ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਪਹਿਰਾ ਦੇਵਾਂਗੇ- ਪ੍ਰਮਿੰਦਰ ਢੀਂਡਸਾ

ਦੋ ਦਸੰਬਰ ਵਾਲੇ ਹੁਕਮਾਂ ‘ਤੇ ਕਿ ਹੁਣ ਵਾਲਿਆਂ ‘ਤੇ।

ਈ.ਡੀ. ਦਾ ਡਿਪਟੀ ਡਾਇਰੈਕਟਰ ਰਿਸ਼ਵਤ ਲੈਣ ਦੇ ਦੋਸ਼ਾਂ ‘ਚ ਗ੍ਰਿਫ਼ਤਾਰ- ਇਕ ਖ਼ਬਰ

ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।

ਚੰਡੀਗੜ੍ਹ ਤੋਂ ਪੰਜਾਬ ਅਤੇ ਹਰਿਆਣਾ ਦਾ ਡੈਪੂਟੇਸ਼ਨ ਕੋਟਾ ਖ਼ਤਮ- ਇਕ ਖ਼ਬਰ

ਰੋਟੀ ਤਾਂ ਖਾ ਗਿਆ ਬਾਂਦਰ, ਬਿੱਲੀਆਂ ਰਹਿ ਗਈਆਂ ਝਾਕਦੀਆਂ।

ਜਥੇਦਾਰ ਦੀ ਨਿਯੁਕਤੀ ਅਤੇ ਸੇਵਾ-ਮੁਕਤੀ ਸਬੰਧੀ ਨਿਯਮਾਂਵਲੀ ਲਈ ਜਲਦੀ ਹੀ ਕਮੇਟੀ ਬਣਾਈ ਜਾਵੇਗੀ - ਪ੍ਰਧਾਨ ਧਾਮੀ

ਜਿਵੇਂ ਪਹਿਲੀਆਂ ਕਮੇਟੀਆਂ ‘ਤੇ ਅਸੀਂ ਮਿੱਟੀ ਪਾਈ ਇਸ ‘ਤੇ ਵੀ ਪਾਵਾਂਗੇ, ਸੰਗਤ ਜੀ ਫ਼ਿਕਰ ਨਾ ਕਰੋ

ਐਲਨ ਮਸਕ ਤੇ ਟਰੰਪ ਦੀ ਯਾਰੀ ਟੁੱਟੀ, ਮਸਕ ਨੇ ਸਲਾਹਕਾਰ ਵਿਭਾਗ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ

ਤੇਰੀ ਮੇਰੀ ਨਹੀਂ ਨਿਭਣੀ, ਮੈਂ ਪਤਲੀ ਤੂੰ ਭਾਰਾ।

ਭੁਜ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਸ੍ਰੀ ਸਾਹਿਬਾਂ ਪਹਿਨੀਆਂ ਕਰਕੇ ਮੋਦੀ ਦੀ ਰੈਲੀ ‘ਚ ਜਾਣੋ ਰੋਕਿਆ- ਇਕ ਖ਼ਬਰ

ਠਹਿਰੋ ਅਜੇ! ਉਹ ਦਿਨ ਵੀ ਦੂਰ ਨਹੀਂ ਜਦ ਤੁਹਾਨੂੰ ਆਪਣੇ ਘਰਾਂ ‘ਚ ਵੀ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ।

ਭਾਖੜਾ ਡੈਮ ‘ਤੇ ਸੀ.ਆਈ.ਐਸ.ਐਫ. ਲਾਉਣੀ ਰਾਜ ਸਰਕਾਰ ਦੇ ਅਧਿਕਾਰਾਂ ‘ਤੇ ਛਾਪਾ- ਚੰਦੂਮਾਜਰਾ

ਕਾਂਗਰਸੀਆਂ ਤੇ ਅਕਾਲੀਆਂ ਦੋਵਾਂ ਨੇ ਹੀ ਆਪਣੀਆਂ ਗੱਦੀਆਂ ਖਾਤਰ ਕੇਂਦਰ ਤੋਂ ਛਾਪੇ ਮਰਵਾਏ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਦੇਣ ਤੋਂ ਰੋਕਿਆ ਜਾਵੇ- ਧੁੰਮਾ

ਧੁੰਮਾ ਜੀ ਆਪ ਪਹੁੰਚੋ ਉਥੇ ਰੋਕਣ ਲਈ।

ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਅਕਾਲ ਤਖ਼ਤ ਕੋਲ ਕੀਤੀ ਅਪੀਲ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਪ੍ਰਧਾਨ ਮੰਤਰੀ ਮੋਦੀ ਅਤੇ ਮਮਤਾ ਬੈਨਰਜੀ ਹੋਏ ਆਹਮੋ ਸਾਹਮਣੇ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।

ਭਾਜਪਾ ਮੰਤਰੀ ਕਪਿਲ ਮਿਸ਼ਰਾ ਵਿਰੁੱਧ ‘ਢਿੱਲੀ ਜਾਂਚ’ ਲਈ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਖਿੱਚਿਆ- ਇਕ ਖ਼ਬਰ

ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ, ਤੇਰੀ ਮੇਰੀ ਇਕ ਜਿੰਦੜੀ।

59 ਸਾਲਾ ਵਿਅਕਤੀ ਨੇ ਸਰ ਕੀਤੀ ਮਾਊਂਟ ਐਵਰੈਸਟ-ਇਕ ਖ਼ਬਰ

ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ‘ਚ ਕੀ ਰੱਖਿਆ।

‘ਆਪ੍ਰੇਸ਼ਨ ਸਿੰਧੂਰ’ ਦੇ ਨਾਮ ‘ਤੇ ਪ੍ਰਧਾਨ ਮੰਤਰੀ ਸਿਆਸੀ ਲਾਹਾ ਉਠਾ ਰਹੇ ਹਨ- ਮਮਤਾ ਬੈਨਰਜੀ

ਕਾਹਨੂੰ ਦੇਨੀਂ ਏਂ ਕੁਪੱਤੀਏ ਗਾਲ੍ਹਾਂ, ਛੜੇ ਦਾ ਕਿਹੜਾ ਪੁੱਤ ਮਰ ਜੂ।

ਕੇਂਦਰ ਸਰਕਾਰ ਆਰ.ਐੱਸ.ਐੱਸ. ਦੀ ਸ਼ਹਿ ‘ਤੇ ਉਡਾ ਰਹੀ ਹੈ ਸੰਵਿਧਾਨ ਦੀਆਂ ਧੱਜੀਆਂ- ਰਾਜਾ ਵੜਿੰਗ

ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।

ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਚਲਾਏ ਸ਼ਬਦਾਂ ਦੇ ਤੀਰ- ਇਕ ਖ਼ਬਰ

ਤੂੰ ਹੋਰ ਨਾ ਮਾਰੀਂ ਮਿਰਜ਼ਿਆ, ਤੇਰੇ ਬੜੇ ਗ਼ਜ਼ਬ ਦੇ ਤੀਰ।

==============================================================