ਵਿਸਾਖੀ ਦਾ ਇਤਹਾਸਿਕ ਮਹੱਤਵ ,ਸੰਕਲਪ ਅਤੇ ਸਿਧਾਂਤ - ਬਘੇਲ ਸਿੰਘ ਧਾਲੀਵਾਲ

ਜਦੋਂ ਵੀ ਸਾਲ ਦਾ ਚੱਕਰ ਮੁੜਕੇ ਵਿਸਾਖ ਦੇ ਮਹੀਨੇ ਚ ਪਰਵੇਸ਼ ਕਰਦਾ ਹੈ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਦਸਤਕ ਦਿੰਦਾ ਹੈ, ਤਦ ਸਿੱਖ ਮਨ ਆਪਣੇ ਆਪ ਹੀ 1699 ਦੀ ਉਸ ਇਤਿਹਾਸਕ ਘੜੀ ਵਿੱਚ ਲੀਨ ਹੋ ਜਾਂਦਾ ਹੈ,ਜਦੋ ਗੁਰੂ ਨੇ ਨਿਤਾਣੇ ਲਿਤਾੜੇ ਲੋਕਾਂ ਦੀ ਤਕਦੀਰ ਬਦਲੀ ਸੀ।ਇਹ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਖੜ੍ਹ ਕੇ ਦੁਨੀਆਂ ਦੇ ਸਾਹਮਣੇ ਇਕ ਅਜਿਹੀ ਕੌਮ ਨੂੰ ਪਰਗਟ ਕੀਤਾ ਸੀ,ਜਿਹੜੀ ਤਲਵਾਰ ਦੀ ਧਾਰ ਚੋਂ ਪਰਗਟ ਹੋ ਕੇ  “ਸਰਬਤ ਦਾ ਭਲੇ” ਦੀ ਹਾਮੀ ਬਣੀ।ਉਸ ਦਿਨ ਦਾ ਦ੍ਰਿਸ਼ ਅੱਜ ਦੇ ਦਿਨ ਆਕੇ ਸਿੱਖ ਮਨ ਮੰਦਰ ਦੇ ਅੰਦਰ ਜੀਉਂਦਾ ਹੋ ਜਾਂਦਾ ਹੈ। ਉਦੋਂ ਦਸਵੇਂ ਗੁਰੂ ਦੀ ਗਰਜਦੀ ਆਵਾਜ਼ ਦੇ ਨਾਲ ਸੰਗਤ ਵਿੱਚ ਛਨਾਟਾ ਛਾ ਗਿਆ ਹੋਵੇਗਾ,ਜਦੋਂ ਗੁਰੂ ਸਾਹਿਬ ਨੇ ਆਪਣੀ ਤਲਵਾਰ ਖਿੱਚ ਕੇ ਇੱਕ ਸਿਰ ਦੀ ਮੰਗ ਕੀਤੀ ਹੋਵੇਗੀ, ਤਦ ਸਮੇਂ ਦੀ ਸਾਹ ਲੈਣ ਦੀ ਤਾਕਤ ਵੀ ਠਹਿਰ ਗਈ ਹੋਵੇਗੀ। ਇਹ ਕੋਈ ਆਮ ਲਲਕਾਰ ਨਹੀਂ ਸੀ; ਇਹ ਇੱਕ ਕੌਮ ਦੀ ਆਜ਼ਮਾਇਸ਼ ਸੀ, ਇੱਕ ਅਜਿਹਾ ਇਮਤਿਹਾਨ ਜਿਸ ਵਿੱਚ ਡਰ, ਸੰਦੇਹ ਅਤੇ ਮੋਹ ਸਭ ਕੁਝ ਤੋਲਿਆ ਜਾ ਰਿਹਾ ਸੀ।ਇਸ ਮੌਕੇ ‘ਤੇ ਜਦੋਂ ਪਹਿਲਾ ਸਿੱਖ ਉੱਠਿਆ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਭੇਂਟ ਕੀਤਾ, ਉਹ ਸਿਰਫ਼ ਇੱਕ ਮਨੁੱਖ ਦੀ ਸ਼ਹਾਦਤ ਨਹੀਂ ਸੀ,ਉਹ ਇਤਿਹਾਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਸੀ। ਜਿਵੇਂ ਜਿਵੇਂ ਹੋਰ ਸਿੱਖ ਉੱਠਦੇ ਗਏ ਅਤੇ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹੁੰਦੇ ਗਏ, ਉਸ ਵੇਲੇ ਅਕਾਲ ਪੁਰਖ ਦੀ ਰਜ਼ਾ ਵੀ ਇਸ ਪ੍ਰੇਮ ਅਤੇ ਭਗਤੀ ਨੂੰ ਨਮਸਕਾਰ ਕਰ ਰਹੀ ਹੋਵੇਗੀ।ਇਹ ਪੰਜ ਪਿਆਰੇ ਸਿਰਫ਼ ਵਿਅਕਤੀ ਨਹੀਂ ਸਨ; ਇਹ ਸਿੱਖੀ ਦੇ ਮੂਲ ਸਿਧਾਂਤਾਂ ਦੇ ਜੀਉਂਦੇ ਜਾਗਦੇ ਪ੍ਰਤੀਕ ਸਨ। ਇਸੇ ਘੜੀ ਨੇ ਸਾਬਤ ਕਰ ਦਿੱਤਾ ਕਿ ਇਹ ਕੌਮ ਡਰ ਚੋ ਪੈਦਾ ਨਹੀ ਹੋਈ ਸਗੋਂ ਪਿਆਰ, ਬਲੀਦਾਨ ਅਤੇ ਸੱਚ ਦੀ ਤਾਕਤ ਨਾਲ ਪਰਗਟ ਹੋਈ ਹੈ।ਇਹ ਸਾਰੀ ਪ੍ਰਕਿਰਿਆ ਕੋਈ ਧਾਰਮਿਕ ਰਸਮ ਨਹੀਂ ਸੀ, ਇਹ ਇੱਕ ਡੂੰਘੀ ਫਿਲਾਸਫੀ ਦਾ ਪ੍ਰਗਟਾਵਾ ਸੀ। ਸਿੱਖ ਪੰਥ ਦੇ ਸੰਸਥਾਪਕ, ਪਹਿਲੇ ਗੁਰੂ ਨਾਨਕ ਦੇਵ ਜੀ ਵੱਲੋਂ ਰੱਖੀ ਗਈ ਬੁਨਿਆਦ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਪੂਰਨਤਾ ਤੱਕ ਪਹੁੰਚਾਇਆ ਸੀ। ਗੁਰੂ ਨਾਨਕ ਸਾਹਿਬ ਨੇ ਜੋ ਬਰਾਬਰੀ, ਸੱਚ ਅਤੇ ਨਿਆਂ ਦਾ ਬੀਜ ਬੀਜਿਆ ਸੀ ਉਹ ਖਾਲਸਾ ਰੂਪ ਵਿੱਚ ਇੱਕ ਪੂਰੇ ਦਰੱਖ਼ਤ ਵਜੋਂ ਖਿੜਿਆ ਅਤੇ ਪ੍ਰਵਾਨ ਚੜ੍ਹਿਆ। ਖਾਲਸਾ ਸਾਜਨਾ ਦੀ ਇਹ ਘੜੀ ਦੁਨੀਆਂ ਦੇ ਇਤਿਹਾਸ ਵਿੱਚ ਇਕ ਵਿਲੱਖਣ ਘਟਨਾ ਹੈ। ਅਜਿਹੀ ਉਦਾਹਰਨ ਦੁਨੀਆਂ ਦੇ ਇਤਿਹਾਸ ਵਿੱਚ  ਕਿਤੇ ਨਹੀਂ ਮਿਲ ਸਕਦੀ, ਜਿੱਥੇ ਗੁਰੂ ਮਿਆਨ ਚੋ ਤਲਵਾਰ ਖਿੱਚ ਕੇ ਆਪਣੇ ਸਿੱਖਾਂ ਤੋਂ ਸਿਰ ਮੰਗੇ ਅਤੇ ਸਿੱਖ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਹੱਥ ਜੋੜ ਕੇ ਖੜ ਜਾਣ।ਇਹ ਸਿਰਫ਼ ਅਧਿਆਤਮਿਕ ਉੱਚਾਈ ਨਹੀਂ ਸੀ, ਇਹ ਗੁਰੂ ਅਤੇ ਸਿੱਖ ਦੇ ਆਪਸੀ ਪ੍ਰੇਮ ਅਤੇ ਭਰੋਸ਼ੇ ਦੀ ਮਿਸਾਲ ਸੀ।ਇਸੇ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ,ਇੱਕ ਅਜਿਹੀ ਕੌਮ ਜੋ ਜਾਤ-ਪਾਤ, ਉੱਚ-ਨੀਚ, ਧਰਮ ਅਤੇ ਵਰਗ ਦੇ ਸਾਰੇ ਭੇਦਾਂ ਤੋਂ ਉਪਰ ਹੈ। ਅਮ੍ਰਿਤ ਪਾਨ ਕਰਨ ਦੀ ਮਰਯਾਦਾ ਰਾਹੀਂ ਗੁਰੂ ਸਾਹਿਬ ਨੇ ਇਹ ਸਾਬਤ ਕੀਤਾ ਕਿ ਜਦ ਤੱਕ ਮਨੁੱਖ ਆਪਣੇ ਅੰਦਰੋਂ ਭੇਦਭਾਵ ਨੂੰ ਖਤਮ ਨਹੀਂ ਕਰਦਾ, ਉਹ ਸੱਚੇ ਅਰਥਾਂ ਵਿੱਚ ਖਾਲਸਾ ਨਹੀਂ ਬਣ ਸਕਦਾ। ਇੱਕੋ ਵਾਟੇ ਵਿੱਚੋਂ ਅਮ੍ਰਿਤ ਛਕਣਾ, ਸਿਰਫ਼ ਇੱਕ ਰਸਮ ਨਹੀਂ ਬਲਕਿ ਇਹ ਊਚ ਨੀਚ ਤੋ ਉਪਰ, ਸਮਾਨਤਾ ਦੀ ਸ਼ਿਖਰ ਹੈ।ਸਿੰਘ ਜਾਂ ਖਾਲਸਾ ਸਿਰਫ਼ ਇੱਕ ਧਾਰਮਿਕ ਪਹਿਚਾਣ ਹੀ ਨਹੀਂ, ਸਗੋਂ ਦੁਨੀਆਂ ਤੋ ਵੱਖਰੀ ਇੱਕ ਅਜਿਹੀ ਨਿਆਰੀ ਨਿਰਾਲੀ ਜੀਵਨ ਸ਼ੈਲੀ ਹੈ,ਜਿੱਥੇ ਸੱਚ, ਨਿਆਂ ਅਤੇ ਬਰਾਬਰਤਾ ਨੂੰ ਧਰਮ ਦੇ ਸਿਧਾਂਤ ਵਜੋ ਜੀਵਿਆ ਜਾਂਦਾ ਹੈ। ਇਹ ਵੀ ਗੁਰੂ ਦੀ ਕਲਾ ਅਤੇ ਬਖਸ਼ਿਸ਼ ਹੈ ਕਿ ਤਲਵਾਰ ਚੋ ਪਰਗਟ ਹੋਣ ਦੇ ਬਾਵਜੂਦ ਵੀ ਖਾਲਸਾ ਹਮੇਸ਼ਾ ਆਪਣੇ ਨਿੱਤਨੇਮ ਵਿੱਚ “ਸਰਬਤ ਦੇ ਭਲੇ” ਦੀ ਅਰਦਾਸ ਕਰਦਾ ਹੈ।ਪਰ ਜਦੋਂ ਅੱਜ ਦੇ ਸਮੇਂ ਵੱਲ ਦੇਖਦੇ ਹਾਂ, ਤਦ ਇੱਕ ਕਸਕ ਮਹਿਸੂਸ ਹੁੰਦੀ ਹੈ। ਉਹ ਕੌਮ ਜਿਸਦੇ ਇਤਿਹਾਸ ਵਿੱਚ ਸ਼ਹਾਦਤਾਂ ਦੀ ਲੰਮੀ ਚੌੜੀ ਵਿਆਖਿਆ ਹੈ,ਮੌਜੂਦਾ ਦੌਰ ਵਿੱਚ ਵੀ ਸ਼ਹਾਦਤਾਂ ਦਾ ਜਜ਼ਬਾ ਹੋਣ ਦੇ ਬਾਵਜੂਦ ਕਮਜ਼ੋਰ ਦਿਖਾਈ ਦੇ ਰਹੀ ਹੈ। ਨੌਜਵਾਨ ਪੀੜ੍ਹੀ ਆਪਣੀ ਪਹਿਚਾਣ ਤੋਂ ਦੂਰ ਹੋ ਰਹੀ ਹੈ, ਨਸ਼ਿਆਂ ਦੀ ਲਪੇਟ ਵਿੱਚ ਆ ਰਹੀ ਹੈ, ਅਤੇ ਆਪਣੇ ਮਹਾਨ ਇਤਿਹਾਸ ਤੋਂ ਅਣਜਾਣ ਬਣਦੀ ਜਾ ਰਹੀ ਹੈ।ਇਹ ਸਿਰਫ਼ ਇਕ ਸੰਜੋਗ ਨਹੀਂ, ਸਗੋਂ ਇਕ ਸੋਚੀ ਸਮਝੀ ਯੋਜਨਾ ਦਾ ਨਤੀਜਾ  ਹੈ,ਜਿਸ ਨੂੰ ਸਮਝਣ ਦੀ ਲੋੜ ਹੈ।