ਪੰਜਾਬੀ ਹਾਲੋਂ ਬੇਹਾਲ - ਗੁਰਚਰਨ ਸਿੰਘ ਜਿਉਣ ਵਾਲਾ

23, 24, 25, 26 ਦਸੰਬਰ 2025 ਨੂੰ ਸਰਹੰਦ/ਸਰਹਿੰਦ ਪਟਿਆਲਾ, ਚਮਕੌਰ ਸਾਹਿਬ, ਮੋਹਾਲੀ, ਮੋਗਾ, ਫਿਰ ਲੁਧਿਆਣਾ, ਸਰਹਿੰਦ ਅਤੇ ਦਿੱਲੀ ਵੱਲ  ਜਾਣ ਦਾ ਮੌਕਾ ਹਾਸਲ ਹੋਇਆ। ਮੋਗਾ, ਲੁਧਿਆਣਾ ਤੋਂ ਸਰਹਿੰਦ ਅਤੇ ਪਟਿਆਲਾ ਤੋਂ ਸਰਹਿੰਦ ਅੱਗੇ ਫਤਿਹਗੜ੍ਹ ਸਾਹਿਬ/ਚਮਕੌਰ ਸਾਹਿਬ ਵੱਲ ਨੂੰ ਪੰਜਾਬੀ ਭਾਈ ਵਹੀਰਾਂ ਘੱਤੀ ਟਰੈਕਟਰਾਂ ਤੇ ਜਾ ਰਹੇ ਸਨ। ਦੋ ਚਾਰ ਟਰੈਕਟਰ ਜੀ. ਟੀ. ਰੋਡ ਦੇ ਅੱਧ ਵਿੱਚਕਾਰ ਖਰਾਬ ਹੋਏ ਖੜੇ ਵੀ ਦਿਸੇ ਪਰ ਖਾਣਾ ਖਾਣ ਵਾਲਿਆਂ ਦਾ ਧਿਆਨ ਖਾਣੇ ਵਿੱਚ ਸੀ ਤੇ ਟਰੈਕਟਰਾਂ ਨੂੰ ਵੱਲ ਕਰਨ ਵਾਲਿਆਂ ਦਾ ਆਪਣਾ ਸਾਰਾ ਜ਼ੋਰ ਟਰੈਕਟਰਾਂ ਨੂੰ ਵੱਲ ਕਰਨ ਤੇ ਲੱਗਾ ਹੋਇਆ ਸੀ। ਟਰਾਲੀਆਂ ਵਿੱਚ ਬੈਠਿਆਂ ਦਾ ਜ਼ੋਰ ਵੀ ਅਜਾਈਂ ਨਹੀਂ ਸੀ ਜਾ ਰਿਹਾ ਉਹ ਵੀ ਜੁਲੜਾਂ ਨੂੰ ਗਰਮ ਕਰਨ ਤੇ ਆਪਣਾ ਸਾਰਾ ਜ਼ੋਰ ਲਾ ਰਹੇ ਸਨ। ਇਨ੍ਹਾਂ ਰਾਹਗੀਰਾਂ ਤੇ ਸ਼ਰਧਾਲੂਆਂ ਨੂੰ ਗਰਮ ਕਰਨ ਵਾਸਤੇ ਥਾਂ ਥਾਂ ਚਾਹ ਪਾਣੀ ਅਤੇ ਗਰਮ ਜੋਸ਼ੀ ਨਾਲ ਖਾਣਾ ਖਵਾਉਣ ਵਾਲਿਆਂ ਦਾ ਆਪਣਾ ਸਾਰਾ ਜ਼ੋਰ ਲੱਗਿਆ ਹੋਇਆ ਸੀ। ਜੀ.ਟੀ. ਰੋਡ ਭਾਵੇਂ ਬੰਦ ਹੋ ਜਾਵੇ, ਆਪਾਂ ਨੂੰ ਕੋਈ ਪ੍ਰਵਾਹ ਨਹੀਂ, ਚਾਹੇ ਰੁੱਕਦੇ ਰੁੱਕਦੇ ਇੱਕ ਦੁਜੇ ਨੂੰ ਟੱਕਰ ਵੀ ਮਾਰ ਦੇਣ, ਕੋਈ ਮਰ ਵੀ ਜਾਵੇ ਯਾ ਕੋਈ ਫੱਟੜ ਵੀ ਹੋ ਜਾਵੇ, ਅਸੀਂ ਲੋਕਾਂ ਨੂੰ ਧਕੇ ਨਾਲ ਰੋਕਣੋਂ ਨਹੀਂ ਟਲਣਾ। 
