ਪੰਜਾਬ ਦੀ ਰਾਜਨੀਤੀ : ਲੋਕਤੰਤਰ ਜਾਂ ਪਰਿਵਾਰਤੰਤਰ ? - ਨਿਰਮਲ ਸਿੰਘ ਹੰਸਪਾਲ
ਭਾਈ-ਭਤੀਜਾਵਾਦ, ਪਰਿਵਾਰਵਾਦ ਅਤੇ ਰਾਜਸੀ ਸਹੂਲਤਵਾਦ – ਇਹ ਸਿਰਫ਼ ਲਫ਼ਜ਼ ਨਹੀਂ, ਸਗੋਂ ਪੰਜਾਬ ਦੀ ਰਾਜਨੀਤੀ ਦੀ ਹਕੀਕਤ ਨੂੰ ਪਰਗਟ ਕਰਨ ਵਾਲੇ ਨਿਸ਼ਾਨੇ ਹਨ। ਜਦੋਂ ਰਾਜਸੀ ਅਹੁਦੇ ਕਿਸੇ ਦੀ ਯੋਗਤਾ ਜਾਂ ਲੋਕਸੇਵਾ ਦੀ ਥਾਂ ਸਿਰਫ਼ ਰਿਸ਼ਤੇਦਾਰੀ, ਸਿਫ਼ਾਰਸ਼ ਜਾਂ ਸਿਆਸੀ ਮਕਸਦ ਦੇ ਆਧਾਰ ਤੇ ਦਿੱਤੇ ਜਾਂਦੇ ਹੋਣ, ਤਾਂ ਇਹ ਨੈਪੋਟਿਜ਼ਮ ਜਾਂ ਕਰੋਨੀਇਜ਼ਮ ਬਣ ਜਾਂਦਾ ਹੈ। ਜਿਵੇਂ ਕਿ ਇੱਕ ਮੁੱਖ ਮੰਤਰੀ ਦਾ ਪੁੱਤਰ, ਭਾਵੇਂ ਉਹ ਕਿਸੇ ਵੀ ਪੱਧਰ 'ਤੇ ਨਲਾਇਕ ਹੋਵੇ, ਉਪ ਮੁੱਖ ਮੰਤਰੀ ਬਣ ਜਾਂਦਾ ਹੈ—ਇਹ ਸਿਰਫ਼ ਨੈਪੋਟਿਜ਼ਮ ਨਹੀਂ, ਸਗੋਂ ਲੋਕਤੰਤਰ ਦੀ ਨੀਂਹ ਹਿਲਾ ਦੇਣ ਵਾਲੀ ਹਕੀਕਤ ਹੈ।
ਵਿਰਾਸਤ ਵਿੱਚ ਮਿਲੀ ਸਿਆਸਤ:
ਪੰਜਾਬ ਦੀ ਰਾਜਨੀਤੀ ਵਿਚ ਇੱਕ ਹੋਰ ਗੰਭੀਰ ਪਰਤ ਹੈ — ਪਰਿਵਾਰਿਕ ਰਾਜਨੀਤਿਕ ਵਿਰਾਸਤ। ਇੱਥੇ ਸਿਆਸਤ ਸਿੱਖੀ ਜਾਂ ਪੜ੍ਹਾਈ-ਲਿਖਾਈ ਨਹੀਂ ਜਾਂਦੀ, ਇੱਥੇ ਸਿਆਸਤ ਵਿਰਾਸਤ ਵਿੱਚ ਮਿਲਦੀ ਹੈ। ਬਾਦਲ ਪਰਿਵਾਰ ਤੋਂ ਲੈ ਕੇ ਕੈਰੋਂ, ਮਜੀਠੀਆ, ਬਰਾੜ,ਮਾਨ ਅਤੇ ਪਟਿਆਲਾ ਰਾਜ ਘਰਾਣਿਆਂ ਤੱਕ, ਪੰਜਾਬ ਦੇ ਰਾਜਨੀਤਿਕ ਮੰਚ ਤੇ ਇਕੋ ਜਿਹੇ ਚਿਹਰੇ, ਇਕੋ ਪਰਿਵਾਰਾਂ ਦੇ ਨਵੇਂ ਰੂਪ ਵਿਚ ਵਾਰ-ਵਾਰ ਵਾਪਸ ਆਉਂਦੇ ਰਹੇ ਹਨ।
ਨੈਪੋਟਿਜ਼ਮ ਵਲ ਮੋੜੀ ਸਿਆਸਤ:
ਇਹ ਸਾਰਾ ਕੁਝ ਪੋਲੀਟੀਕਲ ਐਕਸਪੀਡੈਂਨਸੀ, ਅਰਥਾਤ "ਸਿਆਸੀ ਸਹੂਲਤ" ਦਾ ਨਤੀਜਾ ਹੈ, ਜਿੱਥੇ ਯੋਗਤਾ ਦੀ ਥਾਂ ਰਿਸ਼ਤੇਦਾਰੀ ਨੂੰ ਤਰਜੀਹ ਮਿਲਦੀ ਹੈ। ਜਦੋਂ ਸੰਸਥਾਵਾਂ ਦੇ ਅੰਦਰ "ਮੈਰਿਟ" ਦੀ ਥਾਂ "ਸਿਫ਼ਾਰਸ਼" ਦਾ ਰਾਜ ਹੁੰਦਾ ਹੈ, ਤਾਂ ਵਿਕਾਸ ਦੀ ਗਤੀ ਰੁਕ ਜਾਂਦੀ ਹੈ, ਨੈਤਿਕਤਾ ਦੀ ਹਾਰ ਹੋ ਜਾਂਦੀ ਹੈ, ਅਤੇ ਲੋਕਤੰਤਰ ਦੇ ਆਧਾਰਕ ਸਿਧਾਂਤ ਖੰਡਿਤ ਹੋ ਜਾਂਦੇ ਹਨ।
