ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

09.06.2025

ਧਰਮੀ ਫੌਜੀਆਂ ਦੀ ਸ਼੍ਰੋਮਣੀ ਕਮੇਟੀ ਨੇ ਨਹੀਂ ਲਈ ਸਾਰ- ਇਕ ਖ਼ਬਰ

ਇਕ ਟੱਬਰ ਦੀ ਸਾਰ ਤੋਂ ਹੀ ਵਿਹਲ ਨਹੀਂ ਵਿਚਾਰੀ ਨੂੰ, ਕੀਹਦੀ ਕੀਹਦੀ ਸਾਰ ਲਵੇ!

ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਤਮਾਕੂ ਖ਼ਰੀਦਦਾ ਫੜਿਆ ਗਿਆ- ਇਕ ਖ਼ਬਰ

ਇਥੇ ਇਕ ਸੀਨੀਅਰ ਅਧਿਕਾਰੀ ਬੇਰ ਜਿਤਨਾ ਨਾਗਣੀ ਦਾ ਗੋਲ਼ਾ ਛਕਦੈ, ਉਹ ਵੀ ਮਾਤਹਿਤਾਂ ਦੇ ਸਿਰੋਂ

ਜਥੇਦਾਰ ਗੜਗੱਜ ਨੇ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਐ ਮੇਰੇ ਮੁਸ਼ਕਿਲਕੁਸ਼ਾ ਫ਼ਰਿਆਦ ਹੈ, ਫ਼ਰਿਆਦ ਹੈ।

ਪੰਜਾਬ ਕਾਂਗਰਸ ਅੰਦਰ ਸਭ ਕੁਝ ਠੀਕ-ਠਾਕ ਹੈ- ਰਾਜਾ ਵੜਿੰਗ

ਰਾਜਾ ਜੀ ਦੱਸਣ ਦੀ ਕੀ ਲੋੜ ਐ, ਸਭ ਨੂੰ ਪਤੈ ਕਿ ਅੰਦਰ ‘ਠੀਕ-ਠਾਕ’ ਐ।

ਕਾਂਗਰਸ ਨੇ ਲੋਕਲ ਆਗੂਆਂ ਨੂੰ ਨਕਾਰ ਕੇ ਹਾਈਕਮਾਂਡ ਨੇ ਬਾਹਰਲਿਆਂ ‘ਤੇ ਕੀਤਾ ਭਰੋਸਾ- ਇਕ ਖ਼ਬਰ

ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ।

ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ- ਇਕ ਖ਼ਬਰ

ਜਿਹੜਾ ਕਿਹੜਾ ਮੁਸ਼ਕਿਲਾਂ ਸੁਣਦਾ ਈ ਐ, ਹੱਲ ਕੋਈ ਨਹੀਂ ਕੱਢਦਾ।

ਭਾਰਤ ਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ- ਸ਼ਸ਼ੀ ਥਰੂਰ

ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਬਾਦਲ- ਧੁੰਮਾ ਦੀ ਬੰਦ ਕਮਰਾ ਮੀਟਿੰਗ ਅਫ਼ਵਾਹ ਸਾਬਤ ਹੋਈ- ਇਕ ਖ਼ਬਰ

ਐਵੇਂ ਰੌਲ਼ਾ ਪੈ ਗਿਆ, ਬਈ ਐਵੇਂ ਰੌਲ਼ਾ ਪੈ ਗਿਆ।

ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸੁਖਬੀਰ ਬਾਦਲ ਨੂੰ ਮੁੜ ਕੀਤਾ ਤਲਬ- ਇਕ ਖ਼ਬਰ

ਕਰ ਲੈ ਬੰਦਗੀ ਤੂੰ ਸੁਤਾ ਜਾਗ ਬੇਟਾ, ਹੱਥ ਭਲਕ ਨੂੰ ਆਵਣਾ ਅੱਜ ਨਹੀਂ।

ਪੰਥ ਵਿਚ ਮੌਜੂਦਾ ਦੁਬਿਧਾ ਲਈ ਧਾਮੀ ਅਤੇ ਸੁਖਬੀਰ ਬਾਦਲ ਜ਼ਿੰਮੇਵਾਰ- ਸੁੱਚਾ ਸਿੰਘ ਛੋਟੇਪੁਰ

ਪਵੇ ਹਾਸ਼ਮਾਂ ਗ਼ੈਬ ਦੀ ਧਾੜ ਏਹਨਾਂ, ਨਿੱਤ ਮਾਸ ਬੇਗਾਨੜਾ ਖਾਂਵਦੇ ਨੇ।

ਰਾਜੇਵਾਲ ਤੇ ਡੱਲੇਵਾਲ ਨੇ ਮੁੱਖ ਮੰਤਰੀ ਮਾਨ ਨਾਲ਼ ਬਹਿਸ ਦੀ ਚੁਣੌਤੀ ਕੀਤੀ ਪਰਵਾਨ- ਇਕ ਖ਼ਬਰ

ਸਾਡੇ ਨਾਲ ਕੀ ਪਾਇਆ ਈ ਵੈਰ ਕਾਕਾ, ਮੱਥਾ ਸੌਂਕਣਾ ਵਾਂਗ ਕੀ ਡਾਹਿਆ ਈ।

ਟਰੰਪ ਨੇ ਨਾਸਾ ਦੀ ਅਗਵਾਈ ਲਈ ਮਸਕ ਦੇ ਸਹਿਯੋਗੀ ਦਾ ਨਾਮ ਵਾਪਸ ਲਿਆ- ਇਕ ਖ਼ਬਰ

ਯਾਰੀ ਲੱਗੀ ‘ਤੇ ਲੁਆ ‘ਤੇ ਤਖ਼ਤੇ, ਟੁੱਟੀ ‘ਤੇ ਚੁਗਾਠ ਪੁੱਟ ਲਈ।

ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਹੋਈਆਂ ਇਕਜੁੱਟ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਭਾਜਪਾ ਨੇ ਰਾਤ ਦੇ ਹਨ੍ਹੇਰੇ ‘ਚ ਬਣਾਏ ਮੰਡਲ ਪ੍ਰਧਾਨ, ਵਰਕਰਾਂ ‘ਚ ਰੋਸ- ਇਕ ਖ਼ਬਰ

ਲਗਦੈ ਸ਼੍ਰੋਮਣੀ ਕਮੇਟੀ ਦੀ ਨਕਲ ਕੀਤੀ ਐ ਭਾਜਪਾ ਨੇ।

ਅਕਾਲ ਤਖ਼ਤ ਦਾ ਅਸਲ ਜਥੇਦਾਰ ਕੌਣ?- ਇਕ ਸਵਾਲ

ਜਿਹੜੇ ‘ਮਾਲਕ’ ਦਾ ਹੁਕਮ ਚਲਦੈ ਉਹੀ ਜਥੇਦਾਰ।

ਭਾਖੜਾ ਦੇ ਪਾਣੀਆਂ ਦੇ ਵਿਵਾਦ ਵਾਲੀ ਪੰਜਾਬ ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ- ਇਕ ਖ਼ਬਰ

ਛੜਿਆਂ ਦੇ ਗਈ ਅੱਗ ਨੂੰ, ਉਨ੍ਹੀਂ ਚੱਪਣੀ ਵਗਾਹ ਕੇ ਮਾਰੀ।

ਕਿਸਾਨਾਂ ਦੀ ਭਲਾਈ ਲਈ ਯਤਨ ਹੋਰ ਜੋਸ਼ ਨਾਲ ਜਾਰੀ ਰਹਿਣਗੇ- ਮੋਦੀ

ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ।