
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
ਰਾਜਨੀਤੀ ਹੁਣ ਪਹਿਲਾਂ ਵਰਗੀ ਨਹੀਂ ਰਹੀ, ਸੰਤਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ- ਨਵਜੋਤ ਕੌਰ ਸਿੱਧੂ
ਜ਼ਰੂਰ ਕਰੋ ਜੀ, ਸੰਤ ਵੀ ਸੋਹਣੀ ਸੇਵਾ ਕਰਦੇ ਐ।
ਪੰਜਾਬ ਕੇਸਰੀ ਗਰੁੱਪ ਨੇ ਤਿੰਨ ਸਾਲਾਂ ‘ਚ 65 ਕਰੋੜ ਤੋਂ ਵੱਧ ਦਾ ਘਪਲਾ ਕੀਤਾ- ਟੈਕਸ ਵਿਭਾਗ
ਬਗ਼ਲ ਮੇਂ ਛੁਰੀ, ਮੂੰਹ ਮੇਂ ਰਾਮ ਰਾਮ।
ਮੋਦੀ ਨੇ ਕੀਤੀ ਸਪੀਕਰ ਓਮ ਬਿਰਲਾ ਦੀ ਤਾਰੀਫ਼- ਇਕ ਖ਼ਬਰ
ਮੇਰੇ ਭੁੱਖ ਨਾ ਕਲੇਜਿਉਂ ਜਾਵੇ, ਮਿੱਤਰਾਂ ਦੇ ਮਿਲਣੇ ਦੀ।
ਇਰਾਨ ਦੇ ਰਾਸ਼ਟਰਪਤੀ ਨੇ ਗੁਆਂਢੀ ਦੇਸ਼ਾਂ ‘ਤੇ ਹਮਲਿਆਂ ਲਈ ਮੰਗੀ ਮੁਆਫ਼ੀ- ਇਕ ਖ਼ਬਰ
ਜੇਠਾ ਮੈਨੂੰ ਮਾਫ਼ ਕਰੀਂ, ਭੁੱਲ ਗਈ ਮੈਂ ਘੁੰਡ ਕੱਢਣਾ।
ਪੰਜਾਬ ਨੇ ਮਾਲੀਆ ਵਿਕਾਸ ਵਿਚ ਦੇਸ਼ ਦੇ ਪਹਿਲੇ ਤਿੰਨ ਸੂਬਿਆਂ ‘ਚ ਨਾਮ ਦਰਜ ਕਰਵਾਇਆ- ਵਿਤ ਮੰਤਰੀ ਚੀਮਾ
ਤੁਹਾਨੂੰ ਕੀ ਮਿਲਦਾ ਵਿਚੋਂ? ਬਾਬਾ ਜੀ ਦਾ ਠੁੱਲੂ।
ਅਮਰੀਕਾ ਨੂੰ ਆਪਣੇ ਫੌਜੀ ਅੱਡੇ ਦੇਣ ਤੋਂ ਸਪੇਨ ਨੇ ਕੀਤੀ ਨਾਂਹ- ਇਕ ਖ਼ਬਰ
ਤੇਰੇ ਲੱਡੂਆਂ ਤੋਂ ਨੀਂਦ ਪਿਆਰੀ, ਸੁੱਤੀ ਨਾ ਜਗਾਈਂ ਮਿੱਤਰਾ।
ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਮੇਰਾ ਕਾਰਜਕਾਲ ਖ਼ਤਮ ਹੋਇਆ- ਨਿਤੀਸ਼ ਕੁਮਾਰ
ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ, ਅਸੀਂ ਨਾਲ਼ ਨਹੀਂ ਕੁਝ ਲੈ ਚੱਲੇ।
ਅਮਰੀਕਾ-ਭਾਰਤ ਵਪਾਰ ਸਮਝੌਤੇ ਨੂੰ ਲੈ ਕੇ ਕਰਨਾਲ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਗਰਜ- ਇਕ ਖ਼ਬਰ
ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।
ਇਰਾਨ ਦੇ ਉੱਚ ਸੁਰੱਖਿਆ ਅਧਿਕਾਰੀ ਨੇ ਅਮਰੀਕਾ ਨਾਲ਼ ਗੱਲਬਾਤ ਤੋਂ ਕੀਤਾ ਇਨਕਾਰ- ਇਕ ਖ਼ਬਰ
ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।
ਅਕਾਲੀ ਸਰਕਾਰ ਬਣਨ ‘ਤੇ ਪਿੰਡਾਂ ਨੂੰ ਦਿਤੀਆਂ ਜਾਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾਂ- ਸੁਖਬੀਰ ਬਾਦਲ
ਜਿਹੜੇ ਮਿੱਠੀਆਂ ਜ਼ੁਬਾਨਾਂ ਵਾਲ਼ੇ, ਮਤਲਬ ਕੱਢ ਲੈਣਗੇ।
ਸੌਦਾ ਸਾਧ ਨੂੰ ਬਰੀ ਕਰਨ ਦਾ ਫ਼ੈਸਲਾ ਹੈਰਾਨੀਜਨਕ- ਗਿਆਨੀ ਰਘਬੀਰ ਸਿੰਘ
ਗਿਆਨੀ ਜੀ, ਇਹਦੇ ‘ਚ ਹੈਰਾਨੀ ਵਾਲ਼ੀ ਕਿਹੜੀ ਗੱਲ ਐ?
ਜੰਗ ਦਾ ਸੇਕ ਪਹੁੰਚਿਆ ਭਾਰਤੀ ਰਸੋਈ ਤੱਕ, ਗੈਸ ਸਿਲੰਡਰ ਹੋਇਆ ਮਹਿੰਗਾ- ਇਕ ਖ਼ਬਰ
ਉੱਚਾ ਹੋ ਗਿਆ ਅੰਬਰ ਦਾ ਤਾਰਾ, ਜਲ ਵਿਚ ਰੋਈਆਂ ਮੱਛੀਆਂ।
ਜ਼ਮੀਨੀ ਹਕੀਕਤ ਤੋਂ ਕੋਰਾ ਸੁਖਬੀਰ ਬਾਦਲ ਹਵਾਈ ਕਿਲ੍ਹੇ ਬਣਾ ਰਿਹਾ ਹੈ- ਭਗਵੰਤ ਮਾਨ
ਤੇਰੇ ਨਾਲ ਨਾ ਤਲੰਗਿਆ ਜਾਣਾ, ਛੱਡ ਜਾਏਂ ਟੇਸ਼ਣ ‘ਤੇ।
ਗੁਰਦੁਆਰਾ ਅੰਬ ਸਾਹਿਬ ਜ਼ਮੀਨ ਘਪਲੇ ਬਾਰੇ ਪੜਤਾਲੀਆ ਕਮੇਟੀ ਦੀ ਮੀਟਿੰਗ ਹੋਈ- ਇਕ ਖ਼ਬਰ
ਇਸ ਮੀਟਿੰਗ ਵਿਚ ਕੰਮ ‘ਤੇ ਮਿੱਟੀ ਪਾਉਣ ਸਬੰਧੀ ਵਿਚਾਰਾਂ ਹੋਈਆਂ।
ਪੰਜਾਬ ਦੀ ਵਿਤੀ ਸਥਿਤੀ ‘ਤੇ ਵ੍ਹਾਈਟ ਪੇਪਰ ਜਾਰੀ ਕਰੇ ਪੰਜਾਬ ਸਰਕਾਰ- ਰਾਜਾ ਵੜਿੰਗ
ਪਤਲੋ ਦੀ ਗਰਦਨ ‘ਤੇ, ਸੱਪ ਫੂਕਰਾਂ ਮਾਰੇ।