ਸਿੱਖਾਂ ਦੀ ਅਰਦਾਸ ਬਾਰੇ ਵਿਚਾਰ ਵਿਟਾਂਦਰਾ - ਗੁਰਚਰਨ ਸਿੰਘ ਜਿਉਣਵਾਲਾ
ਕੁੱਝ ਸੱਜਣ ਐਸੇ ਹਨ ਜੋ ਨਿਰਮਲਿਆਂ ਦੀ ਪਿਛਲੇ 300 ਸਾਲਾਂ ਦੀ ਪ੍ਰਚਾਰੀ ਹੋਈ ਸਿੱਖੀ ਨੂੰ ਹੀ ਗੁਰੂ ਸਹਿਬਾਨ ਦੀ ਸਿੱਖੀ ਮੰਨੀ ਬੈਠੇ ਹਨ ਤੇ ਇੰਚ ਭਰ ਵੀ ਇੱਧਰ ਉੱਧਰ ਹਿਲਣਾ ਵੀ ਨਹੀਂ ਚਾਹੁੰਦੇ। ਜਿਵੇਂ ਰਣਜੀਤ ਸਿੰਘ ਅਜਨਾਲਾ ਨੇ ਨੁਕਤਾਚੀਨੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਦੇਵੀ ਦੇਵਤਿਆਂ ਤੋਂ ਬਹੁਤ ਪ੍ਰਭਾਵਤ ਸਨ। ਮਤਲਬ ਇਹ ਨਿਕਲਦਾ ਹੈ ਕਿ ਰਣਜੀਤ ਸਿੰਘ ਅਜਨਾਲਾ ਨੂੰ ਸਿੱਖੀ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਬਾਰੇ ਭੋਰਾ ਭਰ ਵੀ ਗਿਆਨ ਨਹੀਂ। ਗੁਰਬਾਣੀ ਦੇਵੀ ਦੇਵਤਿਆਂ ਨੂੰ ਨਿਕਾਰਦੀ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੇਵਤਿਆ ਤੋਂ ਕਿਵੇਂ ਪ੍ਰਭਾਵਤ ਹੋ ਸਕਦੇ ਹਨ, ਅਜਨਾਲਾ ਜੀ, ਜ਼ਰਾ ਸੋਚੋ?ਜਿਵੇਂ:
ਦੇਵੀਆ ਨਹੀ ਜਾਨੈ ਮਰਮ।
ਸਭ ਊਪਰਿ ਅਲਖ ਪਾਰਬ੍ਰਹਮ॥2॥ ਪੰਨਾ894, ਮ:5॥
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪੰਨਾ 637, ਮ:1॥
ਇਸੇ ਹੀ ਤਰ੍ਹਾਂ ਹਨ ਬਲਜਿੰਦਰ ਸਿੰਘ ਪਟਿਆਲਾ ਤੋਂ। ਉਹ ਦਸਮ ਗ੍ਰੰਥ ਦੇ ਉਪਾਸ਼ਕ ਹਨ। ਜੇਕਰ ਅਸੀਂ ਆਪਣੀ ਅਰਦਾਸ ਵਿੱਚੋਂ ਪਹਿਲੀ ਪਉੜੀ ਕੱਢਦੇ ਹਾਂ, ਜੋ ਤੀਜੇ ਚੰਡੀ ਚ੍ਰਿਤਰ ਵਿਚੋਂ ਲਈ ਗਈ ਹੈ ਤੇ ਉਹ ਦੁਰਗਾ ਦੀ ਵਾਰ ਦੀ ਪਹਿਲੀ ਪਉੜੀ ਹੈ, ਤਾਂ ਦਸਮ ਗ੍ਰੰਥ ਤੇ ਸੱਟ ਵੱਜਦੀ ਹੈ। ਇਸ ਤੀਜੀ ਚੰਡੀ ਚ੍ਰਿਤਰ ਦਾ ਪੁਰਾਣੀਆਂ ਹੱਥ ਲਿਖਤ ਬੀੜਾਂ ਮੁਤਾਬਕ ਨਾਮ ਹੈ “ਵਾਰ ਦੁਰਗਾ ਕੀ” (ਹਵਾਲਾ ਪੀ.