ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ - ਡਾ. ਗੁਰਵਿੰਦਰ ਸਿੰਘ

 'ਜੋ ਰਾਖ ਹੋ ਗਏ... ਪੰਜਾਬ ਵਿੱਚ ਬਗ਼ਾਵਤ ਅਤੇ ਮਨੁੱਖੀ ਅਧਿਕਾਰ'

ਹਜ਼ਾਰਾਂ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਮਗਰੋਂ, ਉਹਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਮੂਹਿਕ ਤੌਰ ਤੇ ਖਪਾ ਦੇਣ ਦੇ ਸੱਚ ਨੂੰ ਸੰਸਾਰ ਦੇ ਮੰਚ 'ਤੇ ਲਿਆਉਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਇਹ ਦੀ 30ਵੀਂ ਵਰ੍ਹੇਗੰਢ ਹੈ। ਇਸ ਮੌਕੇ 'ਤੇ 21 ਦਸੰਬਰ, ਦਿਨ ਐਤਵਾਰ ਨੂੰ ਗਰੈਂਡ ਅੰਪਾਇਰ ਬੈਂਕੁਟ ਹਾਲ ਸਰੀ ਵਿਖੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨਾਲ-ਨਾਲ ਬੀਸੀ ਦੀਆਂ ਸਿੱਖ ਸੰਸਥਾਵਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਵਿਰਾਸਤ, ਯਾਦ ਅਤੇ ਮਨੁੱਖੀ ਅਧਿਕਾਰਾਂ ਦੇ ਸੰਘਰਸ਼ ਤੋਂ ਲੈ ਕੇ ਮੌਜੂਦਾ ਸਮੇਂ ਤੱਕ, ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਕਰ ਰਹੀਆਂ ਹਨ। ਇਸ ਮੌਕੇ 'ਤੇ ਵਿਸ਼ੇਸ਼ ਕਰਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਸ਼ਾਮਲ ਹੋ ਰਹੇ ਹਨ, ਜਿਨਾਂ ਨੂੰ ਪੰਥਕ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਹੀਦ ਖਾਲੜਾ ਦੀ ਯਾਦ ਵਿੱਚ 6 ਸਤੰਬਰ 2025 ਨੂੰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹਾਲ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਹੋਏ ਵੱਡੇ ਪੰਥਕ ਇਕੱਠ ਵਿਚ ਸ਼ਹੀਦ ਖਾਲੜਾ ਦੇ ਛੋਟੇ ਭਾਈ ਭਾਈ ਅਮਰਜੀਤ ਸਿੰਘ ਖਾਲੜਾ ਅਤੇ ਉੱਘੇ ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਨੇ ਸੈਮੀਨਾਰ ਕੀਤਾ ਸੀ ਅਤੇ ਕੈਨੇਡਾ ਭਰ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੇ ਹੋਰ ਪ੍ਰੋਗਰਾਮ ਉਲੀਕੇ ਸਨ।
ਇਸ ਦੌਰਾਨ ਹੀ ਕੈਨੇਡਾ ਦੀ ਸੰਸਦ ਵਿਚ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ 30ਵੇਂ ਸ਼ਹੀਦੀ ਵਰ੍ਹੇ ‘ਤੇ 18 ਨਵੰਬਰ 2025 ਨੂੰ ਲਿਬਰਲ ਐਮਪੀ ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ, ਭਾਈ ਖਾਲੜਾ ਨੂੰ ਸ਼ਹੀਦ ਕੀਤੇ ਜਾਣ ਦੀ ਦਾਸਤਾਨ ਸਾਂਝੀ ਕੀਤੀ, ਜਿਸ ‘ਤੇ ਸਮੁੱਚੀ ਸੰਸਦ ਨੇ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਬੀ.ਸੀ. ਵਿਧਾਨ ਸਭਾ ਵੱਲੋਂ 6 ਸਤੰਬਰ ਦੇ ਦਿਹਾੜੇ ਨੂੰ ‘ਸ਼ਹੀਦ ਜਸਵੰਤ ਸਿੰਘ ਖਾਲੜਾ ਦਿਵਸ’ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਸਾਬਕਾ ਮੁਖੀ ਸ. ਜਗਮੀਤ ਸਿੰਘ ਨੇ ਸ਼ਹੀਦ ਖਾਲੜਾ ਅਤੇ ਲਵਾਰਿਸ ਲਾਸ਼ਾਂ ਦਾ ਮੁੱਦਾ, ਕਈ ਵਾਰ ਕੈਨੇਡੀਅਨ ਪਾਰਲੀਮੈਂਟ ਵਿਚ ਉਠਾਇਆ ਹੈ। ਕੈਨੇਡਾ ਦੇ ਕਈ ਹੋਰਨਾਂ ਸੂਬਿਆਂ ਤੇ ਬਹੁਤ ਸਾਰੇ ਦੇਸ਼ਾਂ ਵਿਚ ਵੀ ਸ਼ਹੀਦ ਖਾਲੜਾ ਦੇ 30ਵੇਂ ਸ਼ਹੀਦੀ ਦਿਹਾੜੇ ਨੂੰ 'ਮਨੁੱਖੀ ਅਧਿਕਾਰ ਦਿਵਸ' ਵਜੋਂ ਚੇਤੇ ਕੀਤਾ ਗਿਆ ਹੈ। ਅਜਿਹੇ ਮੌਕੇ ‘ਤੇ ‘ਜੋ ਰਾਖ ਹੋ ਗਏ …ਪੰਜਾਬ ਵਿੱਚ ਬਗ਼ਾਵਤ ਅਤੇ ਮਨੁੱਖੀ ਅਧਿਕਾਰ’ (Reduced to Ashes ਦਾ ਗੁਰਮੁਖੀ ਵਿੱਚ ਲਿਪੀ ਅੰਤਰ) ਪਾਠਕ ਜਗਤ ਤੱਕ ਪਹੁੰਚਣਾ, ਭਾਈ ਖਾਲੜਾ ਦੇ ਮਹਾਨ ਕਾਰਜਾਂ ਨੂੰ ਸੀਸ ਝੁਕਾਉਣ ਦਾ, ਸਤਿਕਾਰਤ ਉਪਰਾਲਾ ਹੈ।
ਮਨੁੱਖੀ ਹੱਕਾਂ ਦੇ ਚੈਂਪੀਅਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ 30ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ‘ਜੋ ਰਾਖ ਹੋ ਗਏ…’ ਛੇਤੀ ਹੀ ਪਾਠਕਾਂ ਦੇ ਹੱਥਾਂ ਚ ਹੋਏਗੀ। ਇਸ ਦਾ ਪ੍ਰਭਾਵਸ਼ਾਲੀ ਸਰਵਰਕ ਪੰਜਾਬੀ ਅਤੇ ਅੰਗਰੇਜ਼ੀ ਦੇ ਰੂਪਾਂ ਨੂੰ ਬਾਖੂਬ ਪੇਸ਼ ਕਰਦਾ ਹੈ। ਇਹ ਕਿਤਾਬ, ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲੀ ਗੁਰੂਆਂ ਦੀ ਧਰਤੀ ‘ਤੇ, 20ਵੀਂ ਸਦੀ ਦੇ ਆਖਰੀ ਦੋ ਦਹਾਕਿਆਂ ‘ਚ, ਇੰਡੀਅਨ ਸਟੇਟ ਦੇ ਸਿੱਖਾਂ ‘ਤੇ ਕਹਿਰ ਨੂੰ, ਤੱਥਾਂ ਰਾਹੀਂ ਬਿਆਨ ਕਰਨ ਦਾ ਦਲੇਰਾਨਾ ਅਤੇ ਅਣਖੀਲਾ ਕਦਮ ਹੈ। ਸ਼ਹੀਦ ਭਾਈ ਖਾਲੜਾ ਦੀਆਂ ਗਵਾਹੀਆਂ ਸਮੇਤ, ਪੀੜਤ ਵਰਗ ਦੇ ਅਣ-ਸੁਣੇ ਦਰਦ ਨੂੰ, ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲੇ ਲਿਖਾਰੀ ਰਾਮ ਨਰਾਇਣ ਕੁਮਾਰ ਅਤੇ ਅਮਰੀਕ ਸਿੰਘ ਮੁਕਤਸਰ, ਅਸ਼ੋਕ ਅਗਰਵਾਲ ਅਤੇ ਜਸਕਰਨ ਕੌਰ ਧੰਨਵਾਦ ਦੇ ਪਾਤਰ ਹਨ। ਕਿਤਾਬ ਦੇ ਪਿਛਲੇ ਪੰਨੇ 'ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਲਿਖੇ ਸ਼ਬਦ ਬੜੇ ਭਾਵਪੂਰਤ ਹਨ, "ਜੋ ਰਾਖ ਹੋ ਗਏ.: ਪੰਜਾਬ ਵਿੱਚ ਬਗਾਵਤ ਅਤੇ ਮਨੁੱਖੀ ਅਧਿਕਾਰ" ਪੰਜਾਬ ਅੰਦਰਲੇ ਅਸੀਂਵਿਆਂ ਅਤੇ 90ਵਿਆਂ ਦੇ ਦਹਾਕੇ ਦੌਰਾਨ ਹੋਏ ਪੁਲਿਸ ਦੇ ਅਣਮਨੁੱਖੀ ਜ਼ੁਲਮ ਅਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਨੂੰ ਉਜਾਗਰ ਕਰਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਕਿਤਾਬ ਇਸ ਤੱਥ ਨੂੰ ਪ੍ਰਮਾਣਿਤ ਕਰਦੀ ਹੈ ਕਿ ਜਦੋਂ ਤੱਕ ਇਨਸਾਨੀਅਤ ਦੀ ਆਵਾਜ਼ ਬਚੀ ਰਹੇਗੀ, ਸਰਦਾਰ ਜਸਵੰਤ ਸਿੰਘ ਖਾਲੜਾ ਵਰਗੇ ਲੋਕਾਂ ਦੀ ਕੁਰਬਾਨੀ ਅਜਾਈ ਨਹੀਂ ਜਾਏਗੀ। ਇਹ ਪੁਸਤਕ ਸਿਰਫ਼ ਉਹਨਾਂ ਦੀ ਯਾਦ ਨੂੰ ਹੀ ਨਹੀਂ, ਸਗੋਂ ਉਸ ਸੰਘਰਸ਼ ਨੂੰ ਜਿਉਂਦਾ ਰੱਖਣ ਦੀ ਵੀ ਇਕ ਕੋਸ਼ਿਸ਼ ਹੈ, ਜੋ ਅਣਸੁਣੀਆਂ ਆਵਾਜ਼ਾਂ ਨੂੰ ਤਥਾਂ ਸਹਿਤ ਦੁਨੀਆ ਤੱਕ ਪਹੁੰਚਾਉਂਦੀ ਹੈ। "ਜੋ ਰਾਖ ਹੋ ਗਏ.." ਨਾ ਸਿਰਫ ਸਾਡੇ ਸਮਿਆਂ ਦਾ ਇਤਿਹਾਸ ਹੈ, ਬਲਕਿ ਇਕ ਅਜਿਹੀ ਤਕਰੀਰ ਹੈ, ਜੋ ਇਨਸਾਫ਼ ਅਤੇ ਸੱਚਾਈ ਦੀ ਅਹਿਮੀਅਤ ਨੂੰ ਅੱਜ ਵੀ ਕਾਇਮ ਰੱਖਦੀ ਹੈ।
