ਨਹੀਂਓਂ ਲੱਭਣੇ ਲਾਲ ਗੁਆਚੇ... ਦਸਤਾਰਧਾਰੀ ਤੂਫਾਨ ਸਿੰਘ (Turband Tornado Singh) ਬਾਬਾ ਫੌਜਾ ਸਿੰਘ (1 ਅਪ੍ਰੈਲ 1911 - 14 ਜੁਲਾਈ 2025) ਕਿਸੇ ਨਹੀਂ ਬਣ ਜਾਣਾ.. - ਡਾ. ਗੁਰਵਿੰਦਰ ਸਿੰਘ

114 ਸਾਲਾ ਬਜ਼ੁਰਗ, ਮੈਰਾਥਨ ਦੌੜਾਂ ਦਾ ਬਾਦਸ਼ਾਹ ਸਿੱਖ ਦੌੜਾਕ ਦਸਤਾਰਧਾਰੀ ਤੂਫ਼ਾਨ ਸਿੰਘ (Turband Tornado Singh) ਦੇ ਨਾਂ ਨਾਲ ਜਾਣੇ ਜਾਂਦੇ ਬਾਬਾ ਫੌਜਾ ਸਿੰਘ ਪੰਜਾਬ ਦੇ ਬਿਆਸ ਪਿੰਡ 'ਚ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸੈਰ ਕਰਦਿਆਂ ਇੱਕ ਹਾਦਸੇ ਦੀ ਲਪੇਟ ਵਿੱਚ ਆ ਗਏ, ਜੋ ਜਾਨ ਲੇਵਾ ਸਾਬਤ ਹੋਇਆ। ਇਸ ਤੋਂ ਵੀ ਦੁਖਦਾਈ ਤੇ ਸ਼ਰਮਨਾਕ ਗੱਲ ਇਹ ਹੈ ਕਿ ਉਹਨਾਂ ਨੂੰ ਟੱਕਰ ਮਾਰਨ ਵਾਲਾ ਜ਼ਾਲਮ ਰੁਕਿਆ ਨਹੀਂ, ਬਲਕਿ ਘਟਨਾ ਥਾਂ ਤੋਂ ਦੌੜ ਗਿਆ। ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਵਜੋਂ ਹੁਣ ਪੁਲਿਸ ਨੇ ਕੈਨੇਡਾ ਤੋਂ ਗਏ 30 ਸਾਲਾ ਅੰਮ੍ਰਿਤਪਾਲ ਢਿੱਲੋ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਪਿੰਡ ਦਾਸੂਪੁਰ ਨੇੜੇ ਕਰਤਾਰਪੁਰ, ਜਲੰਧਰ ਹੈ। ਇਸ ਵਿਅਕਤੀ ਨੇ ਮੰਨਿਆ ਹੈ ਕਿ ਹਾਦਸਾ ਉਸ ਕੋਲੋਂ ਹੋਇਆ ਹੈ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਹਾਦਸੇ ਦਾ ਸ਼ਿਕਾਰ ਵਿਸ਼ਵ ਦੌੜਾਕ ਸਿੱਖ ਬਾਬਾ ਫੌਜਾ ਸਿੰਘ ਹੈ। ਦੋਸ਼ੀ ਅੰਮ੍ਰਿਤਪਾਲ ਢਿੱਲੋਂ ਹਫਤਾ ਪਹਿਲਾਂ ਕੈਨੇਡਾ ਤੋਂ ਪੰਜਾਬ ਗਿਆ ਸੀ ਅਤੇ ਉਸ ਨੂੰ ਉਸਦੇ ਪਿੰਡ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਇਹ ਕਹਿਣਾ ਵੀ ਮੰਦਭਾਗਾ ਹੈ ਕਿ ਉਸ ਨੂੰ ਮਗਰੋਂ ਪਤਾ ਲੱਗਿਆ ਕਿ ਹਾਦਸੇ ਚ ਕੌਣ ਮਾਰਿਆ ਗਿਆ। ਚਾਹੇ ਹਾਦਸੇ ਦਾ ਸ਼ਿਕਾਰ ਕੋਈ ਵੀ ਹੋਇਆ ਹੋਵੇ, ਫਰਜ਼ ਬਣਦਾ ਸੀ ਉੱਥੇ ਰੁਕਣਾ ਤੇ ਹਸਪਤਾਲ ਪਹੁੰਚਾਉਣਾ, ਪਰ ਢੀਠਤਾਈ ਦੀ ਹੱਦ ਹੈ ਕਿ ਮ੍ਰਿਤਕ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਖੁਦ ਆ ਕੇ ਜਿੰਮੇਵਾਰੀ ਨਹੀਂ ਕਬੂਲੀ, ਬਲਕਿ ਕਥਿਤ ਦੋਸ਼ੀ ਨੂੰ ਫੜਿਆ ਗਿਆ। ਇਹ ਕਲੰਕ ਉਸਦੇ ਮੱਥਿਓਂ ਮਰਨ ਤੱਕ ਨਹੀਂ ਲਹਿਣਾ। ਦਰਦਨਾਕ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਦੁਨੀਆ ਭਰ 'ਚ ਪੰਜਾਬੀਆਂ ਅਤੇ ਸਿੱਖਾਂ ਦਾ ਨਾਂ ਰੌਸ਼ਨ ਕਰਦਾ ਰਿਹਾ, ਉਹ ਪੰਜਾਬ ਦੀ ਧਰਤੀ 'ਤੇ 'ਹਿਟ ਐਂਡ ਰਨ' ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਾ, ਅੱਤ ਮੰਦਭਾਗੀ, ਨਿੰਦਣਯੋਗ ਅਤੇ ਦੁਖਦਾਈ ਘਟਨਾ।
     ਇਰਾਦੇ ਦੇ ਪੱਕੇ, ਸਿਰੜੀ ਅਤੇ ਬੁਲੰਦ ਹੌਸਲੇ ਬਾਲੇ ਬਾਬਾ ਫੌਜਾ ਸਿੰਘ ਅਨੇਕਾਂ ਹੀ ਵਿਅਕਤੀਆਂ ਦੇ ਪ੍ਰੇਰਨਾ-ਸਰੋਤ ਸਨ। ਸੰਨ 1990 ਤੋਂ ਪੱਕੇ ਤੌਰ 'ਤੇ ਇੰਗਲੈਂਡ 'ਚ ਵਾਸਾ ਕਰਨ ਵਾਲੇ ਬਾਬਾ ਫੌਜਾ ਸਿੰਘ, ਅੱਜ ਕੱਲ ਬਿਆਸ ਰਹਿ ਰਹੇ ਸਨ ਅਤੇ ਹਮੇਸ਼ਾ ਚੜਦੀ ਕਲਾ ਚ ਰਹਿਣ ਵਾਲੀ ਸ਼ਖਸੀਅਤ ਸਨ। ਉਹਨਾਂ 1 ਅਪ੍ਰੈਲ 2025 ਨੂੰ ਆਪਣਾ 115ਵਾਂ ਜਨਮ ਦਿਨ ਮਨਾਇਆ ਸੀ ਅਤੇ ਉਤਸ਼ਾਹ ਨਾਲ ਚੜਦੀ ਕਲਾ ਵਿੱਚ ਨਜ਼ਰ ਆ ਰਹੇ ਸਨ। ਬਾਬਾ ਫੌਜਾ ਸਿੰਘ ਦੇ ਵਿਛੋੜੇ ਨੇ ਦਿਲ ਨੂੰ ਬੇਹਦ ਗਹਿਰੀ ਸੱਟ ਮਾਰੀ ਹੈ, ਪਰ ਉਹ ਕਿਸੇ ਬਿਮਾਰੀ ਨਾਲ ਸੰਸਾਰ ਤੋਂ ਨਹੀਂ ਗਏ, ਬਲਕਿ ਸੈਰ ਕਰਦਿਆਂ ਹੋਇਆਂ ਗੁਰੂ ਚਰਨਾਂ 'ਚ ਜਾ ਬਿਰਾਜੇ। ਉਹਨਾਂ ਨੇ 'ਸੈਰ ਦਾ ਇਸ਼ਕ' ਆਖਰੀ ਦਮ ਤੱਕ ਕਾਇਮ ਰੱਖਿਆ।
       ਬੇਬਾਕ, ਬੇਫਿਕਰ ਅਤੇ ਬੇਪਰਵਾਹ ਬਾਬਾ ਫੌਜਾ ਸਿੰਘ ਵਾਹਿਗੁਰੂ ਦੀ ਧੁਨ ਵਿੱਚ ਮਸਤ ਰਹਿੰਦੇ ਸਨ। ਕੌਮਾਂਤਰੀ ਸਿੱਖ ਦੌੜਾਕ ਬਾਬਾ ਫੌਜਾ ਸਿੰਘ ਦੀਆਂ ਕੈਨੇਡਾ ਫੇਰੀਆਂ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਉਹਨਾਂ ਨਾਲ ਵਿਚਾਰਾਂ ਕਰਨ ਦਾ ਸੁਭਾਗ ਮਿਲਿਆ। ਉਨਾਂ ਆਪਣੀ ਸਫਲਤਾ ਦਾ ਭੇਦ 'ਜ਼ਬਾਨ 'ਤੇ ਕਾਬੂ' ਨੂੰ ਕਰਾਰ ਦਿੱਤਾ। ਇਹ ਗੱਲ ਦੋਵੇਂ ਪਾਸਿਓਂ ਠੀਕ ਸੀ, ਖਾਣ ਪੀਣ ਪੱਖੋਂ ਵੀ ਆਪਣੀ ਜੀਭ 'ਤੇ ਕਾਬੂ ਅਤੇ ਬੋਲਣ ਪੱਖੋਂ ਵੀ ਕੰਟਰੋਲ। ਬਾਬਾ ਫੌਜਾ ਸਿੰਘ ਨੇ ਦੁਨੀਆ ਭਰ ‘ਚ ਦਸਤਾਰ ਤੇ ਸਿੱਖੀ ਦਾ ਨਾਮ ਰੌਸ਼ਨ ਕੀਤਾ ਤੇ ਅਨੇਕਾਂ ਮਨੁੱਖਾਂ ਨੂੰ ਹਿੰਮਤ ਦੀ ਪ੍ਰੇਰਨਾ ਬਖਸ਼ੀ।
     ਬਾਬਾ ਫੌਜਾ ਸਿੰਘ ਦੇ ਮੁਤਾਬਿਕ ਉਹਨਾਂ ਦਾ ਦਾ ਜਨਮ 1 ਅਪ੍ਰੈਲ 1911 ਨੂੰ ਬਿਆਸ ਪਿੰਡ, ਜ਼ਿਲ੍ਹਾ ਜਲੰਧਰ  ਵਿੱਖੇ ਹੋਇਆ ਸੀ। ਇਹ ਤਾਰੀਖ ਹੀ ਉਹਨਾਂ ਦੇ ਪਾਸਪੋਰਟ ਉਪਰ ਹੈ, ਬੇਸ਼ੱਕ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਕਾਰਨ ਉਹਨਾਂ ਦਾ ਜਨਮ ਪ੍ਰਮਾਣ ਪੱਤਰ ਨਹੀਂ ਮਿਲ ਸਕਿਆ ਸੀ।ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਉਹਨਾਂ ਮੇਰੇ ਨਾਲ ਆਪਣੇ ਬਚਪਨ ਬਾਰੇ  ਸੰਜੀਦਾ ਗੱਲਾਂ ਕੀਤੀਆਂ ਅਤੇ ਦੱਸਿਆ ਕਿ ਉਹਨਾਂ ਦੀਆਂ ਲੱਤਾਂ ਜਨਮ ਤੋਂ ਹੀ ਕਮਜ਼ੋਰ ਸਨ ਅਤੇ ਸਰੀਰ ਦਾ ਭਾਰ ਚੁੱਕਣ ਤੋਂ ਵੀ ਅਸਮਰਥ ਸਨ। ਉਹ ਇਸ ਨੂੰ ਰੱਬੀ ਕਰਾਮਾਤ ਹੀ ਮੰਨਦੇ ਸਨ ਕਿ ਜਿਹੜਾ ਬਾਲਕ ਜ਼ਿੰਦਗੀ ਦੇ ਪੰਜ ਵਰ੍ਹੇ ਚੰਗੀ ਤਰ੍ਹਾਂ ਨਹੀਂ ਚੱਲਿਆ, ਉਹ ਬਜ਼ੁਰਗੀ ਦੀ ਉਮਰ 'ਚ ਜਾ ਕੇ, ਜ਼ਿੰਦਗੀ ਦੀ ਦੌੜ ਵਿੱਚ ਸਾਰਿਆਂ ਨੂੰ ਪਿੱਛੇ ਛੱਡ ਜਾਏਗਾ। ਬਾਬਾ ਫੌਜਾ ਸਿੰਘ ਦਾ ਕੱਦ 5 ਫੁਟ 8 ਇੰਚ ਤੇ ਸਰੀਰਕ ਵਜ਼ਨ  52 ਕਿਲੋਗ੍ਰਾਮ ਸੀ।
    ਨਿਰਮਲ ਤੇ ਨਿਰਛਲ ਸੋਚ ਦੇ ਧਾਰਨੀ, ਸਾਦ ਮੁਰਾਦੇ ਅਤੇ ਸਰਲ ਸੁਖੈਨ ਖਿਆਲਾਂ ਵਾਲੇ ਬਾਬਾ ਫੌਜਾ ਸਿੰਘ ਬੇਹਦ ਮਿਲਣਸਾਰ ਮਨੁੱਖ ਸਨ। ਇੰਗਲੈਂਡ ਵਾਸੀ ਲਿਖਾਰੀ ਡਾ. ਗੁਰਦੀਪ ਸਿੰਘ ਜਗਬੀਰ ਲਿਖਦੇ ਹਨ ਕਿ ਜ਼ਿੰਦਗੀ ਦੇ ਕਈ ਉਤਾਰ ਚੜਾਓ ਦੇਖਣ ਤੋਂ ਬਾਅਦ 1990 ਦੇ ਦਹਾਕੇ ਵਿੱਚ ਭਾਈ ਫੌਜਾ ਸਿੰਘ ਇੰਗਲੈਂਡ ਆ ਗਏ ਅਤੇ ਲੰਡਨ ਦੇ ਇਲਫੋਰਡ ਵਿੱਖੇ ਆਪਣੇ ਇੱਕ ਪੁੱਤਰ ਨਾਲ ਕਾਫੀ ਸਮਾਂ ਰਹਿੰਦੇ ਰਹੇ। ਉਹਨਾਂ ਕਈ ਉਮਰ ਵਰਗਾਂ ਵਿੱਚ ਕਈ ਵਿਸ਼ਵ ਰਿਕਾਰਡ ਤੋੜੇ ਕੇ ਆਪਣੇ ਨਾਮ ਕੀਤੇ। 2003 ਸਾਲ ਦੇ ਦੌਰਾਨ ਲੰਡਨ ਮੈਰਾਥਨ  ਦੇ ਲਈ ਉਹਨਾਂ ਦਾ ਨਿੱਜੀ ਸਭ ਤੋਂ ਵਧੀਆ ਸਮਾਂ 6 ਘੰਟੇ 2 ਮਿੰਟ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਬਾਬਾ ਫੌਜਾ ਸਿੰਘ ਨੇ ਸਾਲ 2000 ਦੇ ਦੌਰਾਨ ਲੰਡਨ ਮੈਰਾਥਨ ਦੇ ਲਈ ਆਪਣੀ ਪਹਿਲੀ ਦੌੜ, ਦੌੜੀ ਸੀ ਅਤੇ ਬੜੀ ਆਸਾਨੀ ਦੇ ਨਾਲ 20 ਕਿਲੋਮੀਟਰ ਤੱਕ ਦੌੜ ਕੇ ਇਹ ਪੈਂਡਾ ਤੈਅ ਕੀਤਾ ਸੀ। 