ਖੁੱਲਾ ਖ਼ਤ,ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਮ - ਬਘੇਲ ਸਿੰਘ ਧਾਲੀਵਾਲ

ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨੀ ਜੀ
ਸਿੰਘ ਸਾਹਿਬ ਜੀਓ, ਮੈ ਇਹ ਖੁੱਲਾ ਖ਼ਤ ਗੁਰੂ ਸਾਹਿਬ ਨੂੰ ਹਾਜਰ ਨਾਜਰ ਮੰਨਕੇ ਸਮੁੱਚੇ ਪੰਥ ਦੀਆਂ ਡੂੰਘੀਆਂ ਚਿੰਤਾਵਾਂ, ਭੁੰਨਦੇ ਪ੍ਰਸ਼ਨਾਂ ਅਤੇ ਧਾਰਮਿਕ ਤਰਕਾਂ ਸਹਿਤ ਤੁਹਾਡੇ ਸਾਮ੍ਹਣੇ ਰੱਖ ਰਿਹਾ ਹਾਂ।ਸਿੰਘ ਸਾਹਿਬ ਜੀਓ, ਇਹ ਖ਼ਤ ਕਿਸੇ ਨਿੱਜੀ ਖ਼ਾਹਿਸ਼ ਦਾ ਜਾਂ ਲਾਲਸਾਵਾਂ ਦਾ ਪ੍ਰਗਟਾਵਾ ਵੀ ਨਹੀਂ ਹੈ, ਬਲਕਿ ਇਹ ਸਿੱਖ ਪੰਥ ਦੇ ਸਵਰਾਂ ਦਾ ਉਹ ਪ੍ਰਚੰਡ ਰੂਪ ਹੈ, ਜੋ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ ਘਾਣ ਹੁੰਦੇ ਦੇਖ ਨਹੀਂ ਸਕਦਾ।ਜਥੇਦਾਰ ਸਾਹਿਬ ਜੀਓ ! ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰਫ਼ ਇਕ ਇਮਾਰਤ ਨਹੀਂ ਬਣਾਈ ਸੀ,ਸਗੋਂ ਉਹ ਉੱਚੀ ਸੁੱਚੀ ਸਿਧਾਂਤਿਕ ਸੰਸਥਾ ਹੈ,ਜਿਹੜੀ ਪੰਥ ਨੂੰ ਅਜਾਦ ਪ੍ਰਭੂ ਸੱਤਾ ਦੇ ਸਿਧਾਂਤ ਤੇ ਪਹਿਰਾ ਦੇਣ ਦੀ ਹਰ ਪਲ ਯਾਦ ਦਿਵਾਉਂਦੀ ਹੈ। ਇਸ ਰੁਹਾਨੀ ਤਖਤ ‘ਤੇ ਰਾਜਨੀਤਿਕ ਦਬਾਅ ਨਹੀਂ, ਸੱਚ ਅਤੇ ਨਿਆਂ ਦੀ ਅਡੋਲਤਾ ਦਾ ਪਹਿਰਾ ਹੋਣਾ ਚਾਹੀਦਾ ਹੈ। ਇਹ ਰੁਹਾਨੀ ਤਖ਼ਤ ਉਹ ਪਵਿੱਤਰ ਥਾਂ ਹੈ ਜਿੱਥੇ ਗੁਰੂ ਦੀ ਪੰਥਕ ਸੂਝ ਬੋਲਦੀ ਹੈ, ਨਾ ਕਿ ਕੋਈ ਸਿਆਸੀ ਲਹਿਰ, ਕੋਈ ਦਬਾਅ, ਜਾਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੀ ਵਕਾਲਤ। ਪਰ ਅੱਜ ਸੰਗਤ ਦੇ ਮਨ ਵਿੱਚ ਇਹ ਡਰ ਅਤੇ ਗਹਿਰਾ ਸੰਦੇਹ ਕਿਉਂ ਪੈਦਾ ਹੋ ਰਿਹਾ ਹੈ?  ਕੀ ਅਕਾਲ ਤਖ਼ਤ ਮੁੜ ਕਿਸੇ ਰਾਜਨੀਤਿਕ ਪਰਛਾਵੇਂ ਹੇਠ ਤਾਂ ਨਹੀਂ ਆ ਰਿਹਾ? ਵੈਸੇ ਤਾਂ 1849 ਵਿੱਚ ਖਾਲਸਾ ਰਾਜ ਦਾ ਸੂਰਜ ਮੁਕੰਮਲ ਰੂਪ ਚ ਛਿਪ ਜਾਣ ਤੋ ਬਾਅਦ ਕਦੇ ਵੀ ਰਾਜਨੀਤਕ ਦਬਾਅ ਤੋ ਮੁਕਤ ਨਹੀ ਰਿਹਾ,ਪਰ ਫਿਰ ਵੀ ਕਦੇ ਨਾ ਕਦੇ ਗੁਰੂ ਅਜਿਹੀ ਖੇਡ ਵਰਤਾ ਹੀ ਦਿੰਦਾ ਹੈ,ਜਦੋ ਇਸ ਰੁਹਾਨੀ ਤਖਤ ਤੋ ਪੰਥ ਦੀ ਭਾਵਨਾ ਆਪਣੇ ਆਪ ਪ੍ਰਗਟ ਹੁੰਦੀ ਪਰਤੱਖ ਦਿਖਾਈ ਦੇਣ ਲੱਗਦੀ ਹੈ।ਸੋ ਅਜਿਹੀ ਖੇਡ ਇੱਕ ਵਾਰ ਨਹੀ ਬਲਕਿ ਕਈ ਵਾਪਰਦੀ ਸੰਸਾਰ ਦੇ ਲੋਕ ਦੇਖ ਚੁੱਕੇ ਹਨ।ਸੋ ਤੁਹਾਨੂੰ ਇਹ ਸਵਾਲ ਇਸ ਲਈ ਕਰਨੇ ਬਣਦੇ ਹਨ,ਕਿਉਂਕਿ ਤੁਹਾਡੇ ਤੋ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਤੁਸੀ ਗੁਰੂ ਸਿਧਾਂਤ ਨਾਲ ਖਿਲਵਾੜ ਨਹੀ ਹੋਣ ਦੇਵੋਗੇ।ਪਰੰਤੂ ਅਸੀ ਦੁਨਿਆਵੀ ਲੋਕ ਫਿਰ ਡੋਲ ਜਾਂਦੇ ਹਾਂ ਅਤੇ ਆਪਣੇ ਮਨ ਨੂੰ ਧਰਵਾਸ ਦੇਣ ਲਈ ਤੁਹਾਨੂੰ ਇਹ ਸਵਾਲ ਕਰਦੇ ਹਾਂ ਕਿ ਕੀ ਗੁਰੂ ਸਾਹਿਬ ਦੇ ਰੁਹਾਨੀ ਤਖਤ ਦੀ ਅਜ਼ਾਦੀ ਨਾਲ  ਖਿਲਵ੍ਹਾੜ ਤਾਂ ਨਹੀ  ਕੀਤੀ ਜਾ ਰਹੀ  ? ਜਥੇਦਾਰ ਸਾਹਿਬ ਜੀਓ, ਡੇਰਾ ਸਿਰਸਾ ਮੁਖੀ ਨੂੰ “ਮੁਆਫੀ” ਦੇਣ ਵਾਲਾ ਹੁਕਮਨਾਮਾ ਤਤਕਾਲੀ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੋਇਆ ਸੀ। ਇਸ ’ਤੇ ਗਿਆਨੀ ਗੁਰਬਚਨ ਸਿੰਘ (ਸ੍ਰੀ ਅਕਾਲ ਤਖਤ ਸਾਹਿਬ),ਗਿਆਨੀ ਇਕਬਾਲ ਸਿੰਘ (ਤਖਤ ਸ੍ਰੀ ਪਟਨਾ ਸਾਹਿਬ),ਬਾਬਾ ਰਾਮ ਸਿੰਘ (ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ) ਗਿਆਨੀ ਗੁਰਮੁੱਖ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਮਰਹੂਮ ਗਿਆਨੀ ਮੱਲ ਸਿੰਘ (ਤਖਤ ਸ੍ਰੀ ਕੇਸਗੜ ਸਾਹਿਬ)ਦੇ ਸਪਸ਼ਟ ਦਸਤਖ਼ਤ ਮੌਜੂਦ ਹਨ।