
ਵਿੱਦਿਅਕ ਖੇਤਰ ਵਿੱਚ ਸਿੱਖ ਕੌਂਮ ਦਾ ਚੋਟੀ ਤੋਂ ਹੇਠਲੇ ਪੱਧਰ ਤੱਕ ਦਾ ਸਫਰ - ਬਘੇਲ ਸਿੰਘ ਧਾਲੀਵਾਲ
ਸਭ ਤੋ ਪਹਿਲਾਂ ਖਾਲਸਾ ਰਾਜ,ਗੁਲਾਮੀ ਦਾ ਸਮਾ ਅਤੇ ਮੌਜੂਦਾ ਦੌਰ ਦਾ ਤੁਲਨਾਤਮਿਕ ਅਧਿਐਨ ਕੀਤਾ ਜਾਣਾ ਬਣਦਾ ਹੈ।ਜੇਕਰ ਖਾਲਸਾ ਰਾਜ ਦੀ ਗੱਲ ਕੀਤੀ ਜਾਵੇ,ਤਾਂ ਉਸ ਮੌਕੇ ਸਿੱਖਿਆ ਦਾ ਮਿਆਰ ਅਤੇ ਮੁਹਾਂਦਰਾ ਜੀਵਨ ਅਧਾਰਿਤ ਹੁੰਦਾ ਸੀ,ਜਿਸ ਨਾਲ ਕੌਂਮ ਮਜਬੂਤ ਬਣਦੀ ਸੀ। ਗੁਲਾਮੀ ਦੇ ਦੌਰ ਸਮੇ ਵੀ ਜਦੋ ਸਿੱਖ ਸਾਮਰਾਜਵਾਦ ਦੇ ਮਾੜੇ ਮਨਸੂਬਿਆਂ ਨੂੰ ਸਮਝਦੇ ਸਨ,ਭਾਵ 1908 - 1941 ਦੇ ਸਮੇ ਦੌਰਾਨ ਸਿਖਿਆ ਦੇ ਮਿਆਰ ਵਿੱਚ ਸਭ ਤੋ ਵੱਧ ਪੜੀ ਲਿਖੀ ਕੌਂਮ ਸੀ। ਜਦੋ ਅੱਜ ਦੇ ਸੰਦਰਭ ਵਿੱਚ ਗੱਲ ਕਰਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ,ਕਿਉਂਕਿ ਸਭ ਤੋ ਵੱਧ ਪੜੀ ਲਿਖੀ ਕੌਂਮ ਮੌਜੂਦਾ ਦੌਰ ਤੱਕ ਪਹੁੰਚਦਿਆਂ ਸਿੱਖਿਆਂ ਨੂੰ ਧਰਮ ਤੋ ਅਲੱਗ ਬਲੱਗ ਕਰਕੇ ਪੂਰੀ ਤਰਾਂ ਵਪਾਰਕ ਬਣਾ ਚੁੱਕੀ ਹੈ ਜਿਸ ਦੇ ਫਲ ਸਰੂਪ ਕੌਂਮ ਦੇ ਕੋਲ ਸਿਬਾਏ ਭਟਕਣਾ ਤੋ ਕੁੱਝ ਵੀ ਨਹੀ ਹੈ।
17, 18, 19 ਅਪ੍ਰੈਲ 1908 ਦੀਆਂ ਇਹਨਾਂ ਤਾਰੀਖਾਂ ਬਾਰੇ ਪਹਿਲੇ ਲੇਖ ਵਿੱਚ ਵੀ ਵਿਸਥਾਰ ਪੂਰਵਕ ਲਿਖਿਆ ਜਾ ਚੁੱਕਾ ਹੈ। ਉਪਰੋਕਤ ਵਿਦਿਅਕ ਕਾਨਫਰੰਸਾਂ ਸਿੱਖ ਕੌਮ ਦੇ ਵਿਦਿਆਕ ਇਤਿਹਾਸ ਦੇ ਉਸ ਮੋੜ ਦੀਆਂ ਨਿਸ਼ਾਨੀਆਂ ਹਨ ਜਿੱਥੇ ਇਕ ਡਿੱਗਦੀ ਹੋਈ ਸਥਿਤੀ ਨੂੰ ਸਮਝ ਕੇ ਕੌਮ ਨੇ ਮੁੜ ਖੜ੍ਹਨ ਦਾ ਫੈਸਲਾ ਕੀਤਾ ਸੀ। ਗੁਜਰਾਂਵਾਲਾ ਦੀ ਧਰਤੀ ‘ਤੇ ਚੀਫ ਖਾਲਸਾ ਦੀਵਾਨ ਵੱਲੋਂ ਸ਼ੁਰੂ ਕੀਤੀ ਗਈ ਸਿੱਖ ਐਜੂਕੇਸ਼ਨਲ ਕਾਨਫਰੰਸ ਇੱਕ ਅਜਿਹਾ ਪ੍ਰੋਗਰਾਮ ਸੀ,ਜਿਸਨੇ ਇੱਕ ਸਿੱਖਿਅਤ ਕੌਂਮ ਨੂੰ ਗੁਲਾਮ ਹੋ ਜਾਣ ਤੋ ਬਾਅਦ ਸਿੱਖਆ ਦੇ ਖੇਤਰ ਵਿੱਚ ਆਏ ਨਿਘਾਰ ਤੋ ਬਚਾਉਣਾ ਸੀ। ਉਸ ਮੌਕੇ ਦੀਆਂ ਉਪਰੋਕਤ ਸਿੱਖ ਸੰਸਥਾਵਾਂ ਦਾ ਇਹ ਟੀਚਾ ਸੀ ਕਿ ਆਪਣੀ ਸੋਚ ਅਤੇ ਆਪਣੇ ਭਵਿੱਖ ਨੂੰ ਸਿੱਖਿਆ ਦੇ ਰਾਹੀਂ ਮਜ਼ਬੂਤ ਕਰਨਾ ਹੈ। ਪਰ ਜੇ ਅਸੀਂ ਇਸ ਇਤਿਹਾਸ ਨੂੰ ਸਿਰਫ਼ 1908 ਤੋਂ ਸ਼ੁਰੂ ਕਰਦੇ ਹਾਂ, ਤਾਂ ਅਸੀਂ ਅੱਧੀ ਤਸਵੀਰ ਦੇਖ ਰਹੇ ਹਾਂ। ਇਸਦੀ ਅਸਲ ਜੜ੍ਹ ਇਸ ਤੋਂ ਕਾਫ਼ੀ ਪਹਿਲਾਂ ਖਾਲਸਾ ਰਾਜ ਵਿੱਚ ਪੈਂਦੀ ਹੈ,ਜਿੱਥੇ ਸਿੱਖਿਆ ਕਾਗਜ਼ੀ ਨਹੀਂ, ਬਲਕਿ ਜੀਵਨ ਦਾ ਹਿੱਸਾ ਸੀ। ਅਸਲ ਸੱਚ ਇਹ ਹੈ ਕਿ ਉਸ ਵੇਲੇ ਸਿੱਖ ਕੌਮ ਕੋਲ ਇੱਕ ਐਸੀ ਸਿੱਖਿਆ ਪ੍ਰਣਾਲੀ ਸੀ ਜੋ ਕਿਤਾਬਾਂ ਤੱਕ ਸੀਮਿਤ ਨਹੀਂ ਸੀ, ਸਗੋਂ ਜੀਵਨ ਵਿੱਚ ਵੱਸਦੀ ਸੀ।ਉਦੋਂ ਗੁਰਦੁਆਰੇ ਧਾਰਮਿਕ ਸਿੱਖਿਆ ਦੇ ਨਾਲ ਦੁਨਿਆਵੀ ਸਿੱਖਿਆ ਦੇ ਵੀ ਵੱਡੇ ਕੇਂਦਰ ਸਨ। ਗੁਰਮੁਖੀ ਲਿਪੀ ਆਮ ਵਰਤੋਂ ਵਿੱਚ ਸੀ। ਗੁਰਬਾਣੀ ਸਿਰਫ਼ ਪਾਠ ਨਹੀਂ ਸੀ,ਜੀਵਨ ਜੀਣ ਦਾ ਮਾਰਗ ਸੀ। ਦਰਬਾਰਾਂ ਵਿੱਚ ਪ੍ਰਸ਼ਾਸਕੀ ਸਿੱਖਿਆ ਮਿਲਦੀ ਸੀ, ਫੌਜ ਵਿੱਚ ਅਨੁਸ਼ਾਸਨ ਅਤੇ ਹਿੰਮਤ ਸਿਖਾਈ ਜਾਂਦੀ ਸੀ। ਇਸ ਤਰ੍ਹਾਂ ਇੱਕ ਆਮ ਸਿੱਖ ਭਾਵੇਂ ਕਾਗਜ਼ੀ ਡਿਗਰੀ ਨਾ ਰੱਖਦਾ ਹੋਵੇ, ਪਰ ਉਹ ਆਪਣੇ ਧਰਮ, ਆਪਣੀ ਪਛਾਣ, ਆਪਣੇ ਫਰਜ਼ ਅਤੇ ਆਪਣੇ ਸਮਾਜਿਕ ਕਰਤੱਵਾਂ ਨੂੰ ਪੂਰੀ ਤਰ੍ਹਾਂ ਸਮਝਦਾ ਸੀ। ਇਹੀ ਅਸਲ ਸਿੱਖਿਆ ਸੀ,ਜੋ ਕੌਮ ਨੂੰ ਮਜ਼ਬੂਤ ਬਣਾਉਂਦੀ ਹੈ।