ਮੂਲ ਰੂਪ ‘ਚ ਛਪੀ REDUCED TO ASHES ਵਡਮੁੱਲੀ ਰਚਨਾ ਦਾ ਪੰਜਾਬੀ ‘ਚ ਅਨੁਵਾਦ ਡਾ. ਪਰਮਿੰਦਰ ਸਿੰਘ ਸ਼ੌਕੀ ਨੇ, ਕਰੜੀ ਮਿਹਨਤ ਨਾਲ ਕੀਤਾ ਹੈ ਰੀਥਿੰਕ ਬੁਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।ਕਿਤਾਬ ਦੀ ਤਿਆਰੀ ਦੌਰਾਨ ਹੱਡਬੀਤੀ ਬਿਆਨਦਿਆਂ ਡਾ ਪਰਮਿੰਦਰ ਸਿੰਘ ਲਿਖਦੇ ਹਨ, ਮੈਂ "ਪੰਜਾਬ 'ਚ ਜ਼ੁਲਮ” ਤੇ ਕੰਮ ਕਰਦਿਆਂ ਏਨਾ ਤਣਾਅ ਨਹੀਂ ਸਹਿਆ ਸੀ, ਜਿੰਨਾ “ਜੋ ਰਾਖ ਹੋ ਗਏ…” ਵੇਲੇ ਮਹਿਸੂਸ ਹੋਇਆ. ਇਸ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇਸ ਵਿੱਚ ਮੇਰੇ ਤੋਂ ਵੀ ਅੱਧੀ ਉਮਰ ਦੇ ਬੱਚੇ ਕਾਨੂੰਨ ਦੁਆਰਾ ਮੌਤ ਦੇ ਘਾਟ ਉਤਾਰ ਦੇਣ ਦੀਆਂ ਦਰਦਨਾਕ ਕਹਾਣੀਆਂ ਦੇ ਪਾਤਰ ਸਨ।ਕਿਸੇ ਸਮੇਂ ਜੋ ਕਾਰਜ ਸ. ਜਸਵੰਤ ਸਿੰਘ ਖਾਲੜਾ ਦੇ ਨਾਲ ਸ਼ੁਰੂ ਹੋਇਆ, ਉਹ ਆਖ਼ਰ ਸੀਸੀਡੀਪੀ ਦੀ ਇਸ ਰਿਪੋਰਟ ਨਾਲ ਲਗਭਗ ਆਪਣਾ ਅੱਧਾ ਸਫ਼ਰ ਕਰ ਗਿਆ ਹੈ। ਇਹ ਕਿਤਾਬ ਨਾ ਸਿਰਫ ਖਾਲੜਾ ਸਾਹਿਬ ਦੀ ਜੀਵਨੀ ਤੋਂ ਤੁਰ ਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹਾਂ ਤੇ ਉਨ੍ਹਾਂ ਦੀਆਂ ਲੜਾਈਆਂ ਤੱਕ ਚੱਲਦੀ ਹੈ, ਬਲਕਿ ਪੰਜਾਬ ਦੇ ਖੂਨੀ ਇਤਿਹਾਸ ਨੂੰ ਵੀ ਬੜੀ ਬਾਰੀਕੀ ਨਾਲ ਆਪਣੇ ਕਲਾਵੇ ਵਿੱਚ ਲੈਂਦੀ ਹੈ। ਇਹ ਕਿਤਾਬ ਇੱਕ ਮਹੱਤਵਪੂਰਨ ਦਸਤਾਵੇਜ਼ੀ ਕਿਤਾਬ ਹੈ, ਜੋ 1984 ਦੀ ਸਿੱਖ ਨਸਲਕੁਸ਼ੀ ਅਤੇ ਉਸ ਤੋਂ ਬਾਅਦ ਭਾਰਤ ਦੇ ਰਾਜਨੀਤਿਕ–ਨਿਆਂ ਪ੍ਰਣਾਲੀ ਦੀ ਨਾਕਾਮੀ ਨੂੰ ਤਿੱਖੇ ਤੌਰ ’ਤੇ ਉਜਾਗਰ ਕਰਦੀ ਹੈ। ਇਹ ਕਿਤਾਬ Human Rights Watch ਅਤੇ Ensaaf ਵਰਗੀਆਂ ਸੰਸਥਾਵਾਂ ਦੁਆਰਾ ਤਿਆਰ ਕੀਤੀ ਗਈ ਸੁਚੱਜੀ ਰਿਪੋਰਟ ਹੈ, ਜਿਸ ਵਿੱਚ ਪੀੜਤ ਪਰਿਵਾਰਾਂ ਦੇ ਦਰਦ, ਗਵਾਹੀਆਂ, ਅਤੇ ਉਹ ਅੰਧੇਰੇ ਤੱਥ ਦਰਜ ਹਨ, ਜੋ ਰਾਜ ਨੇ ਦਬਾਉਣ ਦੀ ਕੋਸ਼ਿਸ਼ ਕੀਤੀ। ਕਿਤਾਬ ਇਹ ਦਰਸਾਉਂਦੀ ਹੈ ਕਿ ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ, ਕਿਵੇਂ ਦੋਸ਼ੀ ਆਜ਼ਾਦ ਘੁੰਮਦੇ ਰਹੇ, ਅਤੇ ਕਿਵੇਂ ਨਿਆਂ ਦੇ ਵਾਅਦੇ ਸਿਰਫ਼ ਕਾਗਜ਼ੀ ਹੀ ਰਹਿ ਗਏ। ਇਹ ਸਿਰਫ਼ ਇੱਕ ਰਿਪੋਰਟ ਨਹੀਂ, ਇਹ ਸਿੱਖ ਕੌਮ ਦੇ ਸਾਂਝੇ ਦੁੱਖ, ਰਾਜਕੀ ਹਿੰਸਾ, ਅਤੇ ਇਨਸਾਫ਼ ਲਈ ਚੱਲ ਰਹੀ ਲੜਾਈ ਦਾ ਸੱਚਾ ਰਿਕਾਰਡ ਹੈ—ਇੱਕ ਐਸਾ ਰਿਕਾਰਡ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਨਸਲਘਾਤ ਇਤਿਹਾਸ ਦੀ ਧੁੰਦ ਵਿੱਚ ਗਾਇਬ ਨਾ ਹੋ ਜਾਵੇ। ਕਰੀਬ ਇਕ ਹਜ਼ਾਰ ਪੰਨਿਆਂ ਵਿੱਚ ਫੈਲਿਆ ਇਹ ਗ੍ਰੰਥ, ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਸਿੱਖ ਹੋਣੀ ਦੀ ਜੋ ਤਸਵੀਰ ਖਿੱਚਦਾ, ਉਹ ਏਨੀ ਅਹਿਮ ਹੈ ਕਿ ਇਹ ਹਰ ਘਰ ਤੇ ਹਰ ਪਾਠਕ ਦੇ ਕੋਲ ਹੋਣੀ, ਸਾਡੀ ਕੌਮ ਦੇ ਭਵਿੱਖ ਦੀ ਇੱਕ ਅਹਿਮ ਲੋੜ ਹੈ।
ਪੁਲਿਸ ਤੇ ਸਰਕਾਰ ਦੇ ਅੱਤਵਾਦ ਦੀ ਪੁਸ਼ਤਪਨਾਹੀ ਕਰਨ ਵਾਲੇ 'ਰਾਜਸੀ ਸੰਦਾਂ' ਲਈ ਤਾਂ ਬੇਸ਼ੱਕ ਇਹ ਕਿਤਾਬ, ਜਾਬਰਾਂ ਦਾ 'ਮਨੋਬਲ ਤੋੜਨ ਵਾਲੀ' ਹੈ, ਪਰ ਮਨੁੱਖੀ ਅਧਿਕਾਰਾਂ ਲਈ ਤੱਤਪਰ ਲੋਕਾਂ ਲਈ, ਹੌਂਸਲੇ ਬੁਲੰਦ ਕਰਨ ਤੇ ਸਥਾਪਤੀ ਖਿਲਾਫ਼ 'ਆਖਰੀ ਦਮ ਤੱਕ ਜੂਝਣ ਲਈ ਪ੍ਰੇਰਨਾ' ਹੈ। ਗੁਰਮੁਖੀ ਲਿੱਪੀ ਤੇ ਪੰਜਾਬੀ ਜ਼ਬਾਨ ‘ਚ ‘ਜੋ ਰਾਖ ਹੋ ਗਏ …’ ਸਿਰਨਾਵਾਂ ਜਿੱਥੇ ਡੂੰਘੇ ਭਾਵ-ਅਰਥ ਰੱਖਦਾ ਹੈ, ਉਥੇ ਕਿਤਾਬ ਪਾਠਕਾਂ ਨੂੰ ਜ਼ਜਬੇ ਅਤੇ ਚੇਤਨਾ ਦੇ ਪੱਧਰ ‘ਤੇ ਕੀਲ ਕੇ ਰੱਖਦੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ ਅਖਵਾਉਣ ਵਾਲੇ ਦੇਸ ਭਾਰਤ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ ਮੁਕਾਉਣਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਰਾਰ ਦੇ ਕੇ ਸਾੜ ਦੇਣਾ, ਸ਼ੈਤਾਨੀਅਤ ਦਾ ਨੰਗਾ ਨਾਚ ਸੀ। ਨਵੰਬਰ 1984 ‘ਚ ਸਿੱਖ ਨਸਲਕੁਸ਼ੀ ਦੌਰਾਨ ਭਾਰਤ ਦੇ ਕੋਨੇ-ਕੋਨੇ ‘ਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨਾ, ਸਮੂਹਿਕ ਬਲਾਤਕਾਰ ਕੀਤੇ ਜਾਣੇ ਤੇ ਘਰ-ਬਾਰ ਫੂਕ ਦੇਣੇ, 'ਨਾ-ਭੁਲੱਣਯੋਗ ਤੇ ਨਾ-ਮੁਆਫ਼ ਕਰਨ ਯੋਗ' ਅਪਰਾਧ ਹਨ। ਇਸ ਕਿਤਾਬ ਰਾਹੀਂ ਲੇਖਕਾਂ ਨੇ ਅਜਿਹੇ ਅਨੇਕਾਂ ਘਟਨਾਕ੍ਰਮਾਂ, ਤੱਥਾਂ, ਪੀੜਤਾਂ ਦੇ ਬਿਆਨਾਂ, ਅਦਾਲਤੀ, ਕਾਰਵਾਈਆਂ ਅਤੇ ਸਰਕਾਰੀ ਅਤਿਆਚਾਰਾਂ ਨੂੰ ਸਬੂਤਾਂ ਨਾਲ ਪੇਸ਼ ਕੀਤਾ ਹੈ।
