ਅੰਨੇ ਘੋੜੇ  ਦਾ ਦਾਨ - ਤਰਸੇਮ ਬਸ਼ਰ

 ਮੈਂ ਇੱਕ ਦੋ ਵਾਰ ਨਹੀਂ ਕਈ ਵਾਰ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਇਹ ਫਿਲਮ "ਅੰਨੇ ਘੋੜੇ ਦਾ ਦਾਨ "ਦੇਖਣ ਦੀ ਸ਼ੁਰੂਆਤ ਕੀਤੀ ਪਰ ਵਿਚਕਾਰ  ਛੱਡ ਦਿੱਤੀ । ਧੁੰਦ ਦੀ ਠੰਡੀ ਸੁਬਾਹ ,ਪਿੰਡਾ ਦੇ ਢਹਿੰਦੇ ਹੋਏ ਘਰਾਂ ਦੀਆਂ ਘਸੀਆਂ ਹੋਈਆਂ ਸੁਰਖ ਇਟਾਂ , ਕੰਬਲਾਂ ਦੇ ਓਹਲੇ ਚ ਧੁਆਂਖੇ ਬੁੱਢੇ ਚਿਹਰੇ , ਗੁਰਬਤ ਦੇ ਮੰਜ਼ਰ .........। 
         ਮੈਂ ਫਿਲਮ ਬੰਦ ਕਰ ਦਿੰਦਾ ਹਾਂ , ਮੇਰੇ ਚ ਇਨੀ ਹਿੰਮਤ ਨਹੀਂ ।
ਬਹੁਤ ਸਾਰੀਆਂ ਫਿਲਮਾਂ ਬਾਰੇ ਲਿਖਿਆ ਹੈ ਜਿਨਾਂ ਵਿੱਚ ਗਮ ਸੀ , ਗਰੀਬੀ ਸੀ ਦੁਖਾਂਤ ਸੀ ।  ਬਾਅਦ ਚ ਕਦੇ ਦੇਖਾਂਗਾ । ਇਹਨਾਂ ਬਾਰੇ ਲਿਖਣ ਲੱਗਿਆਂ ਇਹਨਾਂ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। 
ਇਹ ਪਤਾ ਹੋਣ ਦੇ ਬਾਵਜੂਦ ਕਿ ਇਸ ਫਿਲਮ ਬਾਰੇ ਨਾ ਲਿਖਣ ਤੇ ਸਾਹਿਤਕ ਕਿਰਤਾਂ ਤੇ ਬਣੀਆਂ  ਫਿਲਮਾਂ ਬਾਰੇ ਲਿਖਣ ਦਾ ਕਾਰਜ ਪੂਰਾ ਨਹੀਂ ਮੰਨਿਆ ਜਾ ਸਕਦਾ, ਮੈਂ ਫਿਲਮ ਦੇਖਣ ਦੀ ਹਿੰਮਤ ਨਹੀਂ ਸੀ ਜੁਟਾ ਸਕਿਆ  ।  ਬੇਸ਼ਕ ਮੈਂ ਸ਼ੁਰੂਆਤ ਵਿੱਚ ਹੀ ਲਿਖ ਦਿਆਂ ਕਿ "ਅੰਨੇ ਘੋੜੇ ਦਾ ਦਾਨ" ਫਿਲਮ ਵਿੱਚ ਕਥਾਰਸ ਦਾ ਨਿਰੰਤਰ ਪ੍ਰਵਾਹ ਨਹੀਂ ਹੈ ਇਸ ਦੀ ਕਹਾਣੀ ਵਿੱਚ ਬਹੁਤੇ ਮੋੜ ਨਹੀਂ ,ਬਹੁਤੇ ਸੰਵਾਦ ਵੀ ਨਹੀਂ , ਨੀਰਸਤਾ ਵੀ ਹੈ , ਪਰ ਇੱਕ ਪੁਰਅਸਰ  ਫਿਲਮ ਨੂੰ ਸਿਰਫ ਤੁਸੀਂ ਇਹਨਾਂ ਕਾਰਨਾਂ ਕਰਕੇ ਰੱਦ ਨਹੀਂ ਕਰ ਸਕਦੇ ਕਿ ਉਸ ਵਿੱਚ ਆਮ ਫਿਲਮਾਂ ਵਰਗੀ ਰਵਾਨਗੀ ਨਹੀਂ ਹੈ , ਮਨੋਰੰਜਨ ਦਾ ਤੱਤ ਨਹੀਂ ਹੈ ।
    ਸ਼ਾਇਦ ਮੈਂ ਇਸੇ ਕਰਕੇ ਫਿਲਮ ਦੇਖਣ ਤੋਂ ਟਲਦਾ ਰਿਹਾ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਕੋਈ ਸਧਾਰਨ ਫਿਲਮਾਂ ਵਰਗੀ ਫਿਲਮ ਨਹੀਂ ਹੋਵੇਗੀ ਇਹ ਮਨ ਤੇ ਅਸਰ ਕਰਨ ਵਾਲੀ ਗਹਿਰੀ ਫਿਲਮ ਹੋਵੇਗੀ ।
