
ਅਪਮਾਨ ਬੋਰਡ - ਅਵਤਾਰ ਐੱਸ. ਸੰਘਾ
ਹਿੰਦੂ ਕਾਲਜ ਵਜੀਦਪੁਰ 1960 ਵਿੱਚ ਸਥਾਨਕ ਹਿੰਦੂ ਹਾਈ ਸਕੂਲ ਨੂੰ ਉੱਚਾ ਵਿਦਿਅਕ ਦਰਜ਼ਾ ਦੇ ਕੇ ਹੋਂਦ ਵਿੱਚ ਲਿਆਂਦਾ ਗਿਆ ਸੀ। ਸਕੂਲ ਸੁਹਣੀ ਥਾਂ ਖੁਲ੍ਹੀ ਜਗ੍ਹਾ ਸੜਕ ਕਿਨਾਰੇ ਸਥਿਤ ਸੀ। ਸਕੂਲ ਦੇ ਮੂਹਰੇ ਬਣੀਆਂ 15 ਦੁਕਾਨਾਂ ਇਸ ਲਈ ਸੁਹਣੀ ਆਮਦਨ ਦਾ ਸਾਧਨ ਸਨ। ਇਸ ਸਕੂਲ ਨੂੰ ਮੋਟੇ ਲਾਲੇ ਚਲਾਉਂਦੇ ਸਨ ਤੇ ਹੁਣ ਇਸਨੂੰ ਉੱਚਾ ਦਰਜ਼ਾ ਦੇਣ ਵਿੱਚ ਵੀ ਇਨ੍ਹਾਂ ਲਾਲਿਆਂ ਨੇ ਚੋਖਾ ਯੋਗਦਾਨ ਪਾਇਆ ਸੀ। ਦੋ- ਤਿੰਨ ਸਾਲਾਂ ਵਿੱਚ ਹੀ ਇਸਦੇ ਨਾਲ ਲੱਗਦੀ ਹੋਰ ਨਵੀਂ ਇਮਾਰਤ ਬਣ ਗਈ ਸੀ। ਆਮਦਨ ਦੇ ਚੰਗੇ ਸਾਧਨ ਹੋਣ ਕਰਕੇ ਸਾਇੰਸ ਅਤੇ ਆਰਟਸ ਦੋਹਾਂ ਫੈਕਲਟੀਆਂ ਦੀਆਂ ਕਲਾਸਾਂ ਇਕੱਠੀਆਂ ਸ਼ੁਰੂ ਹੋ ਗਈਆਂ ਸਨ। ਸਾਇੰਸ ਦੇ ਮੁੱਖ ਮਜਬੂਨਾਂ ਲਈ ਪ੍ਰਯੋਗਸ਼ਾਲਾਵਾਂ ਵੀ ਬਣਾ ਲਈਆਂ ਗਈਆਂ ਸਨ। ਵੱਡਾ ਲਾਭ ਇਹ ਹੋਇਆ ਕਿ ਓਦੋਂ ਵਜੀਦਪੁਰ ਹਲਕੇ ਦਾ ਐੱਮ ਐੱਲ ਏ ਜਨਸੰਘ ਦਾ ਸੀ। ਸਰਕਾਰ ਕਾਂਗਰਸ ਚਲਾ ਰਹੀ ਸੀ ਪਰੰਤੂ ਵਿਰੋਧੀ ਪਾਰਟੀ ਜਨਸੰਘ ਕਾਂਗਰਸ ਦੇ ਨੇੜੇ ਹੀ ਰਹਿੰਦੀ ਸੀ। ਉਨ੍ਹਾਂ ਸਮਿਆਂ ਵਿੱਚ ਐੱਮ ਐੱਲ ਏ ਹੋਣਾ ਕਈ ਕੰਮ ਆਰਾਮ ਨਾਲ ਕਰਾਉਣ ਵਿੱਚ ਸਹਾਈ ਹੋ ਜਾਂਦਾ ਸੀ। ਸੂਬੇ ਦੇ ਸਿਆਸਤਦਾਨਾਂ ਵਿੱਚ ਓਨੀ ਦਿਨੀਂਂ ਅੱਜ ਕੱਲ੍ਹ ਵਾਂਗ ਇੱਟ ਕੁੱਤੇ ਦਾ ਵੈਰ ਨਹੀਂ ਸੀ ਹੁੰਦਾ। ਸ਼ਹਿਰਾਂ ਦੇ ਕੁੱਝ ਲਾਲੇ ਜਨਸੰਘ ਵਿੱਚ ਹੁੰਦੇ ਹੋਏ ਵੀ ਕਾਂਗਰਸੀਆਂ ਦੇ ਨੇੜੇ ਹੋਇਆ ਕਰਦੇ ਸਨ। ਇਹ ਇਲਾਕਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਾਇਰੇ ਵਿੱਚ ਪੈਂਦਾ ਸੀ। ਐੱਮ ਐੱਲ ਏ ਯੂਨੀਵਰਸਿਟੀ ਦੀ ਸਿੰਡੀਕੇਟ ਦਾ ਮੈਂਬਰ ਵੀ ਸੀ ਤੇ ਯੂਨੀਵਰਸਿਟੀ ਵਿੱਚ ਉਸਦੀ ਚੱਲਦੀ ਵੀ ਚੰਗੀ ਸੀ।ਇਸ ਲਈ ਇਸ ਕਾਲਜ ਨੂੰ ਮਾਨਤਾ ਸ਼ੁਰੂ ਤੋਂ ਹੀ ਮਿਲ ਗਈ ਸੀ। ਇਸ ਸਮੇਂ ਇਲਾਕੇ ਵਿੱਚ ਸਾਇੰਸ ਦੀ ਪੜ੍ਹਾਈ ਦੇ ਘੱਟ ਸਾਧਨ ਹੋਇਆ ਕਰਦੇ ਸਨ। ਨੇੜੇ ਦੇ ਦੋ ਕਾਲਜ ਆਰਟਸ ਕਾਲਜ ਹੀ ਸਨ। ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਬੱਚਿਆਂ ਦੇ ਮਾਪੇ ਸਾਇੰਸ ਅਤੇ ਕਮਰਸ ਦੀ ਪੜ੍ਹਾਈ ਪ੍ਰਤੀ ਕਾਫੀ ਸੁਚੇਤ ਹੋ ਗਏ ਸਨ ਕਿਉਂਕਿ ਓਦੋਂ ਪੰਜਾਬ ਵਿੱਚ ਇੰਜੀਨੀਅਰਿੰਗ ਤੇ ਮੈਡੀਕਲ ਲਾਈਨ ਵੱਲ ਵਧਣ ਦਾ ਮਾਪਿਆਂ ਵਿੱਚ ਕਾਫੀ ਰੁਝਾਨ ਪਾਇਆ ਜਾਣ ਲੱਗ ਪਿਆ ਸੀ। ਪੰਜਾਬ ਵਿੱਚ ਜੇ ਇਹਨਾਂ ਪੜ੍ਹਾਈਆਂ ਵਿੱਚ ਦਾਖ਼ਲਾ ਨਾ ਮਿਲਦਾ ਤਾਂ ਮਾਪੇ ਬੱਚਿਆਂ ਨੂੰ ਦੂਜੇ ਸੂਬਿਆਂ ਦੇ ਕਾਲਜਾਂ ਵਿੱਚ ਵਾਧੂ ਪੈਸੇ ਖਰਚ ਕਰਕੇ ਦਾਖਲ ਕਰਵਾਉਣ ਲੱਗ ਪਏ ਸਨ। ਬਾਕੀ ਅਨਪੜ੍ਹ ਅਤੇ ਅੱਧ -ਪੜ੍ਹੇ ਲਿਖੇ ਮਾਪੇ ਆਪਣੇ ਬੱਚਿਆਂ ਨੂੰ ਆਰਟਸ ਦੀ ਪੜ੍ਹਾਈ ਕਰਵਾ ਕੇ ਹੀ ਸੰਤੁਸ਼ਟ ਸਨ। ਬਹੁਤ ਪੇਂਡੂ ਲੋਕਾਂ ਨੂੰ ਬੱਸ ਇਹ ਹੀ ਸਮਝ ਹੁੰਦੀ ਸੀ ਕਿ ਉਨ੍ਹਾਂ ਦਾ ਬੱਚਾ ਸਿਰਫ ਤੇਰ੍ਹਵੀਂ ਜਾਂ ਚੌਧਵੀਂ ਵਿੱਚ ਪੜ੍ਹਦਾ ਦਿਖੇ, ਤਾਂ ਕਿ ਕੋਈ ਟੱਬਰ ਇੰਗਲੈਂਡ ਜਾਂ ਕਨੇਡਾ ਤੋਂ ਆ ਕੇ ਉਸਨੂੰ ਵਿਆਹ ਕੇ ਲੈ ਜਾਵੇ। ਅੱਧ ਪੜ੍ਹੇ ਲਿਖੇ ਬਾਹਰਲਿਆਂ ਲਈ ਤੇਰ੍ਹਵੀਂ ਚੌਧਵੀਂ ਜਮਾਤ ਬਹੁਤ ਉੱਚੀ ਪੜ੍ਹਾਈ ਹੋਇਆ ਕਰਦੀ ਸੀ। ਪੰਜਾਬ ਵਿੱਚ ਪੇਂਡੂ ਅਨਪੜ੍ਹ ਲੋਕ ਇੰਗਲੈਂਡ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਸਨ। ਉਨ੍ਹਾਂ ਦੀ ਪਹਿਲੀ ਪੁਸ਼ਤ ਪੰਜਾਬ ਵਿੱਚ ਆ ਕੇ ਰਿਸ਼ਤੇ ਕਰਾਉਣ ਲਈ ਮੰਨ ਜਾਂਦੀ ਸੀ, ਕਿਉਂਕਿ ਇਹ ਪੁਸ਼ਤ ਨਾ ਅਨਪੜ੍ਹ ਦੀ ਕੈਟਾਗਰੀ ਵਿੱਚ ਆਉਂਦੀ ਸੀ ਤੇ ਨਾ ਹੀ ਪੜ੍ਹਿਆ ਲਿਖਿਆ ਦੀ 'ਚ। ਮਾਪਿਆਂ ਨੂੰ ਵੱਡੇ ਵੱਡੇ ਘਰ ਮੱਲਣ ਦਾ ਚਾਅ ਹੁੰਦਾ ਸੀ। ਬਾਹਰੋਂ ਆਏ ਲਿਸ਼ਕਦੇ ਪੁਸ਼ਕਦੇ ਲੜਕਾ ਲੜਕੀ ਲੋਕਲ ਪੜ੍ਹਿਆ ਲਿਖਿਆਂ ਨਾਲੋਂ ਉੱਚੇ ਲੱਗਦੇ ਹੁੰਦੇ ਸਨ ਤੇ ਉਹ ਸਮਰੱਥ ਘਰਾਂ ਵਿੱਚ ਆਰਾਮ ਨਾਲ ਵਿਆਹੇ ਜਾਂਦੇ ਸਨ।ਇੰਝ ' ਅਪਮਾਨਿਤ ' ਵੀ ਸਨਮਾਨਿਤ ਹੋ ਜਾਂਦਾ ਸੀ ਕਿਉਂਕਿ ਉਸ ਉੱਤੇ ਇੰਗਲੈਂਡ ਜਾਂ ਕਨੇਡਾ ਦਾ ਠੱਪਾ ਲੱਗਾ ਹੁੰਦਾ ਸੀ। ਅਜਿਹੇ 'ਵਰ' ਸਥਾਨਕ ਪੜ੍ਹਾਕੂਆਂ ਦੀ ਵਿਆਹ ਦੀ ਮੰਡੀ ਵਿੱਚ ਕੀਮਤ ਕਾਫ਼ੀ ਘਟਾਅ ਦਿਆ ਕਰਦੇ ਸਨ। ਪਿੰਡਾਂ ਦੇ ਬੀ. ਏ ,ਐੱਮ .