ਸਿੱਖਾਂ ਦੀ ਅਰਦਾਸ ਦਾ ਮੂਲ-ਮੁੱਢ ਕਿੱਥੋਂ ਆਇਆ - ਗੁਰਚਰਨ ਸਿੰਘ ਜਿਉਣਵਾਲਾ

ਸਿੱਖਾਂ ਦੀ ਅਰਦਾਸ ‘ਦਸਮ ਗ੍ਰੰਥ’ ਦੇ ਪੰਨਾ 119 ਤੇ ਲਿਖੀ ਵਾਰ ਸ੍ਰੀ ਭਗਾਉਤੀ ਜੀ ਕੀ ਦੀ ਪਹਿਲੀ ਪਉੜੀ ਨਾਲ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇਹ ‘ਦਸਮ ਗ੍ਰੰਥ’ ਬਣਾਇਆ ਯਾ ਲਿਖਿਆ ਹੀ ‘ਬਚਿਤ੍ਰ ਨਾਟਕ ਗ੍ਰੰਥ’ ਨੂੰ ਸਾਹਮਣੇ ਰੱਖ ਕੇ ਹੈ। ਸਾਰੇ ‘ਦਸਮ ਗ੍ਰੰਥ’ ਵਿੱਚ ‘ਬਚਿਤ੍ਰ ਨਾਟਕ ਗ੍ਰੰਥ’ ਦਾ 141-42 ਵਾਰ ਵਰਨਣ ਮਿਲਦਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਇਹ-ਇਹ ਹਿੱਸਾ “ਬਚਿਤ੍ਰ ਨਾਟਕ ਗ੍ਰੰਥ’ ਵਿਚੋਂ ਲਿਆ ਹੈ। ਤਕਰੀਬਨ 80% ਦਸਮ ਗ੍ਰੰਥ ਦਾ ਹਿਸਾ ਹੂ-ਬ-ਹੂ ਬਚਿਤ੍ਰ ਨਾਟਕ ਹੀ ਹੈ। ਜਿਸ ਨੂੰ 1892 ਵਿੱਚ ਬਣੀ ਸੋਧਕ ਕਮੇਟੀ ਨੇ ਬਦਲ ਕੇ 1897 ਵਿੱਚ ‘ਦਸਮ ਸ੍ਰੀ ਗੁਰੂ ਗ੍ਰੰਥ” ਬਣਾ ਧਰਿਆ। 1902 ਵਿੱਚ ਇਸ ਨਵੇਂ ਛਪੇ ‘ਦਸਮ ਗ੍ਰੰਥ’ ਵਿੱਚ ‘ਵਾਰ ਸ੍ਰੀ ਦੁਰਗਾ ਜੀ ਕੀ’ ਦਾ ਨਾਮ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਾਣੀਆਂ ਹੱਥ ਲਿਖਤ ਬੀੜਾਂ ਵਿੱਚ ਇਸ ਦਾ ਨਾਮ ‘ਵਾਰ ਸ੍ਰੀ ਦੁਰਗਾ ਜੀ ਕੀ” ਹੀ ਹੈ। ਹਵਾਲਾ ਪੀ.ਐਚ.ਡੀ ਦਾ ਥੀਸਿਸ ਪੰਨਾ 210 ਡਾ. ਰਤਨ ਸਿੰਘ ਜੱਗੀ ਡੀ.ਲਿਟ.। ਇਸ ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਇਹ ਲਿਖਿਆ ਹੋਇਆ ਹੈ,  “ਗੁਰਬਾਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜਿਹੜੇ ਦਸਮ ਗ੍ਰੰਥ ਨੂੰ ਗੁਰਬਾਣੀ ਮੰਨਦੇ ਹਨ ਉਹ ਇਹ ਦੱਸਣ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਗਲਤ ਲਿਖ ਕੇ ਗਏ ਹਨ ? ਇਸੇ ਕਰਕੇ ਤਾਂ ਗਿਯਾਨੀ ਮਹਿੰਦਰ ਸਿੰਘ ਰਤਨ ਦਸਮ ਗ੍ਰੰਥ ਦੇ ਲਾਸਾਨੀ ਸੋਧਕ ਬਣੇ ਹਨ?
