ਚੁੰਝਾਂ-ਪ੍ਹੌਂਚੇ - ਕੰਧਾਲਵੀ
27.06.2025
ਸੁਖਬੀਰ ਬਾਦਲ ਦੀ ਅਗਵਾਈ ਕਬੂਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਪਰਮਿੰਦਰ ਸਿੰਘ ਢੀਂਡਸਾ
ਮੱਝ ਲੈ ਦੇ ਮੈਨੂੰ ਬਾਬਲਾ, ਮੈਂ ਜੇਠ ਦੀ ਲੱਸੀ ਨਹੀਂ ਪੀਣੀ।
ਦਿੱਲੀ ਤੋਂ ਆਏ ‘ਆਪ’ ਦੇ ਸਾਰੇ ਭ੍ਰਿਸ਼ਟ ਆਗੂਆਂ ਨੇ ਪੰਜਾਬ ‘ਚ ਡੇਰੇ ਲਾਏ- ਦਿੱਲੀ ਦੀ ਮੁੱਖ ਮੰਤਰੀ
ਮੇਰੀ ਸੇਜ ‘ਤੇ ਬਹਿ ਗਿਆ ਨੀ, ਉਹ ਰਾਂਝਣ ਮੱਲੋਜ਼ੋਰੀ।
ਜੀ-7 ਸੰਮੇਲਨ ਵਿਚੇ ਛੱਡ ਕੇ ਅਮਰੀਕਾ ਪਰਤੇ ਰਾਸ਼ਟਰਪਤੀ ਟਰੰਪ- ਇਕ ਖ਼ਬਰ
ਛੱਡ ਮਿੱਤਰ ਫੁਲਕਾਰੀ, ਹਾਕਾਂ ਘਰ ਵੱਜੀਆਂ।
ਇਰਾਨ ਇਜ਼ਰਾਈਲ ਦੀ ਜੰਗ ਜਾਰੀ ਰਹੀ ਤਾਂ ਭਾਰਤੀਆਂ ਦੀ ਜੇਬ ‘ਤੇ ਕਾਫ਼ੀ ਭਾਰੀ ਪਵੇਗੀ- ਇਕ ਖ਼ਬਰ
ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ।
ਪਾਕਿ ਫੌਜ ਮੁਖੀ ਮੁਨੀਰ ਦੀ ਮੇਜ਼ਬਾਨੀ ਕਰੇਗਾ ਟਰੰਪ- ਇਕ ਖ਼ਬਰ
ਨਵੇਂ ਨਵੇਂ ਮਿੱਤ, ਪੁਰਾਣੇ ਕੀਹਦੇ ਚਿੱਤ।
ਸਵਿਸ ਬੈਂਕਾਂ ‘ਚ ਭਾਰਤੀਆਂ ਦਾ ਪੈਸਾ ਤਿੰਨ ਗੁਣਾ ਵਧਿਆ- ਇਕ ਖ਼ਬਰ
ਗੇਅਰ ਪੁੱਠਾ ਪੈ ਗਿਆ, ਪੈਸਾ ਆਉਣ ਦੀ ਬਜਾਇ ਜਾਣ ਲੱਗ ਪਿਆ।
ਇਰਾਨ ਆਤਮ ਸਮਰਪਣ ਨਹੀਂ ਕਰੇਗਾ- ਖਾਮੇਨਾਈ
ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਖਾਮੇਨੇਈ ਦੇ ਖ਼ਾਤਮੇ ਦਾ ਵਕਤ ਆ ਗਿਆ ਹੈ- ਨੇਤਨਯਾਹੂ
ਨਾ ਰਹੇ ਬਾਂਸ ਤੇ ਨਾ ਵੱਜੇ ਬੰਸਰੀ।
36 ਹੋਰ ਦੇਸ਼ਾਂ ਦੀ ਐਂਟਰੀ ਅਮਰੀਕਾ ਲਈ ਹੋਵੇਗੀ ਬੰਦ- ਇਕ ਖ਼ਬਰ
ਗਲ਼ੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।
ਰੋਜ਼ੀ-ਰੋਟੀ ਚਲਾਉਣ ਲਈ ਕੁਝ ਤਾਂ ਕਰਨਾ ਜ਼ਰੂਰੀ ਹੈ- ਨਵਜੋਤ ਸਿੱਧੂ
ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ।
ਇਰਾਨ ਵਲੋਂ ਪ੍ਰਮਾਣੂੰ ਬੰਬ ਨਾ ਬਣਾਏ ਜਾਣ ਦੀ ਖ਼ੁਫ਼ੀਆ ਜਾਣਕਾਰੀ ਟਰੰਪ ਵਲੋਂ ਰੱਦ- ਇਕ ਖ਼ਬਰ
ਚੰਦਰਾ ਸ਼ੌਕੀਨ ਹੋ ਗਿਆ, ਤੇੜ ਲਾ ਕੇ ਖੱਦਰ ਦਾ ਸਾਫ਼ਾ।
ਕਾਂਗਰਸ ਦੇ ਕੁਝ ਆਗੂਆਂ ਤੋਂ ਮੇਰੀ ਰਾਇ ਵੱਖ ਹੈ- ਸ਼ਸ਼ੀ ਥਰੂਰ
ਪਿਛਾਂਹ ਨੂੰ ਗੱਡੀ ਮੋੜ ਬਾਬਲਾ, ਮੇਰੇ ਹਾਣ ਦਾ ਮੁੰਡਾ ਨਾ ਕੋਈ।
ਗਾਜ਼ਾ ਤੇ ਇਰਾਨ ਬਾਰੇ ਸਰਕਾਰ ਦੀ ਚੁੱਪ ਰੜਕਦੀ ਹੈ- ਸੋਨੀਆਂ ਗਾਂਧੀ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ।
ਪਾਕਿਸਤਾਨ ਨੇ ਨੋਬੇਲ ਪੁਰਸਕਾਰ ਲਈ ਟਰੰਪ ਨੂੰ ਕੀਤਾ ਨਾਮਜ਼ਦ- ਇਕ ਖ਼ਬਰ
ਮਿੱਤਰਾਂ ਦੀ ਜਾਕਟ ‘ਤੇ, ਘੁੰਡ ਕੱਢ ਕੇ ਬੂਟੀਆਂ ਪਾਵਾਂ।
ਅਸੀਂ ਇਰਾਨ ‘ਤੇ ਅਮਰੀਕੀ ਹਮਲੇ ‘ਚ ਸ਼ਾਮਲ ਨਹੀਂ ਪਰ ਸਾਨੂੰ ਪਹਿਲਾਂ ਤੋਂ ਜਾਣਕਾਰੀ ਸੀ- ਬ੍ਰਿਟੇਨ
ਘੁੰਡ ਕੱਢਦੀ ਤਵੀਤ ਨੰਗਾ ਰੱਖਦੀ, ਛੜਿਆਂ ਦੀ ਹਿੱਕ ਲੂਹਣ ਨੂੰ।
================================================================