
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
21-04-2026
ਨਾਮਧਾਰੀ ਸੰਪਰਦਾ ਦੇ ਠਾਕੁਰ ਦਲੀਪ ਸਿੰਘ ਨੂੰ ਅਦਾਲਤ ਨੇ ਭਗੌੜਾ ਐਲਾਨਿਆ- ਇਕ ਖ਼ਬਰ
ਵਾਹ ਭਾਈ ਜੀ ਵਾਹ ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।
ਭਾਖੜਾ ਬਿਆਸ ਬੋਰਡ ਉੱਤੇ ਪੰਜਾਬ ਅਤੇ ਹਰਿਆਣਾ ਦਾ ਦਬਦਬਾ ਖ਼ਤਮ- ਇਕ ਖ਼ਬਰ
ਯਾਨੀ ਕਿ ਬਿੱਲੀਆਂ ਦੀ ਰੋਟੀ ਬਾਂਦਰ ਖਾ ਗਿਐ।
ਪੱਕੇ ਤੌਰ ‘ਤੇ ਹੋਰਮੁਜ਼ ਸਟਰੇਟ ਖੋਲ੍ਹ ਦੇਵਾਂਗੇ- ਟਰੰਪ
ਬੋਹਲ ਦੀ ਰਾਖੀ ਬੱਕਰਾ।
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਉੱਤੇ ਕੀ ਫ਼ਖ਼ਰ ਕੀਤਾ ਜਾਵੇ?- ਗਿ. ਰਘਬੀਰ ਸਿੰਘ
ਭਾਂਡੇ ਵੇਚ ‘ਤੇ ਅਮਲੀਆ ਯਾਰਾ, ਤੇਰੇ ‘ਤੇ ਕਾਹਦਾ ਮਾਣ ਕਰਾਂ।
ਬਿਨਾਂ ਸਮਝੌਤੇ ਦੇ ਹੀ ਅਮਰੀਕੀ ਅਤੇ ਈਰਾਨੀ ਵਫ਼ਦ ਪਾਕਿਸਤਾਨ ਤੋਂ ਹੋਏ ਰਵਾਨਾ- ਇਕ ਖਬ਼ਰ
ਵੀਰਾ ਕੁਝ ਪੁੰਨ ਕਰ ਦੇ, ਘਟਾ ਆਣ ਕੇ ਬਨੇਰੇ ਕੋਲ਼ੋਂ ਮੁੜ ਗਈ।
ਪੰਜਾਬ ਨੂੰ ਅੰਕੜਿਆਂ ਦੀ ਨਹੀਂ, ਨਸ਼ੇ ਖ਼ਤਮ ਕਰਨ ਲਈ ਨਤੀਜਿਆਂ ਦੀ ਲੋੜ ਹੈ- ਸੁਖਜਿੰਦਰ ਸਿੰਘ ਰੰਧਾਵਾ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਸ਼੍ਰੋਮਣੀ ਕਮੇਟੀ ਦੀਆਂ ਕਮਜ਼ੋਰੀਆਂ ਕਰ ਕੇ ਪੰਜਾਬ ਬਣਿਆ ਡੇਰਿਆਂ ਦਾ ਡੇਰਾ- ਇਕ ਖ਼ਬਰ
ਮਰ ਜਾਣੇ ਅਮਲੀ ਨੇ ਸਾਰੇ ਪਿੰਡ ‘ਚ ਪੁਆੜੇ ਪਾਏ।
ਲੋਕ ਸਭਾ ਵਿਚ ਡਿਗਿਆ ਮਹਿਲਾ ਰਾਖਵਾਂਕਰਨ ਬਿੱਲ- ਇਕ ਖ਼ਬਰ
ਕੰਢੇ ਕੰਢੇ ਹੀਰ ਭਾਲ਼ਦਾ. ਰਾਂਝਾ ਪੱਜ ਮੱਝੀਆਂ ਦਾ ਲਾਵੇ।
ਅਸੀਂ ਕੇਂਦਰੀ ਏਜੰਸੀਆਂ ਦੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ- ਭਗਵੰਤ ਮਾਨ
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਬਿੱਲ ਪਾਸ ਨਾ ਹੋਣ ਲਈ ਮੈਂ ਮੁਆਫ਼ੀ ਮੰਗਦਾ ਹਾਂ- ਮੋਦੀ
ਜੇਠਾ ਵੇ ਮਾਫ਼ ਕਰੀਂ, ਭੁੱਲ ਗਈ ਮੈਂ ਘੁੰਡਣਾ।
ਕੇਂਦਰ ਸਰਕਾਰ ਵਾਰ-ਵਾਰ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ- ਬਲਤੇਜ ਸਿੰਘ ਪੰਨੂੰ
ਸਰਵਣ ਵੀਰ ਬਿਨਾਂ, ਮੇਰੀ ਰੁਲ਼ਦੀ ਵਣਾਂ ਵਿਚ ਗੱਠੜੀ
ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਤੋਂ ਪ੍ਰੇਸ਼ਾਨ- ਹਰਿਆਣਾ ਕਾਂਗਰਸ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।
ਰਾਜਪਾਲ ਨੇ ਬੇਅਦਬੀ ਸਬੰਧੀ ਸਖ਼ਤ ਸਜ਼ਾਵਾਂ ਵਾਲੇ ਬਿੱਲ ਨੂਂ ਦਿਤੀ ਪ੍ਰਵਾਨਗੀ- ਇਕ ਖਬ਼ਰ
ਤੈਨੂੰ ਚੰਦ ਦੇ ਬਹਾਨੇ ਦੇਖਾਂ, ਕੋਠੇ ਉੱਤੇ ਆ ਜਾ ਮਿੱਤਰਾ।