 ਬੜੇ ਚਿਰਾਂ ਤੋਂ ਮੈਂ ਇਹ ਸੋਚਦਾ ਸੀ ਕਿ ਹੋਰ ਪੁੱਛ-ਪੜਤਾਲ ਕੀਤੀ ਜਾਵੇ ਤੇ ਇਸ ਤੋਂ ਵੀ ਕੋਈ ਹੋਰ ਪੁਰਾਣੇ ਗ੍ਰੰਥ ਦਾ ਹਵਾਲਾ ਮਿਲ ਜਾਵੇ ਜਿਸ ਨਾਲ ਸਾਨੂੰ ਹੋਰ ਸੌਖ ਹੋ ਜਾਵੇ, ਇਹ ਕਹਿਣ ਵਿੱਚ ਕਿ ਸਾਡੀ ਅਰਦਾਸ ਦੀ ਪਹਿਲੀ ਪਉੜੀ ਹੀ ਸਾਡੀ ਨਹੀਂ ਬਲਕਿ ਨਿਰਮਲਿਆਂ ਨੇ ਸਾਨੂੰ “ਗੁਰੂ ਗ੍ਰੰਥ ਸਾਹਿਬ ਜੀ” ਨਾਲੋਂ ਤੋੜਨ ਲਈ ਇਹ ਸਾਜਿਸ ਫਲਾਣੇ ਗ੍ਰੰਥ ਦੇ ਅਧਾਰ ਤੇ ਰਚੀ ਸੀ । ਜੁਲਾਈ ਦੇ ਦੂਜੇ ਹਫਤੇ ਜਦੋਂ ਮੈਨੂੰ “ ਸਿੱਖ ਬੁਲਿਟਨ ” ਦੀ ਡਿਜ਼ੀਟਲ ਕਾਪੀ ਮਿਲੀ ਤਾਂ ਡਾ. ਕਰਮਿੰਦਰ ਸਿੰਘ ਜੀ ਦਾ ਅੰਗਰੇਜ਼ੀ ਵਿੱਚ ਲਿਖਿਆ ਲੇਖ ਪੜ੍ਹ ਕੇ ਮਨ ਗਦ-ਗਦ ਹੋ ਗਿਆ। ਉਨ੍ਹਾਂ ਨੇ ਰਮਾਇਣ ਤੁਸਲੀ ਦਾਸ ਅਤੇ ਰਮਾਇਣ ਬਾਲਮੀਕ ਦਾ ਹਵਾਲਾ ਦੇ ਕੇ ਇਹ ਸਾਬਤ ਕੀਤਾ ਹੈ ਕਿ ‘ਦਸਮ ਗ੍ਰੰਥ’ ਵਿੱਚਲੀ ਚੰਡੀ ਚਰਿਤ੍ਰ ਤੀਜਾ ਦੀ ਇਹ ਪਹਿਲੀ ਪਉੜੀ ਵੀ ਹੇਠਾਂ ਵਰਣਤ ਦੋਹਾਂ ਰਮਾਇਣਾਂ ਦੇ ਅਧਾਰ ਤੇ ਹੀ ਲਿਖੀ ਗਈ ਹੈ।
ਆਓ ਹੁਣ ਦੇਖਦੇ ਹਾਂ ਕਿ ਇਹ ਦੋਵੇਂ ਰਮਾਇਣਾਂ ਕੀ ਬੋਲਦੀਆਂ ਨੇ। ਰਮਾਇਣ ਤੁਲਸੀ ਦਾਸ ਵਿੱਚ ਇਉਂ ਲਿਖਿਆ ਮਿਲਦਾ ਹੈ;
ਪਾਰਬ੍ਰਹਮ ਸਿਮਰ ਕੈ ਸ੍ਰੀ ਵਿਸ਼ਨੂੰ ਲਈਂ ਧਿਆਇ ।
 ਸ੍ਰੀ ਰਾਮ ਕ੍ਰਿਸ਼ਨ ਅਵਤਾਰ ਹਰੀ ਸੰਕਰ ਹੋਇ ਸਹਾਇ ।
 ਮਾਤ ਭਗਵਤੀ ਸਿਮਰੀਐ ਨਵ ਨਿਧ ਆਵੈ ਕਰ ਧਾਇ ।
 ਸ੍ਰੀ ਪ੍ਰਭੂ ਪ੍ਰਮਾਤਮਾ ਸਭ ਥਾਂਈ ਹੋਇ ਸਹਾਇ ।
  ਬਾਲਮੀਕ ਜੀ ਦੀ ਰਮਾਇਣ ਵਿੱਚ ਵੀ ਇਸ ਤਰ੍ਹਾਂ ਦੇ ਅਰਦਾਸ ਦੇ ਪ੍ਰਸੰਗ ਮਿਲਦੇ ਹਨ।
ਪ੍ਰਿਥਮ ਭਗਵਾਨ ਕੋ ਸਿਮਰੀਐ ਵਰਾਹ ਜੀ ਕਰੇ ਸਹਾਇ ।
ਯੱਗ ਪੁਰਸ਼ ਨਰ ਨਰਾਇਣ ਕੋ ਧਿਆਇ, ਜਿਸ ਡਿਠਿਆਂ  ਸਭ ਦੁਖ ਜਾਏ।
ਸਭ
Page from the Valmiki Ramayan
 ਮੱਛ ਕੱਛ ਕੋ ਸਿਮਰੀਐ ਨਰ ਸੰਗ ਰੂਪ ਬਸਾਏ ।
ਸ੍ਰੀ ਬਾਵਨ ਹਰ ਕਾ ਨਾਮ ਲੇ ਘਰ ਆਵੈ ਨਵ ਨਿਧ ਧਾਇ ।
ਸ੍ਰੀ ਰਾਮਚੰਦ੍ਰ ਕੋ ਸਿਮਰੀਐ ਜੋ ਪ੍ਰਗਟ ਕਰੇ ਸਹਾਇ ।