       ਅਕਸਰ ਕਿਸੇ ਨਾ ਕਿਸੇ ਮਿੱਤਰ ਦਾ ਸੁਨੇਹਾ ਆ ਜਾਂਦਾ ਕਿ ਤੁਸੀਂ ਅੰਨੇ ਘੋੜੇ ਦਾ ਦਾਨ ਬਾਰੇ ਲਿਖੋ ਗੁਰਦਿਆਲ ਸਿੰਘ ਦੇ ਨਾਵਲ ਅੰਨੇ ਘੋੜੇ ਦਾ ਦਾਨ ਤੇ ਬਣੀ ਫਿਲਮ ਬਾਰੇ ਵੀ ਲਿਖੋ  ।  ਫਿਲਮ ਦੇਖਣ ਲਈ ਮਾਨਸਿਕ ਤੌਰ ਤੇ ਤਿਆਰ ਹੋਣ ਤੋਂ ਪਹਿਲਾਂ ਮੈਂ ਉਸ ਬਾਰੇ ਕੁਝ ਪੜ੍ਨ ਬਾਰੇ ਸੋਚਿਆ  । ਅਚਾਨਕ ਇਕ ਹਿੰਦੀ ਵਿੱਚ ਲਿਖਿਆ ਹੋਇਆ ਲੇਖ ਪੜਨ ਨੂੰ ਮਿਲਿਆ ਜਿਸ ਵਿੱਚ ਇਸ ਫਿਲਮ ਦੀ ਚਰਚਾ ਕਰਦਿਆਂ ਇਸ ਨੂੰ ਅਤੇ ਸਬੀਹਾ ਸਮਰ ਦੀ ਫਿਲਮ "ਖਾਮੋਸ਼  ਪਾਣੀ" ਨੂੰ ਪੰਜਾਬੀ ਫਿਲਮ ਦੀਆਂ ਦੋ ਮਹਾਨ ਫਿਲਮਾਂ ਦੱਸਿਆ ਗਿਆ ਸੀ ।  ਕਹਾਣੀ ਬਾਰੇ ਵੀ ਕੁਝ ਸੀ , ਉਸ ਬਾਰੇ ਪੜ੍ਹਨ ਤੋਂ ਬਾਅਦ ਮੈਂ ਮਨ ਬਣਾਉਣ ਲੱਗਿਆ ਸੀ ਕਿ ਇਹ ਫਿਲਮ ਦੇਖਾਂਗਾ ਇਹਦੇ ਵਿੱਚ ਬਦਲਦੇ ਦੌਰ ਦੇ ਅਸਥਿਰ ਮਾਨਸਿਕਤਾ , ਪੀੜ ਦੀ ਗੱਲ ਹੈ  ਪਰ ਦੁਖਾਂਤ ਦੀ ਕੋਈ ਲੜੀ ਨਹੀਂ ਹੈ  ।  
ਲੇਖ ਵਿੱਚ ਗੁਰਦਿਆਲ ਸਿੰਘ ਹੁਰਾਂ ਬਾਰੇ ਵੀ ਕਾਫੀ ਕੁਝ ਲਿਖਿਆ ਹੋਇਆ ਸੀ ਉਹਨਾਂ ਨੂੰ ਰਾਸ਼ਟਰੀ ਪੱਧਰ ਦਾ ਲੇਖਕ ਦੱਸਿਆ ਗਿਆ ਜਿਸ ਲੇਖਕ ਨੇ ਪੰਜਾਬ ਦੀ  ਪੇਂਡੂ ਜਿੰਦਗੀ ਨੂੰ ਕਾਗਜ ਤੇ ਉਤਾਰਿਆ ਲੋਕਾਂ ਦੀਆਂ ਅਕਿਹ  ਚਿੰਤਾਵਾਂ ਨੂੰ ਸ਼ਬਦ ਦਿੱਤੇ , ਜਿਨਾਂ ਨੂੰ ਕਿ ਉਹ ਖੁਦ ਨਹੀਂ ਸਨ ਬੋਲ ਸਕਦੇ ।
          ਇਹ ਮਾਲਵੇ ਦੇ ਪਿੰਡਾਂ  ਵਿੱਚੋਂ ਇੱਕ ਪਿੰਡ ਦੀ ਕਹਾਣੀ ਹੈ ਜਿਹੜੇ ਪਿੰਡ ਜੈਤੋ ਅਤੇ ਬਠਿੰਡਾ ਦੇ ਆਸ ਪਾਸ ਵਸੇ ਹੋਏ ਹਨ ਤੇ ਕਹਾਣੀ ਅਤੇ ਫਿਲਮ ਦਾ ਕਾਫੀ ਹਿੱਸਾ ਇਸ ਖਿੱਤੇ  ਦੇ ਵੱਡੇ ਸ਼ਹਿਰ ਬਠਿੰਡਾ ਨਾਲ ਵੀ ਬਾਵਸਤਾ ਹੈ ।  ਫਿਲਮ ਵਿੱਚ ਵੀ ਬਠਿੰਡਾ ਦਿਖਾਇਆ ਗਿਆ ਹੈ ਇਸ ਦੀਆਂ ਬਸਤੀਆਂ, ਨਹਿਰ ਦੀਆਂ ਪਟੜੀਆਂ ,ਰੇਲਾਂ ,ਕਿਲਾ ,ਗਲੀਆਂ ਬਹੁਤ ਕੁਝ । ਕਿਉਂਕਿ ਕਹਾਣੀ ਦਾ ਇੱਕ ਪਾਤਰ ਮੇਲੂ  ਜੋ ਕਿ  ਕਹਾਣੀ ਦੇ ਮੁੱਖ ਪਾਤਰ ਮੱਲ  ਸਿੰਘ ਦਾ ਬੇਟਾ ਹੈ ਇਸੇ ਸ਼ਹਿਰ ਵਿੱਚ ਰਿਕਸ਼ਾ ਚਲਾ ਰਿਹਾ ਹੈ । ਮੇਲੂ ਦੀ ਭੂਮਿਕਾ ਰੰਗ ਕਰਮੀ" ਸੈਮੂਅਲ ਜੌਹਨ "ਨੇ ਨਿਭਾਈ ਹੈ ਤੇ ਬਾਖੂਬੀ ਨਿਭਾਈ ਹੈ ।  