ਪੰਜਾਬ ਦੇ ਰਾਜਸੀ ਘਰਾਣੇ — ਇਕ ਝਲਕ
* ਬਾਦਲ ਪਰਿਵਾਰ: ਸ. ਪਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਤੱਕ, ਇਹ ਪਰਿਵਾਰ ਇੱਕ ਸੰਸਥਾ ਵਾਂਗ ਰਾਜਨੀਤਿਕ ਰੂਪ ਧਾਰ ਚੁੱਕਾ ਹੈ। ਮਜੀਠੀਆ ਪਰਿਵਾਰ ਨਾਲ ਰਿਸ਼ਤੇ ਰਾਹੀਂ ਇਹ ਗਠਜੋੜ ਹੋਰ ਵੀ ਮਜ਼ਬੂਤ ਬਣ ਜਾਂਦਾ ਹੈ।
* ਕੈਰੋਂ ਪਰਿਵਾਰ: ਪ੍ਰਤਾਪ ਸਿੰਘ ਕੈਰੋਂ ਤੋਂ ਸ਼ੁਰੂ ਹੋਇਆ ਇਹ ਪਰਿਵਾਰ ਅੱਜ ਵੀ ਰਾਜਨੀਤਿਕ ਧੁਰੇ ਉੱਤੇ ਪਕੜ ਮਜ਼ਬੂਤ ਹੈ। ਰਿਸ਼ਤਿਆਂ ਰਾਹੀਂ ਇਹ ਵੀ ਬਾਦਲ ਪਰਿਵਾਰ ਨਾਲ ਗੁੱਝੀਆ ਸਾਂਝਾ ਰੱਖ ਕਾਮਯਾਬ ਹੋਇਆ ਹੈ।
* ਮਜੀਠੀਆ ਪਰਿਵਾਰ: ਧਾਰਮਿਕ ਪਿੱਛੋਕੜ ਵਾਲਾ ਇਹ ਪਰਿਵਾਰ ਰਾਜਨੀਤੀ ਵਿਚ ਹਮੇਸ਼ਾ ਤੋਂ ਅਹੰਕਾਰਪੂਰਕ ਮੌਜੂਦਗੀ ਰਖਦਾ ਆਇਆ ਹੈ।
* ਬਰਾੜ ਪਰਿਵਾਰ: ਇਹ ਪਰਿਵਾਰ ਮਜ਼ਬੂਤ ਅੰਦਰੂਨੀ ਸੰਘਠਨ ਨਾਲ ਰਾਜਨੀਤਿਕ ਮੈਦਾਨ ਵਿਚ ਪਾਏਦਾਰ ਸਿਆਸਤ ਕਾਰ ਮੰਨਿਆ ਗਿਆ ਹੈ।
* ਪਟਿਆਲਾ ਰਾਜ ਪਰਿਵਾਰ: ਮਹਾਰਾਜਾ ਦੇ ਤਾਜ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਤਖ਼ਤ ਤੱਕ ਦੀ ਯਾਤਰਾ — ਇਹ ਪਰਿਵਾਰ ਭੀ ਕਈ ਪੀੜ੍ਹੀਆਂ ਤੋਂ ਰਾਜਨੀਤੀ ਵਿਚ ਸਰਗਰਮ ਹੈ।
* ਇਹ ਸਾਰੇ ਪਰਿਵਾਰਾ ਦੀਆ ਆਪਸ ਵਿੱਚ ਗੁੜੀਆ ਰਿਸ਼ਤੇਦਾਰੀਆਂ ਹਨ।
ਰਿਸ਼ਤਿਆਂ ਰਾਹੀਂ ਰਾਜਨੀਤਿਕ ਰਣਨੀਤੀ:
ਇਹ ਪਰਿਵਾਰ ਸਿਰਫ਼ ਆਪਣੀ ਪੀੜ੍ਹੀ ਤੱਕ ਹੀ ਸੀਮਤ ਨਹੀਂ, ਸਗੋਂ ਰਿਸ਼ਤਿਆਂ ਰਾਹੀਂ ਹੋਰ ਪਰਿਵਾਰਾਂ ਨਾਲ ਗਠਜੋੜ ਕਰਕੇ ਇੱਕ ਪ੍ਰਸਾਰਿਤ ਰਾਜਨੀਤਿਕ ਜਾਲ ਬਣਾਉਂਦੇ ਹਨ। ਇਨ੍ਹਾਂ ਰਿਸ਼ਤਿਆਂ ਰਾਹੀਂ ਨੈਤਿਕਤਾ ਦੀ ਥਾਂ ਗੁਪਤ ਅਜੰਡੇ ਅਤੇ ਦਬਾਅ ਨੂੰ ਤਰਜੀਹ ਮਿਲਦੀ ਹੈ। ਜਿਸ ਰਾਹੀ ਸਿੱਖ ਦੇ ਧਾਰਮਿਕ ਅਦਾਰਿਆਂ SGPC ਅਤੇ ਅਕਾਲ ਤਖ਼ਤ ਨੂੰ ਆਪਣੇ ਸਿਆਸੀ ਮਕਸਦ ਲਈ ਵਰਤੇ ਗਏ ' ਸਿਆਸੀ ਪਕੜ ਬਣਾਈ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਭਾਗਦਾਰ ਬਣ ਸਜਾਂ ਕਾਬੂਲ ਕਰ ਗਏ |ਲੇਕਨ ਆਪਣੀ ਸਿਆਸੀ ਪਕੜ ਬਣਾਈ ਰੱਖਣ ਲਈ ਅੱਜ ਤੱਕ ਨਹੀ ਬਾਜ ਆਏ।
ਕੀ ਇਹ ਲੋਕਤੰਤਰ ਦੀ ਹਾਰ ਨਹੀਂ?
ਇਹ ਸਵਾਲ ਆਮ ਲੋਕਾਂ ਲਈ ਵਾਜਬ ਹੈ ਕਿ ਜੇਕਰ ਰਾਜਨੀਤਿਕ ਧੁਰੇ ਸਿਰਫ਼ ਕੁਝ ਪਰਿਵਾਰਾਂ ਦੇ ਵਿਰਾਸਤ ਵਿਚ ਹੀ ਰਹਿਣ, ਤਾਂ ਆਮ ਲੋਕਾਂ ਲਈ ਸਿਆਸਤ ਦੇ ਦਰਵਾਜ਼ੇ ਕਦੋਂ ਖੁਲਣਗੇ? ਕੀ ਲੋਕਤੰਤਰ ਕੁਝ ਚੁਣੇ ਹੋਏ ਪਰਿਵਾਰਾਂ ਦੀ ਜਾਇਦਾਦ ਬਣ ਗਿਆ ਹੈ?
ਲੋਕਤੰਤਰ ਦੀ ਪਹੁੰਚ ਜਾਂ ਪਰਿਵਾਰਤੰਤਰ ਦੀ ਗੁਲਾਮੀ?
ਜਦ ਤੱਕ ਪੰਜਾਬ ਦੀ ਸਿਆਸਤ 'ਚ ਮੈਰਿਟ ਦੀ ਥਾਂ ਸਿਫ਼ਾਰਸ਼ ਅਤੇ ਯੋਗਤਾ ਦੀ ਥਾਂ ਰਿਸ਼ਤੇਦਾਰੀ ਨੂੰ ਤਰਜੀਹ ਮਿਲਦੀ ਰਹੇਗੀ, ਤਦ ਤੱਕ ਇਹ ਰਾਜਨੀਤਿਕ ਵਿਰਾਸਤ ਲੋਕਤੰਤਰ ਦੀ ਆਤਮਾ ਨੂੰ ਖਾਂਦੀ ਰਹੇਗੀ। ਸਮੇਂ ਦੀ ਲੋੜ ਹੈ ਕਿ ਸਿਆਸਤ ਵਿਚ ਨਵੇਂ, ਯੋਗ ਅਤੇ ਲੋਕ-ਕੇਂਦਰਿਤ ਆਵਾਜ਼ਾਂ ਨੂੰ ਮੌਕਾ ਮਿਲੇ — ਨਾ ਕਿ ਵਿਰਾਸਤ ਦੇ ਆਧਾਰ ਤੇ ਅਹੁਦੇ।ਇਸ ਲੇਖ ਦੀ ਅਗਲੀ ਕਿਸਤ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਬੰਧਤ ਲੇਖ ਆਮ ਆਦਮੀ ਤੋ ਖਾਸ ਤੱਕ।
ਨਿਰਮਲ ਸਿੰਘ ਹੰਸਪਾਲ