ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30.06.205

ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ ‘ਚ ਮਿਲੀ ਕਲੀਨ ਚਿਟ- ਇਕ ਖ਼ਬਰ

ਖ਼ੂਬਸੂਰਤ ਡਰਾਮੇ ਦਾ ਖ਼ੂਬਸੂਰਤ ਡਰਾਪ-ਸੀਨ ਹੋ ਗਿਆ ਬਈ।

ਕਾਂਗਰਸ ਦੀ ਖ਼ਾਨਾਜੰਗੀ ਨੇ ਭਾਰਤ ਭੂਸ਼ਨ ਆਸ਼ੂ ਦੀ ਬੇੜੀ ਡੋਬੀ- ਇਕ ਖ਼ਬਰ

ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ।

ਗਿਆਨੀ ਗੁਰਮੁਖ ਸਿੰਘ ਦੀ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਜੋਂ ਹੋਈ ਵਿਵਾਦਮਈ ਨਿਯੁਕਤੀ- ਇਕ ਖ਼ਬਰ

ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ।

‘ਆਮ ਆਦਮੀ ਪਾਰਟੀ’ ਦਾ ਟੀਚਾ ਅਕਾਲੀ ਦਲ ਨੂੰ ਖਤਮ ਕਰਨਾ ਹੈ- ਸੁਖਬੀਰ ਬਾਦਲ

ਅਕਾਲੀ ਦਲ ਦੀਆਂ ਜੜ੍ਹਾਂ ‘ਚ ਤਾਂ ਤੁਸੀਂ ਆਪ ਹੀ ਤੇਲ ਪਾਈ ਜਾ ਰਹੇ ਹੋ।

ਹੁਣ ਸਾਬਕਾ ਡੀ.ਜੀ.ਪੀ. ਚਟੋਪਾਧਿਆਏ ਨੇ ਡਰੱਗ ਮਾਮਲੇ ‘ਚ ਕੀਤਾ ਬਿਕਰਮ ਮਜੀਠੀਆ ਨੂੰ ‘ਬੇਪਰਦ’- ਇਕ ਖ਼ਬਰ

ਹਾਲਾ ਲਾਲਾ, ਹਾਲਾ ਲਾਲਾ ਹੋ ਗਈ ਮਿੱਤਰਾ, ਜਦ ਚੁੱਕਿਆ ਘੜੇ ਤੋਂ ਕੌਲਾ।

ਕਾਂਗਰਸ ਪ੍ਰਧਾਨ ਖੜਗੇ ਨੇ ਸ਼ਸ਼ੀ ਥਰੂਰ ‘ਤੇ ਵਿੰਨ੍ਹਿਆ ਨਿਸ਼ਾਨਾ- ਇਕ ਖ਼ਬਰ

ਖੜਗੇ ਸਾਹਿਬ ਇਹ ਕਬੂਤਰ ਹੁਣ ਤੁਹਾਡੀ ਛੱਤਰੀ ਤੋਂ ਅੱਜ ਵੀ ਉਡਿਆ, ਕੱਲ੍ਹ ਵੀ ਉਡਿਆ।

ਸਿੱਖ ਯਹੂਦੀਆਂ ਵਾਂਗ ਗਿਆਨ ਅਤੇ ਰਾਜਨੀਤਕ ਖੇਤਰਾਂ ਵਿਚ ਵਿਕਸਤ ਕਿਉਂ ਨਹੀ ਹੋ ਸਕੇ- ਇਕ ਸਵਾਲ

ਫ਼ਕਰਦੀਨਾਂ ਪੂਰੀ ਕੀ ਉਨ੍ਹਾਂ ਪਾਉਣੀ, ਇਕ ਦੂਜੇ ਦੀਆਂ ਟੰਗਾਂ ਜੋ ਖਿੱਚਦੇ ਨੇ।

ਪੰਜ ਮੈਂਬਰੀ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਹੋਈ ਸਾਂਝੀ ਮੀਟਿੰਗ- ਇਕ ਖ਼ਬਰ

