
ਭੋਜਨ ਵੀ ਹੈ ਇੱਕ ਦਵਾਈ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਅਕਸਰ ਹੀ ਸ਼ਾਮ ਨੂੰ ਸੈਰ ਕਰਨ ਦੇ ਲਈ ਮੈਂ ਕਸ਼ਮੀਰੀ ਪਾਰਕ ਚਲਿਆ ਜਾਂਦਾ ਸੀ ਤੇ ਦੱਬ ਕੇ ਪਾਰਕ ਦੇ ਗੇੜੇ ਲਾਉਂਦਾ ਤੇ ਕਸਰਤ ਕਰਦਾ ਸੀ। ਸਰੀਰ ਨੂੰ ਫਿਟ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਸੀ ਤੇ ਉੱਥੇ ਬੈਠ ਕੇ ਗੱਲਾਂ ਕਰਨ ਵਾਲਿਆਂ ਤੋਂ ਦੂਰੀ ਰੱਖਦਾ ਸੀ ਕਿਉਂਕਿ ਅਗਰ ਪਾਰਕ ਵਿਚ ਗੱਲਾਂ ਮਾਰਨ ਬੈਠ ਗਏ ਤਾਂ ਸੈਰ ਨਹੀਂ ਹੋਵੇਗੀ ਸਿਰਫ ਗੱਲਾਂ ਹੀ ਹੋਣਗੀਆਂ। ਪਾਰਕ ਦੇ ਟਰੈਕ ਤੇ ਪੈਦਲ ਤੁਰਨ ਦੇ ਵਿਚ ਮਸ਼ਰੂਫ ਰਹਿੰਦਾ ਸੀ। ਸੈਰ ਸਾਡੇ ਸਰੀਰ ਲਈ ਤਾਂ ਬਹੁਤ ਜਰੂਰੀ ਹੈ ਤੇ ਇਸ ਤੋਂ ਬਿਨਾਂ ਸਭ ਅਧੂਰਾ ਲੱਗਦਾ ਹੈ। ਮੇਰੀ ਖਾਣ ਪੀਣ ਦੀ ਰੋਜ਼ਾਨਾ ਵੱਖਰੀ ਜਿਹੀ ਰੁਟੀਨ ਸੀ। ਸਵੇਰ ਸਮੇਂ ਦੋ ਪਰੋਠੇ, ਮੱਖਣ ਅਤੇ ਲੱਸੀ ਤੇ ਬਾਅਦ ਵਿਚ ਇੱਕ ਮੱਗ ਚਾਹ ਦਾ ਪੀਂਦਾ ਸੀ। ਗਰਮੀ ਦੇ ਦਿਨਾਂ ਵਿਚ ਚਾਹ ਤਿੰਨ ਕੁ ਵਾਰੀ ਅਤੇ ਸਰਦੀਆਂ ਵਿਚ ਪੰਜ ਛੇ ਵਾਰੀ ਪੀਂਦਾ ਸੀ। ਕਈ ਵਾਰ ਪਕੌੜੇ, ਸਮੋਸੇ, ਪਨੀਰ, ਕੁਲਚੇ ਛੋਲੇ, ਆਂਡਾ ਬਰਗਰ, ਟਿੱਕੀਆਂ ਦਾ ਵੀ ਸ਼ਕੀਨ ਸੀ। ਸ਼ਾਮ ਨੂੰ ਬਾਜ਼ਾਰ ਜਾ ਕੇ ਕੁੱਝ ਨਾ ਕੁੱਝ ਖਾ ਹੀ ਲੈਂਦਾ ਸੀ। ਸ਼ਾਮ ਦੀ ਚਾਹ ਘਰ ਵਿਚ ਬੈਠ ਕੇ ਪੀ ਲਈ ਦੀ ਸੀ। ਅਸਲ ਵਿਚ ਮੈਂ ਨਮਕੀਨ ਤੇ ਮਸਾਲੇਦਾਰ ਚੀਜ਼ਾਂ ਦਾ ਸ਼ੌਕੀਨ ਸੀ ਪਰ ਮਿੱਠੇ ਤੋਂ ਪਹਿਲਾਂ ਤੋਂ ਹੀ ਦੂਰ ਰਹਿੰਦਾ ਸੀ। ਉਦੋਂ ਵੀ ਧਾਰਨਾ ਸੀ ਕਿ ਜਿੰਨਾ ਚਿਰ ਸਰੀਰ ਹਜ਼ਮ ਕਰਦਾ ਹੈ ਖਾਈ ਚੱਲੋ, ਕੋਈ ਗੱਲ ਨਹੀਂ। ਰਾਤ ਨੂੰ ਮੀਟ, ਮੱਛੀ ਅਤੇ ਆਂਡੇ ਵੀ ਖਾ ਲੈਂਦਾ ਸੀ। ਇਹ ਵੀ ਉਹ ਸਮਾਂ ਸੀ ਕਿ ਇਕੱਠੇ ਮਿਲ ਬੈਠ ਕੇ ਗੱਲਾਂ ਬਾਤਾਂ ਮਾਰਦੇ ਸਨ। ਬਾਜ਼ਾਰ ਦੇ ਡੱਬਾ ਬੰਦ ਭੋਜਨ ਪਦਾਰਥਾਂ ਨੂੰ ਖਾਣਾ ਵੀ ਇੱਕ ਸ਼ੌਕ ਸੀ। ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਿਹਾ। ਇੱਕ ਦਿਨ ਇੰਝ ਮਹਿਸੂਸ ਹੋਇਆ ਸੀ ਕਿ ਪਿੰਜਣੀਆਂ ਦੁਖ ਰਹੀਆਂ ਸਨ, ਸਰੀਰ ਟੁੱਟ ਭੱਜ ਰਿਹਾ ਸੀ। ਕਈ ਦਿਨਾਂ ਤੋਂ ਇਸ ਤਰਾਂ ਮਹਿਸੂਸ ਹੋ ਰਿਹਾ ਸੀ। ਮੈਂ ਜਾ ਕੇ ਡਾਕਟਰ ਸਾਹਿਬ ਨੂੰ ਦਿਖਾਇਆ। ਉਹਨਾਂ ਨੇ ਚੈੱਕ ਕਰਨ ਉਪਰੰਤ ਬਲੱਡ ਟੈਸਟ ਕਰਵਾਏ ਤਾਂ ਡਾਇਬਿਟੀਜ਼ ਆ ਗਈ। ਡਾਕਟਰ ਸਾਹਿਬ ਨੇ ਪਰਚੀ ਤੇ ਕਾਫੀ ਦਵਾਈਆਂ ਲਿਖ ਦਿੱਤੀਆਂ। ਮੈਂ ਅਕਸਰ ਹੀ ਯੂ-ਟਿਊਬ ਦੇਖਦਾ ਹੁੰਦਾ ਸੀ। ਇੱਕ ਦਿਨ ਮੈਂ ਡਾਕਟਰ ਬਿਸਵਾਰੂਪ ਰਾਓ ਚੌਧਰੀ ਦੀ ਵੀਡੀਓ ਦੇਖੀ ਜਿਸ ਵਿਚ ਉਹਨਾਂ ਨੇ ਕਿਹਾ ਕਿ ਜੇਕਰ ਬਲੱਡ ਸ਼ੂਗਰ 250 ਤੋਂ ਘੱਟ ਹੈ ਤਾਂ ਤੁਸੀਂ ਡਾਇਬਟਿਕ ਨਹੀਂ ਹੋ ਜੇ 250 ਹੈ ਜਾਂ 250 ਤੋਂ ਵੱਧ ਆਉਂਦੀ ਹੈ ਤਾਂ ਤੁਸੀਂ ਡਾਇਬਟਿਕ ਹੋ, ਇਹ ਉਹਨਾਂ ਦਾ ਮੰਨਣਾ ਹੈ। ਉਹਨਾਂ ਕਿਹਾ ਇਹ ਤਾਂ ਖਾਣ ਪੀਣ ਦੀ ਆਦਤ ਸਹੀ ਕਰਕੇ 72 ਘੰਟੇ ਵਿਚ ਠੀਕ ਹੋ ਜਾਂਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਤੁਸੀਂ ਆਪਣਾ ਖਾਣ ਪੀਣ ਦਾ ਢੰਗ ਬਦਲ ਦਿਓ ਫਿਰ ਬਿਮਾਰੀਆਂ ਦੂਰ ਭੱਜਣਗੀਆਂ। ਉਹਨਾਂ ਦਾ ਕਹਿਣਾ ਹੈ ਕਿ ਦੁੱਧ, ਦੁੱਧ ਤੋਂ ਬਣੇ ਪਦਾਰਥ, ਮਿੱਠਾ, ਮਠਿਆਈਆਂ, ਮਾਸ, ਮੱਛੀ, ਆਂਡਾ, ਡੱਬਾ ਬੰਦ ਭੋਜਨ, ਰਿਫਾਈਂਡ, ਤਾਕਤ ਵਾਲੀਆਂ ਦਵਾਈਆਂ, ਚਾਹ ਅਤੇ ਕਾਫੀ ਬੰਦ ਖਾਣਾ ਬੰਦ ਕਰ ਦਿਓ। ਕਦੇ ਵੀ ਰਾਤ ਨੂੰ 8 ਵਜੇ ਤੋਂ ਬਾਅਦ ਖਾਣਾ ਨਾ ਖਾਓ। ਸਲਾਦ, ਹਰੀਆਂ ਸਬਜ਼ੀਆਂ, ਫਰੂਟ, ਡਰਾਈ ਫਰੂਟ, ਨਾਰੀਅਲ ਪਾਣੀ, ਹੂੰਝਾ ਚਾਹ, ਪੁੰਗਰੀਆਂ ਦਾਲਾਂ, ਖਾਓ। ਕੁੱਝ ਸਮਾਂ ਧੁੱਪ ਵਿਚ ਬਤੀਤ ਕਰੋ। ਆਪਣਾ ਭਾਰ ਤੋਲੋ। ਆਪਣੇ ਭਾਰ ਨੂੰ 10 ਨਾਲ ਗੁਣਾਂ ਕਰੋ। ਉਦਾਹਰਨ ਵਜੋਂ ਜੇ ਭਾਰ 70 ਕਿਲੋ ਹੈ ਤਾਂ 70 ਕਿੱਲੋ ਨੂੰ 10 ਨਾਲ ਗੁਣਾਂ ਕਰਕੇ 700 ਬਣਦਾ ਹੈ। ਕੋਈ ਤਿੰਨ ਚਾਰ ਫਰੂਟ 700 ਗ੍ਰਾਮ ਲੈ ਕੇ 12 ਵਜੇ ਤੋਂ ਪਹਿਲਾਂ ਖਾ ਲਓ। ਹੋਰ ਕੁੱਝ ਨਹੀਂ ਖਾਣਾ। ਜਦੋਂ ਦੁਪਹਿਰ ਦਾ ਖਾਣਾ, ਖਾਣਾ ਹੋਵੇ ਤਾਂ ਉਸ ਵੇਲੇ ਸਾਡੇ ਭਾਰ ਨੂੰ ਪੰਜ ਨਾਲ ਗੁਣਾ ਕਰੋ। ਜੇਕਰ ਸਾਡਾ ਭਾਰ 70 ਕਿਲੋ ਹੈ ਤਾਂ 