ਚੁੰਝਾਂ-ਪ੍ਹੌਂਚੇ -(ਨਿਰਮਲ ਸਿੰਘ ਕੰਧਾਲਵੀ)
ਸ਼ਸ਼ੀ ਥਰੂਰ ਨੇ ਅਮਰਜੈਂਸੀ ਨੂੰ ‘ਕਾਲਾ ਅਧਿਆਏ’ ਦੱਸਿਆ- ਇਕ ਖ਼ਬਰ
ਨੀ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।
ਸਿਰਫ਼ 11 ਮਿੰਟ ਦੇ ਸੈਸ਼ਨ ਦੀ ਕਾਰਵਾਈ ‘ਤੇ ਕਰੋੜਾਂ ਰੁਪਏ ਬਰਬਾਦ ਕੀਤੇ।- ਪਰਗਟ ਸਿੰਘ
ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ਼।
ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ- ਇਕ ਖ਼ਬਰ
ਚੜ੍ਹ ਜਾ ਬੱਚਾ ਸੂਲ਼ੀ, ਰਾਮ ਭਲੀ ਕਰੇਗਾ।
ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਮੱਤਭੇਦਾਂ ਨੂੰ ਜਲਦ ਦੂਰ ਕੀਤਾ ਜਾਵੇ- ਬਿਹਾਰ ਸਿੱਖ
ਫ਼ੈਡਰੇਸ਼ਨ
ਬਿੱਲੀ ਦੇ ਗਲ਼ ਟੱਲੀ ਕੌਣ ਬੰਨ੍ਹੇ ਭਾਈ।
ਸੋਨਾ ਹੋਇਆ 99,370 ਰੁਪਏ ਦਾ 10 ਗ੍ਰਾਮ- ਇਕ ਖ਼ਬਰ
ਭੱਠ ਪਿਆ ਸੋਨਾ ਜਿਹੜਾ ਜੇਬ ਨੂੰ ਕੁਤਰੇ।
ਹਰਿਆਣਾ ਦੇ ਸਾਬਕਾ ਵਿਧਾਇਕ ਨੂੰ ਵਾਪਸ ਜੇਲ੍ਹ ਜਾਣ ਦੇ ਹੁਕਮ- ਇਕ ਖ਼ਬਰ
ਰੋਂਦੀ ਮਾਂ ਸੁੰਦਰ ਦੀ ਖੜ੍ਹ ਕੇ, ਕਿਹੜਾ ਦੇਵੇ ਧੀਰਾਂ।
ਸਿਰਫ਼ 11 ਮਿੰਟ ਹੀ ਚੱਲਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ- ਇਕ ਖ਼ਬਰ
ਵੈਸੇ ਅਸੀਂ ਤਾਂ 10 ਮਿੰਟ ਹੀ ਰੱਖੇ ਸੀ, ਇਕ ਮਿੰਟ ਉੱਪਰ ਹੋ ਜਾਣ ਦਾ ਸਾਨੂੰ ਅਫ਼ਸੋਸ ਹੈ।
ਹੁਣ ਸੰਯੁਕਤ ਕਿਸਾਨ ਮੋਰਚੇ ਵਿਚ ਸਿਆਸੀ ਪਾਰਟੀਆਂ ਨਾਲ ਤਾਲਮੇਲ ਨੂੰ ਲੈ ਕੇ ਮੱਤਭੇਦ- ਇਕ ਖ਼ਬਰ
ਜਿਹਨੂੰ ਢੂੰਡਣਾ ਉਹ ਤੇ ਲੱਭਣਾ ਨਹੀਂ, ਬਾਕੀ ਖੇਡ ਸਭ ਕੂੜ ਹਵਸ ਦੀ ਏ।
ਇਜ਼ਰਾਈਲ ਨੇ ਟਰੰਪ ਨੂੰ ਨੌਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ- ਇਕ ਖ਼ਬਰ
ਤੇਰਾ ਕੀ ਘਟਣਾ ਸਰਦਾਰਾ, ਕੈਂਠਾ ਪਾ ਦੇ ਮੇਰੇ ਯਾਰ ਨੂੰ।
ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ- ਇਕ ਖ਼ਬਰ
ਜਿੰਨਾ ਨ੍ਹਾਤੀ, ਓਨਾ ਹੀ ਪੁੰਨ।
ਸਰਕਾਰੀ ਕੰਮਕਾਰ ਲਈ ਮਿਲਦਾ ਹਾਂ, ਮੇਰੀ ਅਮਿਤ ਸ਼ਾਹ ਨਾਲ ਕਾਹਦੀ ਦੋਸਤੀ?- ਭਗਵੰਤ ਮਾਨ
ਦੋ ਘੁੱਟ ਪੀ ਕੇ ਦਾਰੂ, ਪੈਰ ‘ਤੇ ਮੁੱਕਰ ਗਿਆ।
ਅਮਨ ਅਰੋੜਾ ਨੇ ਮੁਆਫ਼ੀ ਨਾ ਮੰਗੀ ਤਾਂ ਮਾਣਹਾਨੀ ਦਾ ਮੁਕੱਦਮਾ ਕਰਾਂਗਾ- ਮਨਜਿੰਦਰ ਸਿੰਘ ਸਿਰਸਾ
ਸਾਡੇ ਨਾਲ਼ ਕੀ ਪਾਇਆ ਈ ਵੈਰ ਕਾਕਾ, ਮੱਥਾ ਸੌਂਕਣਾਂ ਵਾਂਗ ਕੀ ਡਾਹਿਆ ਈ।
ਵਿਰੋਧੀਆਂ ਦੇ ਸਵਾਲਾਂ ਤੋਂ ਡਰਦਿਆਂ ਸਰਕਾਰ ਨੇ 11 ਮਿੰਟ ਦਾ ਸੈਸ਼ਨ ਰੱਖਿਆ- ਪਰਤਾਪ ਸਿੰਘ ਬਾਜਵਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਭਾਰੀ ਮੀਂਹ ਕਾਰਨ ਹਿਮਾਚਲ ਵਿਚ 249 ਸੜਕਾਂ ਬੰਦ ਅਤੇ 750 ਜਲ ਯੋਜਨਾਵਾਂ ਪ੍ਰਭਾਵਤ- ਇਕ ਖ਼ਬਰ
ਆਪੇ ਫ਼ਾਥੜੀਏ ਤੈਨੂੰ ਕੌਣ ਛੁਡਾਵੇ।
ਮਜੀਠੀਆ ਦਾ ਕੇਸ ਦੁਬਾਰਾ ਖੁਲ੍ਹਵਾਉ, ਮੈਂ ਸਭ ਕੁਝ ਸਾਹਮਣੇ ਰੱਖ ਦਿਆਂਗਾ- ਚੱਟੋਪਾਧਿਅਇ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
===================================================================