ਫਿਲਮ ਵਿੱਚ ਉਹਨਾਂ ਦੇ ਪਾਤਰ ਲਈ ਬਹੁਤੇ ਸੰਵਾਦ ਨਹੀਂ ਸਨ ਉਹਨਾਂ ਨੇ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਚਿਹਰੇ ਦੇ ਮਨੋਭਾਵਨਾ ਨਾਲ ਹੀ ਕਰਨਾ ਸੀ ਤੇ ਉਹਨਾਂ ਨੇ ਬਖੂਬੀ ਕੀਤਾ ਹੈ ।
      
     ਪਹਿਲਾਂ ਫਿਲਮ ਦੀ ਕਹਾਣੀ ਸੰਖੇਪ ਵਿੱਚ ਸਮਝ ਲੈਂਦੇ ਹਾਂ , ਮੈਂ ਪਹਿਲਾਂ ਹੀ ਲਿਖਿਆ ਹੈ ਇਸ ਵਿੱਚ ਬਹੁਤ ਜਿਆਦਾ ਮੋੜ ਨਹੀਂ ਹਨ ਇਹ ਲੰਮੀ ਚੌੜੀ ਵੀ ਨਹੀਂ ਹੈ ਬਹੁਤਾ ਕੁਝ ਸੂਖਮ ਇਸ਼ਾਰਿਆਂ ਨਾਲ ਕਿਹਾ ਗਿਆ ਹੈ ਜੋ ਤੁਹਾਨੂੰ ਆਪ ਸਮਝਣਾ ਪੈਂਦਾ ਹੈ । ਇਹ ਕੁਝ ਦਹਾਕੇ ਪਹਿਲਾਂ ਦੇ ਮਾਲਵੇ ਚ  ਪੇਂਡੂ ਲੋਕਾਂ  ਦੀ ਕਹਾਣੀ ਹੈ । ਪਿੰਡ ਵਿੱਚ ਸਥਿਤ ਦਲਿਤਾਂ ਦੀ ਅਲੱਗ ਬਸਤੀ ਜਿਸ ਨੂੰ  ਵਿਹੜਾ  ਵੀ ਕਹਿੰਦੇ ਸਨ ਨਾਲ ਸੰਬੰਧਿਤ ਪਾਤਰਾਂ ਦੀ ਹੈ  ।  ਇਹਨਾਂ ਪਾਤਰਾਂ ਵਿੱਚ ਜਿੱਥੇ ਪਛੜੇ ਹੋਣ ਦਾ ਅਹਿਸਾਸ ਹੈ ਉਥੇ ਹੀ ਇਹ ਮਾਨਸਿਕ ਤੌਰ ਤੇ ਵੀ ਅਸਥਿਰ ਹਨ , ਗਰੀਬ ਵੀ ਹਨ । ਕਹਾਣੀ ਦਾ ਮੁੱਖ ਪਾਤਰ  ਮੱਲ ਸਿੰਘ ਖੁਦ ਤਾਂ ਪਿੰਡ ਹੀ ਰਹਿੰਦਾ ਹੈ ਪਰ ਉਸ ਦਾ ਪੁੱਤ ਸ਼ਹਿਰ ਚਲਾ ਗਿਆ ਹੈ ਕਿਉਂਕਿ ਉਸ ਨੂੰ ਹੁਣ ਪਿੰਡ ਤੋਂ ਕੋਈ ਉਮੀਦ ਨਹੀਂ ਸੀ । ਉਹ  ਨਵੇਂ ਬਦਲ ਲਈ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਹੈ ।
 ।  ਪਿੰਡ ਵਿੱਚ ਉੱਚ ਜਾਤੀਆਂ ਦਾ ਬੋਲਬਾਲਾ ਹੈ  ।  ਧਰਮ ਸਿੰਘ ਦਾ ਘਰ ਇੱਕ ਠੰਡੀ ਸੁਭਾ ਨੂੰ ਢਾ ਦਿੱਤਾ ਗਿਆ ਹੈ ਕਿਉਂਕਿ ਉਸਦੇ ਇਹ ਕੋਠੇ  ਉਹਨਾਂ ਖੇਤਾਂ ਵਿੱਚ ਬਣੇ ਹੋਏ ਸਨ ਜੋ ਇਕ ਉੱਚ ਜਾਤੀ ਦੇ ਜਮੀਂਦਾਰ ਦੀ ਜਮੀਨ ਵਿੱਚ ਸਨ ਤੇ ਉਸਨੇ ਇਹ ਕਿਸੇ ਸ਼ਾਹੂਕਾਰ ਨੂੰ ਵੇਚ ਦਿੱਤੀ ਹੈ  । ਇੱਕ ਰਾਤ ਵਿੱਚ ਹੀ ਧਰਮ ਸਿੰਘ ਤੇ ਉਹਦਾ  ਘਰੋਂ ਬੇਘਰ ਘਰ ਹੋ ਗਿਆ ਸੀ । ਪਿੰਡ ਵਿੱਚ ਖਬਰ ਉੱਡ ਜਾਂਦੀ ਹੈ । 
