ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

29.10.2025

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਟਿੱਪਣੀ ਕਰ ਕੇ ਵਿਵਾਦ ਪੈਦਾ ਕੀਤਾ- ਇਕ ਖ਼ਬਰ

ਮੁਰਦਾ ਬੋਲੂ, ਖੱਫ਼ਣ ਪਾੜੂ।

ਟਰੰਪ ਦੀਆਂ ਨੀਤੀਆਂ ਵਿਰੁੱਧ ਅਮਰੀਕਾ ‘ਚ ਲੱਖਾਂ ਲੋਕਾਂ ਨੇ ਕੀਤੇ ਪ੍ਰਦਰਸ਼ਨ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਅਮਰੀਕਾ ‘ਚ 12 ਪੰਜਾਬੀਆਂ ਨੇ ਜਾਅਲੀ ਟਰਾਂਸਪੋਰਟ ਕੰਪਨੀ ਬਣਾ ਕੇ ਲੱਖਾਂ ਡਾਲਰਾਂ ਦੀ ਕੀਤੀ ਧੋਖਾਧੜੀ- ਇਕ ਖ਼ਬਰ

ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਦੋਹਾ ਦੀ ਵਿਚੋਲਗੀ ਮਗਰੋਂ ਜੰਗਬੰਦੀ ਲਈ ਸਹਿਮਤ ਹੋਏ ਪਾਕਿ ਅਤੇ ਅਫ਼ਗਾਨਿਸਤਾਨ-ਇਕ ਖ਼ਬਰ

ਇਸ ਵਾਰ ਵੀ ਟਰੰਪ ਨਾਲ ਤਾਂ ਉਹ ਹੋਈ ‘ਕਿ ਨ੍ਹਾਤੀ ਧੋਤੀ ਰਹਿ ਗਈ..........’

ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ਦਿਤੀ ਖੁੱਲ੍ਹੀ ਜੰਗ ਦੀ ਚਿਤਾਵਨੀ-ਇਕ਼ ਖ਼ਬਰ

ਜਾਮਨੂੰ ਦੀ ਗਿਟਕ ਜਿਹਾ, ਮੇਰੇ ਸਾਹਮਣੇ ਧੜਾ ਧੜ ਬੋਲੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੀ.ਕੇ. ਅਤੇ ਸਰਨਾ ਭਰਾਵਾਂ ਦੀ ਮੈਂਬਰਸ਼ਿੱਪ ਰੱਦ- ਇਕ ਖ਼ਬਰ

ਕਾਦਰਯਾਰ ਜੇ ਕੋਲ ਗਵਾਹ ਹੁੰਦੇ, ਕਹਿੰਦੇ ਖੋਲ੍ਹ ਹਕੀਕਤ ਸਾਰੀ।

ਗ਼ਲਤੀਆਂ ਤੋਂ ਸਿੱਖਣ ਦੀ ਬਜਾਏ ਸੁਖਬੀਰ ਧੜਾ ਗੁਨਾਹਾਂ ਦੇ ਰਾਹ ਤੁਰਿਆ- ਕਰਨੈਲ ਸਿੰਘ ਪੀਰ ਮੁਹੰਮਦ

ਇਕ ਕਮਲ਼ੀ, ਉੱਤੋਂ ਪੈ ਗਈ ਸਿਵਿਆਂ ਦੇ ਰਾਹ।

ਭ੍ਰਿਸ਼ਟਾਚਾਰ ਉੱਤੇ ਲਗਾਮ ਕੱਸਣ ਵਾਲੇ ਲੋਕਪਾਲ ਤੇ ਉਸ ਦੀ ਟੀਮ ਨੇ ਮੰਗੀਆਂ ਬੀ,ਐੱਮ.ਡਬਲਯੂ ਲਗ਼ਜ਼ਰੀ ਕਾਰਾਂ- ਇਕ ਖ਼ਬਰ

ਲੱਡੂਆਂ ਦਾ ਮੀਂਹ ਵਰ੍ਹਦਾ, ਭਰ ਲਉ ਝੋਲ਼ੀਆਂ ਮਿੱਤਰੋ।

ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਿਰੁੱਧ ਬੇਟੇ ਦੇ ਕਤਲ ਦਾ ਮਾਮਲਾ ਦਰਜ- ਇਕ ਖ਼ਬਰ

