
ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਸ਼੍ਰੋਮਣੀ ਕਮੇਟੀ ਨੇ ਇੰਗਲੈਂਡ ਵਿਖੇ ਖੋਲ੍ਹਿਆ ਤਾਲਮੇਲ ਸੈਂਟਰ- ਇਕ ਖ਼ਬਰ
ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਤਾਮਿਲਨਾਡੂ ਸਰਕਾਰ ਭਗਦੜ ‘ਚ 41 ਬੰਦੇ ਮਰਨ ਬਾਅਦ ਜਨਤਕ ਸਮਾਗਮਾਂ ਲਈ ਹਦਾਇਤਾਂ ਅਤੇ ਨਿਯਮ ਤਿਆਰ ਕਰੇਗੀ- ਮੁੱਖ ਮੰਤਰੀ ਸਟਾਲਿਨ
ਯਾਨੀ ਕਿ ਈਦੋਂ ਬਾਅਦ ਤੰਬਾ ਫੂਕਿਆ ਜਾਵੇਗਾ।
ਮਹੰਤ ਕਸ਼ਮੀਰ ਗਿਰੀ ਤਿੰਨ ਸਾਥੀਆਂ ਨਾਲ਼ 80 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ- ਇਕ ਖ਼ਬਰ
ਵਾਹ ਮਹੰਤ ਜੀ ਵਾਹ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।
ਬਠਿੰਡਾ ਦੀ ਅਦਾਲਤ ਵਿਚ ਕੰਗਨਾ ਰਣੌਤ ਦੀ ਅਰਜ਼ੀ ਰੱਦ- ਇਕ ਖ਼ਬਰ
ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ।
ਪੰਜਾਬ ਵਿਧਾਨ ਸਭਾ ਇਜਲਾਸ ‘ਚ ਕੇਂਦਰ ਦੇ ਰਵੱਈਏ ਵਿਰੁੱਧ ਮਤਾ ਪਾਸ- ਇਕ ਖ਼ਬਰ
ਲਾਰਾ ਲਾਈਏ ਨਾ ਬਿਗਾਨੇ ਪੁੱਤ ਨੂੰ, ਤੋੜ ਕੇ ਜਵਾਬ ਦੇ ਦੇਈਏ।
ਕੇਂਦਰ ਦੀ ਮੋਦੀ ਸਰਕਾਰ ਨੇ ਨਹੀਂ ਫੜੀ ਪੰਜਾਬ ਦੀ ਬਾਂਹ- ਨੀਲ ਗਰਗ
ਮੇਰੀ ਖ਼ਬਰ ਲੈਣ ਨਾ ਆਇਆ, ਡਿਗ ਪਈ ਹਰਮਲ ਤੋਂ।
ਪੁਲਿਸ ‘ਚ ਮਨਮਰਜ਼ੀ ਨਾਲ ਤਰੱਕੀਆਂ ਦੇਣ ਨਾਲ ਬਾਕੀ ਮੁਲਾਜ਼ਮਾਂ ‘ਚ ਨਾਰਾਜ਼ਗੀ ਪੈਦਾ ਹੁੰਦੀ ਹੈ- ਹਾਈ ਕੋਰਟ
ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।
ਮੈਂ ਹਰ ਹਾਲਤ ਵਿਚ 2027 ਦੀ ਵਿਧਾਨ ਸਭਾ ਚੋਣ ਲੜਾਂਗੀ- ਨਵਜੋਤ ਕੌਰ ਸਿੱਧੂ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।
ਪਾਕਿਸਤਾਨ ਨੇ ਟਰੰਪ ਦਾ ਗਾਜ਼ਾ ਜੰਗਬੰਦੀ ਦਾ ਪ੍ਰਸਤਾਵ ਨਕਾਰਿਆ- ਇਕ ਖ਼ਬਰ
ਤੇਰੇ ਖ਼ੁਸ਼ਕ ਮੱਕੀ ਦੇ ਦਾਣੇ , ਮਿੱਤਰਾਂ ਨੇ ਨਹੀਉਂ ਚੱਬਣੇ।
ਅਮਰੀਕਾ ਅੱਗੇ ਨਹੀਂ ਝੁਕੇਗਾ ਵੈਂਨੇਜ਼ੁਏਲਾ, ਸਾਡੀ 37 ਲੱਖ ਫੌਜ ਤਿਆਰ-ਬਰ- ਤਿਆਰ - ਰਾਸ਼ਟਰਪਤੀ ਨਿਕੋਲਸ ਮਾਦੁਰੇ
ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਡੋਨਾਲਡ ਟਰੰਪ ਦੇ ਗਾਜ਼ਾ ਉੱਪਰ ਬੰਬਾਰੀ ਨਾ ਕਰਨ ਦੇ ਸੱਦੇ ਦੇ ਬਾਵਜੂਦ ਇਜ਼ਰਾਈਲ ਵਲੋਂ ਬੰਬਾਰੀ ਜਾਰੀ- ਇਕ ਖ਼ਬਰ
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।
ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਟਕਸਾਲੀ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਨੂੰ ਆਖੀ ਅਲਵਿਦਾ- ਇਕ ਖ਼ਬਰ
ਲੱਡੂ ਮੁੱਕ ਗਏ ਯਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ।
ਕੇਂਦਰ ਸਰਕਾਰ ਸਿੱਖਾਂ ਤੇ ਕਿਸਾਨਾਂ ਨਾਲ ਕਰਦੀ ਹੈ ਨਫ਼ਰਤ- ਰਾਕੇਸ਼ ਟਿਕੈਤ
ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗ਼ੈਰਸਾਲੀ।
ਜਾਪਾਨ ਨੂੰ ਪਹਿਲੀ ਵਾਰ ਮਿਲੇਗੀ ਮਹਿਲਾ ਪ੍ਰਧਾਨ ਮੰਤਰੀ- ਇਕ ਖ਼ਬਰ
ਸਿਰ ਗੁੰਦ ਦੇ ਕੁਪੱਤੀਏ ਨੈਣੇ, ਉੱਤੇ ਪਾ ਦੇ ਡਾਕ ਬੰਗਲਾ।
ਪੰਜਾਬ ਲਈ ਇਸ ਸੰਕਟ ਦੌਰਾਨ ਫ਼ੰਡਾਂ ਦੀ ਕੋਈ ਕਮੀ ਨਹੀਂ- ਰਵਨੀਤ ਬਿੱਟੂ
ਆਂਙਣ ਦਿਸੇ ਨਾ ਖੇਡਦਾ ਬਾਲ ਮੈਨੂੰ, ਸੁੰਞੇ ਪਏ ਨੇ ਮਹਿਲ ਵੀਰਾਨ ਮੇਰੇ।
===============================================================