ਵਿਹੜੇ ਵਾਲਿਆਂ ਨੂੰ ਜਿੱਥੇ ਦੁੱਖ ਹੈ ਉਥੇ ਹੀ ਰੋਸ ਵੀ । ਇਹ ਜੁਲਮ ਹੈ ।
 ਉਹ ਇਕੱਠੇ ਹੋ ਕੇ ਰੋਸ ਪ੍ਰਗਟਾਉਣਾ ਵੀ ਚਾਹੁੰਦੇ ਸਨ ਹਨ ਪਰ ਉਹਨਾਂ ਦੀ ਸਥਿਤੀ ਅਜਿਹੀ ਹੈ ਨਹੀਂ ਹੈ ।   ਬਾਹਰੋਂ ਭਾਵੇਂ ਉਹ ਰੋਸ ਪ੍ਰਗਟਾ ਰਹੇ ਹਨ ਪਰ ਅੰਦਰੂਨੀ ਤੌਰ ਤੇ ਡਰੇ ਹੋਏ ਹਨ। ਹੁਣ ਉਹਨਾਂ ਨੂੰ ਡਰ ਹੈ ਕਿ ਅਜਿਹਾ ਤਾਂ ਕਿਸੇ ਨਾਲ ਵੀ ਹੋ ਸਕਦਾ ਹੈ  । ਉੱਤੋਂ ਇੱਕ ਧੱਕਾ ਹੋਰ ਹੁੰਦਾ ਹੈ ।ਪੁਲਿਸ ਧਰਮ ਸਿੰਘ ਨੂੰ ਲੈ ਜਾਂਦੀ ਹੈ , ਜੋ ਕਿ ਅੱਜ ਹੀ ਘਰੋਂ ਬੇਘਰ ਹੋਇਆ ਹੈ ਅਤੇ ਉਹ ਖੜੇ ਦੇਖਦੇ ਰਹਿੰਦੇ ਹਨ  । ਮੱਲ ਸਿੰਘ  ਭਾਵੇਂ ਘੱਟ ਬੋਲਦਾ ਹੈ ਪਰ ਉਹ ਇਹਨਾਂ ਸਥਿਤੀਆਂ ਤੋਂ ਡਰਿਆ ਹੋਇਆ ਹੈ ਉਸ ਨੂੰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ । 
   ਪੁਰਾਣੇ ਦੌਰ ਦੇ    ਪਿੰਡਾਂ ਵਿੱਚ ਦਲਿਤਾਂ ਦੀ ਸਥਿਤੀ ਨੂੰ ਕਹਾਣੀ ਚ ਬੜੇ ਸੂਖਮ ਤੇ ਸੰਕੇਤਕ  ਭਾਵਾਂ ਨਾਲ  ਰੂਪਮਾਨ ਕੀਤਾ ਗਿਆ ਹੈ ।  
ਇੱਕ ਦ੍ਰਿਸ਼ ਵਿੱਚ ਮੱਲ  ਸਿੰਘ ਦੀ ਪਤਨੀ ਜੋ ਕਿ ਇੱਕਕਿਸਾਨ ਦੇ ਨਰਮਾ ਚੁਗਣ ਗਈ ਹੋਈ ਸੀ ਸਾਗ ਲਈ ਕਿਸੇ ਦੇ ਖੇਤ ਵਿੱਚੋਂ ਸਰੋਂ  ਦੀਆਂ ਗੰਦਲਾਂ ਤੋੜ ਲੈਂਦੀ ਹੈ ਅਤੇ ਉਹ ਘਰ ਆ ਕੇ ਪਰੇਸ਼ਾਨੀ ਵਿੱਚ ਬੋਲਦੀ ਹੈ ਕਿ ਉਹ ਹੁਣ ਕਦੇ ਵੀ ਉਹਨਾਂ ਦੇ ਘਰੇ ਕੰਮ ਕਰਨ ਨਹੀਂ ਜਾਵੇਗੀ ਉਹਨਾਂ ਨੂੰ ਰੱਬ ਨੇ ਇਹਨਾਂ ਕੁਝ ਦਿੱਤਾ ਹੈ ਉਸ ਨੇ ਸਰੋਂ ਦੀਆਂ ਕੁਝ ਗੰਦਲਾਂ ਤੋੜ ਲਈਆਂ ਹਨ ਤਾਂ ਉਸ ਨੂੰ ਇਨਾ ਬੋਲਿਆ ਗਿਆ ਹੈ ਅਜਿਹੇ ਕੁਝ ਦ੍ਰਿਸ਼ ਹੋਰ ਵੀ ਹਨ ਜੋ ਉਸ ਸਮੇਂ ਦਲਿਤਾਂ ਦੀ ਸਮਾਜਿਕ ਸਥਿਤੀ ਨੂੰ ਬਿਆਨ ਕਰਦੇ ਹਨ । ਮੱਲ ਸਿੰਘ ਪੂਰੇ ਵਰਤਾਰੇ ਨੂੰ ਦੇਖ ਕੇ ਵੀ ਚੁੱਪ ਹੈ ਉਸ ਅੰਦਰ ਬਹੁਤ ਵੱਡੀ ਹਲਚਲ ਮੱਚ ਰਹੀ ਹੈ ਉਸ ਨੂੰ ਹੁਣ ਪਿੰਡ ਸੁਰੱਖਿਤ ਨਹੀਂ ਲੱਗ ਰਿਹਾ । 
