ਪੱਤਰਕਾਰਾਂ ਨੂੰ ਗਿਣ-ਮਿੱਥਕੇ ਮਾਰ ਰਹੀ ਹੈ ਇਜ਼ਰਾਇਲੀ ਫ਼ੌਜ - ਬੂਟਾ ਸਿੰਘ ਮਹਿਮੂਦਪੁਰ

ਯਹੂਦੀਵਾਦੀ ਦਹਿਸ਼ਤਗਰਦ ਸਟੇਟ ਇਜ਼ਰਾਇਲ ਨੇ ਇਕ ਹੋਰ ਪੱਤਰਕਾਰ ਦੀ ਜਾਨ ਲੈ ਲਈ ਹੈ। ਮਾਰੀ ਗਈ ਨੌਜਵਾਨ ਪੱਤਰਕਾਰ ਅਮਲ ਖਲੀਲ ਅਲ-ਅਖ਼ਬਾਰ ਨਾਂ ਦੇ ਅਖ਼ਬਾਰ ਦੀ ਰਿਪੋਰਟਰ ਸੀ ਜਿਸਨੂੰ ਦੱਖਣੀ ਲੈਬਨਾਨ ਵਿੱਚ ਇਜ਼ਰਾਈਲੀ ਫ਼ੌਜ ਵੱਲੋਂ ਡਰੋਨ ਹਮਲਾ ਕਰਕੇ ਮਾਰਿਆ ਗਿਆ ਹੈ। 2024 ਵਿੱਚ ਅਮਲ ਖਲੀਲ ਨੂੰ ਗਿਡੀਅਨ ਗਾਲ ਬੇਨ ਅਵਰਾਹਮ ਨਾਂ ਦੇ ਟਿੱਪਣੀਕਾਰ, ਜੋ ‘ਮਿਡਲ ਈਸਟ ਅਨੈਲਸਿਜ਼ ਚੈਨਲ’ ਨਾਂ ਦਾ ਯੂਟਿਊਬ ਚੈਨਲ ਚਲਾਉਂਦਾ ਹੈ ਅਤੇ ਐਲਾਨੀਆ ਕਹਿੰਦਾ ਹੈ ਕਿ ਉਹ ਇਜ਼ਰਾਇਲੀ ਫ਼ੌਜ ਨਾਲ ਮਿਲਕੇ ਕੰਮ ਕਰਦਾ ਹੈ, ਵੱਲੋਂ ਧਮਕੀ ਦਿੱਤੀ ਗਈ ਸੀ ਕਿ "ਹਿਜ਼ਬੁੱਲਾ ਨਾਲ ਸੰਬੰਧਤ ਪੱਤਰਕਾਰਾਂ ਦੀ ਮੌਤ ਤੈਅ ਹੈ।" ਉਸਨੂੰ ਧਮਕਾਇਆ ਗਿਆ ਕਿ ਉਹ ਦੱਖਣੀ ਲੈਬਨਾਨ ਛੱਡਕੇ ਚਲੀ ਜਾਵੇ ਨਹੀਂ ਤਾਂ ਮਾਰ ਦਿੱਤੀ ਜਾਵੇਗੀ; ਉਸਦਾ ਘਰ ਤਬਾਹ ਕਰ ਦਿੱਤਾ ਜਾਵੇਗਾ ਅਤੇ ਉਸਦਾ ਸਿਰ ਵੱਢ ਦਿੱਤਾ ਜਾਵੇਗਾ। ਉਸਨੇ ਡਰਕੇ ਉੱਥੋਂ ਚਲੇ ਜਾਣ ਦੀ ਬਜਾਏ ਬਤੌਰ ਪੱਤਰਕਾਰ ਆਪਣਾ ਫਰਜ਼ ਨਿਭਾਉਣ ਨੂੰ ਤਰਜ਼ੀਹ ਦਿੱਤੀ।

ਇਜ਼ਰਾਇਲੀ ਦਹਿਸ਼ਤਗਰਦੀ ਬਾਰੇ ਰਿਪੋਰਟਿੰਗ ਕਰਨ ਵਾਲੇ ਅਖ਼ਬਾਰ, ਵਿਜ਼ੂਅਲ ਮੀਡੀਆ ਅਤੇ ਉਨ੍ਹਾਂ ਦੇ ਪੱਤਰਕਾਰ ਖ਼ਾਸ ਨਿਸ਼ਾਨੇ ’ਤੇ ਹਨ। ਪਿਛਲੇ ਮਹੀਨੇ, ਇਜ਼ਰਾਇਲੀ ਫ਼ੌਜ ਨੇ ਲੈਬਨਾਨ ਦੇ ਉੱਘੇ ਪੱਤਰਕਾਰ ਅਲੀ ਸ਼ੋਏਬ ਨੂੰ ਕਤਲ ਕਰਨ ਦਾ ਸਰੇਆਮ ਇਕਬਾਲ ਕੀਤਾ ਸੀ ਜੋ ਅਲ-ਮਨਾਰ ਟੀਵੀ ਲਈ ਕੰਮ ਕਰਦਾ ਸੀ ਅਤੇ ਤਕਰੀਬਨ ਤਿੰਨ ਦਹਾਕਿਆਂ ਤੋਂ ਦੱਖਣੀ ਲੈਬਨਾਨ ਤੋਂ ਰਿਪੋਰਟਿੰਗ ਕਰ ਰਿਹਾ ਸੀ। ਇਜ਼ਰਾਇਲੀ ਫ਼ੌਜ ਨੇ ਝੂਠਾ ਦਾਅਵਾ ਕੀਤਾ ਕਿ ਸ਼ੋਏਬ ਹਿਜ਼ਬੁੱਲਾ ਲਈ ਕੰਮ ਕਰਦਾ ਸੀ। ਇਸੇ ਤਰ੍ਹਾਂ 28 ਮਾਰਚ ਨੂੰ ਦੱਖਣੀ ਲੈਬਨਾਨ ਦੇ ਜੇਜ਼ੀਨ ਜ਼ਿਲ੍ਹੇ ਵਿਚ ਹਮਲਾ ਕਰਕੇ ਅਲ-ਮਯਾਦੀਨ ਟੀਵੀ ਦੀ ਪੱਤਰਕਾਰ ਫ਼ਾਤਿਮਾ ਫਤੂਨੀ ਅਤੇ ਉਸਦੇ ਭਾਈ ਮੁਹੰਮਦ, ਜੋ ਵੀਡੀਓ ਪੱਤਰਕਾਰ ਸਨ, ਨੂੰ ਮਾਰ ਦਿੱਤਾ ਗਿਆ ਸੀ। ਉਨ੍ਹਾਂ ਦੀ ਪ੍ਰੈੱਸ ਦੇ ਪਛਾਣ ਚਿੰਨ੍ਹ ਵਾਲੀ ਕਾਰ ਉੱਪਰ ਕਈ ਵਾਰ ਹਮਲਾ ਕੀਤਾ ਗਿਆ ਸੀ। ਪਹਿਲਾਂ ਤਾਂ ਫਤੂਮੀ ਬਚ ਗਈ ਅਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਜ਼ਰਾਇਲੀ ਫ਼ੌਜ ਉਸਨੂੰ ਮਾਰਨ ’ਚ ਕਾਮਯਾਬ ਹੋ ਗਈ।  

ਖਲੀਲ ਅਤੇ ਫਰੀਲਾਂਸ ਫੋਟੋ-ਜਰਨਲਿਸਟ ਜ਼ੈਨਬ ਫ਼ਰਾਜ ਅਲ-ਤੀਰੀ ਕਸਬੇ ਵਿੱਚ ਹੋਏ ਇਜ਼ਰਾਈਲੀ ਡਰੋਨ ਹਮਲੇ ਤੋਂ ਬਾਅਦ ਦੇ ਹਾਲਾਤ ਨੂੰ ਕਵਰ ਕਰ ਰਹੀਆਂ ਸਨ। ਇਜ਼ਰਾਇਲੀ ਡਰੋਨ ਨੇ ਇਕ ਸਿਵਲ ਗੱਡੀ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਸਵਾਰ ਦੋਵੇਂ ਵਿਅਕਤੀ ਮਾਰੇ ਗਏ। ਉਨ੍ਹਾਂ ਦੇ ਪਿੱਛੇ ਗੱਡੀ ਵਿਚ ਜਾ ਰਹੀਆਂ ਖਲੀਲ ਅਤੇ ਫਰਾਜ ਨੇ ਨੇੜੇ ਦੇ ਇੱਕ ਘਰ ਵਿੱਚ ਸ਼ਰਨ ਲਈ। ਖਲੀਲ ਨੇ ਆਪਣੇ ਸੰਪਾਦਕਾਂ ਅਤੇ ਪਰਿਵਾਰ ਨਾਲ ਸੰਪਰਕ ਕਰਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਪੱਤਰਕਾਰਾਂ ਦੇ ਘਿਰੇ ਦੀ ਖ਼ਬਰ ਤੇਜ਼ੀ ਨਾਲ ਫੈਲ ਗਈ, ਜਿਸ ਤੋਂ ਬਾਅਦ ਲੈਬਨਾਨ ਦੇ ਰਾਸ਼ਟਰਪਤੀ ਜੋਸਫ਼ ਆਓਨ ਨੇ ਰੈਡ ਕ੍ਰਾਸ ਨੂੰ ਬਚਾਅ ਕਾਰਵਾਈ ਕਰਨ ਲਈ ਕਿਹਾ। ਪਰ ਇਜ਼ਰਾਇਲੀ ਦਹਿਸ਼ਤਗਰਦ ਫ਼ੌਜ ਨੇ ਉਨ੍ਹਾਂ ਨੂੰ ਹਰ ਹਾਲਤ ਵਿਚ ਮਾਰਨਾ ਮਿੱਥਿਆ ਹੋਇਆ ਸੀ। ਉਨ੍ਹਾਂ ਨੇ ਉਸ ਘਰ ਉੱਪਰ ਬੰਬਾਰੀ ਕੀਤੀ ਜਿੱਥੇ ਦੋਵੇਂ ਪੱਤਰਕਾਰ ਛੁਪੀਆਂ ਹੋਈਆਂ ਸਨ। ਖਲੀਲ ਮਲਬੇ ਹੇਠਾਂ ਦੱਬ ਗਈ। ਹਮਲੇ ਕਾਰਨ ਰੈੱਡ ਕ੍ਰਾਸ ਦੀਆਂ ਬਚਾਅ ਟੀਮਾਂ ਦਾ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ। ਲੈਬਨਾਨੀ ਰੈੱਡ ਕਰਾਸ ਅਤੇ ਫ਼ੌਜ ਇਜ਼ਰਾਈਲੀ ਗੋਲੀਬਾਰੀ ਦੇ ਕਾਰਨ ਕਈ ਘੰਟਿਆਂ ਤੱਕ ਘਟਨਾ ਸਥਾਨ ਤੱਕ ਨਹੀਂ ਪਹੁੰਚ ਸਕੇ। ਆਖ਼ਿਰਕਾਰ ਜ਼ੈਨਬ ਫ਼ਰਾਜ ਨੂੰ ਗੰਭੀਰ ਹਾਲਤ ਵਿੱਚ ਬਚਾ ਲਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਕਈ ਘੰਟੇ ਦੀ ਜੱਦੋਜਹਿਦ ਤੋਂ ਬਾਅਦ, ਬਚਾਅ ਦਲ ਨੂੰ ਮਲਬੇ ਵਿੱਚੋਂ ਅਮਲ ਖਲੀਲ ਦੀ ਲਾਸ਼ ਮਿਲੀ।

ਅਮਲ ਖਲੀਲ ਦਾ ਕਤਲ ਇਜ਼ਰਾਇਲੀ ਦਹਿਸ਼ਤਗਰਦੀ ਦਾ ਪਹਿਲਾ ਕਾਰਾ ਨਹੀਂ ਹੈ। ਇਜ਼ਰਾਇਲੀ ਫ਼ੌਜ ਫ਼ਲਸਤੀਨ ਅਤੇ ਲੈਬਨਾਨ ਵਿੱਚ ਪ੍ਰੈੱਸ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਇਹ ਕਤਲ ਵੀ ਉਸੇ ਸਿਲਸਿਲੇ ਦਾ ਹਿੱਸਾ ਹੈ।