93 ਸਾਲ ਦੀ ਉਮਰ ਵਿੱਚ, 90 ਤੋਂ ਵੱਧ ਉਮਰ ਵਰਗ ਵਾਲੀ ਮੈਰਾਥਨ, ਭਾਈ ਫੌਜਾ ਸਿੰਘ ਨੇ 6 ਘੰਟੇ ਅਤੇ 54 ਮਿੰਟ ਵਿੱਚ ਪੂਰੀ ਕੀਤੀ, ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਮੈਰਾਥਨ ਨਾਲੋਂ 58 ਮਿੰਟ ਤੇਜ਼ ਸੀ।
    ਮੈਰਾਥਨ ਦੌੜਾਂ ਦੇ ਬਾਦਸ਼ਾਹ ਬਾਬਾ ਫੌਜਾ ਸਿੰਘ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। 100 ਸਾਲ ਦੀ ਉਮਰ ਵਿੱਚ, ਪਗੜੀਧਾਰੀ ਝੱਖੜ ਬਾਬਾ ਫ਼ੌਜਾ ਸਿੰਘ ਨੇ ਕੈਨੇਡਾ ਦੇ ਬਿਰਚਮਾਉਂਟ ਸਟੇਡੀਅਮ ਵਿੱਖੇ ਆਯੋਜਿਤ ਵਿਸ਼ੇਸ਼ ਓਂਟਾਰੀਓ ਮਾਸਟਰਜ਼ ਐਸੋਸੀਏਸ਼ਨ ਇਨਵੀਟੇਸ਼ਨਲ ਮੀਟ ਵਿੱਚ 'ਇੱਕ ਦਿਨ ਵਿੱਚ ਅੱਠ ਵਿਸ਼ਵ ਰਿਕਾਰਡ' ਆਪਣੇ ਨਾਮ ਕੀਤੇ। ਆਯੋਜਕਾਂ ਵੱਲੋਂ ਮਿੱਥੇ ਸਮੇਂ ਦੇ ਮੁਤਾਬਿਕ, 100 ਮੀਟਰ 23.14 ਵਿੱਚ, 200 ਮੀਟਰ 52.23 ਵਿੱਚ , 400 ਮੀਟਰ 2:13.48 ਵਿੱਚ, 5:32.18 ਵਿੱਚ ,800 ਮੀਟਰ 11:27.81 ਵਿੱਚ, 1500 ਮੀਟਰ , 11:53.45 ਵਿੱਚ , 3000 ਮੀਟਰ 24:52.47 ਵਿੱਚ , ਅਤੇ 5000 ਮੀਟਰ, 49:57.39 ਵਿੱਚ ਦੌੜ ਕੇ ਇੱਕ ਦਿਨ ਵਿੱਚ ਪੰਜ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ। 16 ਅਕਤੂਬਰ 2011 ਨੂੰ, ਭਾਈ ਫ਼ੌਜਾ ਸਿੰਘ ਸਿੰਘ ਨੂੰ ਟੋਰਾਂਟੋ ਵਾਟਰਫਰੰਟ ਮੈਰਾਥਨ, 8:11:06 ਸਮੇਂ ਵਿੱਚ ਪੂਰੀ ਕਰਨ ਦੇ ਲਈ, 'ਪਹਿਲਾ 100 ਸਾਲਾ ਦਾ ਵਿਅਕਤੀ' ਬਣਨ ਦਾ ਮਾਣ ਹਾਸਲ ਹੋਇਆ। ਇੱਕ ਵਾਰ ਜਦੋਂ ਬਾਬਾ ਫੌਜਾ ਸਿੰਘ ਨੂੰ ਮਾਨ-ਸਨਮਾਨ ਅਤੇ ਅਵਾਰਡਾਂ ਬਾਰੇ ਪੁੱਛਿਆ, ਤਾਂ ਉਹਨਾਂ ਕਿਹਾ ਕਿ ਮੈਂ ਇਹਨਾਂ ਸੰਸਾਰਕ ਮਾਨ-ਸਨਮਾਨਾਂ ਦੀ ਥਾਂ, ਲੋਕਾਂ ਵੱਲੋਂ ਮਿਲੇ ਬੇਅੰਤ ਅਤੇ ਅਥਾਹ ਸਤਿਕਾਰ ਅਤੇ ਵਿਸ਼ੇਸ਼ ਕਰਕੇ ਦੁਨੀਆ ਭਰ ਦੇ ਸਿੱਖਾਂ ਵੱਲੋਂ ਮਿਲੇ ਪਿਆਰ ਨੂੰ 'ਸਭ ਤੋਂ ਵੱਡਾ ਅਵਾਰਡ' ਮੰਨਦਾ ਹਾਂ।
      ਸਹਿਜਤਾ, ਸੁਹਿਰਦਤਾ ਅਤੇ ਸਾਦਗੀ ਦੀ ਮੂਰਤ ਬਾਬਾ ਫੌਜਾ ਸਿੰਘ ਨੇ ਸੰਸਾਰ ਭਰ ਵਿੱਚ ਸਿੱਖੀ ਦਾ ਝੰਡਾ ਉੱਚਾ ਕੀਤਾ। ਉਹਨਾਂ ਦੀ ਦਸਤਾਰ 'ਤੇ ਸਜੇ ਖੰਡੇ ਦੀ ਤਸਵੀਰ ਨੇ ਸੰਸਾਰ ਭਰ ਵਿੱਚ ਸਿੱਖਾਂ ਦੀ ਪਛਾਣ ਨੂੰ ਚਾਰ ਚੰਨ ਲਾਏ ਹਨ। ਬੇਸ਼ਕ ਉਹ ਜਿਸਮਾਨੀ ਤੌਰ 'ਤੇ ਸੰਸਾਰ ਤੋਂ ਚਲੇ ਗਏ ਹਨ, ਪਰ ਉਹਨਾਂ ਦੀ ਯਾਦ ਤਾਜ਼ਾ ਰੱਖਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਬਾਬਾ ਫੌਜਾ ਸਿੰਘ ਦੀ ਤਸਵੀਰ ਸੁਸ਼ੋਭਤ ਕਰਨੀ ਚਾਹੀਦੀ ਹੈ, ਤਾਂ ਕਿ ਆਉਣ ਵਾਲੀਆਂ ਸਿੱਖ ਨਸਲਾਂ ਮਹਾਨ ਦਸਤਾਰਧਾਰੀ ਤੂਫਾਨ ਅਤੇ ਮੈਰਾਥਾਨ ਦੌੜਾਂ ਦੇ ਬਾਦਸ਼ਾਹ ਬਾਬਾ ਫੌਜਾ ਸਿੰਘ ਤੋਂ ਪ੍ਰੇਰਨਾ ਲੈ ਸਕਣ ਅਤੇ ਉਹਨਾਂ ਦੀ ਨਾਕਸ਼ੇ-ਕਦਮਾਂ 'ਤੇ ਚਲ ਸਕਣ! ਬੇਸ਼ੱਕ 14 ਜੁਲਾਈ 2025 ਨੂੰ ਬਾਬਾ ਫੌਜਾ ਸਿੰਘ ਦੇ ਅਕਾਲ ਚਲਾਣੇ ਨਾਲ ਸੰਸਾਰ ਭਰ 'ਚ ਵਸਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਹੈ। ਸਾਡੀ ਸਭਨਾਂ ਦੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਬਾਬਾ ਫੌਜਾ ਸਿੰਘ ਵਰਗੀਆਂ ਰੂਹਾਂ ਦਾ ਪਿਆਰ ਸਦਾ ਬਖਸ਼ਦੇ ਰਹਿਣ ਅਤੇ ਉਨਾਂ ਦੀ ਦੇਣ ਨੂੰ ਅਸੀਂ ਸਦਾ ਦਿਲਾਂ ਵਿੱਚ ਕਾਇਮ ਰੱਖੀਏ!