ਉਹਨਾਂ ਕੋਲੇ ਰੋਜ਼ਗਾਰ ਦੇ ਬਹੁਤੇ ਵਸੀਲੇ ਵੀ  ਨਹੀਂ ਹਨ , ਤਾਂ ਜਮੀਨਾਂ ਵੀ ਨਹੀਂ ਹਨ ਉਹਨਾਂ ਲਈ ਸਿਰਫ ਮਜ਼ਦੂਰੀ ਦਾ ਰਸਤਾ ਖੁੱਲਾ ਹੋਇਆ ਹੈ। ਜੋਰ ਜਬਰ ਦੇ ਦੌਰ ਵਿੱਚ ਇਸ ਤਰਾਂ ਰਹਿਣਾ ਵੀ ਆਸਾਨ ਨਹੀਂ ਅੰਦਰੋਂ ਅੰਦਰੀ ਮੱਲ ਸਿੰਘ ਹੁਣ ਪਿੰਡ ਦੇ ਮਾਹੌਲ ਤੋਂ ਬਹੁਤ ਨਿਰਾਸ਼ ਹੈ ।

ਉਧਰ ਮੇਲੂ  ਬਠਿੰਡੇ ਰਕਸ਼ਾ ਚਲਾਉਂਦਾ ਹੈ ਪਰ ਆਪਣੇ ਸਮਾਜਿਕ ਸਥਿਤੀ ਤੋਂ ਨਾ ਸਿਰਫ ਅਸੰਤੁਸ਼ਟ ਹੈ ਬਲਕਿ ਨਿਰਾਸ਼ ਵੀ ਹੈ  । ਉਸ ਨੂੰ ਲੱਗਦਾ ਹੈ ਕਿ ਸ਼ਹਿਰ ਵੀ ਉਹਨਾਂ ਦੀਆਂ ਦਿੱਕਤਾਂ ਨਹੀਂ ਖਤਮ ਕਰ ਸਕਦਾ ।  ਫਿਲਮ ਦੀ ਕਹਾਣੀ ਵਿੱਚ ਬਹੁਤੇ ਮੋੜ ਨਹੀਂ ਆਉਂਦੇ ਬਹੁਤੀਆਂ ਘਟਨਾਵਾਂ ਨਹੀਂ ਵਾਪਰਦੀਆਂ ਬਹੁਤ ਕੁਝ ਸੰਕੇਤਕ ਰੂਪ ਵਿੱਚ ਕਿਹਾ ਜਾਂਦਾ ਹੈ, ਫਿਲਮ  ਵੀ ਗੁਰਦਿਆਲ ਸਿੰਘ ਦੀ ਕਹਾਣੀ ਦੀ ਇਸ ਜੁਗਤ  ਨੂੰ ਪ੍ਰਗਟਾਉਨ  ਵਿੱਚ ਬੜੀ ਹੱਦ ਤੱਕ ਕਾਮਯਾਬ ਹੈ । 
        ਮੱਲ  ਸਿੰਘ ਦੇ ਦੋਵੇਂ ਛੋਟੇ ਬੱਚੇ ਵੀ ਘਰੇਲੂ ਹਾਲਾਤਾਂ ਵਿੱਚ ਉਦਾਸ ਹਨ l, ਘਰ ਦਾ ਮਾਹੌਲ ਬੋਝਲ ਹੁੰਦਾ ਜਾ ਰਿਹਾ ਹੈ ।
  ਮੱਲ ਸਿੰਘ ਨੂੰ ਉਸ ਦਾ ਦੋਸਤ ਇੱਕ ਦਿਨ ਸ਼ਹਿਰ ਜਾਣ ਲਈ ਕਹਿੰਦਾ ਹੈ । ਮੱਲ  ਸਿੰਘ ਘਰੇਲੂ ਹਾਲਾਤਾਂ ਦੇ ਚਲਦਿਆਂ ਪਹਿਲਾਂ ਤਾਂ ਇਨਕਾਰ ਕਰ ਦਿੰਦਾ ਹੈ , ਘਰ ਵਿੱਚ ਪਤਨੀ ਬੇਟਾ ਤੇ ਜਵਾਨ ਧੀ ਹੈ ਪਰ ਬਾਅਦ ਵਿੱਚ  ਸੋਚਣ ਵਿਚਾਰਨ ਤੋਂ ਬਾਦ ਸ਼ਹਿਰ ਜਾਣ ਲਈ ਤਿਆਰ ਹੋ ਜਾਂਦਾ ਹੈ ।  ਉਹ ਸ਼ਹਿਰ ਜਾਂਦਾ ਹੈ ਤਾਂ ਉਸੇ ਸ਼ਾਮ  ਸ਼ਹਿਰ  ਤੋਂ ਨਿਰਾਸ਼ ਹੋਇਆ ਮੇਲੂ ਤੋਂ ਪਿੰਡ ਵਾਪਸ ਆ ਜਾਂਦਾ ਹੈ ।  ਪਿਤਾ ਦੇ ਪਿੰਡ ਤੋਂ ਸ਼ਹਿਰ ਜਾਣ ਅਤੇ ਪੁੱਤਰ ਦੇ ਸ਼ਹਿਰ ਤੋਂ ਪਿੰਡ ਵਾਪਸ ਆਉਣ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਵਿੱਚ ਲੇਖਕ ਨੇ ਵੱਡਾ  ਦੁਖਾਂਤ ਅਤੇ ਦੌਰ ਸਿਰਜਿਆ ਹੈ ।  ਪੂੰਜੀਵਾਦ ਦੇ ਦੌਰ ਵਿੱਚ ਬਦਲ ਰਹੀਆਂ ਸਥਿਤੀਆਂ ਦੋਵਾਂ ਥਾਵਾਂ ਤੇ ਹੀ ਉਹਨਾਂ ਲਈ ਸਹਾਈ ਨਹੀਂ ਹਨ । ਸਮਾਜਿਕ ਅਤੇ ਆਰਥਿਕ ਪੱਖੋਂ ਟੁੱਟੇ ਹੋਏ ਲੋਕ ਨਵੇਂ ਰਾਹ ਤਲਾਸ਼ ਕਰ ਰਹੇ ਹਨ ਅਤੇ ਨਿਰਾਸ਼ ਹੋ ਕੇ ਪਰਤ ਰਹੇ ਹਨ ।  ਕਹਾਣੀ ਦਾ ਮਰਮ ਇਸੇ ਅਸਥਿਰਤਾ ਨਾਲ ਜੁੜਿਆ ਹੋਇਆ ਹੈ ਜੋ ਸੋ ਬਹੁਤ ਸੂਖਮ ਭਾਵਾਂ ਚ ਕਿਹਾ ਗਿਆ ਹੈ । 
        ਮੇਲੂ ਉਸ ਰਾਤ ਜਦੋਂ ਵਾਪਸ ਆਉਂਦਾ ਹੈ ਤਾਂ ਦੇਖਦਾ ਹੈ ਕਿ ਉਸਦੀ ਛੋਟੀ ਭੈਣ ਰਾਤ ਦੇ ਹਨੇਰੇ ਵਿੱਚ ਕਿਤੇ ਜਾ ਰਹੀ ਹੈ ਉਹ ਉਸ ਨੂੰ ਆਵਾਜ਼ ਮਾਰਦਾ ਹੈ ਤੇ ਪੁੱਛਦਾ ਹੈ ਕਿ ਕਿੱਥੇ ਜਾ ਰਹੀ ਤਾਂ ਉਹ ਕਹਿੰਦੀ ਹੈ ਕਿ ਘਰੇ ਚਿੱਤ ਭਾਰਾ ਹੋ ਰਿਹਾ ਸੀ ਇਸੇ ਕਰਕੇ ਇਧਰ ਆ ਗਈ ਸੀ ਉਹ ਉਸ ਦੇ ਮੋਢੇ ਤੇ ਹੱਥ ਰੱਖਦਾ ਹੈ ਤੇ  ਉਹ ਭੈਣ ਭਰਾ ਘਰੇ ਮੁੜ ਜਾਂਦੇ ਹਨ , ਫਿਲਮ ਇਸੇ ਮੋੜ ਤੇ ਆ ਕੇ ਖਤਮ ਹੋ ਜਾਂਦੀ ਹੈ ।
     ਫਿਲਮ ਵਿੱਚ ਸਪਸ਼ਟ ਤੌਰ ਤੇ ਨਹੀਂ ਪਤਾ ਲੱਗਦਾ ਕਿ ਉਸਦੀ ਭੈਣ ਕੀ ਕਰਨ ਆਈ ਹੋਈ ਸੀ ? ਕੀ ਉਹ ਕਿਸੇ ਨਾਲ ਜਾ ਰਹੀ ਸੀ ਕਿ ਅਚਾਨਕ ਉਸਦਾ ਭਰਾ ਵਾਪਸ ਆ ਗਿਆ ਜਾਂ ਫਿਰ ਇਹ ਉਸੇ ਤਰ੍ਹਾਂ ਸੀ ਜਿਸ ਤਰਾਂ ਉਸਨੇ ਕਿਹਾ ਹੈ ਕਿ ਘਰ ਵਿੱਚ ਮਾਹੌਲ ਭਾਰੂ ਸੀ ਇਸ ਲਈ ਬਾਹਰ ਆ ਗਈ ਸੀ ।

           ਅਸਲ ਵਿੱਚ ਸਹੀ ਤਾਂ ਇਹੀ ਹੈ ਕਿ ਜੇਕਰ ਅਜਿਹੀਆਂ ਫਿਲਮਾਂ ਦੇਖਣੀਆਂ ਹੋਣ ਜਿਨਾਂ ਵਿੱਚ ਸੰਕੇਤਕ ਭਾਸ਼ਾ ਸੰਕੇਤਕ ਦ੍ਰਿਸ਼ ਹੋਣ, ਦੀ ਮੂਲ ਕਹਾਣੀ ਵੀ ਪੜ੍ ਲਈ ਜਾਵੇ ਤਾਂ ਫਿਲਮ ਜਿਆਦਾ ਬਿਹਤਰ ਸਮਝ ਆਉਂਦੀ ਹੈ ।  ਫਿਲਮ ਚ ਜੇਕਰ ਸੰਵਾਦ ਘਟ ਹਨ ਤਾਂ ਨਿਰਦੇਸ਼ਕ ਦੀ ਇਸ ਸਲਾਈਹਤ ਦੀ ਸਿਫਤ ਕਰਨੀ ਬਣਦੀ ਹੈ ਕਿ ਬਹੁਤ ਜਗ੍ਹਾ ਤੇ ਉਸ ਦੀ ਫਿਲਮਾਏ  ਦ੍ਰਿਸ਼ ਬੋਲ ਰਹੇ ਹੁੰਦੇ ਹਨ । ਫਿਲਮ ਚ ਕੈਮਰਾ ਦਾ ਕੰਮ ਬਹੁਤ ਸ਼ਾਨਦਾਰ ਹੈ ਉਥੇ ਹੀ ਪਹਿਰਾਵੇ ਤੇ ਬੋਲੀ ਲਈ ਵੀ ਫਿਲਮ ਯਾਦਗਾਰੀ ਬਨ ਗਈ ਹੈ ।  ਪਛੜੇ ਤੇ ਗਰੀਬ ਘਰਾਂ ਦਾ ਫਿਲਮਾਂਕਣ ਨਵੇਂ ਫਿਲਮ ਸਿਖਿਆਰਥੀਆਂ ਲਈ ਇੱਕ ਉਦਾਹਰਨ ਹੈ ।  ਫਿਲਮ ਵਿੱਚ ਕਿਤੇ ਕਿਤੇ ਮਾਲਵੇ ਵਿੱਚ ਵੱਜਦਾ ਲੋਕ ਸੰਗੀਤ ਸੁਣਾਈ ਦਿੰਦਾ ਹੈ ਪਿਠਵਰਤੀ  ਸੰਗੀਤ ਦੀ ਬੜੀ ਮਿਹਨਤ ਨਾਲ ਅਤੇ ਢੁਕਵਾਂ ਤਿਆਰ ਕੀਤਾ ਗਿਆ ਹੈ ।  