
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
15.12.2025
2014 ਤੋਂ ਪਹਿਲਾਂ ਭਾਰਤੀਆਂ ਨੂੰ ਵਿਦੇਸ਼ਾਂ ‘ਚ ਏਨਾ ਮਾਣ ਸਨਮਾਨ ਨਹੀਂ ਸੀ ਮਿਲਦਾ- ਪਿਯੂਸ਼ ਗੋਇਲ
ਬਿਲਕੁਲ ਠੀਕ 2014 ਤੋਂ ਪਹਿਲਾਂ ਬੇੜੀਆਂ, ਹੱਥਕੜੀਆਂ ‘ਚ ਭਾਰਤੀ ਡੀਪੋਰਟ ਨਹੀਂ ਸਨ ਹੋਏ ਕਦੀ।
ਆਪਣੀ ਕਮਾਈ ਬਾਰੇ ਝੂਠ ਬੋਲਣ ਵਾਲੀ ਪਤਨੀ ਦਾ ਗੁਜ਼ਾਰਾ ਭੱਤਾ ਹਾਈ ਕੋਰਟ ਨੇ ਕੀਤਾ ਰੱਦ- ਇਕ ਖ਼਼ਬਰ
ਨਾਲੇ ਚੋਪੜੀਆਂ ਨਾਲੇ ਦੋ ਦੋ। ਨਹੀਂ, ਬੀਬੀ ਏਦਾਂ ਨਹੀਂ ਕੰਮ ਚੱਲਣਾ।
ਬਾਦਲਾਂ ਨੇ ਮੁੜ ਚੋਣਾਂ ‘ਚ ਪੰਥ ਵਿਰੋਧੀਆਂ ਨੂੰ ਟਿਕਟਾਂ ਦੇ ਕੇ ਪੰਥ ਦਰਦੀਆਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ-
ਨਿਆਮੀਵਾਲਾ
ਨਿਆਮੀਵਾਲਾ ਜੀ, ਇਕੋ ਜ਼ਾਤੀ ਦੇ ਪੰਛੀ ਹਮੇਸ਼ਾ ਇਕੱਠੇ ਉਡਦੇ ਐ।
ਲੋਕ ਸਭਾ ‘ਚ ਰਾਹੁਲ ਅਤੇ ਸ਼ਾਹ ਵਿਚਕਾਰ ਹੋਈ ਤਿੱਖੀ ਬਹਿਸ- ਇਕ ਖ਼ਬਰ
ਜਿੱਥੇ ਲੂਣ ਘੋਟਣਾ ਖੜਕੇ, ਉਹ ਘਰ ਛੜਿਆਂ ਦਾ।
ਪਿਉ ਵਲੋਂ ਨਹਿਰ ‘ਚ ਸੁੱਟੀ ਕੁੜੀ ਤਿੰਨ ਮਹੀਨਿਆਂ ਬਾਅਦ ਜ਼ਿੰਦਾ ਵਾਪਸ ਪਰਤੀ- ਇਕ ਖ਼ਬਰ
ਜਾ ਕੋ ਰਾਖੇ ਸਾਂਈਆਂ, ਮਾਰ ਸਕੇ ਨਾ ਕੋਇ।
ਅਨਿਲ ਅੰਬਾਨੀ ਦੇ ਬੇਟੇ ਵਿਰੁੱਧ 228 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਕੇਸ ਦਰਜ- ਇਕ ਖ਼ਬਰ
ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।
195 ਸੀਟਾਂ ‘ਤੇ ਜ਼ੀਰੋ ਮੁਕਾਬਲਾ: ਪੰਜਾਬ ਦੇ ਲੋਕਤੰਤਰ ਨੂੰ ਹਾਈਜੈਕ ਕੀਤਾ ਗਿਆ- ਬਾਜਵਾ
ਅਗਲਿਆਂ ਨੇ ਪਹਿਲਾਂ ਹੀ ਦੱਸ ਦਿਤਾ ਸੀ ਕਿ ਉਹ ਸਾਮ, ਦਾਮ, ਦੰਡ, ਭੇਦ ਸਭ ਕੁਝ ਵਰਤਣਗੇ।
ਆਰ.ਟੀ.ਆਈ. ਕਮਿਸ਼ਨ ਨੇ ਪੀ.ਸੀ.ਐੱਸ. ਅਧਿਕਾਰੀ ਦੇ ਭੈੜੇ ਵਤੀਰੇ ‘ਤੇ ਨਾਰਾਜ਼ਗੀ ਪ੍ਰਗਟਾਈ- ਇਕ ਖ਼ਬਰ