ਬਹੁਤੇ ਸ਼ਰਧਾਲੂ ਪੇਂਡੂ ਹੋਣ ਕਰਕੇ ਇਤਹਾਸ ਤੋਂ ਨਾਵਾਕਿਫ ਹੀ ਸਨ। ਬਸ ਉਨ੍ਹਾਂ ਨੂੰ ਏਹੀ ਪਤਾ ਸੀ ਕਿ ਅਸੀਂ ਤਾਂ ਸਾਹਿਬ ਜਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਚੱਲੇ ਹਾਂ। ਸ਼ਰਧਾਂਜਲੀ ਕਿਵੇਂ ਭੇਟ ਕਰਨੀ ਹੈ? ਸ਼ਰਧਾਂਜਲੀ ਦਾ ਕੀ ਮਤਲਬ ਹੁੰਦਾ ਹੈ? ਸਾਹਿਬ ਜਾਦਿਆਂ ਨੂੰ ਯਾਦ ਕਰਨਾ ਕੀ ਹੈ? ਇਸ ਵਾਕੇ ਤੋਂ ਅਸੀਂ ਕੀ ਸਿੱਖਿਆ ਲੈਣੀ ਹੈ? ਕੀ ਸਬਕ ਸਿੱਖਣਾ ਹੈ? ਕੀ ਅਸੀਂ ਘਰ ਬੈਠ ਕੇ ਵੀ ਸਾਹਿਬ ਜਾਦਿਆਂ ਨੂੰ ਯਾਦ ਕਰ ਸਕਦੇ ਹਾਂ? ਐਹੋ ਜਿਹੇ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਸਨ। ਇਨ੍ਹਾਂ ਚੋਹਾਂ ਦਿਨਾਂ ਵਿੱਚ ਮੈਂ ਕਈਆਂ ਨੂੰ ਇੱਕੜ-ਦੁੱਕੜ ਸਵਾਲ ਕਰਕੇ ਦੇਖੇ ਕਿਉਂਕਿ ਮੈਂ ਵੀ ਚਾਹ ਪੀਣ ਦੇ ਬਹਾਨੇ ਇਨ੍ਹਾਂ ਸ਼ਰਧਾਲੂਆਂ ਨਾਲ ਗੱਲ ਬਾਤ ਕਰਨ ਲਈ ਰੁਕਿਆ ਸਾਂ, ਹਾਲਾਂ ਕੇ ਮੈਂ ਚਾਹ ਪੀਦਾ ਹੀ ਨਹੀਂ। ਇਹ ਮੇਰਾ ਆਪਣਾ ਵਿਚਾਰ ਹੈ ਕਿ ‘ਦੇਖਾ ਦੇਖੀ ਸਭ ਕਰੈ’ ਦੇ ਮੁਤਾਬਕ ਸ਼ਹਿਰੀ ਲੋਕਾਂ ਵਾਂਗਰ ਪੇਂਡੂਆਂ ਕੋਲ ਪੈਸਾ ਬਹੁਤਾ ਨਹੀਂ ਹੁੰਦਾ ਇਸ ਕਰਕੇ ਉਨ੍ਹਾਂ ਨੇ ਘਰੋਂ ਬਾਹਰ ਨਿਕਲਣ ਦੇ ਅਨੰਦ ਨੂੰ ਮਾਨਣ ਲਈ ਇਹ ਰਾਹ ਲੱਭਿਆ ਲੱਗਦਾ ਹੈ।
ਜੇਕਰ ਇਹ ਲੋਕ ਇਤਹਾਸ ਤੋਂ ਕੋਰੇ ਹਨ ਤਾਂ ਇਨ੍ਹਾਂ ਦਾ ਕੀ ਕਸੂਰ। ਜਦੋਂ ਕਿ ਹਰਨਾਮ ਸਿੰਘ ਧੁੰਮੇ ਵਰਗੇ ਲੋਕ ਕੋਈ ਦਿੱਨ  ਅਜਾਈਂ ਜਾਣ ਹੀ ਨਹੀਂ ਦਿੰਦੇ, ਇਨ੍ਹਾਂ ਸਿੱਖੀ ਭਾਵਨਾਂ ਦੇ ਮੁਰੀਦਾਂ ਨੂੰ ਸਿੱਖ ਸਿਧਾਂਤ ਦੇ ਉਲਟ ਸਿੱਖਿਆ ਦੇਣ ਤੋਂ। ਕੁੱਝ ਦਿੱਨ ਪਹਿਲਾਂ ਹਰਨਾਮ ਸਿੰਘ ਧੁੰਮਾ ਦੀ ਵੀਡੀਓ ਫੇਸਬੁੱਕ ਤੇ ਘੁੰਮ ਰਹੀ ਸੀ ਤੇ ਧੁੰਮਾ ਬਾਣੀ ‘ਕੀਰਤਨ ਸੋਹਲਾ’ ਦੇ ਕੁਵੇਲੇ ਪੜ੍ਹਨ ਦੇ ਔਗਣ ਸੁਣਾ ਰਿਹਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਧੁੰਮਾ ਜੀਓ ਬਾਣੀ ਦਾ ਨਾਮ ‘ਕੀਰਤਨ ਸੋਹਿਲਾ’ ਨਹੀਂ ਸਗੋਂ ਸਿਰਫ ‘ਸੋਹਿਲਾ’। ਤੁਸੀਂ ਆਪਣੀਆਂ ਕਿਤਾਬਾਂ ਵਿੱਚ ਵੀ ਇਸ ਬਾਣੀ ਦਾ ਨਾਮ ਵਿਗਾੜ ਕੇ ‘ਕੀਰਤਨ ਸੋਹਿਲਾ’ ਹੀ ਲਿਖ ਦਿੱਤਾ ਹੈ ਜਿਸ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ। ਪਰ ਕੀ ਕਰੀਏ ਜਦੋਂ ਅਕਾਲ ਤਖਤ ਦਾ ਜੱਥੇਦਾਰ ਹੀ ਖੱਸੀ ਹੈ ਤੇ ਕੁੱਝ ਕਰਨ ਜੋਗਰਾ ਹੀ ਨਹੀਂ ਤਾਂ ਐਰੇ ਗੈਰੇ ਨੱਥੂ ਖੈਰੇ ਬਾਣੀ ਦਾ ਸਰੂਪ ਤਾਂ ਵਿਗਾੜਨਗੇ ਹੀ। ਜਦੋਂ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਹੈ; ਸੋਹਿਲਾ ਰਾਗੁ ਗਉੜੀ ਦੀਪਕੀ ਮਹਿਲਾ 1॥ ਧੁੰਮਾ ਜੀ ਜਦੋਂ ਗੁਰਸਿੱਖ ਪਿਆਰੇ ਦਸ ਵਜੇ ਸਵੇਰੇ ਅਖੰਡ-ਪਾਠ ਅਰੰਭ ਕਰਦੇ ਹਨ ਤਾਂ ਸੋਹਲਾ ਬਾਣੀ ਦਾ ਪਾਠ ਕਿਤਨੇ ਵਜੇ ਪੜ੍ਹਿਆ ਜਾਦਾ ਹੈ? ਅਖੰਡ ਪਾਠ ਸ਼ੁਰੂ ਕਰਨ ਤੋਂ ਤਕਰੀਬਨ 25-30 ਕੁ ਮਿੰਟ ਬਾਅਦ ਹੀ ਸੋਹਿਲਾ ਬਾਣੀ ਦਾ ਪਾਠ, ਜੋ ਪੰਨਾ ਨੰਬਰ 12 ਤੋਂ ਸ਼ੁਰੂ ਹੁੰਦਾ ਹੈ, ਪਾਠੀ ਪੜ੍ਹ ਦਿੰਦਾ ਹੈ। ਧੁੰਮਾ ਜੀ ਅੱਜ ਹਜ਼ਾਰਾਂ ਅਖੰਡ ਪਾਠਾਂ ਦੇ ਭੋਗ ਸਾਰੀ ਦੁਨੀਆਂ ਵਿੱਚ ਪਾਏ ਜਾਂਦੇ ਹਨ, ਇਸ ਤਰ੍ਹਾਂ ਕਰਕੇ ਧੁੰਮਾ ਜੀ ਸਾਰੇ ਗੁਰੂ ਸਹਿਬਾਨ ਤਾਂ ਆਪਣੇ ਪੈਰਾਂ ਯਾ ਲੱਤਾਂ ਵਿੱਚੋਂ ਕੰਢੇ ਹੀ ਕੱਢ ਰਹੇ ਹੋਣਗੇ? ਧੁੰਮਾ ਜੀ ਉਪਦੇਸ਼ ਦੇ ਰਹੇ ਸਨ ਕਿ ਕੋਈ  ਗੁਰਸਿੱਖ ‘ਕੀਰਤਨ ਸੋਹਲੇ’ ਦਾ ਪਾਠ ਦੁਪਿਹਰੇ ਕਰ ਰਿਹਾ ਸੀ ਤੇ ਓਧਰ ਗੁਰੂ ਦੀਆਂ ਲੱਤਾਂ ਤੇ ਝਰੀਟਾਂ ਵੱਜ ਰਹੀਆਂ ਸਨ। ਪੁੱਛਣ ਤੇ ਗੁਰੂ ਜੀ ਨੇ ਜਵਾਬ ਦਿੱਤਾ ਕਿ ਕੋਈ ਗੁਰਸਿੱਖ ਕੀਰਤਨ ਸੋਹਿਲੇ ਦਾ ਪਾਠ ਕੁਵੇਲੇ ਕਰ ਰਿਹਾ ਹੈ। ਧੁੰਮਾ ਜੀਓ! ਗੁਰਬਾਣੀ ਦਾ ਕੋਈ ਵੀ ਸਲੋਕ ਕਿਸੇ ਵੇਲੇ ਮਰਜੀ ਪੜ੍ਹੋ। ਗੁਰਬਾਣੀ ਦਾ ਫੁਰਮਾਣ ਹੈ:
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਏ॥ ਮ:3 ਪੰਨਾ 35॥
ਬਾਣੀ ਪੜ੍ਹ ਕੇ ਹੀ ਚੰਗੇ ਇਨਸਾਨ ਬਣਨ ਦੀ ਸਿੱਖਿਆ ਮਿਲਦੀ ਹੈ। ਸ਼ੁੱਭ ਗੁਣਾਂ ਵਾਲੇ ਇਨਸਾਨ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਯਾਦ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਤੋਂ  ਮਹਾਂਰਾਜੇ ਰਣਜੀਤ ਸਿੰਘ ਦਾ ਵੇਲਾ। ਤਕਰੀਬਨ 1947 ਦੇ ਸਮੇਂ ਦੇ ਉਜੜ ਕੇ ਗਏ ਗਰੀਬ ਮੁਸਲਮਾਨ ਜਿਹੜੇ ਅੱਜ ਵੀ ਜਿਉਂਦੇ ਹਨ। ਉਨ੍ਹਾਂ ਦੀਆਂ ਗੱਲ੍ਹਾਂ ਫੇਸਬੁੱਕ ਤੇ ਸੁਣਨ ਨੂੰ ਮਿਲਦੀਆਂ ਹਨ ਤੇ ਸੁਣ ਕੇ ਰੋਣ ਨਿਕਲ ਜਾਂਦਾ ਹੈ ਜਦੋਂ ਉਹ ਕਹਿੰਦੇ ਹਨ ਕਿ ਸਾਡੀ ਧੀ ਭੈਣ ਨੂੰ ਉਹ ਆਪਣੀ ਧੀ ਭੈਣ ਸਮਝਦੇ, ਵਿਆਹ ਸ਼ਾਦੀ ਸਮੇਂ, ਜਿਸ ਕੋਲੋਂ,ਜਿਤਨੀ ਮੱਦਦ ਹੋ ਸਕਦੀ, ਉਹ ਕਰਦੇ। 