ਮੰਨਿਆ ਕਿ ਗੁਰਮੁੱਖ ਸਿੰਘ ਦਾ ਮਾਮਲਾ ਪਹਿਲਾਂ ਵਿਚਾਰਿਆ ਜਾ ਚੁੱਕਾ ਹੈ ਅਤੇ ਗਿਆਨੀ ਮੱਲ ਸਿੰਘ ਇਹ ਬੋਝ ਲੈ ਕੇ ਹੀ ਇਸ ਦੁਨੀਆਂ ਤੋ ਕੂਚ ਕਰ ਚੁੱਕੇ ਹਨ,ਪਰੰਤੂ ਤੁਹਾਡੇ ਵੱਲੋਂ ਬਾਕੀ ਬਚਦੇ ਤਿੰਨ ਦੋਸ਼ੀਆਂ ਦੀ ਬਜਾਏ ਇਕ ਹੀ ਦੋਸ਼ੀ ਗੁਰਬਚਨ ਸਿੰਘ  ਨੂੰ ਤਲਬ  ਕਰਨ ਪਿੱਛੇ ਕੀ ਮਜਬੂਰੀ ਹੈ ? ਜਦ ਗਲਤੀ ਸਾਂਝੀ ਸੀ, ਤਾਂ ਤਨਖਾਹ ਲਾਉਣ ਸਮੇ ਤੁਸੀ ਇਕ ਤਰਫੇ ਕਿਵੇਂ ਹੋ ਗਏ ?  ਕੀ ਬਾਕੀ ਦੋ ਜਥੇਦਾਰਾਂ ਨੂੰ ਤਲਬ ਨਾ ਕਰਕੇ ਤੁਸੀ ਇਹ ਗੁਰੂ ਦੀ ਸਰਬ ਉੱਚ ਅਦਾਲਤ ਦਾ ਅਪਮਾਨ ਨਹੀ ਕੀਤਾ ?  ਕੀ ਇਹ ਦੋ ਜਥੇਦਾਰ ਕਿਸੇ ਰਾਜਨੀਤਿਕ ਛੱਤ ਹੇਠ ਹਨ, ਇਸ ਲਈ ਬਚਾਏ ਗਏ ਹਨ ਜਾਂ ਅਜੇ ਪ੍ਰਕਿਰਿਆ ਅਧੂਰੀ ਹੈ ?ਇਹ ਵੀ ਸਪੱਸਟ ਹੋਣਾ ਚਾਹੀਦਾ ਹੈ। ਇਹ ਪ੍ਰਸ਼ਨ ਅੱਜ ਹਰ ਗੁਰਸਿਖ ਦੇ ਮਨ ਨੂੰ ਬੇਚੈਨ ਕਰ ਰਿਹਾ ਹੈ। ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠਾ “ਰੁਤਬੇਦਾਰ” ਸੇਵਕ ਅਧੂਰਾ ਨਿਆਂ ਕਰੇ,ਤਾਂ ਉਹ ਨਿਆਂ ਨਹੀਂ—ਫ਼ਰਕ-ਭੇਦ ਹੈ, ਤੇ ਫ਼ਰਕ-ਭੇਦ ਧਾਰਮਿਕ ਅਦਾਲਤ ਦੀ  ਸੇਵਾ ਨਹੀਂ, ਬਲਕਿ ਉਸਦੀ ਬੇਇਜ਼ਤੀ ਹੁੰਦਾ ਹੈ ਸਿੰਘ ਸਾਹਿਬ ਜੀ। ਏਥੇ ਹੀ ਬੱਸ ਨਹੀ ਜਥੇਦਾਰ ਜੀ !ਸਮੁੱਚੇ ਪੰਥ ਦੇ ਮਨਾਂ ਅੰਦਰ ਇੱਕ ਹੋਰ ਵੀ ਤੌਖਲਾ ਅਤੇ ਡਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ,ਉਹ ਹੈ ਮਰਹੂਮ ਸ੍ਰ ਪ੍ਰਕਾਸ਼ ਸਿੰਘ ਬਾਦਲ ਤੋ ਵਾਪਸ ਲਏ ਗਏ ਪੁਰਸ਼ਕਾਰ ਦੇ ਸਬੰਧ ਵਿੱਚ। ਦੋ ਦਸੰਬਰ 2024 ਦੇ ਗੁਰਮਤੇ ਅਨੁਸਾਰ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ “ਫ਼ਖ਼ਰੇ ਕੌਮ” ਅਵਾਰਡ ਵਾਪਸ ਲਿਆ ਗਿਆ ਸੀ, ਇਹ ਫੈਸਲਾ ਪੰਥ ਦੇ ਦੁੱਖਾਂ ਦੀ ਕੁੱਝ ਕੁ ਭਰਪਾਈ ਦਾ ਯਤਨ ਸਮਝਿਆ ਗਿਆ ਸੀ।ਇਸ ਫੈਸਲੇ ਨੂੰ ਮੁੜ ਖੋਲ੍ਹਣ ਦੀ ਚਰਚਾ ਨੇ ਪੰਥ ਨੂੰ ਬੇਚੈਨ ਕੀਤਾ ਹੋਇਆ ਹੈ।ਜਥੇਦਾਰ ਜੀ ! ਕੌਮ ਦੇ ਜ਼ਖ਼ਮਾਂ ’ਤੇ ਰਾਜਨੀਤਿਕ ਪਲਾਸਤਰ ਲਾਉਣ ਦੀ ਗੁਸਤਾਖੀ ਭੁੱਲ ਕੇ ਵੀ ਨਾ ਕਰਿਓ। ਜੇ ਤੁਸੀਂ ਇਹ ਫੈਸਲਾ ਰੱਦ ਕਰਨ ਜਾਂ ਬਦਲਣ ਦੀ ਕੋਸ਼ਿਸ਼ ਕਰਦੇ ਹੋ,ਤਾਂ ਇਹ ਤੁਹਾਡੇ ਵੱਲੋਂ ਸ੍ਰੀ ਅਕਾਲ ਤਖਤ ਦੀ ਨੀਂਹ ਨੂੰ ਹਿਲਾਉਣ ਵਾਲਾ ਗੁਨਾਹ ਹੋਵੇਗਾ, ਸਿੰਘ ਸਾਹਿਬ ਜੀ ! ਤੁਹਾਨੂੰ ਇਹ ਅਹਿਸਾਸ ਹਰ ਪਲ ਹੋਣਾ ਚਾਹੀਦਾ ਹੈ ਕਿ ਜੇਕਰ ਤੁਸੀ ਰਾਜਨੀਤਕ ਦਬਾਅ ਮੰਨਕੇ ਤਖਤ ਸਾਹਿਬ ਦੀ ਮਰਯਾਦਾ ਨਾਲ ਛੇੜ ਛਾੜ ਕਰਦੇ ਹੋ ਤਾਂ ਇਤਹਾਸ ਵਿੱਚ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦੋਸ਼ੀਆਂ ਵਿੱਚ  ਗੁਰਬਚਨ ਸਿੰਘ ਤੋ ਵੱਡਾ ਗੁਨਾਹਗਾਰ ਸਮਝਿਆ ਜਾਵੇਗਾ। ਅਕਾਲ ਤਖ਼ਤ ਦੇ ਫੈਸਲੇ ਗੁਰੂ ਦੀ ਹਜੂਰੀ ਵਿੱਚ ਬਦਲੇ ਨਹੀਂ ਜਾਂਦੇ।ਗੁਰਮਤਿ ਅਨੁਸਾਰ “ਪੰਥ ਦੇ ਸਾਂਝੇ ਫੈਸਲੇ ਨੂੰ ਚੁਣਿੰਦੇ ਹਿੱਤਾਂ ਲਈ ਤੋੜਨਾ ਮਹਾਂ ਗੁਨਾਹ ਹੋਵੇਗਾ ਅਤੇ ਤੁਸ8 ਗੁਨਾਹਗਾਰ ਜਥੇਦਾਰ ਜੀ ! ਤੁਸੀ ਇਹ ਤਾਂ ਭਲੀ ਭਾਤ ਜਾਣਦੇ ਹੀ ਹੋਂ ਕਿ  ਪੰਜ ਸਿੰਘ ਸਾਹਿਬਾਨ ਦਾ ਇਕੱਠੇ ਲਿਆ ਫੈਸਲਾ ਅੰਤਿਮ ਹੁੰਦਾ ਹੈ, ਜੇਕਰ ਤਿੰਨ ਤਖਤਾਂ ਦੀ ਸਹਿਮਤੀ ਹੋਵੇ।”ਕੀ ਤਿੰਨ ਤਖ਼ਤਾਂ ਨੇ ਇਹ ਮੰਗ ਕੀਤੀ ?ਕੀ ਪੰਥ ਨੇ ਇਹ ਮੰਗ ਕੀਤੀ ?ਜੇਕਰ  ਨਹੀਂ ਕੀਤੀ ਤਾਂ ਫਿਰ ਇਹ ਫੈਸਲਾ ਬਦਲਣ ਲਈ ਕੌਣ ਯਤਨਸ਼ੀਲ ਹੈ,ਇਹ ਵੀ ਦੱਸਣ ਦੀ ਜਰੂਰ ਕਿਰਪਾ ਕਰਿਓ ਜੀ।
