
ਮੈਂ ਸਿਡਨੀ ਤੋਂ ਸੇਵਾਮੁਕਤ ਸੂਬੇਦਾਰ ਸਰੈਣ ਸਿੰਘ ਬੋਲਦਾਂ - ਅਵਤਾਰ ਐਸ. ਸੰਘਾ
ਲਘੂ ਨਾਟਕ
(ਨਾਟਕਕਾਰ - ਅਵਤਾਰ ਐਸ. ਸੰਘਾ)
ਸਥਾਨ:- ਸਿਡਨੀ ਦੀ ਇੱਕ ਸੱਥ ਜਿਸ ਵਿੱਚ 50 ਕੁ ਸੀਨੀਅਰ ਸਿਟੀਜਨਜ਼ ਇਕੱਠੇ ਹੋ ਕੇ ਹਰ ਐਤਵਾਰ ਹਲਕੀਆਂ ਫੁਕੀਆਂ ਗੱਲਾਂ ਕਰਦੇ ਹਨ ਤੇ ਸੱਭਿਆਚਾਰਕ ਅਦਾਨ ਪ੍ਰਦਾਨ ਕਰਦੇ ਹਨ। ਇਸ ਸੱਥ ਦਾ ਇੱਕ ਸਟੇਜ ਚਾਲਕ ਹੈ।
ਸਟੇਜ ਸਮੱਗਰੀ:- ਇੱਕ ਲੈਕਚਰ ਸਟੈਂਡ, 50-60 ਕੁਰਸੀਆਂ ਤੇ ਸਾਊਂਡ ਸਿਸਟਮ
ਸਮਾਂ:- ਵਰਤਮਾਨ
ਪਾਤਰ:- (1). ਸੱਥ ਦੇ ਨਰ ਅਤੇ ਮਾਦਾ ਮੈਂਬਰ
(2). ਸਟੇਜ ਚਾਲਕ
(3). ਸੂਬੇਦਾਰ ਸਰੈਣ ਸਿੰਘ- ਉਮਰ 83-84 ਸਾਲ, ਕੱਦ 5 ਫੁੱਟ 9 ਇੰਚ, ਰੰਗ ਗੋਰਾ, ਦਿਖ ਸਿੱਖੀ
(4). ਪੱਤਰਕਾਰ
(5). ਕਰਮ ਸਿੰਘ- ਸੱਥ ਦਾ ਇੱਕ ਮੈਂਬਰ
(6). ਪ੍ਰਕਾਸ਼ ਕੌਰ (ਸੱਥ ਦੀ ਮੈਂਬਰ)
(7). ਇੱਕ ਮਨਚਲਾ ਜਿਹਾ ਅਮਲੀ/ਪੋਸਤੀ
ਪਹਿਰਾਵੇ:- ਸਾਧਾਰਨ, ਸਰੈਣ ਸਿੰਘ ਬੁੱਢਾ ਮਹਿਸੂਸ ਹੋਵੇ।
ਭਾਗ I
ਨਿਰਦੇਸ਼ਕ ਨਾਟਕ ਸ਼ੁਰੁੂ ਇੰਜ ਕਰਵਾਉਂਦਾ ਹੈ:-
ਹਾਜ਼ਰੀਨ,
ਤੁਸੀਂ ਜਾਣਦੇ ਹੀ ਹੋ ਕਿ ਸਾਡੀ ਇਸ ਸੱਥ ਵਿੱਚ ਹਰ ਮਹੀਨੇ ਸਿੱਖਿਆਦਾਇਕ ਤੇ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਪੇਸ਼ਕਾਰੀ ਨੂੰ ਜ਼ਿਆਦਾ ਵਖਰੇਵਾਂ ਭਰਪੂਰ ਬਣਾਉਣ ਲਈ ਅਸੀਂ ਇਸ ਵਿੱਚ ਇੱਕ ਲਘੂ ਨਾਟਕ ਨੂੰ ਵੀ ਸ਼ਾਮਿਲ ਕੀਤਾ ਹੈ। ਅੱਜ ਅਸੀਂ ਇੱਕ ਲਘੂ ਨਾਟਕ ਪੇਸ਼ ਕਰਨ ਜਾ ਰਹੇ ਹਾਂ। ਇਹ ਨਾਟਕ ਸੀਨੀਅਰ ਸਿਟੀਜਨਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਾ ਹੈ। ਸੋ ਪੇਸ਼ ਹੈ ਅਵਤਾਰ ਐਸ. ਸੰਘਾ ਦੁਆਰਾ ਲਿਖਿਆ ਅਤੇ ਨਿਰਦੇਸ਼ਨ ਕੀਤਾ ਹੋਇਆ ਨਾਟਕ 'ਮੈਂ ਸਿਡਨੀ ਤੋਂ ਸੇਵਾਮੁਕਤ ਸੂਬੇਦਾਰ ਸਰੈਣ ਸਿੰਘ ਬੋਲਦਾਂ':
(ਪਰਦਾ ਉੱਠਦਾ ਹੈ)
(ਸਰੈਣ ਸਿੰਘ ਸਟੇਜ ਤੇ ਖੜ੍ਹਾ ਹੈ। ਉਸਨੇ ਕੰਨ ਨੂੰ ਫੋਨ ਲਗਾਇਆ ਹੋਇਆ ਹੈ।)
ਸਰੈਣ ਸਿੰਘ:- ਹੈਲੋ, ਹੈਲੋ, ਪੱਤਰਕਾਰ ਜੀ ਸਤਿ ਸ਼੍ਰੀ ਅਕਾਲ।
ਪੱਤਰਕਾਰ (ਕੈਲੀਫੋਰਨੀਆ ਗਿਆ ਹੋਇਆ ਏ):- ਹੈਲੋ ਜੀ। ਕੀ ਹਾਲ ਏ?
ਸਰੈਣ ਸਿੰਘ:- ਠੀਕ ਹੈ ਜੀ। ਕਦੇ ਦਰਸ਼ਣ ਨਹੀਂ ਹੁੰਦੇ?
ਪੱਤਰਕਾਰ:- ਬਾਈ ਜੀ, ਮੈਂ ਕੈਲੀਫੋਰਨੀਆ ਆਇਆ ਹੋਇਆ ਹਾਂ। ਸਭ ਸੁੱਖ ਸਾਂਦ ਤਾਂ ਹੈ?
ਸਰੈਣ:- ਸਭ ਠੀਕ ਹੈ। ਮੈਂ ਤੁਹਾਡੇ ਨਾਲ਼ ਆਪਣੇ ਦੁੱਖੜੇ ਸਾਂਝੇ ਕਰਨੇ ਚਾਹੁੰਦਾ ਹਾਂ।
ਪੱਤਰਕਾਰ:- ਕੀ ਗੱਲ ਹੋਈ? ਕੁਝ ਅੱਜ ਦੱਸ ਲਓ, ਬਾਕੀ ਸਿਡਨੀ ਆ ਕੇ ਸਹੀ।
ਸਰੈਣ:- ਮੈਂ ਸਿੱਖ ਰੈਜੀਮੈਂਟ ਤੋਂ ਹਾਂ। ਕਸ਼ਮੀਰ ਵਿੱਚ ਉਚੇਚੇ ਪਹਾੜਾਂ ਤੇ ਲੰਬਾ ਸਮਾਂ ਪੋਸਟਿੰਗ ਹੋਣ ਕਰਕੇ ਮੈਨੂੰ ਸੇਵਾ ਮੁਕਤੀ ਦੇ ਸਮੇਂ ਹੀ ਭਾਰੇ ਭਾਰੇ ਸਾਹ ਆਉਣ ਲੱਗ ਪਏ ਸਨ। ਇਸ ਲਈ ਮੇਰੇ ਦਿਲ ਵਿੱਚ ਪੇਸ ਮੇਕਰ ਪਾਇਆ ਗਿਆ ਸੀ। ਦਸ ਸਾਲ ਬਾਅਦ ਇਹ ਪੇਸ ਮੇਕਰ ਬਦਲਣਾ ਪਿਆ ਸੀ। ਪਾਉਣ ਤੇ ਬਦਲਣ ਦਾ ਕੰਮ ਮਿਲਟਰੀ ਹਸਪਤਾਲ ਵਿੱਚ ਹੋ ਜਾਂਦਾ ਹੈ। ਇਸਤੇ ਮੇਰਾ ਕੋਈ ਖਰਚਾ ਨਹੀਂ ਹੁੰਦਾ। ਵੈਸੇ ਮੇਰੀ ਸਿਹਤ ਸੋਹਣੀ ਹੈ, ਕਵਿਤਾ ਲਿਖਣ ਦਾ ਸ਼ੌਂਕ ਵੀ ਰੱਖਦਾ ਹਾਂ। ਮੇਰੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਤੇ ਸਟੇਜੀ ਹੁੰਦੀਆਂ ਹਨ ............।"
ਪੱਤਰਕਾਰ:- ਵੀਰ ਜੀ, ਤੁਸੀਂ ਤਾਂ ਇਵੇਂ ਬੋਲਣ ਲੱਗ ਪਏ ਜਿਵੇਂ ਮੈਂ ਤੁਹਾਡੇ ਬਾਰੇ ਲੇਖ ਲਿਖਣ ਲਈ ਬਿਰਤਾਂਤ ਮੰਗਦਾ ਹੋਵਾਂ।
ਸਰੈਣ:- ਵੀਰ ਜੀ, ਮੈਂ ਚਾਹੁੰਦਾ ਹਾਂ ਕਿ ਮੇਰਾ ਇਹ ਬਿਰਤਾਂਤ ਤੁਹਾਡੀ ਅਖਬਾਰ ਦਾ ਮੂੰਹ ਬੋਲਦਾ ਬਿਰਤਾਂਤ ਬਣੇ। ਮੈਂ ਬੜਾ ਦੁਖੀ ਹਾਂ।
ਪੱਤਰਕਾਰ:- ਕੀ ਸਿਡਨੀ ਵਿੱਚ ਪੱਕੇ ਤੌਰ ਤੇ ਰਹਿੰਦੇ ਹੋ?
ਸਰੈਣ:- ਨਹੀਂ ਜੀ। ਮੈਂ ਛੇ ਮਹੀਨੇ ਪੰਜਾਬ ਬਿਤਾਉਂਦਾ ਹਾਂ ਤੇ ਛੇ ਮਹੀਨੇ ਸਿਡਨੀ ਵਿੱਚ।
ਪੱਤਰਕਾਰ:- ਇੰਝ ਕਿਓਂ?
ਸਰੈਣ:- ਸਰਕਾਰਾਂ ਦੀਆਂ ਪਾਲਿਸੀਆਂ ਤੇ ਪਰਵਾਸ ਨਾਲ਼ ਸੰਬੰਧਤ ਕਾਨੂੰਨ ਹੀ ਇਸ ਕਿਸਮ ਦੇ ਹਨ। ਛੇ ਮਹੀਨੇ ਬਾਅਦ ਸਿਡਨੀ ਛੱਡਣਾ ਹੀ ਪੈਂਦਾ ਹੈ। ਫਿਰ ਬੰਦਾ ਕਿੱਥੇ ਜਾਵੇ?
ਪੱਤਰਕਾਰ:- ਕੀ ਫਿਰ ਪੰਜਾਬ ਵਿੱਚ ਆਪਣੇ ਪਿੰਡ ਜਾਂਦੇ ਹੋ? ਤੁਹਾਡੀ ਜੀਵਨ ਸਾਥਣ ਕਿੱਥੇ ਹੈ?
ਸਰੈਣ:- ਜਾਂਦਾ ਤਾਂ ਪਿੰਡ ਹੀ ਹਾਂ। ਜੀਵਨ ਸਾਥਣ 2013 ਵਿੱਚ ਸਾਥ ਛੱਡ ਗਈ ਸੀ।
ਪੱਤਰਕਾਰ:- ਪੂਰੀ ਹੋ ਗਈ ਸੀ?
ਸਰੈਣ:- ਜੀ ਹਾਂ, ਉਹ ਰੱਬ ਨੂੰ ਪਿਆਰੀ ਹੋ ਗਈ ਸੀ।
ਪੱਤਰਕਾਰ:- ਉਹ ਕਿਵੇਂ?
ਸਰੈਣ:- ਗਾਲ ਬਲੈਡਰ ਦਾ ਕੈਂਸਰ ਸੀ। ਬੜਾ ਖਰਚਾ ਆਇਆ ਸੀ। 10 ਲੱਖ ਰੁਪਏ। ਬਚਾਅ ਫਿਰ ਵੀ ਨਾ ਸਕੇ।
ਪੱਤਰਕਾਰ:- ਪਿੰਡ ਜਾ ਕੇ ਇਕੱਲੇ ਹੀ ਰਹਿੰਦੇ ਹੋ? ਪਿੰਡ ਹੋਰ ਕੌਣ ਏ? ਰੋਟੀ ਕੌਣ ਬਣਾਉਂਦਾ ਏ?
ਸਰੈਣ:- ਪਿੰਡ ਇੱਕ ਗੋਰਖਾ ਰੱਖਿਆ ਹੋਇਆ ਏ। ਉਹ ਘਰ ਦਾ ਕੰਮ ਵੀ ਕਰਦਾ ਏ ਤੇ ਰੋਟੀ ਵੀ ਬਣਾ ਦਿੰਦਾ ਏ। ਸਾਲ਼ੇ ਨੌਕਰਾਂ ਦਾ ਵੀ ਖਤਰਾ ਹੀ ਰਹਿੰਦਾ ਏ। ਵਾਰਦਾਤਾਂ ਕਰਕੇ ਦੌੜ ਵੀ ਜਾਂਦੇ ਹਨ। ਪੰਜਾਬ ਵਿੱਚ ਬੜੀਆਂ ਅਜੀਬ ਅਜੀਬ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇੱਕ ਤਾਂ 83 ਸਾਲ ਦਾ ਹਾਂ, ਦੂਜਾ ਅੱਧ ਪੁਚੱਧਾ ਐੱਨ. ਆਰ. ਆਈ ਵੀ ਹਾਂ।
ਪੱਤਰਕਾਰ:- ਅੱਧ ਪੁਚੱਧੇ ਤੋਂ ਕੀ ਭਾਵ?
ਸਰੈਣ:- ਜਿਹੜਾ ਬੰਦਾ ਵਾਰ ਵਾਰ ਆਸਟਰੇਲੀਆ ਜਾਂ ਕੈਨੇਡਾ ਜਾਈ ਜਾਵੇ ਉਹ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਨੌਕਰਾਂ ਚਾਕਰਾਂ ਨੂੰ, ਅੱਧ ਪੁਚੱਧਾ ਬਾਹਰਲਾ ਲੱਗਣ ਲੱਗ ਪੈਂਦਾ ਏ। ਜੱਟਾਂ ਜ਼ਿੰਮੀਦਾਰਾਂ ਪਾਸ ਜ਼ਮੀਨ ਤਾਂ ਥੋੜ੍ਹੀ ਬਹੁਤ ਹੁੰਦੀ ਹੀ ਏ। ਕਈਆਂ ਨੂੰ ਨੌਕਰੀ ਦੀ ਪੈਨਸ਼ਨ ਵੀ ਹੁੰਦੀ ਏ। ਲੁਟੇਰਿਆਂ ਤੇ ਨੌਕਰਾਂ ਚਾਕਰਾਂ ਨੂੰ ਦੋ ਆਮਦਨਾ ਤਾਂ ਦਿਖਦੀਆਂ ਹੁੰਦੀਆਂ ਹੀ ਹਨ। ਤੀਜਾ ਠੱਪਾ ਬੰਦੇ ਤੇ ਬਾਹਰਲਾ ਲੱਗ ਜਾਂਦਾ ਏ। ਜੇ ਬੰਦਾ ਬਾਹਰ ਨਾ ਵੀ ਪੱਕਾ ਹੋਇਆ ਹੋਵੇ ਫਿਰ ਵੀ ਲੁਟੇਰੇ ਤੇ ਨੌਕਰ ਚਾਕਰ ਇਹ ਤਾਂ ਅੰਦਾਜਾ ਲਗਾਉਂਦੇ ਹੀ ਰਹਿੰਦੇ ਹਨ ਕਿ ਬੰਦਾ ਬਾਹਰੋਂ ਆਉਂਦਾ ਹੋਇਆ ਦੋ ਚਾਰ ਬਾਹਰ ਦੀਆਂ ਚੀਜ਼ਾਂ ਤਾਂ ਲਿਆਇਆ ਹੀ ਹੋਊ। ਜਦ ਅਸੀਂ ਬਾਹਰੋਂ ਪੰਜਾਬ ਨੂੰ ਜਾਂਦੇ ਹਾਂ ਤਾਂ ਸਾਡੇ ਪਾਸ ਦੋ ਕੁ ਵੱਡੇ ਵੱਡੇ ਅਟੈਚੀ ਤਾਂ ਹੁੰਦੇ ਹੀ ਹਨ। ਅਸੀਂ ਇਹ ਅਟੈਚੀ ਦਿੱਲੀਓਂ ਪੰਜਾਬ ਨੂੰ ਜਾਂਦੇ ਸਮੇਂ ਆਪਣੇ ਵਾਹਨਾਂ ਦੇ ਸਿਖਰ ਸਜਾ ਕੇ ਵੀ ਅਕਸਰ ਸਫਰ ਕਰਦੇ ਹਾਂ। ਚੋਰ ਉਚੱਕੇ ਐਨ. ਆਰ. ਆਈ ਨੂੰ ਪਛਾਨਣ ਵਿੱਚ ਇੱਕ ਮਿੰਟ ਵੀ ਨਹੀਂ ਲਗਾਉਂਦੇ। ਮਜਬੂਰੀ ਵਿੱਚ ਜਾਂ ਜਾਣ ਬੁੱਝ ਕੇ ਹੁਣ ਅਸੀਂ ਹੋਰ ਬਹੁਤ ਘਟੀਆ ਕੰਮ ਕਰਨ ਲੱਗ ਪਏ ਹਾਂ।
ਪੱਤਰਕਾਰ:- ਘਟੀਆ ਕੰਮ? ਅੁਹ ਕਿਹੜਾ।
ਸਰੈਣ:- ਅਣਜਾਣ ਟੈਕਸੀ ਵਾਲ਼ਾ ਲੈ ਕੇ ਤੁਰ ਪੈਂਦੇ ਹਾਂ। ਸਫਰ ਅਕਸਰ ਅੱਧਾ ਪੁਚੱਧਾ ਰਾਤ ਦਾ ਹੁੰਦਾ ਹੀ ਏ। ਅਸੀਂ ਇੰਨੇ ਕਾਹਲ਼ੇ ਹੁੰਦੇ ਹਾਂ ਕਿ ਜਹਾਜ ਤੋਂ ਉੱਤਰ ਕੇ ਚੰਦ ਘੰਟੇ ਦਿਨ ਚੜ੍ਹਨ ਦਾ ਇੰਤਜ਼ਾਰ ਵੀ ਨਹੀਂ ਕਰਦੇ। ਅਣਜਾਣ ਟੈਕਸੀ ਵਾਲ਼ਾ ਸਾਨੂੰ ਚੁੱਕ ਕੇ ਤੁਰ ਪੈਂਦਾ ਏ ਤੇ ਨਾਲ਼ ਹੀ ਆਪਣੇ ਕਿਸੇ ਸਾਥੀ ਨੂੰ ਫੋਨ ਤੇ ਕਿਸੇ ਉਜਾੜ ਥਾਂ ਤੇ ਹੱਥ ਦੇਣ ਬਾਰੇ ਸਮਝਾ ਦਿੰਦਾ ਏ। ਅਸੀਂ ਮੁਸਾਫਰ ਆਪਣੇ ਜੱਦੀ ਘਰ ਨੂੰ ਜਾ ਰਹੇ ਅੰਤਾਂ ਦੇ ਖੁਸ਼ ਹੁੰਦੇ ਹਾਂ। ਦੁੱਖ ਦਾ ਪਹਾੜ ਉਦੋਂ ਗਿਰਦਾ ਹੈ ਜਦੋਂ ਡਰਾਇਵਰ ਦਾ ਸਾਥੀ ਲੁਟੇਰਾ ਗੱਡੀ ਨੂੰ ਹੱਥ ਦੇ ਕੇ ਰੁਕਵਾ ਕੇ ਚੜ੍ਹ ਜਾਂਦਾ ਹੈ। ਫਿਰ ਇਹ ਦੋਨੋ ਮੁਸਾਫਿਰ ਨਾਲ਼ ਕਿਵੇਂ ਪੇਸ਼ ਆਉਂਦੇ ਹਨ - ਤੁਸੀਂ ਖੁਦ ਹੀ ਕਲਪਨਾ ਕਰ ਸਕਦੇ ਹੋ। ਮੈਂ 83 ਸਾਲ ਦਾ ਬੰਦਾ ਵਾਰ ਵਾਰ ਦਿੱਲੀ ਤੋਂ ਪੰਜਾਬ ਨੂੰ ਕਿਵੇਂ ਜਾਂਦਾ ਹਾਂ ਇਹ ਮੈਂ ਹੀ ਜਾਣਦਾ ਹਾਂ। ਮੇਰਾ ਮੁੰਡਾ ਸਿਡਨੀ ਵਿੱਚ ਹੈ। ਮੇਰੀ ਕੁੜੀ ਮੁਕਤਸਰ ਰਹਿੰਦੀ ਏ। ਉਹ ਸਾਨੂੰ ਬੁੱਢੇ ਠੇਰਿਆਂ ਨੂੰ ਸੰਭਾਲ ਤਾਂ ਰਹੇ ਹਨ ਪਰ ਉਹ ਸਾਡੇ ਨਾਲ਼ ਕਿੱਥੇ ਕਿੱਥੇ ਤੁਰੇ ਫਿਰਨ?
(ਅਚਾਨਕ ਸਟੇਜ ਸੰਚਾਲਕ ਸਟੇਜ ਤੇ ਆ ਜਾਂਦਾ ਹੈ ਸਰੈਣ ਸਿੰਘ ਚੁੱਪ ਹੋ ਜਾਂਦਾ ਏ)
ਸਟੇਜ ਸੰਚਾਲਕ:- ਬਾਈ ਜੀ, ਕਿਸੇ ਲੰਬੀ ਵਾਰਤਾਲਾਪ ਵਿੱਚ ਪੈ ਗਏ ਲਗਦੇ ਹੋ? ਮੂਹਰੇ ਬੈਠੇ ਸਾਰੇ ਸਾਥੀ ਬੋਰ ਹੋ ਰਹੇ ਲਗਦੇ ਹਨ। ਇਹ ਲੰਬੀ ਕਹਾਣੀ ਕਿਹਨੂੰ ਪਾ ਰਹੇ ਹੋ?
ਸਰੈਣ:- ਵੀਰ ਜੀ, ਮੈਂ ਪੱਤਰਕਾਰ ਨੂੰ ਆਪਣਾ ਦੁੱਖੜਾ ਦੱਸ ਰਿਹਾ ਸੀ।
ਸਟੇਜ ਸੰਚਾਲਕ:- ਤੁਹਾਨੂੰ ਕਿਹੜੇ ਦੁੱਖ ਨੇ ਘੇਰ ਲਿਆ?
ਸਰੈਣ:- ਮੇਰਾ ਦੁੱਖ ਮੇਰੇ ਕੱਲੇ ਦਾ ਨਹੀਂ। ਆਹ ਸਾਡੇ ਮੂਹਰੇ ਬੈਠੇ ਕਈ ਭਰਾਵਾਂ ਭੈਣਾਂ ਦਾ ਏ। ਸਰਕਾਰਾਂ ਨੇ ਸਾਨੂੰ ਬੁੱਢਿਆਂ ਨੂੰ ਇੱਕ ਫੁੱਟਬਾਲ ਸਮਝਿਆ ਹੋਇਆ ਏ। ਕਦੀ ਸਾਨੂੰ ਪੰਜਾਬ ਵੱਲ ਨੂੰ ਕਿੱਕ ਮਾਰ ਦਿੰਦੇ ਹਨ। ਫਿਰ ਸਾਨੂੰ ਸਿਡਨੀ, ਸਰੀ ਤੇ ਟੋਰਾਂਟੋ ਵਲ ਨੂੰ ਆਪਣੇ ਬੱਚਿਆਂ ਨੂੰ ਮਿਲਣ ਆਉਣਾ ਹੀ ਪੈਂਦਾ ਏ। ਜੀਵਨ ਦੇ ਆਖਰੀ ਪੜਾਅ ਤੇ ਪਹੁੰਚ ਚੁੱਕੇ ਹਾਂ। ਸਰਕਾਰਾਂ ਨੂੰ ਚਾਹੀਦਾ ਏ ਕਿ ਬਜ਼ੁਰਗਾਂ ਦਾ ਮਾਣ ਕਰਨ, ਸਾਨੂੰ ਜੀਵਨ ਦੇ 2-4 ਸਾਲ ਸ਼ਾਨ ਨਾਲ਼ ਜਿਓਣ ਦੇਣ ਪਰ ਸਰਕਾਰਾਂ ਸਾਡੇ ਜਜ਼ਬਾਤ ਦੀ ਕੋਈ ਕਦਰ ਨਹੀਂ ਕਰਦੀਆਂ........।
ਸਟੇਜ ਚਾਲਕ:- ਬਾਈ ਜੀ, ਇੰਨੀਆਂ ਲੰਬੀਆਂ ਗੱਲਾਂ ਫੋਨ ਤੇ ਨਹੀਂ ਕਰੀਦੀਆਂ ਹੁੰਦੀਆਂ। ਮੈਨੂੰ ਪਤਾ ਏ, ਪੱਤਰਕਾਰ ਯੂ. ਐਸ. ਤੋਂ ਵਾਪਸ ਆਉਣ ਹੀ ਵਾਲ਼ਾ ਏ। ਆਏ ਤੋਂ ਬਾਅਦ ਉਹਦੇ ਮੂਹਰੇ ਆਪਣੇ ਜਿੰਨੇ ਮਰਜ਼ੀ ਦੁੱਖ ਰੋ ਲਵੀਂ। ਆ ਹੁਣ ਆਪਾਂ ਚਲੀਏ। (ਦੋਨੋ ਚਲੇ ਜਾਂਦੇ ਹਨ)
(ਪਰਦਾ ਗਿਰਦਾ ਏ)
ਭਾਗ II
(ਪਰਦਾ ਉੱਠਦਾ ਹੈ। ਸਟੇਜ ਤੇ ਦੋ ਜਣੇ ਸੁਰੈਣ ਤੇ ਪੱਤਰਕਾਰ ਖੜ੍ਹੇ ਹਨ।)
ਸਰੈਣ:- ਕਦੋਂ ਆਏ ਅਮਰੀਕਾ ਤੋਂ?