ਜਦੋਂ ਅੰਗਰੇਜ਼ੀ ਰਾਜ ਆਇਆ, ਤਾਂ ਇਹ ਪੂਰਾ ਮਾਡਲ ਹੌਲੀ-ਹੌਲੀ ਟੁੱਟਣ ਲੱਗਾ। ਸਿੱਖਿਆ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ,ਜਿੱਥੇ ਮਕਸਦ ਗਿਆਨ ਨਹੀਂ, ਸਿਸਟਮ ਦੀ ਸੇਵਾ ਕਰਨ ਵਾਲੇ ਲੋਕ ਤਿਆਰ ਕਰਨਾ ਸੀ। ਮਿਸ਼ਨਰੀ ਸਕੂਲਾਂ ਰਾਹੀਂ ਧਾਰਮਿਕ ਪ੍ਰਭਾਵ ਪਾਇਆ ਗਿਆ। ਗੁਰਦੁਆਰਿਆਂ ਦੀ ਭੂਮਿਕਾ ਨੂੰ ਘਟਾਉਣ ਦੀਆਂ ਸਾਜਿਸ਼ਾਂ ਹੋਣ ਲੱਗੀਆਂ। ਰਾਜ ਦੀ ਸਿੱਖਿਆ ਕੌਮੀ ਚੇਤਨਾ ਤੋਂ ਹਟ ਕੇ ਇੱਕ ਵਿਦੇਸ਼ੀ ਢਾਂਚੇ ਵਿੱਚ ਫਸਣ ਲੱਗੀ।
ਇਹ ਸਥਿਤੀ ਬੇਹੱਦ ਖਤਰਨਾਕ ਸੀ,ਅਤੇ ਇਸਨੂੰ ਸਭ ਤੋਂ ਪਹਿਲਾਂ ਸਿੰਘ ਸਭਾ ਲਹਿਰ ਅਤੇ ਚੀਫ ਖਾਲਸਾ ਦੀਵਾਨ ਦੇ ਅਗੂਆਂ ਨੇ ਸਮਝਿਆ। 1908 ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਇਸ ਗੱਲ ਦਾ ਜਵਾਬ ਸੀ। ਇਹ ਕੋਈ ਨਵੀਂ ਸੋਚ ਨਹੀਂ ਸੀ,ਇਹ ਖਾਲਸਾ ਰਾਜ ਦੀ ਸਿੱਖਿਆ ਦੀ ਆਤਮਾ ਨੂੰ ਆਧੁਨਿਕ ਰੂਪ ਵਿੱਚ ਜਿਉਂਦਾ ਕਰਨ ਦੀ ਕੋਸ਼ਿਸ਼ ਸੀ।
ਖਾਲਸਾ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਕੀਤੀ ਗਈ,ਇਸ ਨਿਸ਼ਾਨੇ ਨਾਲ ਕਿ ਸਿੱਖ ਨੌਜਵਾਨ ਆਪਣੇ ਧਰਮ ਨਾਲ ਜੁੜਿਆ ਰਹੇ,ਨੈਤਿਕ ਤੌਰ ‘ਤੇ ਮਜ਼ਬੂਤ ਹੋਵੇ ਅਤੇ ਦੁਨੀਆ ਦੇ ਹਰ ਖੇਤਰ ਵਿੱਚ ਅੱਗੇ ਵਧ ਸਕੇ। ਇਹ ਇੱਕ ਵਿਦਿਆਕ ਕ੍ਰਾਂਤੀ ਸੀ,ਜੋ ਸੋਚ ਸਮਝ ਕੇ ਕੌਂਮੀ ਮਕਸਦ ਦੀ ਪੂਰਤੀ ਹਿਤ ਕੀਤੀ ਗਈ। ਇਸ ਲਹਿਰ ਦਾ ਨਤੀਜਾ 1941 ਦੀ ਮਰਦਮਸ਼ੁਮਾਰੀ ਵਿੱਚ ਸਪਸ਼ਟ ਨਜ਼ਰ ਆਇਆ। ਸਿੱਖ ਕੌਮ ਦੁਵਾਰਾ ਫਿਰ ਪੰਜਾਬ ਦੀ ਸਭ ਤੋਂ ਵੱਧ ਪੜ੍ਹੀ-ਲਿਖੀ ਕੌਮ ਬਣ ਚੁੱਕੀ ਸੀ। ਮਰਦਾਂ ਅਤੇ ਔਰਤਾਂ ਵਿੱਚ ਵਿੱਚ ਲਿਟਰੇਸੀ ਦਰ ਸਭ ਤੋਂ ਵੱਧ ਸੀ। ਕੁੱਲ ਮਿਲਾ ਕੇ ਹੋਰ ਧਰਮਾਂ ਨਾਲੋਂ ਉੱਚਾ ਮਿਆਰ ਸੀ ਖਾਲਸਾ ਪੰਥ ਦਾ। ਇਹ ਸਿਰਫ਼ ਅੰਕੜੇ ਨਹੀਂ ਸਨ, ਬਲਕਿ ਇਹ ਸਬੂਤ ਸੀ ਕਿ ਜਦੋਂ ਸਿੱਖਿਆ ਕੌਂਮੀ ਅਸੂਲਾਂ ਨਾਲ ਜੁੜੀ ਹੋਵੇ, ਤਾਂ ਨਤੀਜੇ ਇਨਕਲਾਬੀ ਹੁੰਦੇ ਹਨ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਉਸ ਵੇਲੇ ਨਾ ਵੱਡੇ ਸਰੋਤ ਸਨ, ਨਾ ਟੈਕਨਾਲੋਜੀ,ਪ੍ਰੰਤੂ ਫਿਰ ਵੀ ਨਤੀਜੇ ਸਭ ਤੋਂ ਵਧੀਆ ਸਨ। ਇਸਦਾ ਮਤਲਬ ਸਾਫ਼ ਹੈ ਕਿ ਮਸਲਾ ਸਹੂਲਤਾਂ ਦਾ ਨਹੀਂ, ਇਮਾਨਦਾਰ ਸੋਚ ਦਾ ਹੁੰਦਾ ਹੈ। ਹੁਣ ਜੇ ਅਸੀਂ ਅੱਜ ਦੀ ਸਥਿਤੀ ਨੂੰ ਵੇਖੀਏ, ਤਾਂ ਤਸਵੀਰ ਬਿਲਕੁਲ ਉਲਟੀ ਹੈ। ਅੱਜ ਸਕੂਲ ਵੱਧ ਹਨ,ਕਾਲਜ ਵੱਧ ਹਨ,ਟੈਕਨਾਲੋਜੀ ਮੌਜੂਦ ਹੈ ਪਰ ਨਤੀਜੇ ਸਿਫਰ ਦੇ ਬਰਾਬਰ ਹਨ।ਨੌਜਵਾਨ ਦਿਸ਼ਾਹੀਣ ਹੈ,ਬੇਰੁਜ਼ਗਾਰੀ ਵਧ ਰਹੀ ਹੈ,ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ,ਗੁਰਬਾਣੀ ਨਾਲ ਨਾਤਾ ਕਮਜ਼ੋਰ ਹੋ ਰਿਹਾ ਹੈ।ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ। ਅੱਜ ਕਈ ਖਾਲਸਾ ਸਕੂਲ ਅਤੇ ਕਾਲਜ ਸਿਰਫ਼ ਨਾਮ ਦੇ ਹੀ ਰਹਿ ਗਏ ਹਨ। ਫੀਸਾਂ ਆਮ ਸਿੱਖ ਦੀ ਪਹੁੰਚ ਤੋਂ ਬਾਹਰ,ਦਾਖ਼ਲੇ ਪੈਸੇ ਅਤੇ ਸਿਫਾਰਸਾਂ ਨਾਲ ਅਤੇ ਅਧਿਆਪਕ ਚੋਣ ਸਿਰਫ਼ ਡਿਗਰੀ ‘ਤੇ ਅਧਾਰਿਕਤ ਕਰ ਦਿੱਤੀ ਗਈ ਹੈ।
