
ਗੁਰਬਾਣੀ ਮੁਤਾਬਕ ਬੈਕੁੰਠ ਕਿੱਥੇ ਹੈ - ਗੁਰਚਰਨ ਸਿੰਘ ਜਿਉਣ ਵਾਲਾ
ਇਸ ਤੋਂ ਪਹਿਲੇ ਲੇਖ ‘ਦਰਗਾਹ’ ‘ਚ ਗੁਰਬਾਣੀ ਦੇ ਫੁਰਮਾਣਾਂ ਮੁਤਾਬਕ ਆਪਾਂ ਇਸ ਸਿੱਟੇ ਤੇ ਪਹੁੰਚੇ ਸੀ ਕਿ ਪ੍ਰਮਾਤਮਾ ਜਰੇ ਜਰੇ ਵਿੱਚ ਹੈ,ਪ੍ਰਮਾਤਮਾ ਕਿਧਰੇ ਸੱਤਵੇਂ ਅਕਾਸ ਵਿੱਚ ਨਹੀਂ ਵੱਸਦਾ, ਜਦੋਂ ਪ੍ਰਮਾਤਮਾ ਲੋਕਾਂ ਦੇ ਦਿਲਾਂ ‘ਚ ਵੱਸਦਾ ਹੈ ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥75॥ ਪੰਨਾ 1381, ਮ:5 ॥
ਤਾਂ ਪ੍ਰਮਾਤਮਾ ਦੀ ਦਰਗਹ ਵੀ ਇਸੇ ਸਰੀਰ ਵਿੱਚ ਹੈ। ਜੇ ਦਰਗਹ ਇਸੇ ਸਰੀਰ ਵਿੱਚ ਹੈ ਤਾਂ ਬੈਕੁੰਠ/ਸਵਰਗ/ਨਰਕ ਵੀ ਇਸੇ ਸਰੀਰ ਵਿੱਚ ਹੈ।
ਅਸੀਂ ਆਪਣੀ ਆਪਣੀ ਮੱਤ ਮੁਤਾਬਕ ਕਿਸੇ ਸਿੱਟੇ ਤੇ ਪਹੁੰਚਣ ਦੀ ਕੋਸ਼ਿਸ ਨਹੀਂ ਕਰਨੀ ਸਗੋਂ ਹਰ ਮੋੜ ਤੇ ਅਗਵਾਈ ਗੁਰੂ ਸ਼ਬਦ ਕੋਲੋਂ ਹੀ ਲੈਣੀ ਹੈ। ਅਗਲੇ ਸਲੋਕ ਵਿੱਚ ਗੁਰੂ ਜੀ 100% ਪ੍ਰਮਾਤਮਾ ਪ੍ਰਤੀ ਸਮਰਪਿਤ ਹੋਣਾ ਜ਼ਾਹਰ ਕਰਦੇ ਹਨ ਤੇ ਉਨ੍ਹਾਂ ਦੀ ਇੱਛਾ ਵੀ ਏਹੀ ਹੈ ਕਿ ਜੋ ਕੁੱਝ ਵੀ ਪ੍ਰਾਪਤ ਹੋ ਰਿਹਾ ਹੈ, ਹੇ ਪ੍ਰਮਾਤਮਾ! ਜਿਵੇਂ ਵੀ ਤੂੰ ਰੱਖ ਰਿਹਾ ਹੈਂ ਉਸ ਮੁਤਾਬਕ ਮੈਂ ਬੈਕੁੰਠ ਵਿੱਚ ਹਾਂ ਬਹਿਸਤ ਵਿੱਚ ਹਾਂ।
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥3॥ ਪੰਨਾ 106, ਮ:5 ॥
ਅਗਲੇ ਸਲੋਕ ਦੀਆਂ ਰਹਾਉ ਵਾਲੀਆਂ ਪੰਗਤੀਆਂ ਵੀ ਉਪਰਲੇ ਵਿਚਾਰ ਦੀ ਪੁਸ਼ਟੀ ਕਰਦੀਆਂ ਹਨ। ਇਸ ਤੋਂ ਅਗਲਾ ਵਿਚਾਰ ਇਹ ਹੈ ਕਿ ਜਿੱਥੇ ਸੱਚ ਦਾ ਵਾਸਾ ਹੈ ਉਥੇ ਹੀ ਬੈਕੁੰਠ ਹੈ। ਹੇ ਪ੍ਰਮਾਤਮਾ! ਕਿਸੇ ਮਨੁੱਖ ਦੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਬਾਰੇ ਇੱਛਾ ਵੀ ਤੇਰੀ ਮਿਹਰ ਸਦਕਾ ਹੀ ਪੈਦਾ ਹੁੰਦੀ ਹੈ।
ਮੇਰੇ ਰਾਮਰਾਇ ਜਿਉ ਰਾਖਹਿ ਤਿਉ ਰਹੀਐ ॥
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥1॥ ਰਹਾਉ ॥
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥2॥ ਪੰਨਾ 749, ਮ:5 ॥