ਪੱਤਰਕਾਰ:- ਪਿਛਲੇ ਹਫਤੇ ਹੀ ਆਇਆ ਹਾਂ।
ਸਰੈਣ:- ਕਿਵੇਂ ਰਿਹਾ ਟੂਰ?
ਪੱਤਰਕਾਰ:- ਰਿਸ਼ਤੇਦਾਰਾਂ ਨੂੰ ਮਿਲਣਾ ਸੀ ਤੇ ਦੂਜਾ ਸੈਕਰਾਮੈਂਟੋ ਵਿੱਚ ਗਦਰੀ ਬਾਬਿਆਂ ਦੇ ਮੇਲੇ ਵਿੱਚ ਹਾਜ਼ਰੀ ਲਵਾਉਣੀ ਸੀ। ਮੇਰੇ ਇਲਾਕੇ ਦੇ ਕੈਲੀਫੋਰਨੀਆ ਵਿੱਚ ਬਹੁਤ ਲੋਕ ਹਨ। ਕਾਫੀ ਲੰਮੇ ਸਮੇਂ ਤੋਂ ਉੱਥੇ ਰਹਿ ਰਹੇ ਹਨ। ਉਹ ਹਰ ਸਾਲ ਗਦਰੀ ਬਾਬਿਆਂ ਦਾ ਮੇਲਾ ਹੁੰਮ ਹੁਮਾਂ ਕੇ ਮਨਾਉਂਦੇ ਹਨ। ਮੈਨੂੰ ਉਨ੍ਹਾਂ ਨੇ ਸੱਦਾ ਪੱਤਰ ਭੇਜਿਆ ਸੀ।
ਸਰੈਣ:- ਸਾਨੂੰ ਵੀ ਇੱਥੇ ਸਿਡਨੀ ਵਿੱਚ ਇਸ ਪ੍ਰਕਾਰ ਦੇ ਉਪਰਾਲੇ ਕਰਨੇ ਚਾਹੀਦੇ ਹਨ। ਗਦਰੀ ਬਾਬਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਬੜਾ ਯੋਗਦਾਨ ਪਾਇਆ ਸੀ। ਤੁਹਾਨੂੰ ਪਤਾ ਹੀ ਏ ਉਸੇ ਕੁ ਸਮੇਂ ਕਾਮਾਗਾਟਾਮਾਰੂ ਵਾਲ਼ੇ ਬਜ਼ੁਰਗਾਂ ਨੇ ਪੰਜਾਬੀਆਂ ਦਾ ਪ੍ਰਵਾਸ ਵੱਲ ਨੂੰ ਰਾਹ ਖੋਲ੍ਹਣ ਵਿੱਚ ਬੜੀ ਠੋਸ ਭੂਮਿਕਾ ਨਿਭਾਈ ਸੀ। ਮੇਲੇ ਦੀ ਕੋਈ ਖਾਸ ਗੱਲ? ਤੁਸੀਂ ਕੀ ਬੋਲੇ?
ਪੱਤਰਕਾਰ:- ਇੱਥੇ ਬਹੁਤੀ ਲੰਮੀ ਗੱਲ ਨਹੀਂ ਕੀਤੀ ਜਾ ਸਕਦੀ। ਹਾਂ ਮੈਂ ਤੁਹਾਨੂੰ ਦੋ ਵਿਦਵਾਨਾਂ ਦੇ ਸ਼ਬਦ ਦੱਸ ਸਕਦਾ ਹਾਂ, ਜਿਨ੍ਹਾਂ ਦਾ ਮੈਂ ਉੱਥੇ ਹਵਾਲਾ ਦਿੱਤਾ।
ਸਰੈਣ:- ਅਰਸ਼ਾਦ!
ਪੱਤਰਕਾਰ:- ਡਾ: ਮੁਹੰਮਦ ਇਕਬਾਲ ਲਿਖਦਾ ਹੈ-
ਹੈ ਸਦਾਕਤ ਕੇ ਲੀਏ ਜਿਸ ਦਿਲ ਮੇਂ ਮਰਨੇ ਕੀ ਤੜਪ,
ਪਹਿਲੇ ਅਪਨੇ ਪੈਕਰੇ ਖਾਕੀ ਮੇਂ ਜਾਨ ਪੈਦਾ ਕਰੇ।
ਅੰਗਰੇਜ਼ ਕਵੀ Henry Wadsworth Longfellow ਲਿਖਦਾ ਹੈ:-
Lives of great men all remind us
We can make our lives sublime,
And, departing, leave behind us
Footprints on the sands of time;
ਸਰੈਣ:- ਬਹੁਤ ਖੁਬ।
ਪੱਤਰਕਾਰ:- ਉਦੋਂ ਮੈਂ ਤੁਹਾਡੀ ਗੱਲ ਬਹੁਤੀ ਨਹੀਂ ਸੁਣ ਸਕਿਆ ਸੀ। ਅੱਜ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਸੀ?
