ਚਸਕਾ-ਏ-ਕੁਰਸੀ - ਰਵਿੰਦਰ ਸਿੰਘ ਕੁੰਦਰਾ
ਪ੍ਰਧਾਨਗੀ ਵਾਲੀ ਭਾਵਨਾ, ਹਰ ਥਾਂ ਭਾਰੂ ਜਾਪੇ,
ਦਿਸ ਰਹੇ ਦੁਨੀਆ 'ਚ, ਇਸ ਦੇ ਬੜੇ ਸਿਆਪੇ।
ਪਰ ਅਧੀਨ ਹੋ ਕੇ ਨਾ, ਕੋਈ ਅੱਜ ਰਹਿਣਾ ਚਾਹੇ,
ਜਿੱਥੇ ਵੀ ਹੋਵੇ ਕੁਰਸੀ, ਉਸ ਵੱਲ ਨੱਠ ਨੱਠ ਜਾਵੇ।
ਕੀ ਲੇਖਕ ਕੀ ਨੇਤਾ, ਸਭ ਨੂੰ ਇੱਕੋ ਬੀਮਾਰੀ,
ਲਾਇਲਾਜ ਰੋਗ ਰਹੇ, ਚਿੰਬੜਿਆ ਉਮਰਾ ਸਾਰੀ।
ਧਰਮ ਦੇ ਕਰਮ ਵੀ ਕੁਰਸੀ, ਬਿਨਾ ਨਾ ਪੂਰਣ ਹੁੰਦੇ,
ਹਰ ਥਾਂ ਦੇਖੋ ਕਾਰੇ, ਕੁਰਸੀ ਦੇ ਬੜੇ ਹੀ ਗੁੰਡੇ।
ਸਿਆਣਪਾਂ ਛਿੱਕੇ ਟੰਗ ਕੇ, ਝੁੱਗੇ ਚੌੜ ਕਰਾ ਕੇ,
ਕਰਨ ਲਾਲਸਾਵਾਂ ਜ਼ਾਹਿਰ, ਵਿੱਚ ਚੌਰਾਹੇ ਆ ਕੇ।
ਪੱਗੋ ਹੱਥੀਂ ਹੁੰਦੇ, ਕਈ ਮੈਂ ਥਾਂ ਥਾਂ ਡਿੱਠੇ,
ਤਿੰਨ ਲੱਤੀਆਂ ਕੁਰਸੀਆਂ ਨੂੰ, ਮਾਰਨ ਘੁੱਟ ਘੁੱਟ ਜੱਫੇ।
ਖੁਸ ਜਾਏ ਜੇ ਕੁਰਸੀ, ਲੈਂਦੇ ਹੋਕੇ 'ਤੇ ਹਾਵੇ,
ਜਾਨ ਜਾਵੇ ਤਾਂ ਜਾਵੇ, ਹਾਏ ਕੁਰਸੀ ਨਾ ਜਾਵੇ!
ਪੁੱਠਾ ਵਗਦਾ ਹੈ ਚਲਣ, ਜਿਸ ਵਿੱਚ ਕਈ ਜਾਂਦੇ ਰੁੜ੍ਹਦੇ,
ਜੇ ਹੱਥ ਨਾ ਆਵੇ ਕੁਰਸੀ, ਤੜਫਦੇ ਨਿੱਤ ਹੀ ਕੁੜ੍ਹਦੇ।
ਆਓ ਕਰੀਏ ਕਿਨਾਰਾ, ਇਨ੍ਹਾਂ ਤੋਂ ਬਚ ਕੇ ਰਹੀਏ,
ਐਸੇ ਪੁਰਸ਼ਾਂ ਨੂੰ ਸਿਆਣੇ, ਹੁਣ ਕਿਵੇਂ ਅਸੀਂ ਕਹੀਏ?
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