ਮੁਖ ਪਨੀਤ ਰਸਨਾ ਪਵਿਤ੍ਰ ਘਟ ਘਟ ਰਹੇਂ ਸਮਾਏ।
ਦਸਮ ਅਵਤਾਰ ਸ੍ਰੀ ਕ੍ਰਿਸ਼ਨ ਚੰਦਰ ਭਗਵਾਨ ਤਿਰਲੋਕੀ ਆਤਮਾਇ । ..........।
ਸਭ ਥਾਂਈ ਹੋਤ ਸਹਾਇ ।
‘ਦਸਮ ਗ੍ਰੰਥ’ ਪੰਨਾ 119॥ ੴ ਸ੍ਰੀ ਵਾਹਿ ਗੁਰੂ ਜੀ ਕੀ ਫਤਹ॥ ਸ੍ਰੀ ਭਗਉਤੀ ਜੀ ਸਹਾਇ॥ ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸ਼ਾਹੀ 10॥ ਪ੍ਰਿਥਮ ਭਗਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ਅਰਜਨ ਹਰਿਗੋਬਿੰਦ ਨੂੰ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ॥ ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੇ ਧਾਇ॥ ਸਭ ਥਾਈਂ ਹੋਇ ਸਹਾਇ ॥1॥
ਸਭ ਤੋਂ ਪਹਿਲਾਂ ਆਪਾਂ ਲਿਖਣ ਤਰੀਕੇ ਨੂੰ ਦੇਖੀਏ ਤਾਂ ਪਤਾ ਚੱਲਦਾ ਹੈ ਕਿ ‘ਦਸਮ ਗ੍ਰੰਥ’ ਦੇ ਲਿਖਾਰੀ ਨੇ ਇਨ੍ਹਾਂ ਰਮਾਇਣਾਂ ਨੂੰ ‘ਚੰਡੀ ਦੀ ਵਾਰ’ ਯਾ ‘ਵਾਰ ਭਗਉਤੀ ਜੀ ਕੀ’ ਯਾ ‘ਵਾਰ ਦੁਰਗਾ ਕੀ’, ਇਹ ਸਾਰੇ ਨਾਮ ਇਕੋ ਹੀ ਦੇਵੀ ਦੇ ਹਨ, ਲਿਖਣ ਲਈ ਵਰਤਿਆ ਹੈ। “ਮਾਤ ਭਗਵਤੀ” ਨੂੰ ਸਿਮਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ “ਨਰ ਨਾਰਾਇਣ” ਨੂੰ ਸਿਮਰਨ ਨਾਲ, ਡਿਠਿਆਂ ਸਭ ਦੁਖ ਜਾਇ, ਦੁੱਖ ਚਲੇ ਜਾਂਦੇ ਹਨ, ਭਾਵ ਦੁੱਖ ਦੂਰ ਹੋ ਜਾਂਦੇ ਹਨ। ਏਹੋ ਕੁੱਝ ਹੀ ਤਾਂ ‘ਦਸਮ ਗ੍ਰੰਥ’ ਵਾਲੀ “ਵਾਰ ਸ੍ਰੀ ਦੁਰਗਾ ਜੀ ਕੀ” ਦੀ ਪਹਿਲੀ ਪਉੜੀ ਸਾਨੂੰ ਸਿਖਾਉਂਦੀ ਹੈ ਕਿ ਜੇ ਹਰਿ ਕ੍ਰਿਸ਼ਨ ਜੀ ਨੂੰ ਧਿਆਓਗੇ ਤਾਂ ਸਭ ਦੁੱਖ ਜਾਇ, ਦੁੱਖ ਚਲੇ ਜਾਣਗੇ ਅਤੇ ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਸਿਮਰੋਗੇ ਤਾਂ ਤੁਹਾਨੂੰ ਨਉਨਿਧਿ, ਸਾਰੇ ਧਨ ਦੌਲਤ, ਪ੍ਰਾਪਤ ਹੋ ਜਾਣਗੇ। ਪਰ ਇਹ ਤਾਂ ਸਿੱਖੀ ਸਿਧਾਂਤਾਂ ਦੇ ਹੈ ਹੀ ਉਲਟ। ਸਿੱਖੀ ਦੇ ਸਿਧਾਂਤ ਜੋ “ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਹਨ ਉਹ ਤਾਂ ਸਾਨੂੰ “ਇਕ” ਦੇ ਲੜ ਲਾਉਂਦੇ ਹਨ। ਜਿਵੇਂ;