ਸਰੈਣ:- ਗੱਲ ਮੇਰੀ ਇਕੱਲੇ ਦੀ ਨਹੀਂ। ਸਾਡੇ ਵਿੱਚੋਂ ਕਈਆਂ ਦੀ ਏ। ਮੇਰੀ ਗੱਲ ਜ਼ਿਆਦਾ ਬੁੱਢੇ ਸੀਨੀਅਰ ਸਿਟੀਜ਼ਨਾਂ ਦੀਆਂ ਤਕਲੀਫਾਂ ਤੇ ਕੇਂਦਰਤ ਸੀ। ਵੈਸੇ ਮੈਂ ਤੁਹਾਡੇ ਮੂਹਰੇ ਆਪਣੇ ਦੁੱਖੜੇ ਰੋ ਰਿਹਾ ਸੀ।
ਪੱਤਰਕਾਰ:- ਕੀ ਤੁਸੀਂ ਸਿਡਨੀ ਵਿੱਚ ਪੱਕੇ ਨਹੀਂ ਹੋ?
ਸਰੈਣ:- ਜੇ ਇੰਝ ਹੁੰਦਾ ਤਾਂ ਮੈਨੂੰ ਸਰਕਾਰ ਦਾ ਸਿਆਪਾ ਕਰਨ ਦੀ ਕੀ ਜ਼ਰੂਰਤ ਏ? ਮੈਂ ਛੇ ਮਹੀਨੇ ਪੰਜਾਬ ਵਿੱਚ ਗੁਜ਼ਾਰਦਾ ਹਾਂ ਤੇ ਛੇ ਮਹੀਨੇ ਇੱਥੇ ਸਿਡਨੀ ਵਿੱਚ।
ਪੱਤਰਕਾਰ:- ਇੰਝ ਕਿਓਂ?
ਸਰੈਣ:- ਹੈਰਾਨ ਹਾਂ ਕਿ ਤੁਸੀਂ ਪੜ੍ਹੇ ਲਿਖੇ ਤੇ ਪੱਤਰਕਾਰ ਹੋ ਕੇ ਵੀ ਸਾਡੀਆਂ ਇਹ ਮੁਸ਼ਕਲਾਂ ਨਹੀਂ ਜਾਣਦੇ। ਛੇ ਮਹੀਨੇ ਬਾਅਦ ਸਾਨੂੰ ਸਿਡਨੀ ਛੱਡਣੀ ਹੀ ਪੈਂਦੀ ਏ। ਇਸ ਪ੍ਰਕਾਰ ਬਹੁਤ ਸਾਰੇ ਸੀਨੀਅਰਜ਼ ਸਰੀ, ਟੋਰੌਂਟੋ ਤੇ ਬਰੈਂਪਟਨ ਛੱਡਦੇ ਹਨ।
ਪੱਤਰਕਾਰ:- ਕੀ ਲੜਕੀ ਪਾਸ ਮੁਕਤਸਰ ਨਹੀਂ ਰਹਿ ਸਕਦੇ?
ਸਰੈਣ:- ਲੜਕੀ ਦੇ ਘਰ ਇੱਕ ਬੁੱਢਾ ਪਿਓ ਕਿੰਨਾ ਕੁ ਚਿਰ ਰਹਿ ਸਕਦਾ ਏ? ਸਿੱਖੀ ਸੰਸਕਾਰਾਂ ਅਨੁਸਾਰ ਤਾਂ ਲੜਕੀ ਦੇ ਘਰ ਮਾਪਿਆਂ ਨੂੰ ਰਹਿਣਾ ਹੀ ਨਹੀਂ ਚਾਹੀਦਾ।
ਪੱਤਰਕਾਰ:- ਕੀ ਲੜਕੀ ਦਾ ਪਰਿਵਾਰ ਸਾਂਝਾ ਪਰਿਵਾਰ ਹੈ ਜਾਂ ਅਕਹਿਰਾ?
ਸਰੈਣ:- ਹੈ ਤਾਂ ਸਿੰਗਲ ਪਰਿਵਾਰ ਹੀ, ਫਿਰ ਵੀ ਬੰਦਾ ਉੱਥੇ ਲੰਮਾ ਸਮਾਂ ਨਹੀਂ ਰਹਿ ਸਕਦਾ। ਜਵਾਈ ਖੇਤੀ ਕਰਦਾ ਏ। ਬੱਚੇ ਦੋ ਹਨ। ਲੜਕਾ ਯੂਨੀਵਰਸਿਟੀ ਵਿੱਚ ਐਮ. ਓੇ ਕਰਦਾ ਏ। ਲੜਕੀ ਸਰਕਾਰੀ ਕਾਲਜ ਵਿੱਚ ਬੀ. ਐਸ. ਸੀ. ਕਰਦੀ ਏ।
ਪੱਤਰਕਾਰ:- ਫਿਰ ਪੰਜਾਬ ਵਿੱਚ ਜ਼ਿਆਦਾ ਸਮਾਂ ਕਿਵੇਂ ਬਿਤਾਉਂਦੇ ਹੋ?
ਸਰੈਣ: ਦੋ ਗੁਰਦੁਆਰਿਆਂ ਵਿੱਚ।
ਪੱਤਰਕਾਰ:- ਉਹ ਗੁਰੂਘਰ ਕਿਹੜੇ ਕਿਹੜੇ ਹਨ?