ਚੁੱਕੀ ਹੋਈ ਲੰਬੜਾਂ ਦੀ, ਗਾਲ਼ ਬਿਨਾਂ ਨਾ ਬੋਲੇ।
ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰਾਂ ਨੇ ਚੁੱਪ ਰਹਿ ਕੇ ਸੰਸਦ ਵਿਚ ਰੋਸ ਪ੍ਰਦਰਸ਼ਨ ਕੀਤਾ- ਇਕ ਖ਼ਬਰ
ਤੇਰੇ ਸਾਹਮਣੇ ਬਹਿ ਕੇ ਰੋਣਾ, ਦੁੱਖ ਤੈਨੂੰ ਨਹੀਉਂ ਦੱਸਣਾ।
ਸਭ ਪਾਰਟੀਆਂ ਦੇ ਭ੍ਰਿਸ਼ਟਾਚਾਰ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ‘ਚ ਹੋਵੇ- ਜਾਖੜ
ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ।
ਪੰਜਾਬ ਸਰਕਾਰ ਵਲੋਂ ਸਿੱਖ ਸੰਸਥਾਵਾਂ ਵਿਚ ਦਖ਼ਲ ਬਰਦਾਸ਼ਤ ਨਹੀਂ- ਧਾਮੀ
ਇਹ ਅਧਿਕਾਰ ਸਿਰਫ਼ ਤੇ ਸਿਰਫ਼ ਇਕੋ ਵਿਅਕਤੀ ਨੂੰ ਹੈ।
ਕ੍ਰਿਪਾਨ ਪਹਿਨੀ ਹੋਣ ਕਾਰਨ ਸਿੱਖ ਵਕੀਲ ਨੂੰ ਤਿਹਾੜ ਜੇਲ੍ਹ ‘ਚ ਕੈਦੀ ਨਾਲ ਮੁਲਾਕਾਤ ਕਰਨ ਤੋਂ ਰੋਕਿਆ- ਇਕ ਖ਼ਬਰ
ਸਿੱਖੋ! ਰੋਵੋ ਨਹਿਰੂ ਦੀ ਜਾਨ ਨੂੰ ਜਿਹੜਾ ਕਹਿੰਦਾ ਸੀ ਕਿ ਭਾਰਤ ‘ਚ ਸਿੱਖ ਆਜ਼ਾਦੀ ਦਾ ਨਿੱਘ ਮਾਨਣਗੇ।
ਲੁਧਿਆਣਾ ‘ਚ ਚੋਰਾਂ ਨੇ ਲਾਸ਼ਾਂ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕੀਤਾ- ਇਕ ਖ਼ਬਰ
ਭੁੱਖ ਨੰਗ ਦੇ ਏਥੇ ਪ੍ਰਵਾਹ ਕੋਈ ਨਹੀਂ, ਹੁਕਮ ਹੋਵੇ ਤਾਂ ਦੇਗ਼ਾਂ ਨੂੰ ਚੱਟੀਏ ਜੀ।
ਰਾਹੁਲ ਹੁਣ ਖੁਦ ਸੁਲਝਾਉਣਗੇ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼- ਇਕ ਖ਼ਬਰ
ਖਾਲੀ ਪਏ ਮੱਝੀਆਂ ਦੇ ਵਾੜੇ, ਰਾਂਝੇ ਚਾਕ ਬਿਨਾਂ।
‘ਆਪ’ ਸਰਕਾਰ ਨੇ ਪੰਜਾਬ ਦੇ ਪਿੰਡਾਂ ਲਈ ਕੀਤੇ ਕੰਮਾਂ ਦਾ ਹਿਸਾਬ ਨਹੀਂ ਦਿਤਾ- ਮਨੋਰੰਜਨ ਕਾਲੀਆ
ਮੈਂ ਦੁਖ ਮਿੱਤਰਾਂ ਕੋਲ ਰੋਵਾਂ, ਕੰਤ ਨਿਆਣੇ ਦਾ।
===================================================================