
ਸਥਾਨਕ ਸ਼ਹਿਰ 'ਚ ਹੋਰ ਸੁਧਾਰਾਂ ਦੀ ਲੋੜ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ
ਮੇਰਾ ਬਚਪਨ ਮੋਗਾ ਸ਼ਹਿਰ ਵਿਚ ਬਤੀਤ ਹੋਇਆ ਅਤੇ ਨਿੱਕੇ ਹੁੰਦੇ ਤੋਂ ਹੀ ਮੈਂ ਦੇਖਿਆ ਕਿ ਇਸ ਸ਼ਹਿਰ ਦੀ ਆਬਾਦੀ ਘੱਟ ਸੀ। ਸੜਕਾਂ ਛੋਟੀਆਂ ਸਨ। ਸ਼ਹਿਰ ਦਾ ਘੇਰਾ ਘੱਟ ਸੀ, ਚਹਿਲ ਪਹਿਲ ਘੱਟ ਸੀ। ਪੁਰਾਤਨ ਕਾਰਜ ਪ੍ਰਣਾਲੀ ਸੀ। ਪਰ ਕੁੱਝ ਦਹਾਕਿਆਂ ਬਾਅਦ ਸਮੇਂ ਦੀ ਰਫਤਾਰ ਨੇ ਸਭ ਕੁੱਝ ਬਦਲ ਦਿੱਤਾ। ਅਜੋਕੇ ਸਮੇਂ ਦੇ ਵਿਚ ਸਰਕਾਰੀ, ਪ੍ਰਾਈਵੇਟ ਅਤੇ ਘਰੇਲੂ ਇਮਾਰਤਾਂ ਉੱਸਰ ਗਈਆਂ। ਸ਼ਹਿਰੀ ਆਬਾਦੀ ਕਾਫੀ ਵਧ ਗਈ। ਹੁਣ ਤਾਂ ਦੁਪਹਿਰ, ਸ਼ਾਮ ਨੂੰ ਹਰ ਪਾਸੇ ਟਰੈਫਿਕ ਹੁੰਦਾ ਹੈ। ਕਈ ਵਾਰ ਗੱਡੀਆਂ ਦੀ ਤੇਜ਼ੀ ਦਾ ਮੰਜ਼ਰ ਝਲਕਦਾ ਹੈ ਅਤੇ ਆਪ ਹੁਦਰੇ ਢੰਗ ਨਾਲ ਸੜਕਾਂ ਤੇ ਜਾਮ ਲੱਗਦਾ ਰਹਿੰਦਾ ਹੈ। ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕਾਂ ਦੇ ਆਸੇ ਪਾਸੇ ਦੁਕਾਨਦਾਰਾਂ ਨੇ ਆਪਣੇ ਸਮਾਨ ਤੇ ਵਹੀਕਲ ਅੱਗੇ ਖੜਾ ਕੇ ਟਰੈਫਿਕ ਸਮੱਸਿਆ ਨੂੰ ਜਨਮ ਦਿੱਤਾ ਹੈ। ਲੋਕਾਂ ਦੇ ਵਹੀਕਲ ਸੜਕ ਤੇ ਪਾਸੇ ਲੱਗੀਆਂ ਚਿੱਟੀਆਂ ਲਾਈਨਾਂ ਤੇ ਖੜੇ ਹੁੰਦੇ ਹਨ। ਕਈ ਲੋਕ ਸੜਕ ਦੇ ਦੋਨੇ ਪਾਸੇ ਸਮਾਨਅੰਤਰ ਵਹੀਕਲ ਖੜਾ ਕੇ ਆਪ ਆਪਣੇ ਕੰਮ ਕਰਨ ਚਲੇ ਜਾਂਦੇ ਹਨ। ਇਸ ਤਰਾਂ ਆਮ ਜਨਤਾ ਪਰੇਸ਼ਾਨ ਹੋ ਜਾਂਦੀ ਹੈ। ਜੇ ਕੋਈ ਉਹਨਾਂ ਨੂੰ ਮੱਤ ਦਿੰਦਾ ਹੈ ਤਾਂ ਉਹ ਲੜਨ ਨੂੰ ਆਉਂਦੇ ਹਨ। ਅੱਜ ਦੇ ਸਮੇਂ ਵਿਚ ਕਿਸੇ ਨੂੰ ਸਮਝਾਉਣਾ ਬੜਾ ਔਖਾ ਕੰਮ ਹੈ। ਕਈ ਮਨਚਲੇ ਆਪਣੇ ਸਕੂਟਰ, ਮੋਟਰ ਸਾਈਕਲ ਸੜਕ ਦੇ ਵਿਚਕਾਰ ਚਲਾਉਂਦੇ ਹਨ ਤੇ ਕਿਸੇ ਨੂੰ ਵੀ ਰਾਹ ਵੀ ਨਹੀਂ ਦਿੰਦੇ ਅਤੇ ਦੱਬ ਕੇ ਚਲਾਉਂਦੇ ਹਨ। ਉਹ ਅੜਿੱਕਾ ਹੀ ਪਾਉਂਦੇ ਹਨ। ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਪਾਰਕਿੰਗ ਹੈ ਜਿੱਥੇ ਕੋਈ ਵੀ ਆਸਾਨੀ ਨਾਲ ਪਾਰਕ ਕਰ ਸਕਦਾ ਹੈ। ਪੁਰਾਣੀ ਸਬਜੀ ਮੰਡੀ, ਅਕਾਲਸਰ ਰੋਡ, ਜੀ.ਟੀ. ਰੋਡ ਸਾਹਮਣੇ ਗਾਂਧੀ ਰੋਡ ਆਦਿ ਵਿਖੇ ਪਾਰਕਿੰਗ ਹੈ। ਕਈ ਸਿਆਣੇ ਵਿਅਕਤੀ ਆਪਣੇ ਵਹੀਕਲ ਪਾਰਕਿੰਗ ਵਿਚ ਲਾ ਕੇ ਅੱਗੇ ਕੰਮਾਂ ਨੂੰ ਚਲੇ ਜਾਂਦੇ ਹਨ। ਕਈ ਨਿਊ-ਟਾਊਨ ਇਲਾਕੇ ਦੀਆਂ ਗਲੀਆਂ ਵਿਚ ਆਪਣੀਆਂ ਗੱਡੀਆਂ ਪਾਰਕ ਕਰਕੇ ਚਲੇ ਜਾਂਦੇ ਹਨ।ਅਸਲ ਵਿਚ ਪਾਰਕਿੰਗ ਵਿਚ ਵਹੀਕਲ ਵੀ ਸੁਰੱਖਿਅਤ ਰਹਿੰਦੇ ਹਨ ਨਹੀਂ ਤਾਂ ਗਲਤ ਥਾਵਾਂ ਤੇ ਵਹੀਕਲ ਪਾਰਕ ਕਰਨ ਤੇ ਗੱਡੀ ਦਾ ਸੁਰੱਖਿਅਤ ਨਹੀਂ ਰਹਿੰਦੀ। ਰੇਲਵੇ ਲਾਈਨ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਦੀ ਹੈ। ਜਦੋਂ ਰੇਲ ਦੇ ਲੰਘਣ ਦਾ ਸਮਾਂ ਹੁੰਦਾ ਹੈ ਤਾਂ ਸਾਰੇ ਫਾਟਕ ਬੰਦ ਹੋ ਜਾਂਦੇ ਹਨ ਤੇ ਟਰੈਫਿਕ ਜਾਮ ਹੋ ਜਾਂਦਾ ਹੈ। ਜਿਸ ਕਰਕੇ ਬੰਦ ਫਾਟਕ ਕੈਂਪ, ਅਕਾਲ ਸਰ, ਮੇਨ ਬਾਜ਼ਾਰ, ਗਾਂਧੀ ਰੋਡ ਅਤੇ ਨੈਸਲੇ ਫਾਟਕ ਸਾਰੇ ਸ਼ਹਿਰ ਦੇ ਅੰਦਰ ਹਨ ਤੇ ਇੱਥੇ ਆਵਾਜਾਈ ਰੁਕ ਜਾਂਦੀ ਹੈ ਤੇ ਜਾਮ ਲੱਗ ਜਾਂਦਾ ਹੈ। ਇਸੇ ਤਰ੍ਹਾਂ ਗਾਂਧੀ ਰੋਡ ਫਾਟਕ ਤੇ ਰੇਲ ਲਾਈਨਾਂ ਦੇ ਨੇੜੇ ਜਿੱਥੇ ਅਕਸਰ ਹੀ ਟਰੱਕ ਟਰਾਲੀਆਂ ਦਾ ਆਉਣ ਜਾਣ ਵੱਡੀ ਪੱਧਰ ਤੇ ਹੈ ਇਥੇ ਸੜਕ ਤੇ ਖੱਡੇ ਬਣ ਜਾਂਦੇ ਹਨ। ਇਸ ਥਾਂ ਤੇ ਕਈ ਹਾਦਸੇ ਹੋ ਚੁੱਕੇ ਹਨ।