ਐਚ.ਡੀ ਥੀਸਿਸ ਰਤਨ ਸਿੰਘ ਜੱਗੀ 1960 ਈ:) ਅਤੇ 1902 ਵੇਲੇ ਜਦੋਂ ਅੱਜ ਵਾਲਾ ਦਸਮ ਗ੍ਰੰਥ ਤਿਆਰ ਕੀਤਾ ਗਿਆ ਤਾਂ ਨਾਮ ਬਦਲ ਕੇ ‘ਸ੍ਰੀ ਭਗਾਉਤੀ ਜੀ ਸਹਾਇ’ ਕਰ ਦਿੱਤਾ ਗਿਆ। ਏਸੇ ਹੀ ਵਾਰ ਦੀਆਂ ਅਖੀਰਲੀਆਂ ਸਤਰਾਂ ਸ਼ਾਹਦੀ ਭਰਦੀਆਂ ਹਨ ਕਿ ਇਹ ਵਾਰ ਦੁਰਗਾ ਕੀ ਹੀ ਹੈ। ਦਸਮ ਗ੍ਰੰਥ ਦੇ ਬਾਹਰਲੇ ਪੰਨੇ ਤੇ ਲਿਖਿਆ ਹੈ: “ਗੁਰਬਣੀ ਦੇ ਲਾਸਾਨੀ ਸੋਧਕ ਗਿਯਾਨੀ ਮਹਿੰਦਰ ਸਿੰਘ ਰਤਨ”। ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ ਤਾਂ ਇਸ ਨੂੰ ਗਿਯਾਨੀ ਮਹਿੰਦਰ ਸਿੰਘ ਰਤਨ ਸੋਧੇਗਾ?ਕੀ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਗਲਤ ਲਿਖ ਕੇ ਗਏ ਹਨ?ਜਿਵੇਂ:-
ਸਿਰ ਪਰ ਛੱਤ੍ਰ ਫਿਰਾਇਆ ਰਾਜੇ ਇੰਦ੍ਰ ਦੈ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥
ਬਲਜਿੰਦਰ ਸਿੰਘ ਜੀ ਇਸ ਦੁਰਗਾ ਦੀ ਵਾਰ ਦਾ ਹਿੰਦੀ ਸਰੋਤ ਕੀ ਹੈ। ਇਸ ਵਾਰ ਨੂੰ ਕਿਸੇ ਨੇ, ਕਿਹੜੇ ਗ੍ਰੰਥ ਵਿੱਚੋਂ, ਕਿੱਥੋਂ ਚੁੱਕ ਕੇ ਦਸਮ ਗ੍ਰੰਥ ਵਿੱਚ ਸ਼ਾਮਲ ਕੀਤਾ?
ਇੱਥੇ ਮੈਂ ਪ੍ਰੋ. ਯਾ ਪ੍ਰਿੰ. ਤੇਜਾ ਸਿੰਘ ਅੰਮ੍ਰਿਤਸਰ ਵਾਲਿਆਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗਾ। ਉਹ ਲਿਖਦੇ ਹਨ: ਸਿੱਖਾਂ ਵਿਚ ਸਿੱਖੀ ਪ੍ਰਤੀ ਭਾਵਨਾ ਦੀ ਘਾਟ ਨਹੀਂ। ਸਿੱਖ ਅੱਜ ਜੋ ਕੁੱਝ ਬਣ ਚੁੱਕਿਆ ਹੈ ਉਹ ਅਠਾਹਰਵੀਂ ਤੇ ਉਨੀਵੀਂ ਸਦੀ ਦੇ ਪ੍ਰਚਾਰ ਕਰਕੇ ਬਣਿਆ ਹੈ। ਸਿੱਖ ਨੂੰ ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਸਿੱਖੀ ਕੀ ਹੈ ਸਗੋਂ ਇਹ ਦੱਸਣ ਦੀ ਲੋੜ ਹੈ ਕਿ ਸਿੱਖੀ ਕੀ ਨਹੀਂ ਹੈ। ਪ੍ਰੋ ਤੇਜਾ ਸਿੰਘ ਹੋਰਾਂ ਦੇ ਅਕਾਲ ਚਲਾਣਾ ਕੀਤੇ ਨੂੰ ਵੀ 70-75 ਸਾਲ ਹੋ ਗਏ ਹਨ ਤੇ ਹੁਣ ਸਾਨੂੰ ਵੀਹਵੀਂ ਸਦੀ ਦੇ ਪ੍ਰਚਾਰ ਨੂੰ ਵੀ ਨਾਲ ਹੀ ਜੋੜ ਲੈਣਾ ਚਾਹੀਦਾ ਹੈ। ਜਿਵੇਂ ਪਿੰਦਰਪਾਲ ਸਿੰਘ ਜਦੋਂ ਕਥਾ ਕਰਦਾ ਇਹ ਕਹਿੰਦਾ ਹੈ, “ਜੇ ਮੇਰਾ ਗੁਰੂ ਕਹੇ ਕਿ ਦਰਖਤਾਂ ਨਾਲੋਂ ਮਠਿਆਈਆਂ ਤੋੜ ਲਵੋ ਤਾਂ ਜ਼ਰੂਰ ਹੀ ਦਰਖਤਾਂ ਨੂੰ ਮਠਿਆਈਆਂ ਲੱਗ ਸਕਦੀਆਂ ਹਨ”। ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਤਾਂ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” ਦੇ ਅਰਥ ਵੀ ਨਹੀਂ ਸਮਝੇ। ਕਿਸੇ ਵੀ ਗੁਰੂ ਸਹਿਬਾਨ ਨੇ ਕੁਦਰਤੀ ਨਿਯਮਾਂ ਦੇ ਉਲਟ ਜਾ ਕੇ ਕੁੱਝ ਨਹੀਂ ਕੀਤਾ।
ਅਠਾਹਰਵੀਂ ਸਦੀ ਵਿਚ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਬਾਅਦ ਜਦੋਂ ਨਿਰਮਲਿਆਂ ਨੇ ਮੁਕੰਮਲ ਤੌਰ ਤੇ ਗੁਰਧਾਮਾਂ ਤੇ ਕਬਜ਼ਾ ਕਰ ਲਿਆ ਤਾਂ ਸਿੱਖੀ ਸਿਧਾਂਤਾਂ ਵਿਚ ਰਲਾ ਪਾਉਣ ਵਾਸਤੇ ਯਾ ਸਿੱਖੀ ਨੂੰ ਖਤਮ ਕਰਨ ਵਾਸਤੇ ਜੋ ਉਨ੍ਹਾਂ ਨੂੰ ਗੁਰੂ ਨਾਨਕ ਪਾਤਸਾਹ ਦੇ ਵੇਲੇ ਤੋਂ ਹੀ ਚੁੱਭਦੀ ਪਈ ਸੀ ਤਾਂ ਰਮਾਇਣਾਂ, ਮਹਾਂਭਾਰਤ ਗ੍ਰੰਥਾਂ ਦਾ ਉਲੱਥਾ ਕਰਨਾ ਸ਼ੁਰੂ ਕੀਤਾ। ਉਸੇ ਵੇਲੇ ਹੀ ਗੁਰਬਿਲਾਸ ਪਾਤਸ਼ਾਹੀ ਛੇਵੀਂ, ਸਿੱਖਾਂ ਦੀ ਭਗਤਮਾਲਾ, ਦਸਵੇਂ ਪਾਤਸ਼ਾਹ ਕਾ ਗ੍ਰੰਥ/ਦਸਮ ਗ੍ਰੰਥ, ਸਰਬ ਲੋਹ ਗ੍ਰੰਥ, ਗੋਬਿੰਦ ਗੀਤਾ, ਸਹੰਸਰ ਨਾਮਾ, ਮਾਲਕੌਸ ਦੀ ਵਾਰ ਅਤੇ ਹੋਰ ਬਹੁਤ ਸਾਰੇ ਗ੍ਰੰਥ ਜਿਨ੍ਹਾਂ ਦਾ ਮੂਲ ਪਾਠ ਸੰਸਕ੍ਰਿਤ ਯਾ ਕਿਸੇ ਹੋਰ ਭਾਸ਼ਾ ਵਿਚ ਸੀ ਗੁਰਮੁੱਖੀ ਵਿਚ ਉਲੱਥਾ ਕਰਕੇ ਕੋਈ ਭਾਈ ਮਨੀ ਸਿੰਘ, ਕੋਈ ਬਾਬਾ ਦੀਪ ਸਿੰਘ ਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਚਮੇੜ ਦਿੱਤੇ ਜਿਸ ਦੇ ਅਸੀਂ ਅੱਜ ਐਨੇ ਸ਼ਿਕਾਰ ਹੋ ਚੁੱਕੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਚਿੱਤ ਚੇਤਾ ਵੀ ਨਹੀਂ ਆਉਂਦਾ। ਜਦੋਂ ਮੈਂ ਇੰਡੋਨੇਸ਼ੀਆ ਗਿਆ ਤਾਂ ਉਹ ਮਲਾਈ ਭਾਸ਼ਾ ਵਿਚ ਰਮਾਇਣ ਦੀਆਂ ਝਾਕੀਆਂ ਕੱਢ ਰਹੇ ਸਨ ਅਤੇ ਥਾਈਲੈਂਡ ਵਾਲੇ ਥਾਈ ਭਾਸ਼ਾ ਵਿਚ ਰਮਾਇਣ ਮਹਾਂਭਾਰਤ ਗਾਉਂਦੇ, ਪੜ੍ਹਦੇ ਹਨ। ਦਰਅਸਲ ਸਨਾਤਨ ਧਰਮ ਦੇ ਚਾਰ ਕੇਂਦਰ, ਜਿਵੇਂ ਮਥਰਾ ਬਿੰਦਰਾ ਬਨ, ਹਰੀਦੁਆਰ ਰਿਸ਼ੀਕੇਸ਼, ਬਨਾਰਸ ਅਤੇ ਬੰਗਾਲ ਵਿੱਚ ਪਟਨਾ। ਦੱਖਣੀ ਭਾਰਤ ਵਿਚ ਕੋਈ ਵੀ ਗ੍ਰੰਥ ਹਿੰਦੀ ਯਾ ਸੰਸਕ੍ਰਿਤ ਵਿਚ ਨਹੀਂ ਭੇਜਿਆ ਜਾਂਦਾ ਸਗੋਂ ਉਹ ਤਾਮਿਲ ਯਾ ਕੰਨੜ ਭਾਸ਼ਾ ਵਿਚ ਹੀ ਮਿਲਦਾ ਹੈ ਯਾ ਜਿਹੜਾ ਸੂਬਾ ਜਿਹੜੀ ਭਾਸ਼ਾ ਬੋਲਦਾ ਹੈ ਉਸੇ ਵਿਚ ਹੀ ਅਨੁਵਾਦ ਮਿਲੇਗਾ। ਬਹੁਤੇ ਲੋਕ ਇਹੀ ਮੰਨਦੇ ਹਨ ਕਿ ਬਾਈਬਲ ਅੰਗਰੇਜ਼ੀ ਵਿਚ ਲਿਖੀ ਗਈ ਹੈ। ਨਹੀਂ ਇਹ ਅਨੁਵਾਦ ਹੈ। ਜਰਮਨ ਵਿਚ ਰਹਿੰਦਿਆਂ ਮੈਂ ਆਪ ਉਹ ਬਾਈਬਲ ਵੇਖੀ ਸੀ ਜਿਹੜੀ ਜ਼ੁਬਾਨ ਵਿੱਚ ਉਹ ਪਹਿਲਾਂ ਲਿਖੀ ਗਈ ਸੀ ਉਹ ਹੈ ਹਿਬਰੂ। ਨਾ ਉਸ ਨੂੰ ਜਰਮਨ ਲੋਕ ਪੜ੍ਹ ਸਕਦੇ ਹਨ ਤੇ ਨਾ ਹੀ ਅੰਗਰੇਜ਼ ਲੋਕ।