ਸਿੰਘ ਸਾਹਿਬ ਜੀ, ਤਖ਼ਤ ਗੁਰੂ ਦਾ ਹੈ ਕਿਸੇ ਰਾਜਨੀਤਿਕ ਪਰਿਵਾਰ ਦਾ ਨਹੀਂ, ਅਕਾਲ ਤਖਤ ਮੀਰੀ ਪੀਰੀ ਦੇ ਪਾਤਸ਼ਾਹ ਛੇਵੇਂ ਗੁਰੂ ਸਾਹਿਬ ਦਾ ਤਖ਼ਤ ਹੈ , ਇਸ ਲਈ ਤੁਹਾਡਾ ਕਿਸੇ ਰਾਜਨੀਤਕ ਦਬਾਅ ਅੱਗੇ ਝੁਕਣਾ ਮੀਰੀ ਪੀਰੀ ਦੇ ਸਿਧਾਂਤ ਦੀ ਹੇਠੀ ਹੈ।ਤੁਹਾਡੇ ਵੱਲੋਂ ਦਿਖਾਈ ਗਈ ਥੋੜੀ ਜਿਹੀ ਕਮਜ਼ੋਰੀ ਪੰਥਕ ਰਹੁ ਰੀਤਾਂ ਦਾ ਵੱਡਾ ਘਾਣ ਹੋ ਸਕਦਾ ਹੈ।ਪੰਥ ਨੂੰ ਡਰ ਹੈ ਕਿ ਦੋ ਦਸੰਬਰ ਵਾਲੇ ਫੈਸਲੇ ਨੂੰ ਰਾਜਨੀਤਿਕ ਦਬਾਅ ਦੇ ਤਹਿਤ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ।ਜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਰਾਜਨੀਤਿਕ ਦਬਾਅ ਹੇਠ ਫ਼ੈਸਲੇ ਬਦਲਣ ਲੱਗ ਪਏ,ਤਾਂ ਤਖ਼ਤ ਦੀ ਅਜ਼ਾਦੀ ਦਾ ਹੀ ਅੰਤ ਨਹੀ ਹੋ ਜਾਵੇਗਾ, ਬਲਕਿ ਸਿਧਾਂਤਾਂ ਦਾ ਵੀ ਕਤਲ ਹੋਵੇਗਾ। ਜਥੇਦਾਰ ਜੀ ਖਤ ਵਿੱਚ ਪ੍ਰਗਟ ਕੀਤੇ ਗਏ ਜਜ਼ਬਾਤਾਂ ਨੂੰ ਪੰਥਕ ਨਜਰੀਏ ਤੋ ਵਿਚਾਰਿਆ ਜਾਵੇ ਜੀ,ਕਿਉਂਕਿ ਮੇਰੀ ਇਹ ਲਿਖਤ ਪੰਥਕ ਭਾਵਨਾਵਾਂ ਦੀ ਹੀ ਤਰਜਮਾਨੀ ਹੈ। ਪੰਥ ਦੇ ਮਨਾਂ ਵਿੱਚੋਂ ਗਲਤ ਫਹਿਮੀਆਂ ਦੂਰ ਕਰਨ ਲਈ ਤੁਹਾਨੂੰ ਤਖ਼ਤ ਦੀ ਅਜ਼ਾਦੀ ਬਾਰੇ ਸਪਸ਼ਟ ਅਤੇ ਜਨਤਕ ਬਿਆਨ ਜਾਰੀ ਕਰਨਾ ਚਾਹੀਦਾ ਹੈ,ਤਾਂ ਕਿ ਸੰਗਤ ਨੂੰ ਇਹ ਭਰੋਸਾ ਹੋ ਸਕੇ ਕਿ ਅੱਗੇ ਤੋਂ ਕੋਈ ਫੈਸਲਾ ਰਾਜਨੀਤਿਕ ਦਬਾਅ ਹੇਠ ਨਹੀਂ ਲਿਆ ਜਾਵੇਗਾ। ਸੋ ਅਖੀਰ ਵਿੱਚ ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਤੁਹਾਨੂੰ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਪੰਥਕ ਹਿਤ ਦੇ ਅਡੋਲ ਫ਼ੈਸਲੇ ਕਰਨ ਦੀ ਬੇਅੰਤ ਤਾਕਤ ਬਖ਼ਸ਼ੇ।ਭੁਲ ਚੁੱਕ ਦੀ ਖਿਮਾ, ਆਪ ਜੀ ਦੀ ਦ੍ਰਿੜਤਾ,ਨਿੱਡਰਤਾ ਅਤੇ ਨਿਰਪੱਖਤਾ ਦਾ ਆਸਮੰਦ/
ਬਘੇਲ ਸਿੰਘ ਧਾਲੀਵਾਲ
99142-58142