ਤੇਰੀ ਮੇਰੀ ਇਕ ਜਿੰਦੜੀ, ਉਂਜ ਵੇਖਣ ਨੂੰ ਅਸੀਂ ਦੋ।

ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ‘ਚ ਜਾਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਹੁਣ ਗਈ ਵਸਤ ਨੂੰ ਝੂਰਦਾ, ਜਿਉਂ ਪੈਰਾਂ ਨੂੰ ਝੂਰੇ ਮੋਰ।

ਟਰੰਪ ਨੇ ਜੰਗ ਸ਼ੁਰੂ ਕੀਤੀ, ਖ਼ਤਮ ਅਸੀ ਕਰਾਂਗੇ- ਇਰਾਨ

ਸੁੱਤੀ ਹੋਈ ਸੋਨ ਚਿੜੀ, ਲੈਣ ਲੱਗੀ ਅੰਗੜਾਈਆਂ।

10 ਵਿਭਾਗਾਂ ਦੀ ਵਾਗਡੋਰ ਗ਼ੈਰ ਪੰਜਾਬੀਆਂ ਦੇ ਹੱਥਾਂ ‘ਚ ਦੇਣੀ ਨਿੰਦਣਯੋਗ- ਸੁਖਬੀਰ ਬਾਦਲ

ਅੱਜ ਕੌਣ ਪੁੱਛੇ ਰਾਂਝੇ ਚਾਕ ਤਾਈਂ, ਬੇਗ਼ਮ ਹੀਰ ਤੇ ਸੈਦਾ ਨਵਾਬ ਹੋਇਆ।

ਅਡਾਨੀ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਬਰਾਂਡ- ਇਕ ਖ਼ਬਰ

ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ ਬਹਿ ਕੇ ਚੁਗ ਮਿੱਤਰਾ।

ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਮੰਨਿਆਂ ਕਿ ਉਹ ਖਾਮੇਨੇਈ ਨੂੰ ਮਾਰਨਾ ਚਾਹੁੰਦੇ ਸਨ- ਇਕ ਖ਼ਬਰ

ਨੀ ਚਰਖ਼ਾ ਬੋਲ ਪਿਆ, ਗੱਲਾਂ ਸੱਚੀਆਂ ਮੂੰਹੋਂ ਉਚਾਰੇ।

ਨਸ਼ਾ ਤਸਕਰੀ ਦੇ ਮਾਮਲੇ ‘ਚ ਕਿਸੇ ‘ਤੇ ਵੀ ਤਰਸ ਜਾਂ ਰਹਿਮ ਨਹੀਂ ਕੀਤਾ ਜਾਵੇਗਾ- ਭਗਵੰਤ ਮਾਨ

ਨੀ ਹੁਣ ਮੈਂ ਕੀ ਕਰਾਂ, ਜੱਟ ਆਉਂਦੈ ਪਰੈਣੀ ਕੱਸੀ।

ਬਾਦਲਾਂ ਦਾ ਹੁਕਮ ਮੰਨ ਕੇ 34 ਮੈਂਬਰੀ ਕਮੇਟੀ ‘ਚ ਦਿੱਲੀ ਅਤੇ ਪਟਨਾ ਸਾਹਿਬ ਨੂੰ ਨੁਮਾਇੰਦਗੀ ਨਹੀਂ ਦਿਤੀ- ਇਕ ਖ਼ਬਰ

ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਮੇਰਾ ਲੇਖ ਪ੍ਰਧਾਨ ਮੰਤਰੀ ਦੀ ਪਾਰਟੀ ‘ਚ ਸ਼ਾਮਲ ਹੋਣ ਦਾ ਸੰਕੇਤ ਨਹੀਂ- ਸ਼ਸ਼ੀ ਥਰੂਰ

ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।

============================================================================