ਕਿਉਂਕਿ ਗੁਰੂ ਜੀ ਸਰੀਰਕ ਤੋਰ ਤੇ ਇਸ ਸੰਸਾਰ ਵਿੱਚ ਨਹੀਂ ਹਨ, ਉਹ ਸ਼ਬਦ ਰੂਪ ਵਿੱਚ ਸਾਡੇ ਕੋਲ ਹਨ ਤੇ ਸ਼ਬਦ ਨੂੰ ਝਰੀਟਾਂ ਨਹੀਂ ਵੱਜ ਸਕਦੀਆਂ। ਧੁੰਮੇ ਨੇ ਇਹ ਕਹਾਣੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜ ਕੇ ਸੁਣਾਈ ਹੈ, ਜਦੋਂ ਕਿ ਸੋਹਿਲਾ ਬਾਣੀ ਵਿੱਚ ਮਹਿਲੇ ਚੌਥੇ ਅਤੇ ਪੰਜਵੇਂ ਦਾ ਇੱਕ ਇੱਕ ਸ਼ਬਦ ਵੀ ਹੈ। ਗੁਰਬਾਣੀ ਦਾ ਸਰੂਪ ਵਿਗਾੜਨ ਵਿੱਚ ਅਖੌਤੀ ਨਾਨਕਸਰੀਆਂ ਨੇ ਵੀ ਘੱਟ ਨਹੀਂ ਕੀਤੀ। ਇਨ੍ਹਾਂ ਦੇ ਛਾਪੇ ਗੁਟਕਿਆਂ ਵਿੱਚ ਬਾਣੀ ‘ਸੁਖਮਨੀ’ ਦਾ ਸਰੂਪ ਦੇਖੋ। ਇਨ੍ਹਾਂ ਇਹ ਵੀ ਸਾਬਤ ਕਰ ਦਿੱਤਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬਾਣੀ ‘ਸੁਖਮਨੀ’ ਨਹੀਂ ਲਿਖਣੀ ਆਈ, ਇਸ ਕਰਕੇ ਹੀ ਅਸੀਂ ਇਹ ਵਾਧ ਘਾਟ ਕਰ ਰਹੇ ਹਾਂ।
ਜਦੋਂ ਸਿੱਖੀ ਦਾ ਕੇਂਦਰ ਅੰਮ੍ਰਿਤਸਰ ‘ਦਰਬਾਰ ਸਾਹਿਬ’ ਆਪ ਹੀ ਸਿਖ ਵਿਚਾਰਧਾਰਾ ਦੀਆਂ ਧੱਜੀਆਂ ਉਡਾ ਰਿਹਾ ਹੈ ਤਾਂ ਮੈਂ ਇਨ੍ਹਾਂ ਵਿਚਾਰੇ ਪੇਂਡੂ ਲੋਕਾਂ ਨੂੰ ਕੀ ਦੋਸ਼ ਦੇਵਾਂ। ਜਦੋ ਹਰ ਰੋਜ ਸਵੇਰੇ ਅਕਾਲ ਤਖਤ ਤੋਂ ਗੁਰੂ ਮਹਾਂਰਾਜ ਦਾ ਸਰੂਪ ਦਰਬਾਰ ਸਾਹਿਬ ਵੱਲ ਨੂੰ  ਲੈ ਕੇ ਜਾਂਦੇ ਹਨ ਤਾਂ ਵੇਖੋ ਫੁੱਲਾਂ ਦੀ ਕਿਵੇਂ ਵਰਖਾ ਕੀਤੀ ਜਾਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ: 
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ॥ 
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥1॥ ਭਗਤ ਕਬੀਰ ਜੀ,ਪੰਨਾ 479॥ 