ਸਰੈਣ:- ਆਨੰਦਪੁਰ ਸਾਹਿਬ ਤੇ ਮੇਰੇ ਪਿੰਡ ਦਾ ਗੁਰੂਘਰ। ਗੁਰਬਾਣੀ ਦਾ ਪਰਵਾਹ ਚੱਲਦਾ ਰਹਿੰਦਾ ਏ। ਸੰਗੀ ਸਾਥੀ ਵੀ ਬਹੁਤ ਹਨ। ਕਦੀ ਕਦੀ ਧਾਰਮਿਕ ਕਵਿਤਾਵਾਂ ਵੀ ਬੋਲ ਦਿੰਦਾ ਹਾਂ। ਸਮਾ ਬੜਾ ਵਧੀਆ ਗੁਜ਼ਰਦਾ ਏ।
ਪੱਤਰਕਾਰ:- ਪਿੰਡ ਕਿੱਥੇ ਏ।
ਸਰੈਣ:- ਮੇਰਾ ਪਿਛਲਾ ਪਿੰਡ ਉੱਥੇ ਸੀ ਜਿੱਥੇ ਚੰਡੀਗੜ੍ਹ ਦਾ ਪੀ. ਜੀ. ਆਈ ਹਸਪਤਾਲ ਏ। ਪਿੰਡ ਦਾ ਨਾਮ ਸ਼ਹਿਜਾਦ ਪੁਰਾ ਹੁੰਦਾ ਸੀ।
ਪੱਤਰਕਾਰ:- ਇਹ ਤਾਂ ਤੁਸੀਂ ਬਹੁਤ ਪੁਰਾਣੀਆਂ ਗੱਲਾਂ ਕਰਨ ਲੱਗ ਪਏ ਹੋ।
ਸਰੈਣ:- ਹਾਂ, ਸੱਤਰ ਕੁ ਸਾਲ ਪੁਰਾਣੀਆਂ ਹਨ। 1952 ਵਿੱਚ 28 ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਸੀ। ਸਭ ਤੋਂ ਪਹਿਲਾਂ ਨਗਲਾ ਪਿੰਡ ਉੱਜੜਿਆ ਸੀ। ਇਹ ਹੁਣ ਦੇ 19 ਸੈਕਟਰ ਵਾਲ਼ੀ ਥਾਂ ਤੇ ਸੀ। ਸਾਡੇ ਪਿੰਡ ਨੂੰ ਉਜਾੜ ਕੇ ਪੰਚਕੂਲਾ ਤੇ ਮਨੀਮਾਜਰਾ ਵਸਾਏ ਗਏ ਸਨ। ਸਰਕਾਰ ਨੇ ਜ਼ਮੀਨਾਂ ਭੰਗ ਦੇ ਭਾੜੇ ਅਕਵਾਇਰ ਕਰ ਲਈਆਂ ਸਨ। ਸ਼ਾਮਲਾਟਾਂ ਮੁਫਤ ਵਿੱਚ ਹੀ ਹੜੱਪ ਲਈਆਂ ਸਨ। ਪਹਿਆਂ ਤੇ ਖੂਹਾਂ ਦਾ ਕੋਈ ਪੈਸਾ ਨਹੀਂ ਦਿੱਤਾ ਸੀ।
ਪੱਤਰਕਾਰ:- ਅੱਛਾ! ਕਮਾਲ ਹੋ ਗਈ।
ਸਰੈਣ:- ਮੈਂ ਉਨ੍ਹਾਂ ਸਮਿਆਂ ਵਿੱਚ ਫੌਜ ਵਿੱਚ ਭਰਤੀ ਹੋ ਗਿਆ ਸਾਂ। 1966 ਵਿੱਚ ਪੰਜਾਬ ਦੀ ਵੰਡ ਵੇਲ਼ੇ ਸਾਡਾ ਦੁਆਰਾ ਉਜਾੜਾ ਹੋਇਆ। ਸਾਨੂੰ ਇਹ ਕਹਿ ਕੇ ਉਜਾੜ ਦਿੱਤਾ ਗਿਆ ਕਿ ਸਾਡਾ ਪਿੰਡ ਹਰਿਆਣੇ ਵਿੱਚ ਆ ਗਿਆ ਹੈ। ਫਿਰ ਸਾਨੂੰ ਨਵੇਂ ਬਚੇ ਪੰਜਾਬ ਵਿੱਚ ਦੋਹਾਂ ਸੂਬਿਆਂ ਦੀ ਸੀਮਾ ਨਾਲ਼ ਅਲਾਟਮੈਂਟ ਹੋਈ। 14 ਸੈਕਟਰ ਯੂਨੀਵਰਸਿਟੀ ਵਾਲ਼ੀ ਥਾਂ ਤੇ ਕਾਂਜੀ ਮਾਜਰਾ ਹੁੰਦਾ ਸੀ। ਇਸਦੇ ਸਿਰਫ 20 ਕੁ ਕੱਚੇ ਜਿਹੇ ਘਰ ਸਨ। ਸੁਖਨਾ ਲੇਕ ਦੀ ਥਾਂ ਤੇ ਵਰਿਆਮੇ ਦਾ ਛੱਪੜ ਹੁੰਦਾ ਸੀ।
ਪੱਤਰਕਾਰ:- ਬਾਈ ਜੀ, ਤੁਸੀਂ ਤਾਂ ਸਾਰੇ ਇਲਾਕੇ ਬਾਰੇ ਦੱਸਣ ਲੱਗ ਪਏ ਹੋ। ਇਹ ਗੱਲਾਂ ਛੱਡੋ। ਆਪਣੀਆਂ ਮੁਸ਼ਕਲਾਂ ਤੇ ਹੀ ਚਾਨਣਾ ਪਾਓ।
