ਮਨੁੱਖੀ ਅਧਿਕਾਰਾਂ ਦੀ ਚੈਂਪੀਅਨ ਰੋਜ਼ਾ ਪਾਰਕਸ - ਨਿਰਮਲ ਸਿੰਘ ਕੰਧਾਲਵੀ

ਪਾਠਕੋ, ਆਉ ਦੇਖੀਏ ਕਿ ਰੋਜ਼ਾ ਪਾਰਕਸ ਕੌਣ ਸੀ? ਇਹ ਉਹ ਔਰਤ ਸੀ ਜਿਸ ਨੇ ਅਮਰੀਕਾ ਦੇ ਸ਼ਹਿਰ ਮੌਂਟਗੋਮਰੀ, ਅਲਬਾਮਾ ਸੂਬੇ ਵਿਚ 1955 ‘ਚ ਬੱਸ ਵਿਚ ਬੈਠਿਆਂ ਕਿਸੇ ਗੋਰੇ ਬੰਦੇ ਲਈ ਆਪਣੀ ਸੀਟ ਖਾਲੀ ਕਰਨ ਤੋਂ ਨਾਂਹ ਕਰ ਦਿਤੀ ਸੀ ਜਦੋਂ ਕਿ ਉਸ ਵੇਲੇ ਦੇ ਕਾਨੂੰਨ ਮੁਤਾਬਿਕ ਕਾਲੇ ਲੋਕਾਂ ਨੂੰ ਗੋਰੇ ਲੋਕਾਂ ਲਈ ਸੀਟ ਖਾਲੀ ਕਰਨੀ ਪੈਂਦੀ ਸੀ। ਅੱਜ ਤੋਂ ਸੱਤਰ ਸਾਲ ਪਹਿਲਾਂ ਰੋਜ਼ਾ ਦੇ ਇਸ ਐਕਸ਼ਨ ਨੇ ਸਾਰੇ ਸ਼ਹਿਰ ‘ਚ ਬੱਸਾਂ ਦੇ ਬਾਈਕਾਟ ਦਾ ਸੱਦਾ ਦਿਤਾ ਤੇ ਉਸ ਨੂੰ ਅਮਰੀਕਾ ਵਿਚ ਸਮਾਜਕ ਅਧਿਕਾਰਾਂ ਦੀ ਲੜਾਈ ਲੜਨ ਵਾਲੀ ਆਗੂ ਬਣਾ ਦਿਤਾ।
ਰੋਜ਼ਾ ਕੱਪੜੇ ਸਿਊਣ ਦਾ ਕੰਮ ਕਰਦੀ ਸੀ। ਗ੍ਰਿਫ਼ਤਾਰੀ ਵੇਲੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਹ ਕਾਨੂੰਨ ਇਸ ਲਈ ਤੋੜਿਆ ਕਿ ਉਹ ਬਹੁਤ ਥੱਕੀ ਹੋਈ ਸੀ, ਸਰੀਰਕ ਤੌਰ ‘ਤੇ ਨਹੀਂ ਸਗੋਂ ਹਰੇਕ ਜਗ੍ਹਾ ਜ਼ਿਆਦਤੀਆਂ ਸਹਿ ਸਹਿ ਕੇ।
ਰੋਜ਼ਾ ਦੇ ਇਸ ਵਿਰੋਧ ਨੇ ਅਖੀਰ ਕਾਨੂੰਨ ‘ਚ ਤਬਦੀਲੀ ਲਿਆਂਦੀ, ਜੋ ਕਿ ਅੱਜ ਵੀ ਅਮਰੀਕਾ ਦੇ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ। ਪਰ ਉਸ ਨੇ ਸਮਾਜਕ ਅਧਿਕਾਰਾਂ ਲਈ ਜੋ ਕੰਮ ਕਈ ਦਹਾਕਿਆਂ ਤੱਕ ਕੀਤਾ, ਜਿਸ ਕਰ ਕੇ ਉਸ ਨੂੰ ਸਮਾਜਕ ਅਧਿਕਾਰਾਂ ਦੀ ਮੁਹਿੰਮ ਦੀ ਮਾਂ ਕਿਹਾ ਜਾਂਦਾ ਹੈ, ਉਸ ਦੀ ਗੱਲ ਘੱਟ ਹੀ ਕੀਤੀ ਜਾਂਦੀ ਹੈ। 