70 ਨੂੰ 5 ਨਾਲ ਗੁਣਾ ਕਰਕੇ ਇਹ 350 ਬਣ ਜਾਂਦਾ ਹੈ। ਇਸ ਲਈ ਖਾਣਾ ਖਾਣ ਤੋਂ ਪਹਿਲਾਂ 350 ਗ੍ਰਾਮ ਸਲਾਦ ਖਾ ਲਓ ਤੇ ਫਿਰ ਘਰ ਵਿਚ ਜੋ ਦੁਪਹਿਰ ਦਾ ਖਾਣਾ ਬਣਿਆ ਹੈ ਉਹ ਖਾ ਲਓ। ਇਸੇ ਤਰ੍ਹਾਂ ਰਾਤ ਦਾ ਖਾਣਾ ਖਾਣ ਤੋਂ ਪਹਿਲਾਂ, ਆਪਣੇ ਭਾਰ ਅਨੁਸਾਰ ਬਣਦਾ 350 ਗ੍ਰਾਮ ਸਲਾਦ ਖਾ ਲਓ ਤੇ ਫਿਰ ਘਰ ਵਿਚ ਜੋ ਖਾਣਾਂ ਬਣਿਆ ਹੈ ਉਹ ਖਾ ਲਓ। ਰਾਤ ਦਾ ਖਾਣਾਂ 8 ਵਜੇ ਤੱਕ ਜਰੂਰ ਖਾ ਲਓ, ਬਾਅਦ ਵਿਚ ਨਹੀਂ ਖਾਣਾ। ਇਹ ਉਹਨਾਂ ਦੀ ਥਿਊਰੀ ਹੈ। ਇਸ ਲਈ ਮੈਂ ਇਸ ਨੂੰ ਆਧਾਰ ਬਣਾ ਕੇ ਡਾਇਟ ਚਾਰਟ ਬਣਾ ਕੇ ਅਮਲ ਸ਼ੁਰੂ ਕਰ ਦਿੱਤਾ। ਮੈਂ ਪੂਰੀ ਮਿਹਨਤ ਨਾਲ ਪੂਰਾ ਪਰਹੇਜ ਕੀਤਾ। ਪੰਜ ਕੁ ਦਿਨਾਂ ਬਾਅਦ ਜਦੋਂ ਬਲੱਡ ਸ਼ੂਗਰ ਚੈੱਕ ਕਰਾਈ ਤਾਂ ਠੀਕ ਆਈ। ਮੇਰਾ ਮਨ ਬੜਾ ਖੁਸ਼ ਹੋਇਆ। ਫਿਰ ਮੈਂ ਆਪਣੇ ਖਾਣ ਪੀਣ ਦਾ ਢੰਗ ਇਸੇ ਤਰ੍ਹਾਂ ਕਰਦਾ ਰਿਹਾ। ਇੱਕ ਦਿਨ ਡਾਕਟਰ ਸਾਹਿਬ ਨੂੰ ਚੈੱਕ ਕਰਾਉਣ ਲਈ ਗਿਆ। ਉਹਨਾਂ ਨੇ ਰਿਪੋਰਟ ਦੇਖ ਕੇ ਕਿਹਾ ਹੁਣ ਤਾਂ ਟੈਸਟ ਰਿਪੋਰਟ ਨਾਰਮਲ ਹੈ। ਮੈਂ ਕਿਹਾ ਹਾਂ ਜੀ। ਮੈਂ ਆਪਣੇ ਮਨ ਵਿਚ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ, ਮੈਂ ਡਾਇਟ ਪਲੈਨ ਬਣਾ ਕੇ, ਖਾਣਾ ਖਾਧਾ ਤੇ ਤੁਹਾਡੇ ਵੱਲੋਂ ਦਿੱਤੀ ਕੋਈ ਵੀ ਦਵਾਈ ਨਹੀਂ ਖਾਧੀ ਤੇ ਮੈਂ ਖਾਣ ਪੀਣ ਨਾਲ ਹੀ ਆਪਣੇ ਆਪ ਨੂੰ ਠੀਕ ਕਰ ਲਿਆ ਹੈ। ਡਾਕਟਰ ਸਾਹਿਬ ਨੇ ਚੈੱਕ ਕਰਨ ਉਪਰੰਤ ਆਪਣੀ ਪਰਚੀ ਤੇ ਦਵਾਈਆਂ ਲਿਖ ਦਿੱਤੀਆਂ। ਇਹ ਦਵਾਈ ਮੈਂ ਖਰੀਦੀ ਹੀ ਨਹੀਂ। ਹੁਣ ਕਰੀਬ ਚਾਰ ਕੁ ਸਾਲ ਹੋ ਗਏ ਹਨ। ਮੈਂ ਕੁਦਰਤੀ ਸ਼ਾਕਾਹਾਰੀ ਭੋਜਨ ਖਾਂਦਾ ਹਾਂ। ਉਦੋਂ ਤੋਂ ਹੀ ਖਾਣ ਪੀਣ ਬਦਲ ਲਿਆ। ਹਰ ਹਫਤੇ ਬਲੱਡ ਸ਼ੂਗਰ ਚੈੱਕ ਕਰ ਲੈਂਦਾ ਹਾਂ। ਹੁਣ ਇਹ 120 ਤੋਂ ਥੱਲੇ ਰਹਿੰਦੀ ਹੈ ਜਿਹੜੀ ਅਜੋਕੇ ਡਾਕਟਰਾਂ ਦੀ ਰੇਂਜ ਅਨੁਸਾਰ ਹੈ। ਹੁਣ ਮੈਂ ਪਰਹੇਜ਼ ਵੀ ਦੱਬ ਕੇ ਕਰਦਾ ਹਾਂ। ਹੁਣ ਮੈਂ ਡਾਕਟਰ ਚੌਧਰੀ ਦੇ ਡੀ.ਆਈ.ਪੀ. ਡਾਈਟ ਪਲੈਨ ਤੇ ਅਮਲ ਕਰ ਰਿਹਾ ਤੇ ਇਸ ਨੂੰ ਰੋਜ਼ਾਨਾ ਦੀ ਕਾਰਜਸ਼ੈਲੀ ਵਿਚ ਸ਼ਾਮਿਲ ਕਰ ਲਿਆ ਹੈ। ਹੁਣ ਜ਼ਿੰਦਗੀ ਜਿਉਣ ਲਈ ਖਾ ਰਿਹਾ। ਡਾਕਟਰ ਚੌਧਰੀ ਦਾ ਕਹਿਣਾ ਹੈ ਕਿ ਬਿਲ ਕਲਿੰਟਨ ਨੇ ਆਪਣੇ ਪੰਜ ਸਰਜਰੀ ਆਪਰੇਸ਼ਨ ਕਰਵਾਏ ਸਨ ਜੋ ਸਫਲ ਨਹੀਂ ਹੋਏ ਸਨ ਤੇ ਫਿਰ ਉਹਨਾਂ ਨੇ ਭੋਜਨ ਪਦਾਰਥ ਖਾਣ ਵਿਚ ਤਬਦੀਲੀ ਕੀਤੀ ਤੇ ਸ਼ਾਕਾਹਾਰੀ ਭੋਜਨ ਖਾਧਾ। ਡਾਕਟਰ ਚੌਧਰੀ ਅਨੁਸਾਰ ਡੀ.ਆਈ.ਪੀ. ਡਾਇਟ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭੋਜਨ ਇੱਕ ਦਵਾਈ ਹੈ।
ਪਤਾ: ਮਕਾਨ ਨੰਬਰ 166, ਗਲੀ ਹਜਾਰਾ ਸਿੰਘ, ਮੋਗਾ-142001
ਮੋਬਾਈਲ ਵਟਸਐਪ:+91-97-810-40140