ਇਨ੍ਹਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।

ਸੰਯੁਕਤ ਰਾਸ਼ਟਰ ਵਿਚ ਸਭ ਕੁਝ ਠੀਕ ਨਹੀਂ- ਜੈਸ਼ੰਕਰ

ਨੀ ਮੈਂ ਕੀਹਨੂੰ ਆਖ ਸੁਣਾਵਾਂ, ਦਾਲ਼ ਤਾਂ ਸਾਰੀ ਕਾਲ਼ੀ ਮਾਏ।

ਹਵਾਲਗੀ ਮਗਰੋਂ ਮੇਹੁਲ ਚੌਕਸੀ ਨੂੰ ਭਾਰਤ ਵਿਚ ਕੋਈ ਖ਼ਤਰਾ ਨਹੀਂ- ਬੈਲਜੀਅਮ ਅਦਾਲਤ

ਚੜ੍ਹ ਜਾ ਬੱਚਾ ਸੂਲ਼ੀ, ਰਾਮ ਭਲੀ ਕਰੇਗਾ।

ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ‘ਤੇ ਬੰਦੀ ਸਿੰਘਾਂ ਨੂੰ ਰਿਹਾ ਕਰ ਕੇ ਕੇਂਦਰ ਸਰਕਾਰ ਸੁਹਿਰਦਤਾ ਦਿਖਾਏ- ਬੀਬੀ ਰਣਜੀਤ ਕੌਰ

ਬੀਬੀ ਜੀ ਤੁਸੀਂ ਝੋਟਿਆਂ ਵਾਲ਼ੇ ਘਰੋਂ ਲੱਸੀ ਭਾਲ਼ ਰਹੇ ਹੋ।

ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣਾ ਸਰਾਸਰ ਗ਼ਲਤ- ਪਰਗਟ ਸਿੰਘ

ਪਰਗਟ ਸਿੰਘ ਜੀ ‘ਮੈਂ ਨਾ ਮਾਨੂੰ’ ਵਾਲ਼ਿਆਂ ਨਾਲ ਕਿਉਂ ਮੱਥਾ ਮਾਰਦੇ ਹੋ!

ਸੋਨਾ ਚੋਰੀ ਮਾਮਲੇ ‘ਚ ਸਬਰੀਮਾਲਾ ਮੰਦਰ ਦਾ ਪ੍ਰਸ਼ਾਸਨਿਕ ਅਧਿਕਾਰੀ ਗ੍ਰਿਫ਼ਤਾਰ- ਇਕ ਖ਼ਬਰ

ਫ਼ਕਰਦੀਨਾ ਕੀ ਇਹਦੀ ਗੱਲ ਕਰੀਏ, ਏਥੇ ਵਾੜ ਹੀ ਖੇਤ ਨੂੰ ਖਾਂਵਦੀ ਏ।

ਟੈਰਿਫ਼ ਵਿਰੋਧੀ ਇਸ਼ਤਿਹਾਰ ਤੋਂ ਨਾਰਾਜ਼ ਟਰੰਪ ਨੇ ਕੈਨੇਡਾ ਨਾਲ ਵਪਾਰਕ ਕਰਾਰ ਤੋੜਿਆ- ਇਕ ਖ਼ਬਰ

ਨੀ ਇਹ ਜੇਠ ਬੜਾ ਟੁੱਟ ਪੈਣਾ, ਨੱਕ ‘ਤੇ ਮੱਖੀ ਬਹਿਣ ਨਹੀਂ ਦਿੰਦਾ।

ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੀ ਮੰਦੀ ਹਾਲਤ ਤੋਂ ਦੂਰ ਭੱਜ ਰਹੇ ਹਨ- ਕਾਂਗਰਸ ਆਗੂ ਜੈਰਾਮ ਰਮੇਸ਼

ਟਰੰਪ ਦਾ ਸਾਹਮਣਾ ਕਰਨ ਤੋਂ ਡਰਦੇ ਆਸੀਅਨ ਸੰਮੇਲਨ ‘ਚ ਨਹੀਂ ਜਾ ਰਹੇ ਮੋਦੀ- ਜੈਰਾਮ ਰਮੇਸ਼

ਮੈਂ ਕਿਵੇਂ ਗਿੱਧੇ ਵਿਚ ਆਵਾਂ, ਜੇਠ ਚੰਦਰਾ ਨੀ ਕੰਧ ਉਤੋਂ ਝਾਕੇ।