ਡਾ. ਮੇਰੀ ਫਰਾਂਸਿਸ ਬੈਰੀ ਜੋ ਕਿ ਪੈਨਸਿਲਵੇਨੀਆ ਯੂਨੀਵਰਸਿਟੀ ‘ਚ ਅਮਰੀਕਨ ਸਮਾਜਕ ਵਿਚਾਰਾਂ, ਇਤਿਹਾਸ ਅਤੇ ਅਫ਼ਰੀਕਨ ਸਟੱਡੀਜ਼ ਦੀ ਪ੍ਰੋਫ਼ੈਸਰ ਹੈ, ਨੇ ਕਿਹਾ ਕਿ ਇਹ ਸਭ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ। ਉਸ ਨੂੰ ਇਹ ਡਰ ਹੈ ਕਿ ਜੇ ਡੋਨਲਡ ਟਰੰਪ ਦੀ ਮਰਜ਼ੀ ਚੱਲੀ ਤਾਂ ਜਲਦੀ ਹੀ ਰੋਜ਼ਾ ਪਾਰਕਸ ਦੇ ਇਤਿਹਾਸਕ ਕਾਰਨਾਮੇ ਨੂੰ ਭੁਲਾ ਦਿਤਾ ਜਾਵੇਗਾ। ਡਾ. ਬੈਰੀ ਨੇ ਚੌਕਸ ਕੀਤਾ ਹੈ ਕਿ ਟਰੰਪ ਜਿਸ ਢੰਗ ਨਾਲ ਇਤਿਹਾਸ ਨੂੰ ਚਿਤਵਦਾ ਹੈ, ਉਸੇ ਹਿਸਾਬ ਨਾਲ ਹੀ ਵ੍ਹਾਈਟ ਹਾਊਸ ਅਜਾਇਬਘਰਾਂ ‘ਚ ਪ੍ਰਦਰਸ਼ਿਤ ਕਲਾ-ਕ੍ਰਿਤਾਂ ਦੀ ਨਜ਼ਰਸਾਨੀ ਕਰਵਾਉਣੀ ਚਾਹੇਗਾ। ਪਹਿਲੀ ਕਲਾ-ਕ੍ਰਿਤ ਹੈ ਬੈਂਜਾਮਿਨ ਫ਼ਰੈਂਕਲਿਨ ਦੀਆਂ ਸਾਇੰਸ ਖੋਜਾਂ ਅਤੇ ਉਸ ਵਲੋਂ ਰੱਖੇ ਗਏ ਗ਼ੁਲਾਮਾਂ ਬਾਰੇ। ਟਰੰਪ ਨੂੰ ਗ਼ੁਲਾਮ ਰੱਖਣ ‘ਚ ਕੁਝ ਬੁਰਾ ਨਹੀ ਲਗਦਾ। ਇਕ ਹੋਰ ਹੈ ਜਾਰਜ ਫ਼ਲੌਇਡ ਦੀ ਮੌਤ ਬਾਰੇ, ਜਿਸ ਬਾਰੇ ਟਰੰਪ ਵਲੋਂ ਕਿਹਾ ਗਿਆ ਹੈ ਕਿ ਇਹ ਚਿਤਰ ਅਮਰੀਕਨ ਪੁਲਿਸ ਬਾਰੇ ਭੈੜੀ ਤਸਵੀਰ ਪੇਸ਼ ਕਰਦਾ ਹੈ। ਯਾਦ ਰਹੇ ਕਿ ਗੋਰੇ ਪੁਲਿਸ ਅਫ਼ਸਰਾਂ ਨੇ ਗ੍ਰਿਫ਼ਤਾਰੀ ਸਮੇਂ ਕਾਲ਼ੇ ਰੰਗ ਦੇ ਜਾਰਜ ਫ਼ਲੌਇਡ ਦੀ ਧੌਣ ‘ਤੇ ਗੋਡਾ ਰੱਖ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਤੇ ਸਾਹ ਘੁੱਟਣ ਕਰ ਕੇ ਉਸ ਦੀ ਮੌਤ ਹੋ ਗਈ ਸੀ।
ਇਸ ਘਟਨਾ ਦੀ ਸਮੁੱਚੀ ਦੁਨੀਆਂ ‘ਚ ਬਹੁਤ ਚਰਚਾ ਹੋਈ ਸੀ।