ਜਦੋਂ ਇੱਥੇ ਸਪੈਸ਼ਲ ਗੱਡੀਆਂ ਲੱਗਦੀਆਂ ਹਨ ਤਾਂ ਇਥੇ ਵੀ ਕਈ ਵਾਰ ਭਾਰੀ ਟਰੈਫਿਕ ਹੋ ਜਾਂਦਾ ਹੈ ਜਿਹੜਾ ਆਰ ਪਾਰ ਦੇ ਟਰੈਫਿਕ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਈ ਵਾਰ ਇਥੇ ਇਕ ਪ੍ਰਾਈਵੇਟ ਬੰਦਾ ਟਰੈਫਿਕ ਕੰਟਰੋਲ ਕਰਦਾ ਦਿਖਾਈ ਦਿੰਦਾ ਹੈ। ਸ਼ਹਿਰ ਦੇ ਟਰੈਫਿਕ ਨੂੰ ਕੋਟਕਪੂਰਾ ਬਾਈਪਾਸ ਤੇ ਬਣਿਆ ਉੱਚਾ ਪੁਲ ਅਤੇ ਦੂਸਰਾ ਨੀਵਾ ਪੁਲ ਨੇੜੇ ਨੇਚਰ ਪਾਰਕ ਲਗਾਤਾਰ ਟਰੈਫਿਕ ਨੂੰ ਕੰਟਰੋਲ ਕਰਦੇ ਹਨ। ਬਾਕੀ ਦੇ ਫਾਟਕ ਕੈਂਪਾਂ ਵਾਲੇ ਬੰਦ ਫਾਟਕ, ਅਕਾਲਸਰ, ਮੇਨ ਬਾਜ਼ਾਰ, ਗਾਂਧੀ ਰੋਡ, ਨੈਸਲੇ ਫਾਟਕ ਰੇਲ ਗੱਡੀ ਦੇ ਆਉਣ ਸਮੇਂ ਬੰਦ ਹੋ ਜਾਂਦੇ ਹਨ। ਇਥੇ ਟਰੈਫਿਕ ਵੱਧ ਜਾਂਦਾ ਹੈ ਤੇ ਕਈ ਵਾਰ ਜਾਮ ਵੀ ਲੱਗ ਜਾਂਦਾ ਹੈ। ਚੌਕਾਂ ਵਿਚ ਡਿਊਟੀ ਕਰ ਰਹੇ ਟਰੈਫਿਕ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਟਰੈਫਿਕ ਨੂੰ ਕੰਟਰੋਲ ਕਰਦੇ ਹਨ। ਫਿਰ ਵੀ ਪ੍ਰਸ਼ਾਸਨ ਇੱਕ ਵਾਰ ਸ਼ਹਿਰ ਦੇ ਟਰੈਫਿਕ ਨੂੰ ਇੱਕ ਤਰਫਾ ਕਰਕੇ ਦੇਖੇ। ਇਸ ਤਰ੍ਹਾਂ ਜਰੂਰ ਸਾਰਥਕ ਨਤੀਜੇ ਨਿਕਲਣਗੇ। ਸ਼ਹਿਰ ਦੇ ਅੰਦਰ ਬੱਸ ਸਟੈਂਡ ਤੋਂ ਮੇਨ ਬਾਜ਼ਾਰ ਰਾਹੀਂ ਸਿੱਧਾ ਟਰੈਫਿਕ ਕੀਤਾ ਜਾਵੇ। ਇਸੇ ਤਰਾਂ ਜੀ.