ਏ ਪਾਸ ਮੁੰਡੇ ਕੁੜੀਆਂ ਬਾਹਰ ਜਾਣ ਨੂੰ ਲਾਟਰੀ ਨਿਕਲਣ ਦੇ ਸਮਾਨ ਸਮਝਦੇ ਹੁੰਦੇ ਸਨ। ਵਜੀਦਪੁਰ ਦਾ ਕਾਲਜ ਦੋਹਾਂ ਪੇਂਡੂ ਤੇ ਸ਼ਹਿਰੀ ਵਿਦਿਆਰਥੀਆਂ ਲਈ ਵਰਦਾਨ ਸੀ।
ਨਵੇਂ ਨਵੇਂ ਕਾਲਜ ਵਿੱਚ ਸਿਆਸਤ ਨੇ ਅਜੇ ਦਸਤਕ ਨਹੀਂ ਦਿੱਤੀ ਸੀ। ਧੀਮੀਂ ਧੀਮੀਂ ਨਕਸਲਬਾੜੀ ਲਹਿਰ ਚਲਣੀ ਜ਼ਰੂਰ ਸ਼ੁਰੂ ਹੋ ਗਈ ਸੀ। ਇਸ ਵੱਲ ਨੂੰ ਪੇਂਡੂ ਵਿਦਿਆਰਥੀ ਥੋੜ੍ਹੇ ਥੋੜ੍ਹੇ ਆਕਰਸ਼ਿਤ ਹੋ ਰਹੇ ਸਨ,ਪਰ ਸ਼ਹਿਰੀ ਨਹੀਂ।ਕਾਲਜ ਦਾ ਪ੍ਰਿੰਸੀਪਲ ਸੁਭਾਸ਼ ਚੰਦਰ ਨਵਾਂ ਨਵਾਂ ਪ੍ਰਿੰਸੀਪਲ ਬਣ ਕੇ ਆਇਆ ਸੀ। ਵੈਸੇ ਪਹਿਲਾਂ ਉਹ 20 ਸਾਲ ਕਿਸੇ ਸ਼ਹਿਰੀ ਕਾਲਜ ਵਿੱਚ ਰਸਾਇਣ ਵਿਗਿਆਨ ਦਾ ਪ੍ਰੋਫੈਸਰ ਰਿਹਾ ਸੀ। ਕਾਲਜ਼ ਵਿੱਚ 18 ਪ੍ਰੋਫੈਸਰ ਸਨ। ਸਾਰੇ ਬੜੇ ਮਿਹਨਤੀ ਸਨ। ਬਹੁਤੇ ਨਵੇਂ ਨਵੇਂ ਐੱਮ. ਏ. , ਐੱਮ. ਐੱਸ. ਸੀ. ਕਰਕੇ ਆਏ ਹੋਏ ਸਨ। ਕਰੀਬਨ ਸਾਰੇ ਟ੍ਰੇਡ ਯੂਨੀਅਨਵਾਦ ਤੋਂ ਦੂਰ ਸਨ। ਕਾਲਜ ਕਮੇਟੀ ਪਾਸ ਵੀ ਕਾਫੀ ਤਾਕਤ ਹੋਇਆ ਕਰਦੀ ਸੀ। ਜੱਦ ਚਾਹੇ ਉਹ ਅਧਿਆਪਕਾਂ ਨੂੰ ਹਟਾਅ ਵੀ ਸਕਦੀ ਸੀ ਕਿਉਂਕਿ ਸਰਵਿਸ ਸੁਰੱਖਿਆ ਕਨੂੰਨ ਅਜੇ ਓਨਾਂ ਪ੍ਰਭਾਵਸ਼ਾਲੀ ਨਹੀਂ ਸੀ। ਯੂਨੀਵਰਸਿਟੀ ਦੇ ਸੈਨੇਟ ਦੀ ਚੋਣ ਲੜਨ ਦਾ ਭੂਤ ਅਜੇ ਬਹੁਤੇ ਪ੍ਰੋਫੈਸਰਾਂ ਦੇ ਮਨਾਂ 'ਤੇ ਸਵਾਰ ਨਹੀਂ ਹੋਇਆ ਸੀ। ਇਸ ਸਾਰੇ ਦਾ ਭਾਵ ਇਹ ਹੈ ਕਿ ਕਾਲਜ ਵਿੱਚ ਪੜ੍ਹਨ ਪੜ੍ਹਾਉਣ ਦਾ ਮਾਹੌਲ ਅਜੇ ਬਹੁਤ ਵਧੀਆ ਜੀ।
1972 ਵਿੱਚ ਬੀ . ਐੱਸ ਸੀ ਆਨਰਜ ਦੀ ਜਮਾਤ ਵੀ ਸ਼ੁਰੂ ਹੋ ਗਈ ਸੀ। ਇਹ ਜਮਾਤ ਵਿੱਚ 15 ਵਿਦਿਆਰਥੀ ਸਨ। ਇਨ੍ਹਾਂ ਵਿਚੋਂ 10 ਲੜਕੇ ਅਤੇ 5 ਲੜਕੀਆਂ ਸਨ। ਬਹੁਤੇ ਵਜੀਦਪੁਰ ਤੋਂ ਹੀ ਆਉਂਦੇ ਸਨ ਤੇ 4 ਨੇੜੇ ਦੇ ਪਿੰਡਾਂ ਸਲੇਮਪੁਰ ਤੇ ਬਰਸਾਲਪੁਰ ਤੋਂ ਆਉਂਦੇ ਸਨ। ਆਨਰਜ ਦੀ ਜਮਾਤ ਨੂੰ ਤਿੰਨ ਪ੍ਰੋਫੈਸਰ ਪੜ੍ਹਾਉਂਦੇ ਸਨ। ਇਨ੍ਹਾਂ ਵਿਚੋਂ ਦੋ ਮੈਡਮਾਂ ਰੇਨੂੰ ਤੇ ਸ਼ਾਰਦਾ ਪੱਕੀਆਂ ਸਨ ਤੇ ਇੱਕ ਹੋਰ ਤੀਸਰੀ ਲੈਕਚਰਾਰ ਕੱਚੀ ਸੀ।ਸਾਰੇ ਹੀ ਬਹੁਤ ਹੀ ਮਿਹਨਤੀ ਸਨ। ਸਮੇਂ ਸਿਰ ਸਿਲੇਬਸ ਪੂਰਾ ਕਰਵਾ ਕੇ ਦੁਹਰਾਈ ਵੀ ਕਰਵਾ ਦਿੱਤੀ ਗਈ।ਕਾਲਜ ਦੀ ਲਾਇਬ੍ਰੇਰੀ ਵਿੱਚ ਚੰਗੀਆਂ ਪੁਸਤਕਾਂ ਦੀ ਕੋਈ ਘਾਟ ਨਹੀਂ ਸੀ। ਲਾਇਬ੍ਰੇਰੀਅਨ ਲਖਨਪਾਲ ਬਹੁਤ ਮਿਹਨਤੀ ਸੀ। ਉਹ ਬੱਚਿਆਂ ਨੂੰ ਪੁਸਤਕਾਂ ਲੱਭ ਕੇ ਦੇਣ ਵਿੱਚ ਹਮੇਸ਼ਾ ਤਤਪਰ ਰਹਿੰਦਾ ਸੀ। ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਵੀ ਉਪਕਰਣਾਂ ਨਾਲ ਭਰਪੂਰ ਸਨ। ਪ੍ਰਿੰਸੀਪਲ ਸੁਭਾਸ਼ ਚੰਦਰ ਦਾ ਪੂਰਾ ਜ਼ੋਰ ਲੱਗਿਆ ਰਹਿੰਦਾ ਸੀ ਕਿ ਕਾਲਜ ਦਾ ਇਲਾਕੇ ਵਿੱਚ ਜ਼ਿਕਰਯੋਗ ਸਥਾਨ ਹੋਵੇ। ਇਸ ਵਾਸਤੇ ਜ਼ਰੂਰੀ ਸੀ ਕਿ ਆਰੰਭਲੇ ਸਾਲਾਂ ਵਿੱਚ ਇੱਕ ਦੋ ਵਿਦਿਆਰਥੀ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਆ ਜਾਣ। ਕੋਸ਼ਿਸ਼ ਇਹ ਵੀ ਸੀ ਕਿ ਖੇਡਾਂ ਵਿੱਚ ਵੀ ਚੰਗਾ ਨਾਮਣਾ ਖੱਟਿਆ ਜਾਵੇ। ਸਰੀਰਕ ਸਿੱਖਿਆ ਦਾ ਪ੍ਰੋਫੈਸਰ ਸਰਦਾਰ ਹਰਪਾਲ ਸਿੰਘ ਪਗੜੀਧਾਰੀ ਸਿੰਘ ਜੱਟ ਸਿੱਖ ਸੀ ਤੇ ਉਹ ਇਕੱਲਾ ਹੀ ਪਗੜੀਧਾਰੀ ਸੀ। ਹੈਰਾਨੀ ਇਹ ਸੀ ਕਿ ਕਾਲਜ ਦੇ ਪੰਜਾਬੀ ਦੇ ਦੌਵੇ ਪ੍ਰੋਫ਼ੈਸਰ ਵੀ ਹਿੰਦੂ ਪਿਛੋਕੜ ਦੇ ਹੀ ਸਨ। ਪ੍ਰੋਫੈਸਰ ਲੂਥਰਾ ਸੀਨੀਅਰ ਜਮਾਤਾਂ ਨੂੰ ਪੜ੍ਹਾਉਂਦਾ ਸੀ ਅਤੇ ਮੈਡਮ ਮਨੋਚਾ ਜੂਨੀਅਰਜ ਨੂੰ। ਪਿਛਲੇ ਪੰਜ ਸਾਲਾਂ ਵਿੱਚ ਕਾਲਜ਼ ਖੇਡਾਂ ਦੇ ਖੇਤਰ ਵਿੱਚ ਦੋ ਮੱਲਾਂ ਮਾਰ ਚੁੱਕਾ ਸੀ।ਭਾਰ ਤੋਲਣ ਵਿੱਚ ਇੱਕ ਲੜਕਾ ਇੰਟਰ ਯੂਨੀਵਰਸਿਟੀ ਤੱਕ ਪਹੁੰਚ ਚੁੱਕਾ ਸੀ ਤੇ ਟੇਬਲ ਟੈਨਿਸ ਵਿੱਚ ਲੜਕੀਆਂ ਦੀ ਟੀਮ ਇੰਟਰ ਵਰਸਿਟੀ ਟ੍ਰਾਫੀ ਜਿੱਤ ਚੁੱਕੀ ਸੀ। ਲੜਕੀਆਂ ਦੀਆਂ ਖੇਡਾਂ ਲਈ ਸੁਧਾ ਮੈਡਮ ਆਰਜ਼ੀ ਲੈਕਚਰਾਰ ਸੀ।ਬੀ.ਐਸ ਸੀ ਆਨਰਜ ਦੀ ਕਲਾਸ ਨੂੰ ਪੂਰੀ ਮਿਹਨਤ ਕਰਵਾਈ ਜਾ ਰਹੀ ਸੀ।