ਅੱਜ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਇਸ ਗ੍ਰੰਥ ਯਾ ਇਸ ਕਵਿਤਾ ਦਾ ਸਰੋਤ ਕੀ ਹੈ ਸਗੋਂ ਇਹ ਸੋਚਣ ਦੀ ਲੋੜ ਹੈ ਕਿ ਕੀ ਇਹ ਗ੍ਰੰਥ ਯਾ ਕੋਈ ਕਵਿਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ। ਜੇਕਰ ਸਿਧਾਂਤ ਇੱਕ ਹੈ ਤਾਂ ਵੀ ਗ੍ਰੰਥ ਸਾਹਿਬ ਵਿੱਚ ਜੋ ਵੀ ਦਰਜ ਹੈ ਉਹ ਸਵੀਕਾਰ ਕਰ ਲਓ ਤੇ ਬਾਕੀ ਸਭ ਨਿਕਾਰ ਦਿਓ। ਲਓ ਜੀ ਹੁਣ ਆਪਾਂ ਆਪਣੀ ਅਰਦਾਸ ਦੀ ਪਹਿਲੀ ਪਉੜੀ ਦੀ ਚੀਰ ਫਾੜ ਕਰਦੇ ਹਾਂ:
ਪ੍ਰਿਥਮ ਭਗਾਉਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ॥ ਪਹਿਲਾਂ ਭਗਾਉਤੀ ਨੂੰ ਸਿਮਰਦੇ ਹਾਂ ਜਿਸ ਨੂੰ ਗੁਰੂ ਨਾਨਕ ਜੀ ਨੇ ਵੀ ਧਿਆਇਆ। ‘ਲਈਂ’ ਲਫਜ਼ ਦੱਸਦਾ ਹੈ ਕਿ ਭਗਾਉਤੀ ਕੋਈ ਇਸਤ੍ਰੀ ਲਿੰਗ ਹੈ। ਕੀ ਗੁਰੂ ਨਾਨਕ ਪਾਤਸ਼ਾਹ ਦੇਵੀ ਪੂਜਣਗੇ?
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ ‘ਹੋਈ’ ਲਫਜ਼ ਫਿਰ ਤੋਂ ਭਗਾਉਤੀ ਯਾ ਦੁਰਗਾ ਦਾ ਇਸਤ੍ਰੀ ਲਿੰਗ ਹੋਣ ਦਾ ਸੰਕੇਤ ਦੇ ਰਿਹਾ ਹੈ। ਕੀ ਇਨ੍ਹਾਂ ਤਿੰਨਾਂ ਗੁਰੂ ਸਾਹਿਬਾਨ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਸੇ ਭਗਾਉਤੀ/ਦੁਰਗਾ ਨੇ ਸਹਾਇਤਾ ਕੀਤੀ ਸੀ?
ਅਗਲੀ ਇੱਕ ਪੰਗਤੀ ਨੂੰ ਛੱਡ ਕੇ ਅਗਲੀਆਂ ਦੋਵੇਂ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਟਕਰਾਉਂਦੀਆਂ ਹਨ। ਕਿਵੇਂ?