ਟੀ. ਰੋਡ ਤੋਂ ਕੈਂਪਾਂ ਵਾਲੇ ਬੰਦ ਫਾਟਕਾਂ ਵੱਲ ਨੂੰ ਸਿੱਧਾ ਕੀਤਾ ਜਾਵੇ, ਦੂਸਰੇ ਪਾਸਿਓ ਅਕਾਲਸਾਰ ਰੋਡ ਤੋਂ ਆਉਂਦਾ ਹੋਇਆ ਟਰੈਫਿਕ ਜੀ.ਟੀ. ਰੋਡ ਵੱਲ ਨੂੰ ਕੀਤਾ ਜਾਵੇ ਤੇ ਸ਼ਹਿਰ ਵਿਚ 9 ਨੰਬਰ ਤੋਂ ਗਾਂਧੀ ਰੋਡ ਜੀ.ਟੀ. ਰੋਡ ਵੱਲ ਨੂੰ ਟਰੈਫਿਕ ਕੀਤਾ ਜਾਵੇ। ਇਸੇ ਤਰ੍ਹਾਂ ਅਕਾਲਸਰ ਰੋਡ ਤੋਂ ਮੈਜਿਸਟਿਕ ਰੋਡ ਰਾਹੀਂ ਮੇਨ ਬਾਜ਼ਾਰ ਨੂੰ ਕੀਤਾ ਜਾਵੇ, ਨੀਵੇਂ ਪੁਲ ਥੱਲੇ ਦੇ ਹੋ ਕੇ ਚੌਕ ਸ਼ਾਮ ਲਾਲ ਰਾਹੀਂ ਮੇਨ ਬਾਜ਼ਾਰ ਨੂੰ ਕੀਤਾ ਜਾਵੇ। ਅਕਾਲਸਰ ਰੋਡ ਤੋਂ ਬੀ.ਐੱਸ.ਐਨ.ਐਲ. ਟਾਵਰ ਰੋਡ ਰਹੀ ਮੇਨ ਬਾਜ਼ਾਰ ਕੀਤਾ ਜਾਵੇ। ਇਸੇ ਤਰ੍ਹਾਂ ਮੇਨ ਬਾਜ਼ਾਰ ਤੋਂ ਰਾਮ ਗੰਜ ਰਾਹੀਂ ਗਿੱਲ ਰੋਡ ਨੂੰ ਕੀਤਾ ਜਾਵੇ। ਮੇਨ ਬਾਜ਼ਾਰ ਤੋਂ ਆਰਾ ਰੋਡ ਤੋਂ ਅੱਗੇ ਅਕਾਲਸਰ ਰੋਡ ਤੇ ਕੀਤਾ ਜਾਵੇ। ਇਸੇ ਤਰ੍ਹਾਂ ਸ਼ਾਮ ਲਾਲ ਚੌਕ ਤੋਂ ਰੇਲਵੇ ਰੋਡ ਹੁੰਦਾ ਹੋਇਆ ਅੱਗੇ ਨੂੰ ਟਰੈਫਿਕ ਕੀਤਾ ਜਾਵੇ। ਮੇਨ ਬਾਜ਼ਾਰ ਤੋਂ ਆਰੀਆ ਸਕੂਲ ਰੋਡ ਗਲੀ ਨੰਬਰ 9 ਵੱਲ ਨੂੰ ਟਰੈਫਿਕ ਕੀਤਾ ਜਾਵੇ। ਇਸੇ ਤਰਾਂ 9 ਨੰਬਰ ਤੋਂ ਖਾਲਸਾ ਸਕੂਲ ਰੋਡ ਰਾਹੀਂ ਤਿੰਨ ਨੰਬਰ ਚੁੰਗੀ ਤੇ ਟਰੈਫਿਕ ਕੀਤਾ ਜਾਵੇ। ਨੈਸਲੇ ਵਾਲੇ ਫਾਟਕ ਤੋਂ ਜਵਾਹਰ ਨਗਰ ਤੋਂ ਹੁੰਦਾ ਹੋਇਆ ਗਾਂਧੀ ਰੋਡ ਵੱਲ ਨੂੰ ਟਰੈਫਿਕ ਕੀਤਾ ਜਾਵੇ। ਹਰ ਮੋੜ ਤੇ ਹਰ ਥਾਂ ਤੇ ਬੋਰਡ ਲਾ ਕੇ ਹਦਾਇਤਾਂ ਜਰੂਰ ਜਾਰੀ ਕੀਤੀਆਂ ਜਾਣ। ਇਸ ਤਰਾਂ ਇੱਕ ਤਰਫਾ ਟਰੈਫਿਕ ਕਰਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਸ਼ਹਿਰ ਵਿਚ ਇੱਕ ਤਰਫਾ ਟਰੈਫਿਕ ਚੱਲੇ ਤਾਂ ਕੋਈ ਰੁਕਾਵਟ ਨਹੀਂ ਆਵੇਗੀ। ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਵੇਗੀ। ਵਹੀਕਲ ਮਾਲਕਾਂ ਨੂੰ ਆਪਣੇ ਵਹੀਕਲ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੜੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹ ਖੁਦ ਕਾਨੂੰਨੀ ਕਾਰਵਾਈ ਦਾ ਸ਼ਿਕਾਰ ਹੋ ਜਾਂਦੇ ਹਨ। ਸਥਾਨਕ ਸ਼ਹਿਰ ਵਿਚ ਨੈਸਲੇ ਫਾਟ, ਗਾਂਧੀ ਰੋਡ ਫਾਟਕ, ਅਕਾਲਸਰ ਫਾਟਕ, ਅਤੇ ਕੈਂਪਾਂ ਵਾਲੇ ਫਾਟਕ ਤੇ ਉੱਚੇ ਜਾਂ ਨੀਵੇਂ ਪੁਲਾਂ ਦੀ ਉਸਾਰੀ ਕਰਨ ਦੀ ਲੋੜ ਹੈ ਤਾਂ ਜੋ ਟਰੈਫਿਕ ਦੀ ਸਮੱਸਿਆ ਚੰਗੀ ਤਰਾਂ ਹੱਲ ਹੋ ਸਕੇ। ਇਹ ਸਾਰੀਆਂ ਸਮੱਸਿਆ ਦਾ ਨਿਪਟਾਰਾ ਪੁਲਾਂ ਦੀ ਉਸਾਰੀ ਨਾਲ ਜਿਆਦਾ ਬਿਹਤਰ ਹੋਵੇਗਾ ਤਾਂ ਹੀ ਲਗਾਤਾਰ ਟਰੈਫਿਕ ਚੱਲਦਾ ਰਹੇਗਾ ਨਹੀਂ ਤਾਂ ਸਮੱਸਿਆ ਬਣੀ ਰਹੇਗੀ। ਰਾਜ ਸਰਕਾਰ ਤੇ ਕੇਂਦਰ ਸਰਕਾਰ ਦੋਹਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਲਾਕੇ ਦੀਆਂ ਸਿਰ ਕੱਢ ਸ਼ਖਸੀਅਤਾਂ ਦਾ ਫਰਜ਼ ਬਣਦਾ ਹੈ ਕਿ ਇਹ ਮੰਗ ਸਰਕਾਰ ਦੇ ਦਰ ਤੇ ਪਹੁੰਚਾਈ ਜਾਵੇ ਤੇ ਇਸ ਨੂੰ ਲਾਗੂ ਕਰਵਾਇਆ ਜਾਵੇ। ਇਸ ਕਾਰਜ ਨਾਲ ਜਿੱਥੇ ਸ਼ਹਿਰੀਆਂ ਦਾ ਭਲਾ ਹੋਵੇਗਾ ਉੱਥੇ ਪਿੰਡਾਂ ਵਾਲਿਆਂ ਅਤੇ ਰਾਹਗੀਰਾਂ ਸਭ ਨੂੰ ਵੀ ਫਾਇਦਾ ਹੋਏਗਾ।
ਪਤਾ: ਮਕਾਨ ਨੰਬਰ 166, ਵਾਰਡ ਨੰਬਰ 29, ਗਲੀ ਹਜਾਰਾ ਸਿੰਘ, ਮੋਗਾ-142001
ਵਟਸਐਪ: +91-97-810-40140