ਲੜਕੇ ਜਗਮੀਤ ਢਿੱਲੋਂ ਤੇ ਲੜਕੀ ਬੰਧਨਾਂ ਵਰਮਾ ਵਿੱਚ ਫਸਵਾਂ ਮੁਕਾਬਲਾ ਚੱਲਦਾ ਰਹਿੰਦਾ ਸੀ। ਘਰੇਲੂ ਪ੍ਰੀਖਿਆਵਾਂ ਵਿੱਚ ਇਹ ਦੋਨੋਂ ਹੋਣਹਾਰ ਵਿਦਿਆਰਥੀ 90 ਫ਼ੀਸਦ ਤੱਕ ਨੰਬਰ ਲੈ ਚੁੱਕੇ ਸਨ। ਹੁਣ ਸਲਾਨਾ ਇਮਤਿਹਾਨ ਨੇੜੇ ਹੀ ਸੀ। ਫਰਵਰੀ ਮਹੀਨੇ ਵਿੱਚ ਇਸ ਕਲਾਸ ਨੂੰ ਪਰਖਣ ਹਿੱਤ ਪ੍ਰਿੰਸੀਪਲ ਖ਼ੁਦ ਵੀ ਇੱਕ ਪੀਰੀਅਡ ਲੈਣ ਲੱਗ ਪਿਆ ਸੀ। ਵਾਧੂ ਕੋਚਿੰਗ ਬੜੀ ਬਾਰੀਕੀ ਨਾਲ ਚੱਲ ਰਹੀ ਸੀ।
ਸਲਾਨਾ ਇਮਤਿਹਾਨ ਬੜੇ ਖ਼ੁਸ਼ਗਵਾਰ ਮਾਹੌਲ ਵਿੱਚ ਸ਼ੁਰੂ ਹੋਏ। ਜਗਮੀਤ ਅਤੇ ਬੰਦਨਾ ਨੇ ਬੜੀ ਮਿਹਨਤ ਨਾਲ ਇਮਤਿਹਾਨ ਦਿੱਤੇ। ਅਕਾਦਮਿਕ ਖੇਤਰ ਵਿੱਚ ਵੀ ਪਿਛਲੇ ਪੰਜ ਸਾਲਾਂ ਵਿੱਚ ਵੀ ਕਾਲਜ਼ ਨੇ ਇੱਕ ਖਾਸ ਮੱਲ ਮਾਰੀ ਸੀ । ਇੱਕ ਲੜਕਾ ਬੀ. ਏ. ਆਨਰਜ ਅੰਗਰੇਜ਼ੀ ਵਿੱਚ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਆਇਆ ਸੀ। ਕਾਲਜ ਵਿੱਚ ਇਮਾਰਤ ਉਸਾਰੀ ਦਾ ਕੰਮ ਵੀ ਨਾਲ ਨਾਲ ਚਲਦਾ ਹੀ ਰਹਿੰਦਾ ਸੀ। ਮੋਟੇ ਲਾਲੇ ਤੇ ਜ਼ਮੀਨਾਂ ਵਾਲੇ ਚੰਦ ਕੁ ਕਾਂਗਰਸੀ ਜੱਟ ਮਦਦ ਕਰੀ ਜਾ ਰਹੇ ਸਨ। ਇਲਾਕੇ ਦੇ ਇੱਕ ਓਲੰਪੀਅਨ ਖਿਡਾਰੀ ਦੀ ਯਾਦ ਵਿੱਚ ਖੇਡ ਸਟੇਡੀਅਮ ਵੀ ਉਸਾਰਿਆ ਜਾ ਰਿਹਾ ਸੀ। ਪੂਰੇ ਇਲਾਕੇ ਵਿੱਚ ਕਾਲਜ਼ ਦੀ ਬੱਲੇ ਬੱਲੇ ਹੋਈ ਪਈ ਸੀ। ਇਸ ਬੱਲੇ ਬੱਲੇ ਨੇ ਵਿਦਿਆਰਥੀਆਂ ਦੀ ਨਫਰੀ ਵਧਾਉਣ ਵਿੱਚ ਵੀ ਠੋਸ ਭੂਮਿਕਾ ਨਿਭਾਈ ਸੀ।
ਅਪ੍ਰੈਲ ਮਈ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਗਏ। ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਦਾ ਵਿਦਿਆਰਥੀ ਜਗਮੀਤ ਢਿੱਲੋਂ ਸਾਰੀ ਯੂਨੀਵਰਸਿਟੀ ਵਿੱਚੋਂ ਅੱਵਲ ਆ ਗਿਆ ਤੇ ਬੰਧਨਾਂ ਮੈਰਿਟ ਲਿਸਟ ਵਿੱਚ ਪੰਦਰਵੇਂ ਸਥਾਨ 'ਤੇ ਰਹੀ। ਖੁਸ਼ੀ ਵਿੱਚ ਪ੍ਰਿੰਸੀਪਲ ਨੇ ਛੁੱਟੀਆਂ ਵਿੱਚ ਹੀ ਸਟਾਫ਼ ਮੀਟਿੰਗ ਸੱਦ ਲਈ । ਜਗਮੀਤ ਤੇ ਬੰਧਨਾਂ ਨੂੰ ਸੱਦ ਕੇ ਪਾਰਟੀ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਦੋਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟਾਫ ਦੀ ਪ੍ਰਸੰਸਾ ਕੀਤੀ। ਇਲਾਕੇ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਨਵੇਂ ਦਾਖਲਿਆਂ ਦੇ ਪ੍ਰਚਾਰ ਕਰਨ ਦੀ ਲੋੜ ਹੀ ਨਾ ਪਈ। ਸ਼ਾਨਦਾਰ ਨਤੀਜੇ ਹੀ ਇਸ਼ਤਿਹਾਰ ਬਣ ਗਏ। ਪ੍ਰਿੰਸੀਪਲ ਸਾਹਿਬ ਨੇ ਕਾਲਜ ਦਫ਼ਤਰ ਦੇ ਸੁਪਰਡੈਂਟ ਬੇਦੀ ਸਾਹਿਬ ਨੂੰ ਹਦਾਇਤ ਕੀਤੀ ਕਿ ਜਗਮੀਤ ਢਿੱਲੋਂ ਅਤੇ ਬੰਦਨਾਂ ਦੇ ਨਾਮ ਕਾਲਜ ਦੇ ਸਨਮਾਨ ਬੋਰਡ ''ਤੇ ਲਿਖਵਾ ਕੇ ਸਾਹਮਣੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਰਜ ਕਰ ਦਿੱਤੀਆਂ ਜਾਣ। ਦੂਜੇ ਦਿਨ ਪੇਂਟਰ ਆਇਆ ਤੇ ਦੋਹਾਂ ਦੇ ਨਾਮ ਬੋਰਡ ਉੱਪਰ ਲਿਖ ਗਿਆ। ਇਹ ਦੋਵੇਂ ਵਿਦਿਆਰਥੀ ਐੱਮ ਐੱਸ ਸੀ ਕਰਨ ਲਈ ਚੰਡੀਗੜ੍ਹ ਜਾ ਦਾਖਲ ਹੋਏ। ਉਹਨਾਂ ਦਿਨਾਂ ਵਿੱਚ ਚੰਡੀਗੜ੍ਹ ਉੱਤਰੀ ਭਾਰਤ ਵਿੱਚ ਵਿਦਿਆ ਦਾ ਪ੍ਰਮੁੱਖ ਕੇਂਦਰ ਹੁੰਦਾ ਸੀ। ਪੰਜਾਬ ਵਿੱਚ ਹੋਰ ਦੋ ਯੂਨੀਵਰਸਿਟੀਆਂ ਜਰੂਰ ਸਨ, ਪਰ ਉਹ ਨਵੀਆਂ ਹੋਣ ਕਰਕੇ ਵਿਦਿਆਰਥੀਆਂ ਦਾ ਧਿਆਨ ਘੱਟ ਖਿੱਚ ਰਹੀਆਂ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐੱਮ ਐੱਸ ਸੀ ਜਮਾਤ ਵਿੱਚ 150 ਸੀਟਾਂ ਹੋਇਆ ਕਰਦੀਆਂ ਸਨ। ਇਥੇ ਪੇਂਡੂ ਵਿਦਿਆਰਥੀਆਂ ਨੂੰ ਇੱਕ ਦੋ ਮਨੋਵਿਗਿਆਨਕ ਝਟਕੇ ਜਰੂਰ ਲੱਗਦੇ ਹੁੰਦੇ ਸਨ। ਬਿਨਾਂ ਸ਼ੱਕ ਪੇਂਡੂ ਵਿਦਿਆਰਥੀ ਬਹੁਤ ਮਿਹਨਤੀ ਸਨ ਪਰ ਉਹ ਅੰਗਰੇਜ਼ੀ ਬੋਲਚਾਲ ਵਿੱਚ ਸ਼ਹਿਰੀਂ ਵਿਦਿਆਰਥੀਆਂ ਤੋਂ ਪਿੱਛੇ ਰਹਿ ਜਾਇਆ ਕਰਦੇ ਸਨ। ਪਹਿਰਾਵੇ ਵਿੱਚ ਵੀ ਪੇਂਡੂ ਵਿਦਿਆਰਥੀ ਪ੍ਰੰਪਰਾਗਤ ਤੇ ਪੱਛੜੇ ਲੱਗਿਆ ਕਰਦੇ ਸਨ। ਸ਼ਹਿਰੀ ਅਤਿ ਦਰਜ਼ੇ ਦੇ ਮਾਡਰਨ ਤੇ ਪੇਂਡੂ ਦੇਖਣ ਪਰਖਣ ਵਿੱਚ ਸਧਾਰਨ ਤੇ ਪੜ੍ਹਨ ਵਿੱਚ ਮਿਹਨਤੀ। ਜਗਮੀਤ ਪਗੜੀਧਾਰੀ ਹੀ ਰਿਹਾ। ਉਸਨੂੰ ਇੰਝ ਰੱਖਣ ਵਿੱਚ ਉਸਦੇ ਹੋਸਟਲ ਵਾਰਡਨ ਸੋਚ ਦੀ ਅਹਿਮ ਭੂਮਿਕਾ ਸੀ। ਬੰਧਨਾਂ ਮਹੌਲ ਮੁਤਾਬਕ ਜਲਦੀ ਢਲਦੀ ਗਈ। ਉਹ ਵਜੀਦਪੁਰ ਦੇ ਮੋਟੇ ਲਾਲਿਆਂ ਦੀ ਲੜਕੀ ਸੀ। ਘਰ ਵਿੱਚ ਪਹਿਲਾਂ ਹੀ ਪੜ੍ਹਾਈ ਸੀ। ਭਰਾ ਬੈਂਕ ਮੈਨੇਜਰ ਸੀ ਤੇ ਭੈਣ ਵਿਆਹ ਤੋਂ ਬਾਅਦ ਵੱਡੇ ਸ਼ਹਿਰ ਦੇ ਇੱਕ ਕਾਲਜ਼ ਵਿੱਚ ਅੰਗਰੇਜ਼ੀ ਦੀ ਲੈਕਚਰਾਰ ਲੱਗ ਗਈ ਸੀ। ਜਗਮੀਤ ਮੱਧਵਰਗੀ ਜੱਟ ਸਿੱਖ ਪਰਿਵਾਰ ਵਿੱਚੋਂ ਸੀ। ਬਾਪੂ ਹਾਈ ਸਕੂਲ ਵਿੱਚ ਸਾਇੰਸ ਅਧਿਆਪਕ ਸੀ ਤੇ ਮਾਂ ਘਰੇਲੂ ਔਰਤ। ਥੋੜ੍ਹੀ ਜਿਹੀ ਜ਼ਮੀਨ ਸੀ ਤੇ ਉਹ ਮਾਮਲੇ 'ਤੇ ਦਿੱਤੀ ਹੋਈ ਸੀ। ਪਿੰਡ ਵਿੱਚ ਬਿਜਲੀ ਵੀ ਉਦੋਂ ਕੁ ਹੀ ਪਹੁੰਚੀ ਸੀ ਜਦੋਂ ਜਗਮੀਤ ਨੇ ਬੀ ਐੱਸ ਸੀ ਕੀਤੀ ਸੀ। ਬਾਪੂ ਦੀ ਨਿੱਜੀ ਕੋਚਿੰਗ ਨੇ ਹੀ ਉਸਨੂੰ ਸਿਖ਼ਰਲੇ ਦਰਜੇ ਦਾ ਲਾਇਕ ਵਿਦਿਆਰਥੀ ਬਣਾਇਆ ਸੀ। ਐੱਮ ਐੱਸ ਸੀ ਵਿੱਚ ਉਹ 95 ਫੀਸਦੀ ਨੰਬਰ ਲੈਣ ਵਿੱਚ ਸਫ਼ਲ ਹੋ ਗਿਆ ਸੀ, ਬੰਦਨਾਂ 85 ਫੀ ਸਦੀ। ਭਾਵੇਂ ਅੱਗੇ ਦੋਹਾਂ ਦੀ ਪ੍ਰਸ਼ਾਸਨਿਕ ਪ੍ਰੀਖਿਆਵਾਂ ਦੇਣ ਦੀ ਇੱਛਾ ਸੀ, ਪਰ ਦੋਹਾਂ ਨੇ ਕਾਲਜ ਲੈਕਚਰਾਰ ਬਣਨ ਦੀਆਂ ਕੋਸ਼ਿਸ਼ਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ।
ਜੂਨ ਦੇ ਮਹੀਨੇ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਵਜੀਦਪੁਰ ਦੇ ਇਸ ਕਾਲਜ ਨੇ ਦੋ ਪੋਸਟਾਂ ਭਰਨ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ। ਇਨ੍ਹਾਂ ਵਿਚੋਂ ਇੱਕ ਰਸਾਇਣ ਵਿਗਿਆਨ ਦੀ ਪੋਸਟ ਵੀ ਸੀ। ਸੁਭਾਵਿਕ ਸੀ ਕਿ ਦੋਨੋਂ ਜਗਮੀਤ ਤੇ ਬੰਧਨਾਂ ਆਪਣੇ ਪੁਰਾਣੇ ਕਾਲਜ ਵਿੱਚ ਲੈਕਚਰਾਰ ਲਈ ਅਪਲਾਈ ਕਰਦੇ। ਦੋਹਾਂ ਨੇ ਆਪਣੇ ਪ੍ਰਮਾਣ- ਪੱਤਰ ਲਗਾ ਕੇ ਅਪਲਾਈ ਕਰ ਦਿੱਤਾ। ਪੋਸਟ ਭਰਨ ਲਈ ਕਾਲਜ ਦੀ ਕਮੇਟੀ ਦੀ ਮੀਟਿੰਗ ਹੋਈ। ਚੋਣ ਪੈਨਲ ਵਿੱਚ ਇੱਕ ਯੂਨੀਵਰਸਿਟੀ ਦਾ ਨੁਮਾਇੰਦਾ ਅਤੇ ਇੱਕ ਵਿਸ਼ਾ -ਮਾਹਿਰ ਵੀ ਹਾਜ਼ਰ ਹੋਏ। ਆਖਰੀ ਫੈਸਲਾ ਕਾਲਜ ਕਮੇਟੀ ਅਤੇ ਪ੍ਰਿੰਸੀਪਲ ਨੇ ਕਰਨਾ ਹੁੰਦਾ ਸੀ। ਇੰਟਰਵਿਊ ਦੇਣ ਲਈ 15 ਉਮੀਦਵਾਰ ਹਾਜ਼ਰ ਹੋਏ ਸਨ। ਇਨ੍ਹਾਂ ਵਿਚੋਂ ਨੰਬਰਾਂ ਪੱਖੋਂ ਅਤੇ ਸਧਾਰਨ ਸੂਝ ਪੱਖੋਂ ਜਗਮੀਤ ਸੱਭ ਤੋਂ ਢੁਕਵਾਂ ਸੀ। ਉਸਨੂੰ ਪੂਰੀ ਉਮੀਦ ਸੀ ਕਿ ਉਸਦੀ ਚੋਣ ਹੋ ਜਾਵੇਗੀ। ਜੱਦ ਸੁਪਰਡੈਂਟ ਨੇ ਨਤੀਜਾ ਸੁਣਾਇਆ ਤਾਂ ਜਗਮੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਚੋਣ ਬੰਧਨਾਂ ਦੀ ਕਰ ਲਈ ਗਈ ਸੀ। ਹਿੰਦੂ ਕਾਲਜ ਨੇ ਹਿੰਦੂ ਉਮੀਦਵਾਰ ਨੂੰ ਪਹਿਲ ਦਿੱਤੀ ਸੀ। ਜੱਦ ਜਗਮੀਤ ਬੀ ਐੱਸ ਸੀ ਆਨਰਜ ਵਿੱਚ ਪੂਰੀ ਯੂਨੀਵਰਸਿਟੀ ਵਿਚੋਂ ਅੱਵਲ ਆਇਆ ਸੀ ਉਦੋਂ ਪ੍ਰਿੰਸੀਪਲ ਨੇ ਕਿਹਾ ਸੀ " ਜਗਮੀਤ ਢਿੱਲੋਂ ਨੇ ਸਾਰੇ ਪੰਜਾਬ ਵਿੱਚ ਸਾਡੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ, ਇਸਨੂੰ ਕਾਲਜ ਵਲੋਂ ਸਨਮਾਨ -ਪੱਤਰ ਦਿੱਤਾ ਜਾਂਦਾ ਹੈ। -----------ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਟਾਫ ਅੰਤਾਂ ਦੀ ਮਿਹਨਤ ਕਰਵਾਉਂਦਾ ਹੋਇਆ ਸਫ਼ਲਤਾ ਲਈ ਦਰਵਾਜ਼ੇ ਖੋਲ੍ਹਦਾ ਹੈ, ਪਰ ਅੰਦਰ ਵਿਦਿਆਰਥੀ ਨੇ ਆਪ ਹੀ ਵੜਨਾ ਹੁੰਦਾ ਹੈ।"
ਇਸ ਕਾਲਜ ਵਿੱਚ ਰਸਾਇਣ ਵਿਗਿਆਨ ਦੀਆਂ ਅਸਾਮੀਆਂ 'ਤੇ ਪਹਿਲਾਂ ਔਰਤਾਂ ਹੀ ਕੰਮ ਕਰ ਰਹੀਆਂ ਸਨ। ਹੁਣ ਪੈਦਾ ਹੋਈ ਨਵੀਂ ਅਸਾਮੀ 'ਤੇ ਮਰਦ ਲੈਕਚਰਾਰ ਰੱਖੇ ਜਾਣ ਦੀ ਆਮ ਤਵੱਕੋ ਸੀ। ਜਗਮੀਤ ਢਿੱਲੋਂ ਦੀ ਮਰਦ ਹੋਣ ਦੇ ਬਾਵਜੂਦ ਵੀ ਚੋਣ ਨਹੀਂ ਹੋਈ। ਸਰਦਾਰ ਹੋਣ ਕਰਕੇ ਉਸਨੂੰ ਛੱਡ ਦਿੱਤਾ ਗਿਆ ਸੀ। ਇਸ ਪ੍ਰਕਾਰ ਜਗਮੀਤ ਦੀ ਮੈਰਿਟ ਨੂੰ ਤਾਂ ਅੱਖੋਂ ਪਰੋਖੇ ਕੀਤਾ ਹੀ ਗਿਆ, ਇਸਦੇ ਨਾਲ ਲੱਗਦੀ ਇਹ ਗੱਲ ਵੀ ਹੋਈ ਕਿ ਉਸਦੀ ਸਰਦਾਰਾਂ ਵਾਲ਼ੀ ਦਿੱਖ ਵੀ ਉਸਦੇ ਨਕਾਰੇ ਜਾਣ ਦਾ ਸਬੱਬ ਬਣੀ। ਜਗਮੀਤ ਨੂੰ ਆਪਣੇ ਦੇਸ਼ ਵਿੱਚ ਧਰਮ ਦੇ ਨਾਮ 'ਤੇ ਇਸ ਭੇਦਭਾਵ ਦਾ ਬੜਾ ਦੁੱਖ ਲੱਗਿਆ। ਜੱਦ ਉਹ ਸਟਾਫ ਰੂਮ ਵਿੱਚੋਂ ਬਾਹਰ ਨਿਕਲਣ ਲੱਗਾ ਤਾਂ ਉਸਦੀ ਨਜ਼ਰ ਪ੍ਰਿੰਸੀਪਲ ਦੇ ਦਫ਼ਤਰ ਦੀ ਦੀਵਾਰ 'ਤੇ ਲੱਗੇ ਸਨਮਾਨ ਬੋਰਡ 'ਤੇ ਪਈ। ਇਸ ਬੋਰਡ ਉੱਤੇ ਯੂਨੀਵਰਸਿਟੀ ਵਿੱਚੋਂ ਅੱਵਲ ਰਹਿਣ ਕਰਕੇ ਉਸਦਾ ਨਾਮ ਦਰਜ਼ ਸੀ। ਹੁਣ ਜੱਦ ਉਸਨੂੰ ਨਕਾਰ ਦਿੱਤਾ ਗਿਆ ਤਾਂ ਇਹ ਸਨਮਾਨ ਬੋਰਡ ਉਸਨੂੰ ਨਿਰਾ ਅਪਮਾਨ ਬੋਰਡ ਜਾਪਿਆ।