ਸਾਇੰਸ ਮੈਥ ਪ੍ਰਦਰਸ਼ਨੀਆਂ 'ਚ ਅਧਿਆਪਕਾਂ ਦਾ ਯੋਗਦਾਨ - ਪ੍ਰਿੰਸੀਪਲ ਜਸਪਾਲ ਸਿੰਘ ਲੋਹਾਮ

ਵਿਦਿਆਰਥੀ ਜੀਵਨ ਵਿਚ ਪੜ੍ਹਾਈ ਦੇ ਨਾਲ ਨਾਲ ਵੱਖ ਵੱਖ ਕਿਰਿਆਵਾਂ, ਪ੍ਰਯੋਗਾਂ ਅਤੇ ਮਾਡਲਾਂ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਅਤੇ ਇਹਨਾਂ ਕਾਰਜਾਂ ਵਿਚ ਵਿਦਿਆਰਥੀ ਮੋਹਰੀ ਹੋ ਕੇ ਆਪਣਾ ਰੋਲ ਨਿਭਾਉਂਦੇ ਹਨ ਅਤੇ ਉਹ ਸਾਰੇ ਮਾਡਲ ਖੁਦ ਬਨਾਉਣ ਲਈ ਉਤਾਵਲੇ ਹੁੰਦੇ ਹਨ ਅਤੇ ਉਹਨਾਂ ਵਿਚ ਦੇ ਉਹਨਾਂ ਦੇ ਵਲਵਲੇ ਦੇਖਣ ਵਾਲੇ ਹੁੰਦੇ ਹਨ। ਉਹ ਭੱਜ ਭੱਜ ਕੇ ਕੰਮ ਕਰਦੇ ਹਨ ਅਤੇ ਹਰ ਗੱਲ ਅਧਿਆਪਕਾਂ ਨੂੰ ਦੱਸ ਕਰਦੇ ਹਨ। ਉਹਨਾਂ ਨੂੰ ਨਾ ਪਤਾ ਲੱਗਣ ਤੇ ਪੁੱਛ ਪੁੱਛ ਕੇ ਆਪਣੇ ਮਾਡਲ ਚਾਰਟ ਤਿਆਰ ਕਰਦੇ ਹਨ। ਕੁੱਝ ਕੁ ਸਾਲ ਪਹਿਲਾਂ ਦੀ ਗੱਲ ਹੈ ਉਦੋਂ ਮੈਂ ਸਰਕਾਰੀ ਸੇਵਾ ਵਿਚ ਮੁੱਖ ਅਧਿਆਪਕ ਸੀ ਤੇ ਉਸ ਵੇਲੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਹਰ ਸਕੂਲ ਵਿਚ ਸਕੂਲ ਪੱਧਰ ਤੇ ਹੀ ਪ੍ਦਰਸ਼ਨੀਆਂ ਲਗਾਈਆਂ ਗਈਆਂ ਸਨ। ਜਦੋਂ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਦਫਤਰ ਬੀ.ਪੀ.ਈ.ਓ. ਵੱਲੋਂ ਸਕੂਲ ਵਿਚ ਪ੍ਦਰਸ਼ਨੀ ਲਗਾਉਣ ਦਾ ਪੱਤਰ ਆਇਆ ਤਾਂ ਅਸੀਂ ਰਲ ਕੇ ਇਕ ਮੀਟਿੰਗ ਕੀਤੀ ਜਿਸ ਵਿਚ ਇਸ ਪੱਤਰ ਦੀਆਂ ਹਦਾਇਤਾਂ ਸਾਂਝੀਆਂ ਕੀਤੀਆਂ। ਅਸੀਂ ਇਸ ਪੱਤਰ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਤਿਆਰ ਕਰਨ ਦਾ ਤਹੱਈਆ ਕਰ ਲਿਆ। ਫਿਰ ਸਕੂਲ ਵਿਚ ਮੈਡਮ ਸੁਰਿੰਦਰ ਕੌਰ ਸਾਇੰਸ ਅਧਿਆਪਕਾ ਅਤੇ ਸਰਦਾਰ ਸੁਖਪਾਲਜੀਤ ਸਾਇੰਸ ਅਧਿਆਪਕ ਨੇ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਲਈ ਆਪਣੀ ਕਾਰਜਸ਼ੈਲੀ ਤਿਆਰ ਕਰ ਲਈ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰੇਕ ਵਿਦਿਆਰਥੀ ਨੂੰ ਇੱਕ ਇੱਕ ਮਾਡਲ ਬਣਾਉਣ ਲਈ ਦੇ ਦਿੱਤਾ ਤੇ ਇਹ ਮਾਡਲ ਵਿਦਿਆਰਥੀ ਨੇ ਆਪਣੇ ਸਕੂਲ ਵਿਚ ਹੀ ਬਣਾਉਣਾ ਸੀ। ਸਾਡੇ ਸਾਇੰਸ ਅਧਿਆਪਕਾਂ ਨੇ ਮਾਰਕੀਟ ਵਿਚ ਜਾ ਕੇ ਸਾਇੰਸ ਪ੍ਰਦਰਸ਼ਨੀ ਨਾਲ ਸਬੰਧਤ ਸਮਾਨ ਖਰੀਦਿਆ। ਸਾਡੇ ਸਾਇੰਸ ਅਧਿਆਪਕਾਂ ਨੇ ਰੋਜ਼ਾਨਾ ਅੱਧੀ ਛੁੱਟੀ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਦੱਬ ਕੇ ਪੜ੍ਹਾਈ ਕਰਵਾਈ ਅਤੇ ਫਿਰ ਅੱਧੀ ਛੁੱਟੀ ਤੋਂ ਬਾਅਦ ਵਾਲੇ ਪੀਰੀਅਡਾਂ ਵਿਚ ਮਾਡਲ ਬਣਾਉਣ ਲਈ ਜੁਟ ਜਾਂਦੇ ਸਨ। ਮੇਰੇ ਦੋਨੇ ਹੀ ਸਾਇੰਸ ਅਧਿਆਪਕ ਸਾਹਿਬਾਨ ਬੜੀ ਮਿਹਨਤੀ ਸੀ। ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਅਲੱਗ ਅਲੱਗ ਬੈਂਚਾਂ ਡੈਸਕਾਂ ਤੇ ਕਰਕੇ ਉਹਨਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾ ਦਿੱਤਾ ਤੇ ਉਹ ਬੱਚਿਆਂ ਨੂੰ ਸਮਝਾਉਂਦੇ ਗਏ ਕਿ ਕਿਸ ਤਰਾਂ ਮਾਡਲ ਤਿਆਰ ਕਰਨਾ ਹੈ। ਇਸ ਤਰਾਂ ਸਕੂਲ ਦੇ ਵਿਦਿਆਰਥੀ ਚਾਰਟ ਮਾਡਲ ਬਣਾਉਣ ਵਿਚ ਜੁਟ ਗਏ। ਮੈਂ ਬਤੌਰ ਸਕੂਲ ਮੁਖੀ ਆਪਣੇ ਸਾਥੀ ਸਾਇੰਸ ਅਧਿਆਪਕਾਂ ਕੋਲ ਜਾ ਕੇ ਦੇਖਦਾ ਤਾਂ ਬੱਚੇ ਆਪਣੇ ਬੈਂਚਾਂ ਡੈਸਕਾਂ ਤੇ ਵੱਖ ਵੱਖ ਮਾਡਲ ਬਨਾਉਣ ਵਿਚ ਵਿਅਸਥ ਹੁੰਦੇ ਸਨ। ਮੇਰੇ ਅਧਿਆਪਕਾਂ ਦੀ ਮਿਹਨਤ ਦੇਖ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ। ਇਸ ਤਰਾਂ ਕੁੱਝ ਦਿਨਾਂ ਬਾਅਦ ਸਾਰੇ ਮਾਡਲ ਤਿਆਰ ਹੋ ਗਏ। ਮੇਰੇ ਸਾਥੀ ਸਾਇੰਸ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਡਲਾਂ ਦੀ ਪੇਸ਼ਕਾਰੀ ਰਿਪੋਰਟ ਬਣਾ ਕੇ ਦਿੱਤੀ। ਇਸ ਤਰ੍ਹਾਂ ਵਿਦਿਆਰਥੀਆਂ ਨੇ ਆਪਣੇ ਮਾਡਲ ਦੇ ਨਾਲ ਪ੍ਰਦਰਸ਼ਨ ਕਰਨਾ ਵੀ ਸਿੱਖ ਲਿਆ। ਸਾਡੇ ਸਾਰੇ ਵਿਦਿਆਰਥੀ ਵਿਗਿਆਨ ਪ੍ਰਦਰਸ਼ਨੀ ਲਈ ਤਿਆਰ ਸਨ। ਸਾਇੰਸ ਪ੍ਰਦਰਸ਼ਨੀ ਵਾਲੇ ਦਿਨ ਸਕੂਲ ਦੇ ਮੈਡਮ ਸੁਰਿੰਦਰ ਕੌਰ ਸਾਇੰਸ ਅਧਿਆਪਕਾ ਅਤੇ ਸਰਦਾਰ ਸੁਖਪਾਲਜੀਤ ਸਿੰਘ ਸਾਇੰਸ ਅਧਿਆਪਕ ਨੇ ਸਾਰੇ ਮਾਡਲ ਤੇ ਚਾਰਟ ਕਮਰੇ ਅਤੇ ਬਰਾਂਡਿਆਂ ਵਿਚ ਸੈੱਟ ਕਰਵਾ ਕੇ ਲਗਾ ਦਿੱਤੇ। ਰਸਮੀ ਕਾਰਵਾਈ ਕਰਨ ਉਪਰੰਤ ਅਸੀਂ ਸਾਰੇ ਵਿਦਿਆਰਥੀਆਂ ਦੇ ਸਾਰੇ ਮਾਡਲ ਦੇਖੇ। ਬਾਅਦ ਵਿਚ ਅਸੀਂ ਉਹਨਾਂ ਤੋਂ ਮਾਡਲ ਬਾਰੇ ਪ੍ਰਸ਼ਨ ਪੁੱਛੇ ਤੇ ਸਕੂਲ ਦੇ ਬੱਚਿਆਂ ਨੇ ਬਹੁਤ ਵਧੀਆ ਢੰਗ ਨਾਲ ਆਪਣੇ ਮਾਡਲ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਕਿਸੇ ਵੀ ਵਿਦਿਆਰਥੀ ਵਿਚ ਭੋਰਾ ਵੀ ਝਿਜਕ ਡਰ ਨਹੀਂ ਸੀ। ਸਾਰੇ ਮਾਡਲ ਬਹੁਤ ਹੀ ਵਧੀਆ ਬਣੇ ਹੋਏ ਸਨ। ਸਾਡੇ ਸਾਇੰਸ ਅਧਿਆਪਕਾਂ ਦੀ ਸਖਤ ਮਿਹਨਤ ਰੰਗ ਲਿਆਈ। ਬਾਅਦ ਵਿਚ ਉਹਨਾਂ ਨੇ ਕਲਾਸ ਦੇ ਵਿਦਿਆਰਥੀਆਂ ਦੀ ਪਹਿਲੀ ,ਦੂਜੀ ਅਤੇ ਤੀਜੀ ਪੁਜੀਸ਼ਨ ਤਿਆਰ ਕਰ ਲਈ। ਇਸੇ ਤਰ੍ਹਾਂ ਕੁੱਝ ਦਿਨਾਂ ਬਾਅਦ ਮੈਥ ਪ੍ਰਦਰਸ਼ਨੀ ਦਾ ਪੱਤਰ ਵੀ ਸਕੂਲ ਵਿਚ ਆਇਆ। ਸਕੂਲ ਦੇ ਮੈਡਮ ਨੀਤੀ ਸ਼ਰਮਾ ਮੈਥ ਅਧਿਆਪਕਾ ਅਤੇ ਮੈਡਮ ਅੰਜੂ ਗੁਪਤਾ ਮੈਥ ਅਧਿਆਪਕਾ ਨਾਲ ਇਸ ਪੱਤਰ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਨੇ ਕਿਹਾ ਕਿ ਸਰ ਅਸੀਂ ਆਪਣੇ ਆਪ ਹੀ ਵਿਦਿਆਰਥੀਆਂ ਨੂੰ ਨਾਲ ਲਾ ਕੇ ਸਭ ਕੁੱਝ ਤਿਆਰ ਕਰ ਲਵਾਂਗੇ। ਉਸੇ ਤਰ੍ਹਾਂ ਸਾਡੇ ਇਨ੍ਹਾਂ ਅਧਿਆਪਕਾਂ ਨੇ ਵੀ ਕਈ ਦਿਨ ਅੱਧੀ ਛੁੱਟੀ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ ਅਤੇ ਬਾਅਦ ਵਿਚ ਪਿਛਲੇ ਪੀਰੀਅਡਾਂ ਵਿਚ ਮਾਡਲ ਤਿਆਰ ਕਰਵਾਏ। ਇਸ ਤਰ੍ਹਾਂ ਮੈਥ ਪ੍ਰਦਰਸ਼ਨੀ ਲਈ ਵਿਦਿਆਰਥੀਆਂ ਨੇ ਆਪਣੇ ਆਪਣੇ ਮਾਡਲ ਆਪਣੇ ਕਮਰੇ ਵਿਚ ਸਾਂਭ ਲਏ ਅਤੇ ਉਹਨਾਂ ਨੂੰ ਆਪਣੇ ਮਾਡਲਾਂ ਪ੍ਰਤੀ ਪੂਰਨ ਗਿਆਨ ਸੀ। ਸਕੂਲ ਪੱਧਰੀ ਮੈਥ ਪ੍ਰਦਰਸ਼ਨ ਦਾ ਦਿਨ ਆ ਗਿਆ। ਸਾਡੇ ਮੈਥ ਅਧਿਆਪਕਾਂ ਨੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਮਾਡਲ ਸਕੂਲ ਦੇ ਵਿਚ ਸੈੱਟ ਕਰਵਾ ਦਿੱਤੇ। ਇਸ ਮੌਕੇ ਸਕੂਲ ਦੀ ਸਤਿਕਾਰ ਯੋਗ ਮੈਨੇਜਮੈਂਟ ਕਮੇਟੀ, ਐਮ.ਸੀ. ਸਾਹਿਬਾਨ ਅਤੇ ਵਿਦਿਆਰਥੀਆਂ ਦੇ ਮਾਪੇ ਪ੍ਰਦਰਸ਼ਨੀ ਵਿਚ ਸੱਦੇ ਤੇ ਆਏ ਹੋਏ ਸਨ ਤੇ ਅਸੀਂ ਸਭ ਦਾ ਸਤਿਕਾਰ ਕੀਤਾ। ਅਸੀਂ ਸਾਰਿਆਂ ਨੇ ਪ੍ਰਦਰਸ਼ਨੀ ਵਿਚ ਜਾ ਕੇ ਸਾਰੇ ਬੱਚਿਆਂ ਦੇ ਮਾਡਲਾਂ ਕੋਲ ਜਾ ਕੇ ਮਾਡਲ ਦੇਖ ਕੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ। ਸਕੂਲ ਅਧਿਆਪਕਾਂ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਨੇ ਆਪਣੇ ਮਾਡਲਾਂ ਸਬੰਧੀ ਜਾਣਕਾਰੀ ਦਿੱਤੀ। ਉਹ ਆਪਣੇ ਮਾਡਲਾਂ ਬਾਰੇ ਫਟਾਫਟ ਜਾਣਕਾਰੀ ਦੇ ਰਹੇ ਸਨ। ਅਸੀਂ ਵੀ ਕੁੱਝ ਕੁ ਸਵਾਲ ਬੱਚਿਆਂ ਨੂੰ ਕੀਤੇ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਸਹੀ ਜਵਾਬ ਦੇ ਦਿੱਤੇ। ਸਾਰੇ ਬੱਚੇ ਇਸ ਪ੍ਰਦਰਸ਼ਨੀ ਦੇ ਵਿਚ ਬੜੇ ਖੁਸ਼ ਸਨ। ਮੈਡਮ ਨੀਤੀ ਸ਼ਰਮਾ ਮੈਥ ਅਧਿਆਪਕਾ ਅਤੇ ਮੈਡਮ ਅੰਜੂ ਗੁਪਤਾ ਮੈਥ ਅਧਿਆਪਕਾ ਨੇ ਆਈਟਮਾਂ ਦੀ ਜੱਜਮੈਂਟ ਕੀਤੀ ਅਤੇ ਕਲਾਸ ਅਨੁਸਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਤਿਆਰ ਕਰ ਲਈ। ਅਸੀਂ ਵਿਦਿਆਰਥੀਆਂ ਵਾਸਤੇ ਮੋਮੈਂਟੋ ਅਤੇ ਸਰਟੀਫਿਕੇਟ ਤਿਆਰ ਕਰਵਾ ਲਏ। ਸਕੂਲ ਦੇ ਸਲਾਨਾ ਸਮਾਗਮ ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਅਧਿਆਪਕਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਆਈਟਮਾਂ, ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੱਜ ਸਾਰਾ ਦਿਨ ਵਿਦਿਆਰਥੀ ਬਾਗੋ ਬਾਗ ਸਨ। ਇਹ ਸਮਾਗਮ ਵਿਦਿਆਰਥੀਆਂ ਵਿਚ ਇੱਕ ਅਹਿਮ ਯਾਦਗਾਰ ਬਣ ਕੇ ਰਹਿ ਗਿਆ। ਉਹਨਾਂ ਲਈ ਅਭੁੱਲ ਯਾਦਾਂ ਬਣ ਜਾਂਦੀਆਂ ਹਨ ਤੇ ਵਿਦਿਆਰਥੀ ਸਾਰੀ ਉਮਰ ਇਨ੍ਹਾਂ ਨੂੰ ਆਪਣੀਆਂ ਯਾਦਾਂ ਦੀ ਪਟਾਰੀ ਵਿਚ ਸਾਂਭ ਕੇ ਰੱਖਦੇ ਹਨ ਅਤੇ ਅਧਿਆਪਕਾਂ ਦੇ ਕਰਵਾਏ ਕਾਰਜਾਂ ਨੂੰ ਸਦਾ ਸਤਿਕਾਰ ਦਿੰਦੇ ਹਨ। ਵਿਦਿਆਰਥੀਆਂ ਦੀ ਅਜਿਹੇ ਸਮਾਗਮਾਂ ਵਿਚ ਖੁਸ਼ੀ ਨੂੰ ਦੇਖ ਕੇ ਮਨ ਹੋਰ ਖੁਸ਼ ਹੋ ਜਾਂਦਾ ਹੈ। ਜਦੋਂ ਵਿਦਿਆਰਥੀ ਇਹਨਾਂ ਗਤੀਵਿਧੀਆਂ ਵਿਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਨੂੰ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਹੈ। ਮੈਡਮ ਨੀਤੀ ਸ਼ਰਮਾਂ ਮੈਥ ਅਧਿਆਪਕਾ, ਮੈਡਮ ਸੁਰਿੰਦਰ ਕੌਰ ਸਾਇੰਸ ਅਧਿਆਪਕਾ, ਸਰਦਾਰ ਸੁਖਪਾਲਜੀਤ ਸਿੰਘ ਸਾਇੰਸ ਅਧਿਆਪਕ ਅਤੇ ਮੈਡਮ ਅੰਜੂ ਗੁਪਤਾ ਮੈਥ ਅਧਿਆਪਕਾ ਨੇ ਇਨ੍ਹਾਂ ਪ੍ਰਦਰਸ਼ਨੀਆਂ ਵਿਚ ਵਾਧੂ ਸਮਾਂ ਲਗਾ ਕੇ ਬਹੁਤ ਮਿਹਨਤ ਕੀਤੀ ਅਤੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕੀਤਾ। ਜਦੋਂ ਸਕੂਲ ਵਿਚ ਇੱਕ ਟੀਮ ਵਜੋਂ ਅਧਿਆਪਕ ਕਾਰਜ ਕਰਦੇ ਹਨ ਤਾਂ ਸਾਰਥਕ ਨਤੀਜੇ ਨਿਕਲਦੇ ਹਨ ਜਿਹੜੇ ਵਿਦਿਆਰਥੀਆਂ ਲਈ ਬਹੁਤ ਹੀ ਗਿਆਨ ਭਰਪੂਰ ਹੁੰਦੇ ਹਨ।