'ਸਿੱਖ ਨਸਲਕੁਸ਼ੀ 1984' ਖਿਲਾਫ਼ ਜਾਗਰੂਕਤਾ ਮੁਹਿੰਮ ਵਜੋਂ ਜਿਵੇਂ ਕੈਨੇਡਾ ‘ਚ ਸਿੱਖ ਕੌਮ ਵੱਲੋਂ ‘ਖੂਨਦਾਨ ਲਹਿਰ’ ਕਾਰਗਰ ਸਿੱਧ ਹੋਈ ਹੈ ਤੇ ਹੁਣ ਤੱਕ 2 ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾ ਕੇ, ਕੈਨੇਡਾ ਦੀ ਸਭ ਤੋਂ ਵੱਡੀ ਖੂਨਦਾਨ ਮੁਹਿੰਮ ਬਣ ਚੁੱਕੀ ਹੈ, ਉਵੇਂ ਹੀ ਇਹ ਕਿਤਾਬ ਸ਼ਾਬਦਿਕ ਪੱਖੋਂ, ਸਰਕਾਰੀ ਕਤਲੇਆਮ ਦਾ ਅਣ-ਕਿਹਾ ਸੱਚ, ਦੁਨੀਆਂ ਦੇ ਮੰਚ ‘ਤੇ ਪ੍ਰਮਾਣਾਂ ਸਹਿਤ ਉਜਾਗਰ ਇਤਿਹਾਸਿਕ ਕਦਮ ਹੈ। ‘ਜੋ ਰਾਖ ਹੋ ਗਏ…’ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਲਵਾਰਿਸ ਲਾਸ਼ਾਂ ਦੇ ਅਣ-ਬਿਆਨੇ ਸੱਚ ਦੀ ਦਾਸਤਾਨ ਹੈ। ਇਹ ਕਿਤਾਬ ਹੱਕ, ਸੱਚ ਤੇ ਇਨਸਾਫ ਦੇ ਰਾਹ ‘ਤੇ ਚਲਦਿਆਂ, ਆਖ਼ਰੀ ਸਾਹ ਤੱਕ ਚੜ੍ਹਦੀ ਕਲਾ ‘ਚ ਰਹਿਣ ਦਾ ਸੰਦੇਸ਼ ਹੈ।
ਪੰਜਾਬੀ ਸਾਹਿਤ ਜਗਤ ‘ਚ ਵਿਰਾਸਤ, ਧਰਮ, ਰਾਜਨੀਤੀ, ਇਤਿਹਾਸ, ਸਮਾਜ ਅਤੇ ਕਾਨੂੰਨ ਦੇ ਖੋਜਾਰਥੀਆਂ ਲਈ ‘ਜੋ ਰਾਖ ਹੋ ਗਏ…’ ਅਨਮੋਲ ਖਜ਼ਾਨਾ ਹੈ। ਪੂਰਾ ਭਰੋਸਾ ਹੈ ਕਿ ਇਹ ਸੱਚੀ ਸਾਖੀ ਦੁਨੀਆਂ ਦੇ ਹਰ ਕੋਨੇ ‘ਚ ਵਸੇ ਪੰਜਾਬੀ ਪਾਠਕਾਂ ਦੀਆਂ ਘਰੇਲੂ ਲਾਇਬਰੇਰੀਆਂ ਦਾ ਸ਼ਿੰਗਾਰ ਬਣੇਗੀ। 21 ਦਸੰਬਰ ਨੂੰ ਸਰੀ, ਬੀਸੀ ਵਿੱਚ ਹੋ ਰਹੇ ਸ਼ਹੀਦੀ ਸਮਾਗਮ ਵਿੱਚ ਨਿਸ਼ਚਿਤ ਰੂਪ ਵਿੱਚ, ਇਸ ਕਿਤਾਬ 'ਚੋਂ ਦਸਤਾਵੇਜ਼ੀ ਪੱਖ, ਸ਼ਹੀਦੀ ਘਟਨਾਕ੍ਰਮ ਅਤੇ ਕੌਮੀ ਭਵਿੱਖ ਦੀਆਂ ਚੁਣੌਤੀਆਂ ਬਾਰੇ ਵਿਚਾਰਾਂ ਹੋਣਗੀਆਂ। ਇਸ ਮੌਕੇ 'ਤੇ ਵੱਧ-ਚੜ ਕੇ ਸ਼ਾਮਿਲ ਹੋਣਾ ਬਣਦਾ ਹੈ। ਉਸਤਾਦ ਕਵੀ ਹਰਿਭਜਨ ਸਿੰਘ ਬੈਂਸ ਦੇ ਸ਼ਹੀਦ ਸਿੰਘ ਦੀ ਪਤਨੀ ਬਾਰੇ ਲਿਖੇ ਪ੍ਰਭਾਵਸ਼ਾਲੀ ਬੋਲ "...ਤੇਰੇ ਜਾਣ ਮਗਰੋਂ", ਸ਼ਹੀਦ ਖਾਲੜਾ ਦੇ ਜੀਵਨ ਪ੍ਰਸੰਗ 'ਤੇ ਪੂਰੇ ਢੁੱਕਦੇ ਹਨ :
"ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ
ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ।
ਤੂੰ ਆਵੇਂ ਤਾਂ ਨਹਿਰਾਂ, ਚੁਰਾਹਿਆਂ ਨੇ ਦੱਸਣੈ
ਕਿ ਕੀ ਕੀ ਹੈ ਹੋਇਆ ਤੇਰੇ ਜਾਣ ਮਗਰੋਂ।
ਇਹ ਗਲ਼ੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ,
ਤੇ ਥੜ੍ਹਿਆਂ ਦੀ ਰੌਣਕ ਨੂੰ ਡੱਸ ਗਈ ਉਦਾਸੀ,
ਇਹ ਦਿਲ ਜੋ ਰਿਹਾ ਏ ਸਦਾ ਗੁਣਗੁਣਾਉਂਦਾ
ਸੁਭਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ।
ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ,
ਤੇ ਬਾਗਾਂ 'ਚ ਸੁਣਦੇ ਨੇ ਨਗਮੇ ਉਦਾਸੇ,
ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ,
ਜਦੋਂ ਸਾਜ਼ ਛੋਹਿਆ ਤੇਰੇ ਜਾਣ ਮਗਰੋਂ।
ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ,
ਤੇ ਸੁੱਕਗੇ ਬਰੋਟੇ ਤੇਰੀ ਦੀਦ ਬਾਝੋਂ
ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜਕੱਲ੍ਹ,
ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ।
ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ,
ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ,
ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ,
ਤੇ ਕੰਜਕਾਂ ਨੂੰ ਕੋਹਿਆ ਤੇਰੇ ਜਾਣ ਮਗਰੋਂ।
ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ,
ਤੇ ਭੈਣਾਂ ਭਰਾਵਾਂ ਨੇ ਲਏ ਨੇ ਹੌਕੇ,
ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ,
ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ।
ਖੁਸ਼ੀ ਏ ਤੇਰਾ ਲਾਲ ਤੇਰੇ ਹੀ ਵਾਂਗੂੰ,
ਹੈ ਹੱਕ ਤੇ ਨਿਆਂ ਲਈ ਬੇਚੈਨ ਹੋਇਆ,
ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ,
ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ।"