
ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਅਮਰੀਕਾ ‘ਚ ਵਿਦੇਸ਼ੀਆਂ ਦੇ ਦਾਖ਼ਲੇ ‘ਤੇ ਲਗ ਸਕਦੀ ਹੈ ਪੂਰੀ ਤਰ੍ਹਾਂ ਰੋਕ- ਟਰੰਪ
ਹੱਥ ਸੋਚ ਕੇ ਗੰਦਲ ਨੂੰ ਪਾਈਂ, ਕਿਹੜੀ ਏਂ ਤੂੰ ਸਾਗ ਤੋੜਦੀ।
ਭਾਰਤ – ਰੂਸ ਦੀ ਦੋਸਤੀ ਧਰੂ ਤਾਰੇ ਵਾਂਗ- ਮੋਦੀ
ਇਹ ਧਰੂ ਤਾਰਾ ਕਦੀ ਵਾਸ਼ਿੰਗਟਨ ‘ਚ ਵੀ ਚਮਕਦਾ ਸੀ।
ਰਾਜ ਭਵਨ ਪੰਜਾਬ ਦਾ ਨਾਮ ਲੋਕ ਭਵਨ ਪੰਜਾਬ ਹੋਇਆ- ਇਕ ਖ਼ਬਰ
ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।
ਪ੍ਰਵਾਸੀਆਂ ਨੂੰ ‘ਕਚਰਾ’ ਕਹਿ ਕੇ ਬੁਰੇ ਫ਼ਸੇ ਟਰੰਪ, ਹਰ ਪਾਸੇ ਹੋ ਰਹੀ ਹੈ ਆਲੋਚਨਾ- ਇਕ ਖ਼ਬਰ
ਮੁਰਦਾ ਬੋਲੂ, ਖੱਫਣ ਪਾੜੂ।
ਭਾਰਤ ਪਹੁੰਚੇ ਪੁਤਿਨ ਨੂੰ ਮੋਦੀ ਨੇ ਪਾਈ ਗਲਵੱਕੜੀ- ਇਕ ਖ਼ਬਰ
ਅਜੇ ਤਾਂ ਟਰੰਪ ਨੂੰ ਪਾਈਆਂ ਜੱਫੀਆਂ ਨੇ ਚਾੜ੍ਹਿਆ ਚੰਦ ਨਹੀਂ ਭੁੱਲਿਆ।
ਤ੍ਰਿਣਮੂਲ ਕਾਂਗਰਸ ਵਿਰੁੱਧ ਲੜਾਈ ਜਾਰੀ ਰੱਖੋ, ਅਗਲੇ ਸਾਲ ਚੋਣਾਂ ਜਿੱਤਾਂਗੇ- ਮੋਦੀ
ਜੈ ਐੱਸ. ਆਈ.ਆਰ, ਜੈ ਈ.ਵੀ.ਐਮ., ਜੈ ਗਿਆਨੇਸ਼ ਕੁਮਾਰ, ਜੈ ਨੋਟਾਂ ਦੀਆਂ ਦੱਥੀਆਂ।
ਪੰਜਾਬ ‘ਚ ਭਾਜਪਾ ਸਾਰੀਆਂ 117 ਸੀਟਾਂ ਆਪਣੇ ਬਲਬੂਤੇ ‘ਤੇ ਲੜੇਗੀ- ਅਸ਼ਵਨੀ ਸ਼ਰਮਾ
‘ਕੱਲੀ ਲੜ ਲਊਂ ਮੁਕੱਦਮਾ ਆਪੇ, ਨਹੀਂ ਕਰਨੀ ਮਿੰਨਤ ਸ਼ਰੀਕਾਂ ਦੀ।
ਵਿਦੇਸ਼ੀ ਪਤਨੀਆਂ ਹੱਥੋਂ ਨੌਜਵਾਨ ਹੋ ਰਹੇ ਨੇ ਧੋਖੇ ਦੇ ਸ਼ਿਕਾਰ- ਇਕ ਖ਼ਬਰ
ਕਦੀ ਬਾਬੇ ਦੀਆਂ, ਕਦੇ ਪੋਤੇ ਦੀਆਂ।
ਬਿੱਟੂ ਨੇ ਸੁਖਜਿੰਦਰ ਰੰਧਾਵਾ ਦੇ ਵੱਡੇ ਗੈਂਗਸਟਰਾਂ ਨਾਲ ਸਬੰਧਾਂ ਦਾ ਦੋਸ਼ ਲਗਾਇਆ- ਇਕ ਖ਼ਬਰ
ਜਦ ਖਾਂਦਾ ਸੀ ਇਕੋ ਥਾਲ਼ੀ, ਵੇ ਉਦੋਂ ਕਿਉਂ ਨਾ ਬੋਲਿਆ?