ਟਰੰਪ ਨੇ ਹੁਣੇ ਜਿਹੇ ਹੀ ਆਪਣੇ ‘ਟਰੁੱਥ ਸੋਸ਼ਲ’ ਪਲੇਟਫ਼ਾਰਮ ‘ਤੇ ਲਿਖਿਆ, “ ਸਮਿਥਸੋਨੀਅਨ ਬੇਲਗਾਮ ਹੋ ਗਿਆ ਹੈ.......ਜੋ ਕਿ ਸਾਡੇ ਦੇਸ਼ ਨੂੰ ਬੜੇ ਕੋਝੇ ਢੰਗ ਨਾਲ ਪੇਸ਼ ਕਰਦਾ ਹੈ, ਅਤੇ ਦੱਸਦਾ ਹੈ ਕਿ ਗ਼ੁਲਾਮੀ ਕਿੰਨੀ ਭੈੜੀ ਚੀਜ਼ ਸੀ।’
ਯਾਦ ਰਹੇ ਸਮਿਥਸੋਨੀਅਨ ਅਜਾਇਬਘਰਾਂ ਦੀ ਇਕ ਜਥੇਬੰਦੀ ਹੈ ਜੋ ਉਨ੍ਹਾਂ ‘ਚ ਰੱਖਣ ਵਾਲੀਆਂ ਕਲਾ- ਕ੍ਰਿਤਾਂ ਦੀ ਚੋਣ ਅਤੇ ਪ੍ਰਬੰਧ ਕਰਦੀ ਹੈ।
ਡਾ.ਬੈਰੀ ‘ਅਮਰੀਕਨ ਸਮਾਜਕ ਅਧਿਕਾਰ ਕਮਿਸ਼ਨ’ ਦੀ ਸਾਬਕਾ ਚੇਅਰਪਰਸਨ ਹੈ, ਜੋ ਕਿ ਰੋਜ਼ਾ ਪਾਰਕਸ ਨੂੰ ਪਹਿਲੀ ਵਾਰ 1967 ‘ਚ ਮਿਲੀ ਸੀ, ਕਹਿੰਦੀ ਹੈ ਕਿ ਜੋ ਕੁਝ ਟਰੰਪ ਕਰ ਰਿਹਾ ਹੈ ਉਹ ਲੋਕਾਂ ਦੇ ਸਮਾਜਕ ਅਧਿਕਾਰਾਂ ਲਈ ਵੱਡਾ ਖ਼ਤਰਾ ਹੈ, ਜੋ ਕਿ ਬੜੀਆਂ ਔਕੜਾਂ ਨਾਲ ਉਨ੍ਹਾਂ ਨੇ ਪ੍ਰਾਪਤ ਕੀਤੇ ਹਨ। ਡਾ. ਬੇਰੀ ਨੇ ਕਿਹਾ ਕਿ, ਰੋਜ਼ਾ ਜੋ ਕਿ 2005 ਵਿਚ 92 ਸਾਲ ਦੀ ਉਮਰ ਭੋਗ ਕੇ ਪੂਰੀ ਹੋਈ, ਇਸ ਗੱਲ ‘ਚ ਯਕੀਨ ਰੱਖਦੀ ਸੀ ਕਿ ਰਾਜਨੀਤਕ ਬਦਲਾਉ ਲਿਆਉਣ ਲਈ ਹਿੰਮਤ ਅਤੇ ਸ਼ਾਂਤਮਈ ਵਿਦਰੋਹ ਬਹੁਤ ਜ਼ਰੂਰੀ ਹੈ। ਡਾ.ਬੈਰੀ ਨੇ ਹੋਰ ਕਿਹਾ:  ‘ਰੋਜ਼ਾ ਪਾਰਕਸ ਮਨੁੱਖੀ ਅਧਿਕਾਰਾਂ ਦੇ ਹਰ ਮਸਲੇ ਵਿਚ ਸ਼ਾਮਲ ਰਹੀ।’
‘ਜਿਸ ਔਰਤ ਨੇ ਸਾਰੀ ਉਮਰ ਸਮਾਜਕ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸੰਘਰਸ਼ ਕੀਤਾ ਹੋਵੇ ਉਸ ਬਾਰੇ ਸਿਰਫ਼ ਇਕੋ ਘਟਨਾ ਦਾ ਹੀ ਜ਼ਿਕਰ ਕਰਨਾ ਉਸ ਦੇ ਮਹਾਨ ਕੰਮ ਨੂੰ ਛੁਟਿਆਉਣਾ ਹੈ।’ 
