ ਵੰਡ ਕੇ ਨੰਗੇ ਭੁੱਖੇ ਲੋਕਾਂ ਨੂੰ,
ਔੜਾਂ ਵਿੱਚ ਸਬਜ਼ ਬਾਗ ਦਿਖਾਏ ਨਹੀਂ ਜਾਂਦੇ।

ਭੁੱਖ ਅੰਬਾਂ ਦੀ ਬਾਖੜੀਆਂ ਨਾਲ ਮਿਟ ਨਹੀਂ ਸਕਦੀ,
ਸੁਪਨੇਂ ਸੁਰਗਾਂ ਦੇ ਨਰਕਾਂ ਵਿੱਚ ਦਿਖਾਏ ਨਹੀਂ ਜਾਂਦੇ।

ਬਿਨਾ ਸੂਰਜ ਤੋਂ ਉਜਾਲੇ ਕਦੀ ਵੀ ਨਹੀਂ ਦਿਸਦੇ,
ਹਨੇਰੇ ਵੇਚ ਕੇ ਵਪਾਰ ਸਦਾ ਚਲਾਏ ਨਹੀਂ ਜਾਂਦੇ।

ਮਿੱਠੀਆਂ ਤੇਰੀਆਂ ਗੱਲਾਂ ਤੇ ਯਕੀਨ ਕਿਵੇਂ ਕਰੀਏ?
ਇਵੇਂ ਬੇਈਮਾਨ ਇਰਾਦੇ ਸਦਾ ਛੁਪਾਏ ਨਹੀਂ ਜਾਂਦੇ।

ਹਕੂਮਤ ਹੋਵੇਗੀ ਭਾਵੇਂ ਤੇਰੀ ਇਸ ਸ਼ਹਿਰ ਦੇ ਉੱਤੇ,
ਪਰ ਰਾਜ ਹਿਰਦਿਆਂ ਉੱਤੇ ਇੰਝ ਚਲਾਏ ਨਹੀਂ ਜਾਂਦੇ।

ਹੈ ਤੂੰ ਖੁਸ਼ ਕਿ ਤੇਰਾ ਜ਼ਿਕਰ ਹੈ ਹਰ ਜ਼ੁਬਾਨ ਉੱਤੇ,
ਪਰ ਤਲਖ਼ ਸ਼ਬਦਾਂ ਨਾਲ ਮਲ੍ਹਮ ਬਣਾਏ ਨਹੀਂ ਜਾਂਦੇ।

ਭਾਵੇਂ ਚੱਲਦੀ ਹੈ ਹਨੇਰੀ ਅੱਜ ਤੇਰੇ ਹੁਕਮਾਂ ਦੀ,
ਪਰ ਚਿਰਾਗ ਉਮੀਦਾਂ ਦੇ ਇੰਝ ਬੁਝਾਏ ਨਹੀਂ ਜਾਂਦੇ।

ਕਹਿਣ ਨੂੰ ਤਾਂ ਤੂੰ ਹੈਂ ਸਵਾਰ ਹੰਕਾਰ ਦੇ ਰੱਥ 'ਤੇ,
ਕਾਠ ਦੇ ਘੋੜੇ ਇਵੇਂ ਸਰਪਟ ਦੌੜਾਏ ਨਹੀਂ ਜਾਂਦੇ।

ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