ਅੱਜ ਸਿੱਖ ਸਿੱਖੀ ਦੇ ਸਿਧਾਤਾਂ ਤੋਂ ਬਗੈਰ ਵਿਖਾਵੇ ਦਾ ਜੀਵਨ ਜਿਉ ਰਹੇ ਹਨ ਇਸ ਕਰਕੇ “ਨਾਨਕ ਦੁਖੀਆ ਸਭੁ ਸੰਸਾਰੁ” । 
ਸ਼ੋਸ਼ਲ ਮੀਡੀਆ ਕਰਕੇ ਇਸ ਕੁਕਰਮ ਦੀ ਨਕਲ ਅੱਜ ਹਰ ਪਿੰਡ ਹਰ ਘਰ ਵਿੱਚ ਕੀਤੀ ਜਾ ਰਹੀ ਹੈ। ਗੁਰਬਾਣੀ ਕਿਸ ਨੇ ਪੜ੍ਹਨੀ ਅਤੇ ਕਿਸ ਨੇ ਸਮਝਾਉਣੀ ਹੈ ਇਸ ਬਾਰੇ ਕਿਸੇ ਨੂੰ ਸੁਪਨਾ ਵੀ ਨਹੀਂ ਆਉਂਦਾ। ਦੋ ਚਾਰ ਸਾਲ ਪਿਛਾਹਾਂ ਨੂੰ ਧਿਆਨ ਮਾਰੀਏ ਤਾਂ ਗੁਰੂ ਗ੍ਰੰਥ ਪ੍ਰਕਾਸ਼ ਉੱਤਸਵ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਾਹਰਲੇ ਮੁਲਕਾਂ ਤੋਂ ਚਾਰ ਕਰੋੜ ਰੁਪੈ ਦੇ ਫੁੱਲ ਮੰਗਵਾ ਕੇ ਦਰਬਾਰ ਸਾਹਿਬ ਸਜਾਇਆ ਤੇ ਚਾਰ ਕੁ ਦਿੱਨਾਂ ਬਾਅਦ ਓਹ ਚਾਰ ਕਰੋੜ ਕੂੜੇ ਦਾ ਢੇਰ ਬਣ ਗਿਆ। ਜਦੋਂ ਕਿ ਇਸ ਚਾਰ ਕਰੋੜ ਰੁਪੈ ਨਾਲ ਕਿਸੇ ਇੱਕ ਪਿੰਡ ਦੇ ਗਰੀਬਾਂ ਯਾ ਇੱਕ ਪਿੰਡ ਦੀ ਹਾਲਤ ਸੁਧਾਰੀ ਜਾ ਸਕਦੀ ਸੀ। ਇਸ ਸਜਾਵਟ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਫਰਕ ਨਹੀਂ ਪਿਆ ਪਰ ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਬਣ ਰਹੇ ਚੌਲ ਕਰਿਸਚੀਅਨਾਂ ਨੂੰ ਜ਼ਰੂਰ ਰੋਕਿਆ ਜਾ ਸਕਦਾ ਸੀ। 
‘ਭੁੱਖਾ ਮਰਦਾ ਕੀ ਨਹੀਂ ਕਰਦਾ’  ਇਸ ਮੁਹਾਵਰੇ ਨੂੰ ਜੇਕਰ ਸ਼੍ਰੋਮਣੀ ਕਮੇਟੀ ਦੇ ਕਰੰਦੇ ਆਪ ਯਾਦ ਰੱਖਣਗੇ ਤਾਂ ਉਨ੍ਹਾਂ ਦੇ ਆਪਣੇ ਢਿੱਡ ਕਿਵੇਂ ਭਰਨਗੇ? ਧੰਨਵਾਦ ਜੀਓ!
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132