ਦ੍ਰਿਸ਼ਾਂ ਵਿੱਚ ਪਿੱਠ ਵਰਤੀ ਆਵਾਜ਼ਾਂ ਲਈ ਵੀ ਮਿਹਨਤ ਕੀਤੀ ਗਈ ਹੈ ਜੇਕਰ ਸਵੇਰ ਦਾ ਸਮਾਂ ਹੈ ਚੁੱਲੇ ਤੇ ਚਾਹ ਬਣ ਰਹੀ ਹੈ ਤਾਂ ਉਸ ਵਿੱਚ ਗੁਰਦੁਆਰੇ ਤੋਂ ਆ ਰਹੀ ਗ੍ਰੰਥੀ ਸਿੰਘ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ।  ਇਹ ਉਹੀ ਆਵਾਜ਼ ਹੈ ਜੋ ਹਰ ਪਿੰਡ ਵਿੱਚ ਸੁਣਾਈ ਦਿੰਦੀ ਹੈ ।  
ਕੁਝ ਇਕ ਦ੍ਰਿਸ਼ ਪਿੰਡ ਦੀਆਂ ਖਾਲੀ ਗਲੀਆਂ ਜਿਸ ਵਿੱਚ ਧੁੰਦ ਦਾ ਪਸਾਰਾ ਹੈ ਨੂੰ ਇਨੀ ਖੂਬਸੂਰਤੀ ਨਾਲ਼ ਫ਼ਿਲਮਾਇਆ  ਗਿਆ ਹੈ ਕਿ ਕੁਝ ਵੀ ਨਾ ਹੋਣ ਦੇ ਬਾਵਜੂਦ ਇਹ ਦ੍ਰਿਸ਼ ਮਹੱਤਵਪੂਰਨ ਪ੍ਰਤੀਤ ਹੁੰਦੇ ਹਨ , ਸੁੰਨਸਾਨ ਗਲੀਆਂ ਜਿਵੇਂ ਕੁਝ ਕਹਿ ਰਹੀਆਂ ਹੋਣ , ਉਹ ਲਤਾੜੇ ਲੋਕਾਂ ਦੇ ਲਈ ਗਮਗੀਨ ਹੋਣ  । ਨਿਰਦੇਸ਼ਕ ਇਹਨਾਂ ਦ੍ਰਿਸ਼ਾਂ ਲਈ ਵਧਾਈ ਦਾ ਪਾਤਰ ਹੈ  ।  ਇਕੱਠ ਵਿੱਚ ਜਦੋਂ ਬਹੁਤੇ ਲੋਕ ਕੰਬਲ ਲੈ ਕੇ ਖੜੇ ਹੁੰਦੇ ਹਨ ਤਾਂ ਉਹ ਦ੍ਰਿਸ਼ ਬੜੇ ਸੁਭਾਵਿਕ ਪ੍ਰਤੀਤ ਹੁੰਦੇ ਹਨ ਪਹਿਲਾਂ ਪਿੰਡਾਂ ਵਿੱਚ ਇਹਨਾਂ ਕੰਬਲਾਂ ਦਾ ਜਿਨਾਂ ਨੂੰ ਭੂਰੇ ਕਿਹਾ ਜਾਂਦਾ ਹੈ ਦਾ ਹੀ ਚਲਨ ਸੀ ।
             ਬਹਰ ਹਾਲ  ਮਹੱਤਵਪੂਰਨ ਤੱਥ ਇਸ ਕਹਾਣੀ ਦੇ ਸਿਰਲੇਖ ਨਾਲ ਸੰਬੰਧਿਤ ਹੈ ।  ਮਾਨਤਾ ਅਨੁਸਾਰ ਪਿੰਡਾਂ ਵਿੱਚ ਅੰਨੇ ਘੋੜੇ ਦਾ ਦਾਨ ਮੰਨਣ ਦੀ ਪ੍ਰਥਾ ਹੈ ਇਹ ਗੁਰਦਿਆਲ ਸਿੰਘ ਖੁਦ ਇਸ ਸਿਰਲੇਖ ਬਾਰੇ ਸਪਸ਼ਟ ਕਰਦੇ ਹਨ।  ਇਸ ਦਾ ਸਬੰਧ ਇੱਕ ਪੁਰਾਣਕ ਕਥਾ ਨਾਲ ਜੋੜਿਆ ਜਾਂਦਾ ਹੈ ਜਿਸ ਵਿੱਚ ਦੇਵਤਿਆਂ ਅਤੇ ਅਸੁਰਾਂ ਦਾ ਜ਼ਿਕਰ ਹੈ । ਮਾਨਤਾ ਅਨੁਸਾਰ ਚੰਨ ਜਾਂ ਸੂਰਜ ਨੂੰ ਗ੍ਰਹਿਣ ਵੇਲੇ ਅੰਨੇ ਘੋੜੇ ਦਾ ਇਹ ਦਾਨ ਮੰਗਿਆ ਜਾਂਦਾ ਹੈ ਜਿਸ ਵਿੱਚ ਸਰਦੇ ਪੁੱਜਦੇ ਲੋਕ ਦਾਨ ਕਰਦੇ ਹਨ ।  ਫਿਲਮ ਵਿੱਚ ਵੀ ਇਹ ਲਫਜ਼ ਕਈ ਵਾਰ ਸੁਣਾਈ ਦਿੰਦੇ ਹਨ ਤੇ ਇਸ ਪ੍ਰਸੰਗ ਵਿੱਚ ਇੱਕ ਸੰਵਾਦ ਵੀ ਮੌਜੂਦ ਹੈ।  