ਜੇਕਰ ਦੁੱਖ ਦੂਰ ਕਰਨੇ ਹਨ ਤਾਂ:
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿੱਠੇ ਸਭ ਦੁਖ ਜਾਇ॥ ਪਰ ਹੋਰ ਵੀ ਧਿਆਨ ਨਾਲ ਪੜ੍ਹੀਏ ਤਾਂ ਅਸਲੀਅਤ ਦੀ ਸਮਝ ਪੈਂਦੀ ਹੈ। ਧਿਆਈਐ ਲਫਜ਼ ਨੂੰ ਪਦਸ਼ੇਦ ਕਰੋ। ਧਿਆਈ ਐ ਕਿ ਸ੍ਰੀ ਹਰਿਕ੍ਰਿਸ਼ਨ ਨੇ ਵੀ ਉਸ ਦੇਵੀ ਨੂੰ ਧਿਆਇਆ ਜਿਸ ਨੂੰ ਦੇਖਣ ਨਾਲ ਦੁੱਖ ਦੂਰ ਹੁੰਦੇ ਹਨ। ਓਹ ਹੈ ਸੀਤਲਾ ਦੇਵੀ। ਹਿੰਦੂ ਗ੍ਰੰਥਾਂ ਮੁਤਾਬਕ ਦੇਵੀ ਇੱਕੋ ਹੀ ਹੈ ਪਰ ਮੋਟੇ ਮੋਟੇ ਨਾਮ 14 ਹਨ ਤੇ ਜੇਕਰ ਥੋੜੀ ਢਿੱਲ ਹੋਰ ਦਿੱਤੀ ਜਾਵੇ ਤਾਂ ਉਸੇ ਦੇਵੀ ਦੇ 41 ਨਾਮ ਲਿਖੇ ਮਿਲਦੇ ਹਨ। ਇਹ ਨਾਮ ਦਸਮ ਗ੍ਰੰਥ ਵਿੱਚ ਵੀ ਮਿਲਦੇ ਹਨ।
ਤੇਗ ਬਹਾਦਰ ਸਿਮਰੀਐ ਘਰ ਨਉਨਿਧਿ ਆਵੈ ਧਾਇ॥ ਇੱਥੇ ਵੀ ਸਿਮਰੀਐ ਦਾ ਪਦਸ਼ੇਦ ਕਰੋ। ਸਿਮਰੀ ਐ, ਮਤਲਬ ਗੁਰੂ ਤੇਗ ਬਹਾਦਰ ਜੀ ਨੇ ਵੀ ਉਸ ਦੇਵੀ ਨੂੰ ਪੂਜਿਆ ਹੈ ਜਿਸ ਦੀ ਪੂਜਾ ਕਰਨ ਨਾਲ ਨਉਨਿਧਿ (ਧਨ ਦੌਲਤ, ਨੌਂ ਨਿਧਾਂ ਤੇ ਬਾਰਾਂ ਸਿਧਾਂ) ਪ੍ਰਾਪਤ ਹੁੰਦੀਆਂ ਹਨ ਤੇ ਓਹ ਹੈ ਲੱਛਮੀ ਦੇਵੀ। ਸਿਮਰੀਐ, ਧਿਆਈਐ ਇਹ ਲੋਕ ਬੋਲੀ ਹੈ ਜਿਵੇਂ ਲੋਕ ਬੋਲਦੇ ਹਨ। ਜਿਵੇਂ ਮੈਂ ਰੋਟੀ ਖਾਧੀਐ(ਮੈਂ ਰੋਟੀ ਖਾਧੀ ਹੈ ਕਿਤਾਬੀ ਬੋਲੀ)। ਉਪਰਲੀਆਂ ਪੰਗਤੀਆਂ ਵਿਚ ਨਾ ਸ੍ਰੀ ਹਰਿਕ੍ਰਿਸ਼ਨ ਜੀ ਤੇ ਨਾ ਹੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਨ ਦੀ ਗੱਲ ਹੈ ਪਰ ਜੇ ਹੈ ਵੀ ਤਾਂ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਹੈ। ਕਿਉਂਕਿ ਸਿੱਖ ਨੇ ਤਾਂ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਨਾਲ ਜੁੜਨ ਹੈ ਤੇ ਮੰਗ ਕੋਈ ਨਹੀਂ ਕਰਨੀ ਕਿਉਂਕਿ ਉਹ:
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ ਪੰਨਾ 1420॥
ਅਰਦਾਸ ਦੀ ਪਹਿਲੀ ਪਉੜੀ ਬਾਰੇ ਬੰਤਾ ਸਿੰਘ ਜੀ ਇਹ ਕਹਿੰਦੇ ਹਨ ਕਿ ਇਹ ਗੁਰਬਾਣੀ ਹੈ? ਸਾਬਤ ਕਰੋ ਬੰਤਾ ਸਿੰਘ ਜੀ ਕਿ ਇਹ ਗੁਰਬਾਣੀ ਹੈ? ਸਰੋਤਾਂ ਦੀਆਂ ਫੋਟੋ ਵੀ ਲੱਭ ਗਈਆਂ ਹਨ, ਪੰਨਾ 295।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132