ਇਜ਼ਰਾਈਲੀ ਦਹਿਸ਼ਤਗਰਦ ਸਟੇਟ ਵੱਲੋਂ ਪੱਤਰਕਾਰਾਂ ਨੂੰ ਮਾਰਨ ਦੇ ਪਿੱਛੇ ਇਕ ਖ਼ਾਸ ਮਕਸਦ ਹੈ: ਕਤਲੇਆਮ ਦੇ ਗਵਾਹਾਂ ਨੂੰ ਖ਼ਤਮ ਕਰਨਾ ਅਤੇ ਸੱਚਾਈ ਨੂੰ ਦਬਾ ਦੇਣਾ। ਖਲੀਲ ਨੇ 15 ਸਾਲ ਤੋਂ ਵੱਧ ਸਮੇਂ ਤੱਕ ਦੱਖਣੀ ਲੈਬਨਾਨ ਵਿੱਚ ਜੰਗਾਂ ਅਤੇ ਕਬਜ਼ਿਆਂ ਦੀ ਰਿਪੋਰਟਿੰਗ ਕੀਤੀ ਜਿਸ ਕਾਰਨ ਉਹ ਇਜ਼ਰਾਇਲ ਦੀਆਂ ਅੱਖਾਂ ’ਚ ਰੜਕਦੀ ਸੀ। ਪ੍ਰੈੱਸ ਦੀ ਸਪਸ਼ਟ ਪਛਾਣ ਹੋਣ ਦੇ ਬਾਵਜੂਦ ਦੋਹਾਂ ਨੌਜਵਾਨ ਪੱਤਰਕਾਰਾਂ ਉੱਪਰ ਬੰਬਾਰੀ ਕੀਤੀ ਗਈ।
ਖਲੀਲ ਇਸ ਸਾਲ ਇਜ਼ਰਾਇਲੀ ਹਮਲੇ ਵਿਚ ਮਾਰੀ ਨੌਵੀਂ ਪੱਤਰਕਾਰ ਹੈ। ਪਿਛਲੇ ਮਹੀਨੇ ਇਜ਼ਰਾਇਲੀ ਹਮਲਾਵਰਾਂ ਨੇ ਡਬਲ-ਟੈਪ ਹਮਲੇ (ਯਾਨੀ ਪਹਿਲੇ ਹਮਲੇ ’ਚ ਬਚ ਗਿਆ ਵਿਅਕਤੀ ਜ਼ਿੰਦਾ ਨਾ ਬਚ ਸਕੇ) ਵਿਚ ਤਿੰਨ ਪੱਤਰਕਾਰਾਂ ਨੂੰ ਕਤਲ ਕੀਤਾ ਸੀ। ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਲੈਬਨਾਨ ਵਿੱਚ ਘੱਟੋ-ਘੱਟ 14 ਪੱਤਰਕਾਰ ਮਾਰੇ ਗਏ ਹਨ। ਗਾਜ਼ਾ ਵਿੱਚ ਇਜ਼ਰਾਇਲੀ ਫ਼ੌਜਾਂ ਵੱਲੋਂ 260 ਤੋਂ ਵੱਧ ਪੱਤਰਕਾਰਾਂ ਨੂੰ ਕਤਲ ਕੀਤਾ ਗਿਆ ਹੈ, ਜਿਸ ਨਾਲ ਗਾਜ਼ਾ ਦੇ ਲੋਕਾਂ ਉੱਪਰ ਥੋਪੀ ਜੰਗ ਪੱਤਰਕਾਰਾਂ ਲਈ ਇਤਿਹਾਸ ਦੀ ਸਭ ਤੋਂ ਘਾਤਕ ਜੰਗ ਬਣ ਗਈ ਹੈ। ਦੁਨੀਆ ਭਰ ਵਿਚ ਇਨ੍ਹਾਂ ਪੱਤਰਕਾਰਾਂ ਦੇ ਕਤਲਾਂ ਦਾ ਤਿੱਖਾ ਵਿਰੋਧ ਹੋਇਆ ਹੈ। ਨਿਆਂਪਸੰਦ ਲੋਕਾਂ ਨੂੰ ਇਜ਼ਰਾਇਲੀ ਦਹਿਸ਼ਤਵਾਦ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਮੰਗ ਕਰਨੀ ਚਾਹੀਦੀ ਹੈ ਕਿ ਇਜ਼ਰਾਇਲ ਪੱਤਰਕਾਰਾਂ, ਮੈਡੀਕਲ ਟੀਮਾਂ, ਰੈੱਡ ਕਰਾਸ ਅਤੇ ਆਮ ਨਾਗਰਿਕਾਂ ਵਿਰੁੱਧ ਜੰਗੀ ਜੁਰਮ ਤੁਰੰਤ ਬੰਦ ਕਰੇ।