ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਅਨਮੋਲ ਗਗਨ ਮਾਨ ਨੇ ਚੌਵੀ ਘੰਟਿਆਂ ਵਿਚ ਹੀ ਆਪਣਾ ਅਸਤੀਫ਼ਾ ਵਾਪਸ ਲਿਆ- ਇਕ ਖ਼ਬਰ
ਵਾਢੀ ਨਾਲ਼ ਕਰੂੰਗੀ ਤੇਰੇ, ਦਾਤੀ ਨੂੰ ਲੁਆ ਦੇ ਘੁੰਗਰੂ।
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਅਤੇ ਜੇਲ੍ਹ ‘ਚ ਨਸ਼ਾ ਕਰਨ ਦੇ ਲੱਗੇ ਦੋਸ਼- ਇਕ ਖ਼ਬਰ
ਜੇਲ੍ਹ ਸੁਪਰਡੈਂਟ ‘ਤੇ ਨਸ਼ਾ ਸਪਲਾਈ ਕਰਨ ਦੇ ਦੋਸ਼ ਵੀ ਲਗਾਉ ਬਈ।
ਨਕਦੀ ਘਪਲਾ ਮਾਮਲੇ ‘ਚ ਜਸਟਿਸ ਵਰਮਾ ਵਿਰੁੱਧ ਚੱਲੇਗਾ ਮਹਾਂਦੋਸ਼ - ਇਕ ਖ਼ਬਰ
ਇਹ ਮਹਾਂਦੋਸ਼ ਹੀ ਵਿਚਾਰੇ ਧਨਖੜ ਨੂੰ ਲੈ ਕੇ ਬਹਿ ਗਿਆ।
ਪਹਾੜਾਂ ‘ਚ ਪੈ ਰਹੇ ਭਾਰੀ ਮੀਂਹ ਨੇ ਪੰਜਾਬੀਆਂ ਦੀ ਚਿੰਤਾ ਵਧਾਈ- ਇਕ ਖ਼ਬਰ
ਖਾਣ ਪੀਣ ਨੂੰ ਬਾਂਦਰੀ ਤੇ ਧੌਣ ਭੰਨਾਉਣ ਨੂੰ ਜੁੰਮਾ।
ਸ਼ਸ਼ੀ ਥਰੂਰ ਨੂੰ ਕਾਂਗਰਸ ਦੇ ਪ੍ਰੋਗਰਾਮਾਂ ਵਿਚ ਨਹੀਂ ਬੁਲਾਇਆ ਜਾਵੇਗਾ- ਮੁਰਲੀਧਰਨ
ਵੇ ਘਰ ਤੇਲਣ ਦੇ ਤੇਰਾ ਚਾਦਰਾ ਖੜਕੇ।
ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿਚ ਕਿਉਂ ਹਨ ਸੁਨੀਲ ਜਾਖੜ?- ਇਕ ਸਵਾਲ
ਕਿਉਂਕਿ ਇਸ ਵਿਚੋਂ ਸੁਨੀਲ ਜਾਖੜ ਨੂੰ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦਿਸਦੀ ਹੈ।
ਓਡੀਸ਼ਾ ‘ਚ ਜੰਗਲਾਤ ਮਹਿਕਮੇ ਦੇ ਡਿਪਟੀ ਰੇਂਜਰ ਦੇ ਘਰੋਂ 1.44 ਕਰੋੜ ਨਕਦੀ, ਡੇਢ ਕਿੱਲੋ ਸੋਨਾ ਸਾਢੇ ਚਾਰ ਕਿੱਲੋ ਚਾਂਦੀ ਮਿਲੀ-ਇਕ ਖ਼ਬਰ
ਜੇ ਡਿਪਟੀ ਦੇ ਘਰੋਂ ਏਨਾ ਮਾਲ ਮਿਲਿਆ ਤਾਂ ਨਾਲ ਲਗਦੇ ਹੀ ਰੇਂਜਰ ਦੇ ਘਰ ਦੀ ਤਲਾਸ਼ੀ ਵੀ ਲੈ ਲੈਂਦੇ।
ਨਹਿਰੂ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਭੇਜਿਆ- ਪਦਮਸ਼੍ਰੀ ਸਵਰਨ ਸਿੰਘ ਬੋਪਾਰਾਏ
ਜ਼ੋਰਾਵਰ ਦਾ ਸੱਤੀਂ ਵੀਹੀਂ ਸੌ।
ਟਰੰਪ ਵਲੋਂ ਭਾਰਤੀਆਂ ਨੂੰ ਨੌਕਰੀਆਂ ਨਾ ਦੇਣ ਦਾ ਫ਼ੁਰਮਾਨ- ਇਕ ਖ਼ਬਰ
ਲੱਡੂ ਮੁੱਕ ਗਏ ਯਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।
ਈ.ਡੀ. ਹੁਣ ਸਾਰੀਆਂ ਹੱਦਾਂ ਪਾਰ ਕਰ ਰਹੀ ਹੈ- ਸੁਪਰੀਮ ਕੋਰਟ
ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ।
ਕੰਗਨਾ ਰਣੌਤ ਨੇ ਨਸ਼ਿਆਂ ਨੂੰ ਲੈ ਕੇ ਪੰਜਾਬ ਬਾਰੇ ਫਿਰ ਵਿਵਾਦਤ ਬਿਆਨ ਦਾਗ਼ਿਆ- ਇਕ ਖ਼ਬਰ
ਅੱਗ ਲਾ ਗਈ ਝਾਂਜਰਾਂ ਵਾਲੀ, ਲੈਣ ਆਈ ਪਾਣੀ ਦਾ ਛੰਨਾ।
ਜੰਗਬੰਦੀ ਕਰਵਾਉਣ ਵਾਲੇ ਟਰੰਪ ਕੌਣ ਹੁੰਦੇ ਹਨ- ਰਾਹੁਲ ਗਾਂਧੀ
ਅਖੇ ਤੂੰ ਕੌਣ ਬਈ? ਮੈਂ ਖਾਹ ਮਖਾਹ।
ਅਮਰੀਕਾ ਦੁਬਾਰਾ ਯੂਨੈਸਕੋ ਤੋਂ ਵੱਖ ਹੋਵੇਗਾ, ਅਮਰੀਕਾ ਦਾ ਦੋਸ਼ ਕਿ ਯੂਨੈਸਕੋ ਇਜ਼ਰਾਈਲ ਨਾਲ ਪੱਖਪਾਤ ਕਰਦਾ ਹੈ-ਇਕ ਖ਼ਬਰ
ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ।
ਜਾਖੜ ਦੇ ਅਕਾਲੀ-ਭਾਜਪਾ ਗੱਠਜੋੜ ਦੇ ਬਿਆਨ ਨੂੰ ਲੈਕੇ ਛਿੜੀ ਚਰਚਾ- ਇਕ ਖ਼ਬਰ
ਕੱਚੇ ਯਾਰ ਨੇ ਖਿੱਲਾਂ ਦਾ ਬੁੱਕ ਸੁੱਟਿਆ, ਤ੍ਰਿੰਞਣਾਂ ‘ਚ ਰੌਲ਼ਾ ਪੈ ਗਿਆ
ਬਾਜਵਾ ਨੇ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਪਰਵਾਸੀ ਭਾਰਤੀਆਂ ਨੂੰ ਸੁਰੱਖਿਅਤ ਪੰਜਾਬ ਦਾ ਦਿਤਾ ਭਰੋਸਾ- ਇਕ ਖ਼ਬਰ
ਸਿਆਸਤ ਦੇ ਖਿਡਾਰੀਓ ਤੁਹਾਡੇ ਲਾਰੇ ਤੇ ਮੁੰਡੇ ਰਹਿਣ ਕੁਆਰੇ।
============================================================================