ਵਿਸਾਖੀ ਵਰਗੇ ਪਵਿੱਤਰ ਅਤੇ ਅਲੌਕਿਕ ਦਿਹਾੜੇ ਨੂੰ ਹੌਲੀ-ਹੌਲੀ ਇੱਕ ਖੇਤੀਬਾੜੀ ਦੇ ਤਿਉਹਾਰ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਸਕੂਲੀ ਕਿਤਾਬਾਂ ਵਿੱਚ ਕਣਕਾਂ ਦੀ ਰੁੱਤ ਦੇ ਮੇਲੇ ਦਾ ਜ਼ਿਕਰ ਤਾਂ ਮਿਲਦਾ ਹੈ, ਪਰ ਖਾਲਸਾ ਸਾਜਨਾ ਦਾ ਇਤਿਹਾਸ ਕਿਤੇ ਗੁੰਮ ਹੋ ਜਾਂਦਾ ਹੈ। ਕੀ  ਸਿੱਖ ਸਿਰਫ਼ ਸਮਾਗਮਾਂ ਅਤੇ ਮੇਲਿਆਂ ਤੱਕ ਹੀ ਸੀਮਿਤ ਹੋ ਗਏ ਹਨ ਜਾਂ ਉਸ ਅਸਲ ਮਕਸਦ ਨੂੰ ਵੀ ਸਮਝਦੇ ਹਨ ਜਿਸ ਲਈ ਇਹ ਕੌਮ ਸਿਰਜੀ ਗਈ ਸੀ ? ਇਹ ਸਵਾਲ ਸਵੈ ਪੜਚੋਲ ਦੀ ਮੰਗ ਕਰਦਾ ਹੈ। ਇਹ ਵੀ ਸੱਚ ਹੈ ਕਿ ਅੱਜ ਸਿੱਖ ਸਮਾਜ ਵਿੱਚ ਵੰਡਾਂ ਵਧ ਰਹੀਆਂ ਹਨ,ਆਪਸੀ ਧੜੇਬੰਦੀਆਂ ਅਤੇ ਨਿੱਜੀ ਲੋਭ ਲਾਲਾਸਾਵਾਂ ਨੇ ਸਿੱਖ  ਏਕਤਾ ਨੂੰ ਕਮਜ਼ੋਰ ਕੀਤਾ ਹੈ। ਗੁਰੂ ਸਾਹਿਬ ਨੇ ਜਿਸ ਜਾਤ ਪਾਤ  ਦੀ ਨਾ ਬਰਾਬਰੀ ਨੂੰ ਖਤਮ ਕੀਤਾ ਸੀ,  ਅੱਜ ਉਹ ਮੁੜ ਸ਼ਿਖਰਾਂ ਤੇ ਹੈ। ਸਿੱਖ ਕੌਂਮ ਜਾਤੀ ਵੰਡ ਦੀ ਦਲਦਲ ਵਿੱਚ  ਦੁਵਾਰਾ ਗਲ਼ੇ ਤੱਕ ਧੱਸ ਚੁੱਕੀ ਹੈ। ਸਾਨੂੰ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਇਤਿਹਾਸ ਨਾਲ ਜੋੜਨਾ ਹੋਵੇਗਾ ਅਤੇ ਉਹਨਾਂ ਵਿੱਚ ਉਹੀ ਜਜ਼ਬਾ ਪੈਦਾ ਕਰਨਾ ਹੋਵੇਗਾ,ਜੋ ਭਾਈ ਦਇਆ ਸਿੰਘ ਜੀ,ਭਾਈ ਧਰਮ ਸਿੰਘ ਜੀ,ਭਾਈ ਹਿੰਮਤ ਸਿੰਘ ਜੀ,ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਵਿੱਚ ਸੀ,ਜਿੰਨਾਂ ਨੇ ਗੁਰੂ ਸਾਹਿਬ ਅੱਗੇ ਸੀਸ ਅਰਪਨ ਕਰਕੇ ਗੁਰੂ ਪ੍ਰਤੀ ਸਿੱਖ ਦੀ ਸ਼ਰਧਾ ਅਤੇ ਸਮੱਰਪਣ ਭਾਵਨਾ ਦਾ ਅਜਿਹਾ  ਇਜ਼ਹਾਰ ਕੀਤਾ,ਕਿ ਤਾਜਦਾਰਾਂ ਦੇ ਤਖਤਾਂ ਨੂੰ ਕੰਬਣੀਆਂ ਛਿੜ ਗਈਆਂ।