          ਭਾਵੇਂ ਫਿਲਮ ਵਿੱਚ ਸਪਸ਼ਟ ਤੌਰ ਤੇ ਅਜਿਹਾ ਕੁਝ ਨਹੀਂ ਕਿਹਾ ਗਿਆ ਪਰ ਮੇਰੀ ਸਮਝ ਅਨੁਸਾਰ ਲੇਖਕ ਨੇ ਅੰਨੇ ਘੋੜੇ ਦਾ ਦਾਨ ਮੰਗਦੇ ਹੋਏ ਬਰਾਬਰੀ ਦੀ ਸਮਝ  ਦਾ ਦਾਨ ਮੰਗਿਆ ਹੈ , ਇਸ ਦੇ ਪਾਤਰ ਵੀ ਸ਼ਬਦ ਨਾ ਕਹਿੰਦਿਆਂ ਹੋਇਆਂ ਵੀ ਇਹੀ ਦਾਨ ਮੰਗ ਰਹੇ ਹਨ । 
       ਪੰਜਾਬੀ ਦੀਆਂ ਕਲਾ ਫਿਲਮਾਂ ਵਿੱਚੋਂ ਅੰਨੇ ਘੋੜੇ ਦਾ ਦਾਨ ਹਮੇਸ਼ਾ ਜ਼ਿਕਰ ਵਿੱਚ ਰਹੇਗੀ ਇਸ ਵਿੱਚ ਬਹੁਤ ਸੂਖਮ ਚੀਜ਼ਾਂ ਦਾ ਧਿਆਨ ਰੱਖਦਿਆਂ ਹੋਇਆਂ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ ।  ਆਮ ਦਰਸ਼ਕ ਲਈ ਇਸ ਦੀਆਂ ਕੁਝ ਕਮਜ਼ੋਰੀਆਂ ਹੋ ਸਕਦੀਆਂ ਹਨ ਪਰ ਜੇਕਰ ਇੱਕ ਲੇਖਕ ਇੱਕ ਬੁੱਧੀਜੀਵੀ ਤੇ ਫਿਲਮਕਾਰ ਦੇ ਤੌਰ ਤੇ ਫਿਲਮ ਦੇਖੀ ਜਾਵੇਗੀ ਤਾਂ ਇਹ ਪੰਜਾਬੀ ਸਿਨਮਾ ਦੀਆਂ ਚੋਣਵੀਆਂ  ਵਧੀਆ ਫਿਲਮਾਂ ਵਿੱਚੋਂ ਇੱਕ ਹੈ ।ਗੁਰਵਿੰਦਰ ਸਿੰਘ ਪੰਜਾਬ ਦੀ ਪੇਂਡੂ ਜੀਵਨ  ਦੇ ਇੱਕ ਦੌਰ ਨੂੰ ਕੈਮਰੇ ਵਿੱਚ ਕੈਦ ਕਰਨ ਲਈ  ਸ਼ਾਬਾਸ਼ੀ ਦੇ ਹੱਕਦਾਰ ਹਨ , ਉੱਥੇ ਹੀ ਉਮੀਦ ਹੈ ਕੁਝ ਹੋਰ ਲੋਕ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਲਈ ਅੱਗੇ ਆਉਣਗੇ ।
      59 ਵੈਂ  ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਅੰਨੇ ਘੋੜੇ ਦਾ ਦਾਨ ਨੂੰ ਵਧੀਆ ਨਿਰਦੇਸ਼ਨ ਕੈਮਰਾ ਮੈਨ ਅਤੇ ਪੰਜਾਬੀ ਦੀ ਬਿਹਤਰੀਨ ਰਾਸ਼ਟਰੀ ਫਿਲਮ ਵਜੋਂ ਰਾਸ਼ਟਰੀ ਅਵਾਰਡ ਦਿੱਤਾ ਗਿਆ ਸੀ ।
           ਅੰਨੇ ਘੋੜੇ ਦਾ ਦਾਨ ਨਾਵਲ 1978 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸ ਦੀ ਇਹ ਫਿਲਮ 2011 ਵਿੱਚ ਰਿਲੀਜ਼ ਹੋਈ ਹੈ ।  ਗੁਰਦਿਆਲ ਸਿੰਘ ਸ਼ਾਇਦ ਵਾਹਦ ਪੰਜਾਬੀ ਲੇਖਕ ਹਨ ਜਿਨਾਂ ਦੀਆਂ ਲਿਖਤਾਂ ਤੇ ਮੜੀ ਦਾ ਦੀਵਾ ਅਤੇ ਅੰਨੇ ਘੋੜੇ ਦਾ ਦਾਨ ਵਰਗੀਆਂ ਤਵਾਰੀਖੀ ਫਿਲਮਾਂ ਬਣੀਆਂ ਹਨ ।
ਤਰਸੇਮ ਬਸ਼ਰ