‘ਅੱਜ ਸਕੂਲਾਂ ‘ਚ ਨਸਲੀ ਮੁੱਦਿਆਂ ‘ਤੇ ਗੱਲ ਨਹੀਂ ਕੀਤੀ ਜਾ ਸਕਦੀ। ਟਰੰਪ ਦਾ ਸਮਾਂ, ਵੰਨ-ਸੁਵੰਨਤਾ ਦੇ ਵਿਰੁੱਧ, ਬਰਾਬਰੀ ਬਾਰੇ ਪੁਸਤਕਾਂ ‘ਤੇ ਪਾਬੰਦੀ ਤੋਂ ਇਲਾਵਾ ਕਿਸੇ ਵੀ ਉਸ ਗੱਲ ‘ਤੇ ਪਾਬੰਦੀ ਲਾਉਣ ਦੀ ਗੱਲ ਕਰਦਾ ਹੈ ਜਿਸ ਵਿਚ ਕਾਲ਼ੇ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਪਛਾਣ ਮਿਲਦੀ ਹੋਵੇ।’ 
ਪਾਠਕੋ! ਟਰੰਪ ਦੇ ਵਿਚਾਰਾਂ ਬਾਰੇ ਕੌਣ ਨਹੀਂ ਜਾਣਦਾ? ਅਜੇ ਹੁਣੇ ਜਿਹੇ ਹੀ ਉਸ ਨੇ ਇਕ ਬਿਆਨ ਵਿਚ ਸੋਮਾਲੀਆ ਦੇ ਲੋਕਾਂ ਨੂੰ ਕੂੜੇ-ਕਰਕਟ ਦਾ ‘ਖਿਤਾਬ’ ਦਿਤਾ ਹੈ। ਮਿਨੀਸੋਟਾ ਦੇ ਡੈਮੋਕਰੈਟਿਕ ਮੇਅਰ ਟਿਮ ਵਾਲਜ਼ ਬਾਰੇ ਵੀ ਉਸ ਨੇ ਬੜੇ ਭੈੜੇ ਲਫ਼ਜ਼ ਵਰਤੇ ਹਨ। ਟਿਮ ਵਾਲਜ਼ ਨੇ ਜਵਾਬ ‘ਚ ਏਨਾ ਹੀ ਕਿਹਾ ਕਿ ਦੁਨੀਆਂ ਨੂੰ ਆਪਣੇ ਸਕੂਲਾਂ ‘ਚੋਂ ਅਜਿਹਾ ਨਫ਼ਰਤੀ ਵਿਵਹਾਰ ਅਤੇ ਭਾਸ਼ਾ ਕੱਢਣ ਨੂੰ ਤੀਹ ਸਾਲ ਲੱਗੇ ਹਨ। 
ਏਸ਼ਿਆਈ ਦੇਸ਼ਾਂ ਦੇ ਬਾਸ਼ਿੰਦਿਆਂ ਬਾਰੇ ਵੀ ਟਰੰਪ ਦੇ ਵਿਚਾਰ ਨਫ਼ਰਤ ਭਰੇ ਹਨ। ਸਭ ਦੁਨੀਆਂ ਨੇ ਦੇਖਿਆ ਕਿ ਕਿਵੇਂ ਉਸ ਨੇ ਭਾਰਤੀ ਇਸਤਰੀ ਮਰਦਾਂ ਨੂੰ ਹੱਥਕੜੀਆਂ ਤੇ ਬੇੜੀਆਂ ‘ਚ ਬੰਨ੍ਹ ਕੇ ਵਾਪਸ ਭੇਜਿਆ। ਸੋ ਮਿਸ ਬੈਰੀ ਦੇ ਸ਼ੰਕੇ ਬਿਲਕੁਲ ਜਾਇਜ਼ ਹਨ ਤੇ ਸਮੁੱਚੀ ਦੁਨੀਆਂ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਲਾਮਬੰਦ ਹੋ ਕੇ ਸਮਾਜਕ ਅਤੇ ਮਨੁੱਖੀ ਅਧਿਕਾਰਾਂ ਲਈ ਡੱਟ ਕੇ ਖੜ੍ਹੇ ਹੋਣ ਦੀ ਲੋੜ ਹੈ।
===========================================================