ਗੁਜਰਾਤ ‘ਚ ‘ਆਪ’ ਵਿਧਾਇਕ ਗੋਪਾਲ ਇਟਾਲੀਆ ਉੱਤੇ ਜੁੱਤੀ ਸੁੱਟੀ- ਇਕ ਖ਼ਬਰ
ਲਉ ਜੀ, 2027 ਦੇ ‘ਟੂਰਨਾਮੈਂਟ’ ਲਈ ਪ੍ਰੈਕਟਿਸਾਂ ਹੋ ਗਈਆਂ ਸ਼ੁਰੂ।
ਉੱਤਰਾਖੰਡ ਦੇ ਕਾਂਗਰਸੀ ਆਗੂ ਨੇ ਸਿੱਖਾਂ ਨੂੰ ਫੇਰ 12 ਵੱਜਣ ਦੀ ਟਿਚਕਰ ਕੀਤੀ- ਇਕ ਖ਼ਬਰ
ਉੱਤਰਾਖੰਡ ਦੇ ਸਿੱਖੋ ਕੋਈ ਜਣਾ ਇਹਨੂੰ 12 ਵਜੇ ਦਾ ਇਤਿਹਾਸ ਸੁਣਾ ਕੇ ਇਹਦਾ ਭੂਤ ਉਤਾਰੋ ਬਈ।
‘ਆਪ’ ਸਰਕਾਰ ਸ਼ਾਂਤੀਪੂਰਬਕ ਚੋਣਾਂ ਕਰਵਾਏਗੀ- ਕੁਲਦੀਪ ਧਾਲੀਵਾਲ
ਦਸਤਾਰਾਂ ਦੀ ਬੇਅਦਬੀ ਨਾਲ ਸ਼ਾਂਤੀ ਕਿਵੇਂ ਆਉਂਦੀ ਐ ਧਾਲੀਵਾਲ ਸਾਬ?
ਕਾਂਗਰਸ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਚਿਹਰਾ ਬਣਾਏ ਉਹ ਫੇਰ ਹੀ ਸਿਆਸਤ ‘ਚ ਆਊ- ਨਵਜੋਤ ਕੌਰ ਸਿੱਧੂ
ਧਰਤੀ ਨੂੰ ਕਲੀ ਕਰਾ ਦੇ, ਨੱਚੂੰਗੀ ਸਾਰੀ ਰਾਤ।
ਅਮਿਤ ਸ਼ਾਹ ਨੇ ਐੱਸ.ਆਈ.ਆਰ. ਦੇ ਬਹਾਨੇ ਬੰਗਾਲ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਚਲੀ ਚਾਲ- ਮਮਤਾ ਬੈਨਰਜੀ
ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀ-ਭਾਜਪਾ ਗੱਠਜੋੜ ਦੇ ਸੁਝਾਉ ਦਾ ਭਾਜਪਾ ਵਲੋਂ ਇਨਕਾਰ- ਇਕ ਖ਼ਬਰ
ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।
ਡਾਲਰ ਦੇ ਭਾਰ ਹੇਠ ਦੱਬ ਰਿਹਾ ਰੁਪਿਆ, 90 ਰੁਪਏ ਤੋਂ ਪਾਰ- ਇਕ ਖ਼ਬਰ
ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ, ਨਿੰਮ ਨਾਲ ਝੂਟਦੀਏ।
=====================================================================