ਸੋ ਕੌਂਮ ਦੇ ਵਡੇਰੇ ਹਿਤਾਂ ਦੇ ਸੰਦਰਭ ਵਿੱਚ ਪੰਥਕ ਧਿਰਾਂ ਨੂੰ ਵੀ ਆਪਣੀਆਂ ਛੋਟੀਆਂ-ਛੋਟੀਆਂ ਲੜਾਈਆਂ ਛੱਡ ਕੇ ਇਕੱਠੇ ਹੋਣਾ ਪਵੇਗਾ। ਜੇ ਸਾਰੀਆਂ ਧਿਰਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੀਆਂ ਹੋ ਜਾਣ, ਤਾਂ ਕੋਈ ਵੀ ਤਾਕਤ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਵੀ ਨਹੀ ਲੈ ਸਕਦੀ,ਪਰ ਅਫਸੋਸ ਇਸ ਗੱਲ ਦਾ ਹੈ ਕਿ ਕੌਂਮ ਦੇ ਰਾਜਨੀਤਕ ਆਗੂ ਆਪਣਿਆਂ ਨਾਲਂ ਸਿਰ ਜੋੜ ਕੇ ਬੈਠਣ ਦੀ ਬਜਾਏ ਬੇਗਾਨਿਆਂ ਦੇ ਪੈਰਾਂ ਚ ਬੈਠਣ ਨੂੰ ਤਰਜੀਹ ਦੇਣ ਲੱਗੇ ਹਨ,ਜਿਸ ਕਰਕੇ ਕੌਂਮ ਦੁਸ਼ਵਾਰੀਆਂ ਝੱਲ ਰਹੀ ਹੈ। ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਜਿਸ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ,ਉਸ ਦਿਹਾੜੇ ਦੇ ਸੰਕਲਪ ਨੂੰ ਵੀ ਉਸ ਸ਼ਿੱਦਤ ਨਾਲ ਜੀਵਨ ਵਿੱਚ ਧਾਰਨ ਕਰਨਾ ਹੋਵੇਗਾ ਅਤੇ ਇਹ ਅਹਿਦ ਕਰਨਾ ਹੋਵੇਗਾ ਕਿ ਵਿਸਾਖੀ ਸਿਰਫ਼ ਇੱਕ ਤਿਉਹਾਰ ਨਹੀਂ,ਬਲਕਿ ਇਹ ਇੱਕ ਅਜਿਹੇ ਧਾਰਮਿਕ ਅਤੇ ਰਾਜਸੀ ਇਨਕਲਾਬ ਦੀ ਯਾਦ ਹੈ, ਜਿਸ ਨੇ ਦੁਨੀਆਂ ਦੇ ਨਕਸ਼ੇ ਨੂੰ ਬਦਲ ਦਿੱਤਾ ਸੀ। ਇਸ ਦਿਹਾੜੇ ਦੀ ਇਤਿਹਾਸਿਕ ਮਹੱਤਤਾ ਦੀ ਸੋਝੀ ਕੌਂਮ ਦੇ ਬੱਚੇ ਬੱਚੇ ਨੂੰ ਹੋਣੀ ਚਾਹੀਂਦੀ ਹੈ ਕਿ ਅਸੀਂ ਕਿਸ ਵਿਰਾਸਤ ਦੇ ਵਾਰਸ ਹਾਂ ਅਤੇ ਸਾਡੀ ਜ਼ਿੰਮੇਵਾਰੀ ਕੀ ਹੈ। ਸੋ ਮੌਜੂਦਾ ਹਾਲਾਤਾਂ ਦੇ ਸੰਦਰਭ ਵਿੱਚ ਇਹ ਬੇਹੱਦ ਜਰੂਰੀ ਹੈ ਕਿ ਸਿੱਖ ਜੁਆਨੀ ਆਪਣੇ ਸ਼ਾਨਾਂਮੱਤੇ ਇਤਿਹਾਸ ਦੇ ਮਹੱਤਵ,ਸੰਕਲਪ ਅਤੇ ਗੁਰ ਸਿਧਾਂਤ ਨੂੰ ਜਾਣੇ ਅਤੇ ਉਸਨੂੰ ਜੀਵੇ।

ਬਘੇਲ ਸਿੰਘ ਧਾਲੀਵਾਲ
99142-58142