ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
16.06.2025
ਢੀਂਡਸਾ ਦੀ ਅੰਤਮ ਅਰਦਾਸ ਮੌਕੇ ਸੁਨੀਲ ਜਾਖੜ ਦੀ ਅਕਾਲੀਆਂ ਨੂੰ ਅਪੀਲ- ਇਕ ਖ਼ਬਰ
ਹਾਇ ਓਏ ਅਕਾਲੀਓ ਭਾਜਪਾ ਨਾਲ ਸਮਝੌਤਾ ਕਰ ਲਉ, ਮੇਰਾ ਵੀ ਕੁਝ ਬਣ ਜਾਊ।
ਮਸਕ ਨਾਲ ਮੇਰਾ ਰਿਸ਼ਤਾ ਖ਼ਤਮ ਹੋ ਗਿਐ- ਟਰੰਪ
ਲਾਈ ਬੇਕਦਰਾਂ ਨਾਲ਼ ਯਾਰੀ, ਟੁੱਟ ਗਈ ਤੜੱਕ ਕਰ ਕੇ।
ਸ਼੍ਰੋਮਣੀ ਕਮੇਟੀ ਯੂ.ਪੀ. ‘ਚ ਹਜ਼ਾਰਾਂ ਸਿੱਖਾਂ ਦੇ ਈਸਾਈ ਬਣਨ ਦੀ ਪੜਤਾਲ ਕਿਉਂ ਨਹੀਂ ਕਰਵਾਉਂਦੀ?- ਸਰਨਾ, ਜੀ. ਕੇ.
ਤੁਹਾਡਾ ਕੀ ਖ਼ਿਆਲ ਝੱਗਾ ਚੁੱਕ ਕੇ ਆਪਣਾ ਹੀ ਢਿੱਡ ਨੰਗਾ ਕਰ ਲਵੇ।
ਪੰਜਾਬ ਵਿਚ ਲੂ ਕਾਰਨ ਦੁੱਧ ਉਤਪਾਦਨ ਵਿਚ ਵੀ ਆਈ ਕਮੀ- ਇਕ ਖ਼ਬਰ
ਚਿੰਤਾ ਨਾ ਕਰੋ ਨਕਲੀ ਦੁੱਧ ਬਣਾਉਣ ਵਾਲਿਆਂ ਨੇ ਆਪਣਾ ਉਤਪਾਦਨ ਹੋਰ ਵਧਾ ਦੇਣਾ।
ਟਰੰਪ ਨਾਲ ਬਹਿਸ ਕਰਨ ਦਾ ਮਸਕ ਨੂੰ ਪਛਤਾਵਾ-ਇਕ ਖ਼ਬਰ
ਜੇਠਾ ਵੇ ਮਾਫ਼ ਕਰੀਂ, ਭੁੱਲ ਗਈ ਮੈਂ ਘੁੰਡ ਕੱਢਣਾ।
ਦਰਬਾਰ ਸਾਹਿਬ ‘ਤੇ ਹਮਲਾ ਇਕ ਸਿਆਸੀ ਚਾਲ ਸੀ- ਜਨਰਲ ਵੀ.ਐਨ. ਸ਼ਰਮਾ
ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।
ਪੰਜਾਬ ਦੀਆਂ ਮੰਗਾਂ ਭਾਜਪਾ ਸਰਕਾਰ ਪੂਰੀਆਂ ਕਰ ਦੇਵੇ ਤਾਂ ਗੱਠਜੋੜ ਹੋ ਸਕਦੈ- ਭੂੰਦੜ
ਉਹ ਕਹੇ ਘੱਟ ਨਾ ਤੋਲੀਂ, ਉਹ ਕਹੇ ਥੜ੍ਹੇ ‘ਤੇ ਨਾ ਚੜ੍ਹੀਂ।
ਫ਼ਿਰਕੂ ਟਿੱਪਣੀਆਂ ਕਰਨ ਵਾਲੇ ਜਸਟਿਸ ਯਾਦਵ ਨੂੰ ਬਚਾਉਣਾ ਚਾਹੁੰਦੀ ਹੈ ਸਰਕਾਰ- ਕਪਿਲ ਸਿੱਬਲ
ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।
ਸੁਖਬੀਰ ਜੀ, ਪੰਥਕ ਏਕਤਾ ਚਾਹੁੰਦੇ ਹੋ ਤਾਂ ਦੋ ਦਸੰਬਰ ਦਾ ਹੁਕਮਨਾਮਾ ਮੰਨ ਕੇ ਪ੍ਰਧਾਨਗੀ ਛੱਡੋ- ਪੰਜ ਮੈਂਬਰੀ ਕਮੇਟੀ
ਜੇ ਤੂੰ ਖਾਣੀਆਂ ਸੇਵੀਆਂ ਤਾਂ ਮੁੱਛਾਂ ਮੁਨਾ ਕੇ ਆ।
ਟਰੰਪ ਦੀ ਮਸਕ ਨੂੰ ਚਿਤਾਵਨੀ: ਨਤੀਜੇ ਭੁਗਤਣ ਲਈ ਤਿਆਰ ਰਹੋ- ਇਕ ਖ਼ਬਰ
ਸਲਵਾਨ ਜੱਲਾਦਾਂ ਨੂੰ ਆਖਦਾ, ਕਰੋ ਪੂਰਨ ਜਲਦ ਹਲਾਲ।
ਸ਼੍ਰੋਮਣੀ ਕਮੇਟੀ ਦੀ ‘ਗਫ਼ਲਤ’ ਕਾਰਨ ਪਿੰਡਾਂ ਦੇ ਪਿੰਡ ਈਸਾਈ ਬਣੇ- ਹਰਮੀਤ ਸਿੰਘ ਕਾਲਕਾ
ਕਾਲਕਾ ਜੀ ਤੁਹਾਡੀਆਂ ਤਿਕੜਮਬਾਜ਼ੀਆਂ ਕਾਰਨ ਕਮੇਟੀ ਮੈਂਬਰ ਭਾਜਪਾਈ ਬਣੇ।
ਮੈਂ ਰਾਜਨੀਤੀ ‘ਚ ਕਿਸੇ ਕਾਰੋਬਾਰ ਲਈ ਨਹੀਂ ਆਇਆ- ਨਵਜੋਤ ਸਿੱਧੂ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।
ਸੂਚਨਾ ਤੇ ਤਕਨਾਲੋਜੀ ਦੇ ਦੌਰ ਵਿਚ ਇੰਟਰਨੈੱਟ ਸਮਾਜ ਨੂੰ ਤੋੜ ਰਿਹੈ- ਚੀਫ਼ ਜਸਟਿਸ ਗਵਈ
ਪਿੰਡ ‘ਚ ਲੜਾਈਆਂ ਪਾਉਂਦਾ ਨੀਂ ਮਰ ਜਾਣਾ ਅਮਲੀ।
ਭਾਰਤ ‘ਚ ਪੂੰਜੀਵਾਦ ਦਾ ਦਬਦਬਾ ਉਜਾੜ ਰਿਹੈ ਕਿਸਾਨਾਂ ਨੂੰ -ਰਾਕੇਸ਼ ਟਿਕੈਤ
ਸੀਟੀ ‘ਤੇ ਸੀਟੀ ਵੱਜੇ, ਜਦ ਮੈਂ ਗਿੱਧੇ ਵਿਚ ਆਈ।
ਆਪਣੀ ਖ਼ਤਮ ਹੋ ਰਹੀ ਸਾਖ ਨੂੰ ਬਚਾਉਣ ਲਈ ਸੁਖਬੀਰ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋਮੱਛੀ- ਇਕ ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
============================================================================