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ॥ ਪੰਨਾ 521, ਮ:5 ॥,
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ॥ ਪੰਨਾ 679, ਮ:5 ॥
ਏਕੰਕਾਰ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ॥ ਪੰਨਾ 916, ਮ:5 ॥
ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਮਾਣ “ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਹਨ। ਸਾਨੂੰ ਤਾਂ ਸਿਖਿਆ ਹੀ ਇੱਕ ਨਾਲ ਇੱਕ-ਮਿੱਕ ਹੋਣ ਦੀ ਦਿੱਤੀ ਗਈ ਹੈ। ਜਿਵੇਂ:
ਸਾਹਿਬੁ ਮੇਰਾ ਏਕੋ ਹੈ॥
ਏਕੋ ਹੈ ਭਾਈ ਏਕੋ ਹੈ”॥1॥ ਰਹਾਉ॥ ਪੰਨਾ 350, ਮ:1॥
ਤਾਂ ਅਸੀਂ ਕਿਸੇ ਵੀ ਤਰ੍ਹਾਂ ਦੇ ਪਦਾਰਥਾਂ ਦੀ ਪ੍ਰਾਪਤੀ ਲਈ “ਇਕੁ” ਨੂੰ ਛੱਡ ਕੇ ਦੂਸਰੇ ਦੇ ਦਰ ਤੇ ਨਹੀਂ ਜਾਣਾ ਅਤੇ ਅਸੀਂ ਜੁੜਨਾ ਹੀ “ਏਕੋ” ਨਾਲ ਹੈ।
‘ਦਸਮ ਗ੍ਰੰਥ’ ਪੰਨਾ 119 ਤੋਂ 127 ਤਕ ਇਸ ਵਾਰ ਵਿੱਚ, ਤੈਂ ਹੀ ਦੁਰਗਾ ਸਾਜਿ ਕੈ, ਨ੍ਹਾਵਣ ਆਈ ਦੁਰਗਸ਼ਾਹ,  23 ਵਾਰੀਂ ‘ਦੁਰਗਾ’ 6 ਵਾਰੀ ਦੁਰਗਸ਼ਾਹ, ਜਗਮਾਤ, ਕਾਲਕਾ ਅਤੇ ਦੇਵੀ ਲਫਜ਼ ਦੁਰਗਾ ਦੀ ਉਸਤੱਤ ਲਈ ਆਇਆ ਹੈ ਅਤੇ ਅਖੀਰਲੀ ਪਉੜੀ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੰਦੀ ਕਿ ਇਹ ਵਾਰ ਦੁਰਗਾ ਕੀ ਨਹੀਂ ਹੈ।
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ”॥55॥ ਦ.ਗ੍ਰੰ. ਪੰਨਾ 127॥
ਜਿਹੜੇ ਵੀਰ ਭਗਉਤੀ ਦਾ ਅਰਥ ਕਿਰਪਾਨ, ਕ੍ਰਿਪਾਨ, ਯਾ ਸ਼ਕਤੀ ਯਾ ਪ੍ਰਮਾਤਮਾ ਕਰਦੇ ਹਨ ਉਨ੍ਹਾਂ ਵਾਸਤੇ “ ਸ੍ਰੀ ਸ਼ੱਸਤ੍ਰ ਨਾਮ ਮਾਲਾ ਪੁਰਾਣ ਲਿਖਯਤੇ” ਜੋ ‘ਦਸਮ ਗ੍ਰੰਥ’ ਦੇ ਪੰਨਾ 717 ਤੋਂ ਸ਼ੁਰੂ ਹੁੰਦੀ ਹੈ ਅਤੇ ਇਸੇ ਪੰਨੇ ਦੇ ਹੇਠ ਭਗਉਤੀ ਦੇ ਮਤਲਬ ‘ਤਲਵਾਰ’ ਕੀਤੇ ਹਨ ਉਨ੍ਹਾਂ ਅਕਲ ਦੇ ਅੰਨਿਆਂ ਨੂੰ ਇਸੇ ਗ੍ਰੰਥ ਦਾ ਪੰਨਾ 718, ਮਤਲਬ ਸ਼ੱਸਤ੍ਰ ਨਾਮ ਮਾਲਾ ਦਾ ਦੂਜਾ ਪੰਨਾ, ਪੜ੍ਹਨਾ ਚਾਹੀਦਾ ਹੈ ਜਿਸਦਾ ਬੰਦ ਨੰਬਰ 21 ਸਾਫ ਕਰਦਾ ਹੈ ਕਿ ਭਗਉਤੀ ਦਾ ਮਤਲਬ ਤਲਵਾਰ ਯਾ ਕ੍ਰਿਪਾਨ ਨਹੀਂ ਸਗੋਂ ਕ੍ਰਿਪਾਨ ਵਾਸਤੇ ਕ੍ਰਿਪਾਨ ਹੀ ਆਇਆ ਹੈ। ਜਿਵੇਂ;
ਤੁਮ ਬੈਰਣ ਪ੍ਰਥਮੈ ਹਨੋ ਬਹੁਰ ਬਜੈ ਕ੍ਰਿਪਾਨ॥21॥ ਦ. ਗ੍ਰੰ.ਪੰਨਾ 718॥
ਤੁਮ ਭਗਉਤੀ ਵਾਸਤੇ ਅਤੇ ਭਗਉਤੀ ਦਾ ਮਤਲਬ ਦੇਵੀ ਅਤੇ ਕ੍ਰਿਪਾਨ ਵਾਸਤੇ ਲਫਜ਼ ਕ੍ਰਿਪਾਨ ਹੀ ਆਇਆ ਹੈ। ਸਾਰੇ ‘ਦਸਮ ਗ੍ਰੰਥ’ ਵਿੱਚ ਭਗਉਤੀ ਦੀ ਹੀ ਉਸਤੱਤ ਕੀਤੀ ਗਈ ਹੈ। ਜੇ ਅਸਪਾਨ, ਅਸਕੇਤ, ਅਸਧੁਜਿ, ਖੜਗਕੇਤ,  ਕਾਲ ਅਤੇ ਮਹਾਂਕਾਲ ਦੀ ਉਸਤੱਤ ਕੀਤੀ ਗਈ ਹੈ ਤਾਂ ਲਾਜ਼ਮੀ ਹੀ ਇੱਕ ਦੋ ਬੰਦਾਂ ਬਾਅਦ ਕਾਲ ਯਾ ਮਹਾਂਕਲ ਅਤੇ ਦੇਵੀ, ਦੋਹਾਂ ਇਕੱਠਿਆਂ ਦੀ ਉਸਤੱਤ ਵੀ ਕੀਤੀ ਗਈ ਹੈ, ਜੋ ਹਿੰਦੂ ਸਿਧਾਂਤ ਹੈ ਜਿਵੇਂ ਸੀਤਾ-ਰਾਮ, ਰਾਧੇ ਸ਼ਿਆਮ, ਵਿਸ਼ਨੂੰ ਤੇ ਲੱਛਮੀ, ਸ਼ਿਵ ਜੀ ਤੇ ਪਾਰਬਤੀ ਆਦਿ, ਜੋ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤ ਨਾਲ ਟਕਰਾਉਂਦਾ ਹੈ।
ਪਰ ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਲੋਕ ਦਰਜ ਹਨ ਜੋ ਅਰਦਾਸ ਲਈ ਵਰਤੇ ਜਾ ਸਕਦੇ ਹਨ। ਜਿਵੇਂ;
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਪੰਨਾ 268, ਮ:5॥
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥ ਪੰਨਾ 383, ਮ:5॥
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥ ਪੰਨਾ 103,ਮ: 5॥