ਇਹ ਉਹ ਮਾਡਲ ਨਹੀਂ ਜਿਸ ਨਾਲ ਕੌਮ ਬਣਦੀ ਹੈ,ਬਲਕ ਇਹ ਉਹ ਮਾਡਲ ਹੈ ਜਿਹੜਾ ਅੰਗਰੇਜ ਸਾਮਰਾਜ ਨੇ ਦਿੱਤਾ ਹੈ,ਜਿਸ ਨਾਲ ਕੌਂਮ ਦਾ ਚਰਿੱਤਰ ਨਹੀ ਬਣਦਾ,ਸਗੋਂ ਬਾਜ਼ਾਰ ਬਣਦਾ ਹੈ। ਉਸ ਸਮੇ ਗੁਰਬਾਣੀ ਦੀ ਸਿੱਖਿਆ ਖਾਲਸਾ ਸਕੂਲਾਂ ਦੀ ਰੀੜ ਦੀ ਹੱਡੀ ਹੋਇਆ ਕਰਦੀ ਸੀ,ਪਰ ਅੱਜ ਇਹ ਸਾਰੀ ਧਾਰਮਿਕ ਵਿਦਿਆ ਵਾਲਾ ਪਰਸੰਗ ਹੀ ਮਨਫੀ ਕਰ ਦਿੱਤਾ ਗਿਆ ਹੈ। ਜੇ ਇਹ ਹਾਲਤ ਰਹੀ, ਤਾਂ “ਖਾਲਸਾ” ਸਿਰਫ਼ ਇਕ ਲੇਬਲ ਬਣ ਜਾਵੇਗਾ।
ਇਹ ਤੁਲਨਾ ਕਿਸੇ ਵਿਆਖਿਆ ਦੀ ਮੋਹਤਾਜ ਨਹੀਂ। ਕੋਈ ਵੀ ਸਿਸਟਮ ਆਪਣੇ ਆਪ ਨਹੀਂ ਡਿੱਗਦਾ,ਸਗੋਂ ਉਹਨੂੰ ਡਿਗਾਇਆ ਜਾਂਦਾ ਹੈ। ਅੱਜ ਸਿੱਖ ਸੰਸਥਾਵਾਂ ਦੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਹੈ,ਕਮਜ਼ੋਰ ਅਗਵਾਈ,ਨਿੱਜੀ ਲਾਭ ਦੀ ਸੋਚ ਅਤੇ ਕੌਂਮੀ ਹਿਤਾਂ ਦੀ ਅਣਦੇਖੀ,ਜਦੋਂ ਆਗੂ ਲਾਲਚ ਵਿੱਚ ਡੁੱਬਦੇ ਹਨ, ਤਾਂ ਕੌਮ ਦਾ ਭਵਿੱਖ ਵੀ ਡੁੱਬ ਜਾਂਦਾ ਹੈ। ਜੇ ਸੱਚਮੁੱਚ ਬਦਲਾਅ ਚਾਹੀਦਾ ਹੈ, ਤਾਂ ਇਹ ਕਦਮ ਲਾਜ਼ਮੀ ਹਨ,ਸਿੱਖਿਆ ਨੂੰ ਮੁੜ ਕੌਮੀ ਨਜਰੀਏ ਤੋ ਦੇਖਣਾ,ਗੁਰਬਾਣੀ ਦੀ ਸਮਝ ਨੂੰ ਲਾਜ਼ਮੀ ਬਣਾਉਣਾ,ਅਧਿਆਪਕਾਂ ਦੀ ਚੋਣ ਵਿੱਚ ਚਰਿੱਤਰ ਨੂੰ ਤਰਜੀਹ,ਫੀਸਾਂ ‘ਤੇ ਨਿਯੰਤਰਣ ਅਤੇ ਪ੍ਰਬੰਧ ਵਿੱਚ ਇਮਾਨਦਾਰ ਲੋਕਾਂ ਦੀ ਭਾਗੀਦਾਰੀ। ਜੇਕਰ ਉਪਰੋਕਤ ਵਰਤਾਰੇ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਹੱਲ ਨਾਹ ਲੱਭਿਆ, ਤਾਂ ਅਤੀਤ ਸਿਰਫ਼ ਕਿਤਾਬਾਂ ਵਿੱਚ ਰਹਿ ਜਾਵੇਗਾ ਅਤੇ ਵਰਤਮਾਨ ਹਕੀਕਤ ਬਣ ਕੇ ਸਾਨੂੰ ਹਰ ਰੋਜ਼ ਸੂਲ਼ਾਂ ਚੋਭਦਾ ਰਹੇਗਾ।