ਅੱਜ ਤਕ ਕੋਈ ਐਸਾ ਨਹੀਂ ਹੋਇਆ ਜੋ ਕਿਸੇ ਅਖੌਤੀ ਸਵਰਗ/ਨਰਕ ਵਿੱਚ ਗੇੜਾ ਕੱਢ ਕੇ ਵਾਪਸ ਆਇਆ ਹੋਵੇ ਤੇ ਫਿਰ ਦੱਸੇ ਕਿ ਉੱਥੇ ਕੀ ਹੈ? ਕਿਵੇਂ ਕਿਸੇ ਨੂੰ ਸਜਾ ਦਿੱਤੀ ਜਾਂਦੀ ਹੈ? ਕਿਵੇਂ ਕਿਸੇ ਨੂੰ ਨਰਕ ਤੇ ਸਵਰਗ/ਬੈਕੂੰਠ ਵਿੱਚ ਭੇਜਿਆ ਜਾਂਦਾ ਹੈ? ਆਦਿ।
ਕਬੀਰ ਸਾਹਿਬ ਦਾ ਅਗਲਾ ਸਲੋਕ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਲੋਕ ਐਵੇਂ ਹੀ ਕਹੀ ਜਾਂਦੇ ਹਨ ਕਿ ਬੈਕੁੰਠ/ਸਵਰਗ ਉਥੇ ਹੈ, ਬੈਕੁੰਠ ਉਥੇ ਹੈ।
ਸਭੁ ਕੋਈ ਚਲਨ ਕਹਤ ਹੈ ਊਹਾਂ ॥
ਨਾ ਜਾਨਉ, ਬੈਕੁੰਠੁ ਹੈ ਕਹਾਂ ॥1॥ ਰਹਾਉ ॥
ਆਪ ਆਪ ਕਾ ਮਰਮੁ ਨ ਜਾਨਾਂ ॥
ਬਾਤਨ ਹੀ, ਬੈਕੁੰਠੁ ਬਖਾਨਾਂ ॥1॥
ਜਬ ਲਗੁ ਮਨ ਬੈਕੁੰਠ ਕੀ ਆਸ ॥
ਤਬ ਲਗੁ ਨਾਹੀ ਚਰਨ ਨਿਵਾਸ ॥2॥
ਖਾਈ ਕੋਟੁ ਨ ਪਰਲ ਪਗਾਰਾ ॥
ਨਾ ਜਾਨਉ ਬੈਕੁੰਠ ਦੁਆਰਾ ॥3॥
ਕਹਿ ਕਮੀਰ ਅਬ ਕਹੀਐ ਕਾਹਿ ॥
ਸਾਧ ਸੰਗਤਿ ਬੈਕੁੰਠੈ ਆਹਿ ॥ ਪੰਨਾ 1161, ਭਗਤ ਕਬੀਰ ਜੀ॥
ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿੱਚ ਅੱਪੜਨਾ ਹੈ। ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਨ੍ਹਾਂ ਦਾ ਉਹ) ਬੈਕੁੰਠ ਹੈ ਕਿੱਥੇ ।1।ਰਹਾਉ।
(ਇਨ੍ਹਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ, ਨਿਰੀਆਂ ਗੱਲਾਂ ਨਾਲ ਹੀ ‘ਬੈਕੁੰਠ’ ਆਖ ਰਹੇ ਹਨ ।1।
ਹੇ ਮਨ ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ, ਤਦ ਤਕ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੋ ਸਕਦਾ ।2।
ਮੈਨੂੰ ਤਾਂ ਪਤਾ ਨਹੀਂ (ਇਨ੍ਹਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ, ਤੇ ਕਿਹੋ ਜਿਹੀ ਉਸ ਦੇ ਦੁਆਲੇ ਖਾਈ ਹੈ ।3।
ਕਬੀਰ ਆਖਦਾ ਹੈ-(ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ ਕਿ ਸਾਧ-ਸੰਗਤ ਹੀ ਬੈਕੁੰਠ ਹੈ ?(ਤੇ ਉਹ ਬੈਕੁੰਠ ਇੱਥੇ ਹੀ ਹੈ) ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਮਨੁੱਖ ਨੂੰ ਪੁਕਾਰ ਪੁਕਾਰ ਕੇ ਜਗਾਉਣ ਦਾ ਕੰਮ ਕਰ ਰਹੀ ਹੈ ਪਰ ਅਸੀਂ ਜਾਗਣਾ ਨਹੀਂ ਚਾਹੁੰਦੇ ਕਿਉਂਕਿ ‘ਸੱਚ ਮਿਰਚਾਂ ਕੂੜ ਗੁੜ’ ਹੈ (ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥ ਪੰਨਾ 892)। ਸਾਨੂੰ ਝੂਠ ਹੀ ਪਸੰਦ ਹੈ ਭਾਂਵੇ ਇਸ ਤਰ੍ਹਾਂ ਅਸੀਂ ਪਲ ਪਲ ਮਰਦੇ ਹੋਈਏ।
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥
ਡਰੁ ਚੂਕਾ ਦੇਖਿਆ ਭਰਪੂਰਿ ॥1॥
ਸਤਿਗੁਰ ਅਪੁਨੇ ਕਉ ਬਲਿਹਾਰੈ ॥
ਛੋਡਿ ਨ ਜਾਈ ਸਰਪਰ ਤਾਰੈ ॥1॥ ਰਹਾਉ ॥ ਪੰਨਾ 186, ਮ:5 ॥
ਐ ਬੰਦੇ ਸੱਚ ਦਾ ਪੱਲਾ ਨਾ ਛੱਡੀਂ। ਸੱਚ ਤੈਨੂੰ ਜਰੂਰ ਤਾਰ ਦੇਵੇਗਾ।
ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥
ਤਹ ਬੈਕੁੰਠੁ ਜਹ ਨਾਮੁ ਉਚਰਹਿ ॥
ਸਰਬ ਅਨੰਦ ਜਬ ਦਰਸਨੁ ਪਾਈਐ ॥
ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥3॥॥ ਪੰਨਾ 890, ਮ:5 ॥
(ਹੇ ਭਾਈ!) ਜਿੱਥੇ ਗੁਰਮੁੱਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ, (ਕਿਉਂਕਿ) ਜਿੱਥੇ ਸੰਤ ਜਨ ਪ੍ਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ। ਜਦੋਂ ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ,(ਗੁਰਮੁਖਾਂ ਦੀ ਸੰਗਤਿ ਵਿੱਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ ।3।
ਭਾਵ :-ਅਸਲ ਬੈਕੁੰਠ ਸਾਧ-ਸੰਗਤ ਹੈ, ਇੱਥੇ ਹੀ ਮਨ ਦੀ ਹਉਮੈ ਦੂਰ ਹੋ ਸਕਦੀ ਹੈ, ਇੱਥੇ ਹੀ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜ ਸਕਦਾ ਹੈ ।10।
ਬੈਕੁੰਠ ਨਗਰੁ ਜਹਾ ਸੰਤ ਵਾਸਾ॥
ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ॥1॥
ਜਦੋ ਕੋਈ ਮਨੁੱਖ ਪ੍ਰਭੁ ਦੇ ਹੁਕਮ ਨੂੰ ਸਮਝ ਕੇ ਆਪਣੇ ਹਿਰਦੇ ‘ਚ, ਸੋਚ ਵਿੱਚ ਟਕਾ ਲੈਂਦਾ ਹੈ ਤਾਂ ਉਸ ਜੀਵ ਦਾ ਹਿਰਦਾ ਹੀ ਸਵਰਗ ਬਣ ਜਾਂਦਾ ਹੈ। ਹੱਥਲੇ ਲੇਖ ਰਾਹੀਂ ਇਹ ਸਮਝ ਪਈ ਕਿ ਬੈਕੁੰਠ ਵੀ ਹਿਰਦੇ ਵਿੱਚ ਹੈ ਤਾਂ ਫਿਰ ਆਤਮਾ ਕਿਹੜੇ ਰਸਤੇ ਕਿਧਰੇ ਕਿਸੇ ਹੋਰ ਰੱਬ ਕੋਲ ਜਾ ਕੇ ਆਪਣਾ ਲੇਖਾ-ਜੋਖਾ ਕਰਵਾਉਣ ਜਾਂਦੀ ਹੈ?
ਪੁਰਾਣਿਆਂ ਜ਼ਮਾਨਿਆਂ ਵਿੱਚ ਪੰਡਿਤ ਜੀ ਆਪਣੇ ਮੰਤਰ ਪੜ੍ਹ ਕੇ ਲੋਕਾਂ ਨੂੰ ਧਰਮ ਰਾਜ ਦੀ ਕਚਿਹਰੀ ਵਿਚੋਂ ਬਰੀ ਕਰਵਾ ਕੇ ਕਿਸੇ ਪੁੰਨ-ਦਾਨ ਦੀ ਮੱਦਦ ਨਾਲ ਵੈਤਰਣੀ ਨਦੀ ਪਾਰ ਲੰਘਾ ਦਿੰਦੇ ਸਨ। ਇੱਥੇ ਇਕ ਕਹਾਣੀ ਯਾਦ ਆਈ। ਗਰਮੀਆਂ ਦੇ ਦਿਨਾਂ ਵਿੱਚ ਹਰੇ ਪੱਠਿਆਂ ਦੀ ਘਾਟ ਕਾਰਣ ਲਵੇਰਾ ਵੀ ਘੱਟ ਹੀ ਹੁੰਦਾ ਸੀ। ਪੰਡਿਤਾਣੀ ਨੇ ਪੰਡਿਤ ਜੀ ਨੂੰ ਬਹੁਤ ਵਾਰ ਕਿਹਾ ਕਿ ਦੁੱਧ ਤੋਂ ਬਗੈਰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਮੁਸਕਲ ਹੈ। ਪੰਡਿਤ ਜੀ ਇਹ ਕਹਿ ਕੇ ਗੱਲ ਟਾਲ ਦੇਣ ਕੇ ਹਾਲੇ ਵਕਤ ਨਹੀਂ ਆਇਆ। ਇਤਨੇ ਨੂੰ ਕਿਸੇ ਜ਼ਿਮੀਦਾਰ ਦੀ ਗਊ ਸੂ ਪਾਈ। ਪੰਡਿਤ ਜੀ ਨੇ ਸਕੀਮ ਬਣਾ ਕੇ ਉਨ੍ਹਾਂ ਦੇ ਘਰ ਜਾ ਅਲਖ ਜਗਾਈ। ਕਹਿਣ ਲੱਗੇ ਜਜ਼ਮਾਨਾ ਅੱਜ ਰਾਤੀਂ ਤੁਹਾਡੇ ਪਿਤਾ ਜੀ ਕਹਿ ਰਹੇ ਸੀ ਕਿ ਪੰਡਿਤ ਜੀ ਮੇਰਾ ਕੋਈ ਇਲਾਜ ਕਰੋ ਮੈਂ ਵੈਤਰਣੀ ਨਦੀ ਦੇ ਇਧਰ ਰਹਿ ਗਿਆ ਹਾਂ ਆਪਣੇ ਮਾੜੇ ਕਰਮਾਂ ਕਰਕੇ। ਮੈਨੂੰ ਪਾਰ ਲੰਘਾਓ। ਇਸ ਕਰਕੇ ਤੁਸੀਂ ਗਊ ਦਾਨ ਕਰੋ। ਜ਼ਿਮੀਦਾਰ ਬੜਾ ਭੋਲਾ ਸੀ ਉਸਨੇ ਉਸੇ ਵਕਤ ਗਊ ਦਾ ਰੱਸਾ ਪੰਡਿਤ ਜੀ ਦੇ ਹੱਥ ਫੜਾਇਆ ਤੇ ਪਿਤਾ ਜੀ ਨੂੰ ਵੈਤਰਣੀ ਨਦੀ ਪਾਰ ਕਰਾਉਣ ਦਾ ਵਚਨ ਲੈ ਲਿਆ। ਬਸ ਗਊ ਦੇ ਜਾਣ ਦੀ ਦੇਰ ਸੀ ਕਿ ਘਰ ਵਿੱਚ ਕਲੇਸ਼ ਪੈ ਗਿਆ। ਜ਼ਿਮੀਦਾਰ ਨੇ ਦੋ ਦਿਨ ਬਾਅਦ ਸਕੀਮ ਬਣਾਈ ਤੇ ਪੰਡਿਤ ਜੀ ਦੇ ਘਰ ਚਲਾ ਗਿਆ। ਜਾ ਕੇ ਅਵਾਜ ਮਾਰੀ ਤੇ ਪੰਡਿਤ ਜੀ ਖਿੜੇ ਮੱਥੇ ਮਿਲਣ ਲਈ ਚਲੇ ਆਏ। ਜ਼ਿਮੀਦਾਰ ਪੁੱਛਦਾ ਹੈ ਕਿ ਪੰਡਿਤ ਜੀ ਮੇਰੇ ਪਿਤਾ ਜੀ ਵੈਤਰਣੀ ਨਦੀ ਪਾਰ ਕਰ ਗਏ। ਮਿਸ਼ਰ ਜੀ ਬੋਲੇ ਉਹ ਤਾਂ ਉਸੇ ਦਿਨ ਵੈਤਰਣੀ ਨਦੀ ਪਾਰ ਕਰ ਗਏ ਸੀ ਜਿਸ ਦਿਨ ਤੁਸੀਂ ਗਊ ਦਾਨ ਕੀਤੀ ਸੀ। ਜ਼ਿਮੀਦਾਰ ਨੇ ਆਪਣੇ ਬੱਚੇ ਨੂੰ ਅਵਾਜ ਮਾਰੀ ਓਏ ਮੀਟਿਆ! ਖੋਲ੍ਹ ਗਊ ਦਾ ਰੱਸਾ। ਹੁਣ ਪੰਡਿਤ ਜੀ ਨੂੰ ਗਊ ਦੀ ਕੋਈ ਲੋੜ ਨਹੀਂ ਤੇ ਪਿਤਾ ਜੀ ਦਾ ਵੀ ਕੰਮ ਹੋ ਗਿਆ ਹੈ।