ਅਰਦਾਸ ਸਮੇਂ ਸਮੇਂ ਸਿਰ ਬਦਲਦੀ ਰਹੀ ਹੈ। 1947 ਤੋਂ ਬਾਅਦ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ; ਜਿਨ੍ਹਾਂ ਗੁਰਦਿਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ। ਇਸੇ ਹੀ ਤਰ੍ਹਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਵੰਡ ਤੋਂ ਬਾਅਦ ਸੰਤ ਫਤਿਹ ਸਿੰਘ ਨੇ ਦਮ-ਦਮਾ, ਗੁਰੂ ਕੀ ਕਾਸ਼ੀ, ਸਾਬੋ ਕੀ ਤਲਵੰਡੀ ਨੂੰ ਪੰਜਵਾਂ ਤਖਤ ਬਣਾ ਦਿੱਤਾ ਨਹੀਂ ਤਾਂ ਪਹਿਲੇ ਪੁਰਾਣੇ ਗੁਟਕਿਆਂ ਵਿੱਚ, ਜੋ 1964 ਤੋਂ ਪਹਿਲਾਂ ਛਪੇ ਹਨ, ‘ਚੌਹਾਂ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ’ ਲਿਖਿਆ ਹੀ ਮਿਲਦਾ ਹੈ।
ਸਿੱਖ ਸੰਗਤ ਜੀ ਜਾਗੋ! ਹੰਭਲਾ ਮਾਰੋ ਆਪਣੇ ਗੁਰਦਵਾਰਿਆਂ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲਓ, ਠੱਗਾਂ ਨੂੰ ਲਾਂਭੇ ਕਰੋ, ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣਾਓ। ਤਾਂਕਿ ਭੂੱਖੇ ਅਤੇ ਨੰਗੇ ਮਰ ਰਹੇ ਸਿੱਖਾਂ ਦੀ ਬਾਂਹ ਫੜੀ ਜਾ ਸਕੇ। ਉਹ ਕਿਸੇ ਹੋਰ ਧਰਮ ਨੂੰ ਅਪਨਾਉਣ ਤੋਂ ਬਚਾਏ ਜਾ ਸਕਣ। ਨੰਗਿਆਂ ਦਾ ਨੰਗ ਢੱਕਣਾ ਅਤੇ ਭੁੱਖਿਆਂ ਦਾ ਢਿੱਡ ਭਰਨਾ ਹੀ ਸਿੱਖੀ ਦਾ ਮੁੱਢਲਾ ਅਸੂਲ ਹੈ। ਇਸ ਅਸੂਲ ਨੂੰ ਸਿੱਖ ਹਰ ਰੋਜ ਆਪਣੀ ਅਰਦਾਸ ਵਿੱਚ ਬੇਨਤੀ ਦੇ ਤੌਰ ਤੇ ਲੱਖਾਂ ਵਾਰੀ ਦੁਹਰਾਉਂਦਾ ਹੈ। ਜਿਵੇਂ;  ਨਿਮਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਪਿਤਾ ਬੇਨਤੀ ਪ੍ਰੀਵਾਨ ਕਰਨਾ ਜੀ। ਬਸ ਅਸੀਂ ਇਹ ਸਭ ਕੁੱਝ ਬੋਲੀ ਹੀ ਜਾਵਾਂਗੇ ਯਾ ਕੁੱਝ ਕਰਾਂਗੇ ਵੀ। ਕੀ ਇਨ੍ਹਾਂ ਅਰਦਾਸਾਂ ਵੱਲ ਕਦੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਨੇ ਧਿਆਨ ਦਿੱਤਾ ਹੈ ਯਾ ਫਿਰ ਗੋਲਕਾਂ ‘ਚ ਪੈਂਦੇ ਅਰਬਾਂ ਰੁਪਿਆਂ ਨੂੰ ਆਪਣੀਆਂ ਕੁਰਸੀਆਂ ਤੇ ਪ੍ਰਧਾਨਗੀਆਂ ਦੀ ਸਾਂਭ ਸੰਭਾਲ ਕਰਨ ਵਾਸਤੇ ਹੀ ਖਰਚ ਕਰਨ ਵੱਲ ਧਿਆਨ ਦੇਣਾ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ #+1 647 966 31332