ਸਿੱਖ ਭਰਾਵੋ ਅਸਲ ਵਿੱਚ ਸਿੱਖ ਧਰਮ ਕਿਸੇ ਨੂੰ ਕੋਈ ਲਾਰਾ ਨਹੀਂ ਲਾਉਂਦਾ ਕਿ ਇਸ ਧਰਮ ਵਿੱਚ ਪ੍ਰਵੇਸ਼ ਕਰਨ ਨਾਲ ਤੁਹਾਨੂੰ ਕੱਲ੍ਹ ਨੂੰ ਕੋਈ ਫਾਈਦਾ ਹੋਵੇਗਾ। ਇਹ ਧਰਮ ਤਾਂ ਅੱਜ ਦੀ ਗੱਲ ਕਰਦਾ ਹੈ। ਜੇ ਅਸੀਂ ਅੱਜ ਚੰਗੇ ਹਾਂ ਤਾਂ ਸਾਡਾ ਕੱਲ੍ਹ ਆਪਣੇ ਆਪ ਚੰਗਾ ਹੋਵੇਗਾ। ਕੱਲ੍ਹ ਬਾਰੇ ਸੋਚਣ ਦੀ ਲੋੜ ਨਹੀਂ। ਸਿਰਫ ਅੱਜ ਚੰਗਾ ਬਣਾਉਣ ਦੀ ਲੋੜ ਹੈ। ਜੇ ਅਸੀਂ ਅੱਜ ਬਾਰੇ ਸੋਚਣ ਲੱਗ ਪਈਏ ਤਾਂ ਇਹ ਵਿਹਲੜ ਸਾਧਾਂ ਦੀਆਂ ਹੇੜਾਂ ਆਪਣੇ ਆਪ ਖਤਮ ਹੋ ਜਾਣਗੀਆਂ ਜਿਨ੍ਹਾਂ ਨੇ ਸਮਾਜ ਨੂੰ ਕੁੱਝ ਨਹੀਂ ਦਿੱਤਾ ਸਗੋਂ ਸਾਡਾ ਧਨ, ਦੌਲਤ ਅਤੇ ਇੱਜ਼ਤ ਲੁੱਟੀ ਹੀ ਹੈ।
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥1॥
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥1॥ ਰਹਾਉ ॥ ਪੰਨਾ 660, ਮ:1 ॥
ਗੁਰੂ ਨਾਨਕ ਸਾਹਿਬ ਹੀ ਨਹੀਂ ਜੋ ਇਹ ਕਹਿੰਦੇ ਹਨ ਕਿ: ਐ ਬੰਦੇ! ਵਰਤਮਾਨ ਕਾਲ ਵਿੱਚ ਜਿਉਣਾ ਸਿੱਖ ਸਗੋਂ ਬਾਬਾ ਫਰੀਦ ਜੀ ਵੀ ਏਹੀ ਹੋਕਾ ਦਿੰਦੇ ਹਨ ਕਿ ਜੇ ਤੂੰ ਬੁਰਿਆਈਆਂ ਨੂੰ ਮਨ ਵਿਚੋਂ ਬਾਹਰ ਕੱਢ ਦੇਵੇਂ ਤਾਂ ਐ ਬੰਦੇ! ਤੈਨੂੰ ਖੁਦਾ ਅੱਜ ਹੀ ਮਿਲ ਸਕਦਾ ਹੈ।
ਆਜੁ ਮਿਲਾਵਾ ਸੇਖ ਫਰੀਦ, ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥1॥ ਰਹਾਉ ॥ ਪੰਨਾ 488, ਬਾਬਾ ਫਰੀਦ ਜੀ॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
Website:singhsabhacanada.ca, Email:singhsabhacanada@outlook.com