ਸਰੈਣ:- ਮੈਂ ਤਾਂ ਲੰਬਾ ਸਮਾਂ ਕਸ਼ਮੀਰ ਵਿੱਚ ਹੀ ਤਾਇਨਾਤ ਰਿਹਾ। ਫੌਜੀ ਹੂੰਦੇ ਹੋਏ ਦੋ ਲੜਾਈਆਂ ਵਿੱਚ ਹਿੱਸਾ ਲਿਆ। ਜ਼ਿਆਦਾ ਠੰਢ ਵਿੱਚ ਰਹਿਣ ਕਰਕੇ ਦੋ ਤਿੰਨ ਵਾਰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਹਿਲਾਂ ਉੱਜੜਦੇ ਪੁਜੜਦੇ ਰਹੇ। ਪਰਿਵਾਰ ਨੇ ਸੰਨ 47 ਵਿੱਚ ਲੁੱਟਾਂ ਖੋਹਾਂ ਦਾ ਸਾਹਮਣਾ ਕੀਤਾ, ਸੰਨ 52 ਵਿੱਚ ਘਰ ਬਾਰ ਜ਼ਮੀਨ ਖਤਮ। ਮਨੀਮਾਜਰੇ ਘੱਟ ਅਲਾਟਮੈਂਟ ਹੋਈ, ਕੁਆਟਰ ਲਈ ਥੋੜ੍ਹਾ ਥਾਂ ਮਿਲਿਆ। 1966 ਵਿੱਚ ਉਹ ਵੀ ਜਾਂਦਾ ਲੱਗਾ ਕਿਉਂਕਿ ਸਾਨੂੰ ਹਰਿਆਣੇ ਵੱਲ ਦੇ ਪਾਸੇ ਤੋਂ ਉਜਾੜ ਕੇ ਪੰਜਾਬ ਵਿੱਚ ਨੂੰ ਲਿਆ ਕੇ ਦੁਆਰਾ ਅਲਾਟਮੈਂਟ ਹੋਈ। ਹੁਣ ਪੰਜਾਬ ਤੇ ਸਿਡਨੀ ਵਿਚਕਾਰ ਉਡਨਖਟੋਲਾ ਬਣਿਆ ਰਹਿੰਦਾ ਹਾਂ। ਸਰਕਾਰਾਂ ਸੀਨੀਅਰਜ਼ ਦੇ ਜ਼ਖਮਾਂ ਤੇ ਲੂਣ ਛਿੜਕਦੀਆਂ ਰਹਿੰਦੀਆਂ ਹਨ। ਜਿਹਨੇ ਦੇਸ਼ ਲਈ ਅਨੇਕਾਂ ਤਕਲੀਫਾਂ ਝੱਲੀਆਂ ਹੋਣ ਉਹਨੂੰ ਕਿਤੇ ਤਾਂ ਟਿਕ ਕੇ ਬੈਠ ਲੈਣ ਦਿਓ। ਆਸਟਰੇਲੀਆ ਅਤੇ ਕੈਨੇਡਾ ਜਿਹੇ ਦੇਸ਼ਾਂ ਨੂੰ ਚਾਹੀਦਾ ਹੈ ਕਿ 75 ਸਾਲ ਤੋਂ ਵੱਧ ਉਮਰ ਵਾਲ਼ੇ ਸਭ ਸਿਟੀਜਨਜ਼ ਨੂੰ ਪੱਕੇ ਕਰ ਦੇਣ ਤਾਂ ਕਿ ਉਹ ਆਪਣੇ ਰਹਿੰਦੇ ਚਾਰ ਦਿਨ ਕਿਤੇ ਟਿਕ ਕੇ ਬੈਠ ਕੇ ਕੱਟ ਲੈਣ। ਉਨ੍ਹਾਂ ਦੇ ਬੱਚੇ ਇਨ੍ਹਾਂ ਦੇਸ਼ਾਂ ਲਈ ਅੰਤਾਂ ਦਾ ਕੰਮ ਕਰ ਰਹੇ ਹਨ ਤੇ ਟੈਕਸ ਦਿੰਦੇ ਹਨ।ਜੇ ਇਹ ਦੇਸ਼ ਚੰਦ ਕੁ ਸਾਲ ਇਨ੍ਹਾਂ ਨੂੰ ਸਭ ਸਹੂਲਤਾਂ ਤੇ ਪੈਨਸ਼ਨ ਦੇ ਦੇਣ ਤਾਂ ਇਨ੍ਹਾਂ ਦੇਸ਼ਾਂ ਦੀ ਸੋਭਾ ਹੋਊ।
ਪੱਤਰਕਾਰ:- ਬਾਈ ਜੀ, ਸਿਡਨੀ ਕਿੱਥੇ ਰਹਿੰਦੇ ਹੋ?
ਸਰੈਣ:- ਕੈਲੀਵੇਲ ਰਿਜ।
ਪੱਤਰਕਾਰ:- ਫਿਰ ਤਾਂ ਗਲੈਨਵੁੱਡ ਗੁਰੂਘਰ ਦੇ ਨੇੜੇ ਹੀ ਹੋ।
ਸਰੈਣ:- ਜੀ ਹਾਂ। ਮੈਂ ਹਰ ਵੀਕਐਂਡ ਤੇ ਗੁਰੂਘਰ ਜਾਂਦਾ ਹੀ ਹਾਂ।
ਪੱਤਰਕਾਰ:- ਅੱਛੀ ਖਾਸੀ ਪੈਨਸ਼ਨ ਭਾਰਤ ਵਿੱਚ ਤਾਂ ਲੈਂਦੇ ਹੀ ਹੋਵੋਗੇ? ਕੁਝ ਨਾ ਕੁਝ ਜ਼ਮੀਨ ਵੀ ਹੋਊ?
ਸਰੈਣ:- ਜ਼ਮੀਨ ਅਤੇ ਘਰ ਉਜਾੜੇ ਦੀ ਵਾਰਤਾ ਮੈਂ ਤੁਹਾਨੂੰ ਸੁਣਾ ਹੀ ਦਿੱਤੀ। ਛੋਟਾ ਜਿਹਾ ਘਰ ਹੈ। ਜ਼ਮੀਨ ਸੀ ਥੋੜ੍ਹੀ ਜਿਹੀ। ਪਹਿਲਾਂ ਹੀ ਵੇਚ ਕੇ ਬੱਚਿਆਂ ਦੀ ਪੜ੍ਹਾਈ ਅਤੇ ਵਿਆਹਾਂ ਤੇ ਲਗਾ ਦਿੱਤੀ ਸੀ। ਪੈਨਸ਼ਨ ਨਾਲ਼ ਬਿਮਾਰੀਆਂ ਦਾ ਮੁਕਾਬਲਾ ਕਰਾਂ ਜਾਂ ਹਵਾਈ ਖਰਚ ਝੱਲਾਂ। ਤੁਸੀਂ ਸੋਚੋ ਇੱਕ 83 ਸਾਲ ਦਾ ਬੁੱਢਾ ਬੰਦਾ ਦਿਲ ਵਿੱਚ ਪੇਸ ਮੇਕਰ ਪਾਏ ਹੋਏ ਹਰ ਛੇ ਮਹੀਨੇ ਬਾਅਦ ਇੱਕ ਅੰਤਰ ਰਾਸ਼ਟਰੀ ਸਫਰ ਕਰੇ ਤੇ ਨਾਲ ਤਿੰਨ ਲੱਖ ਖਰਚ ਕਰੇ। ਕੀ ਇਹ ਸੌਖਾ ਕੰਮ ਏ? ਵੱਡਾ ਮਸਲਾ, ਇੱਧਰ ਵੀ ਇਕਾਂਤ ਤੇ ਓਧਰ ਵੀ ਇਕਾਂਤ। ਸਾਡੇ ਜਿਹਿਆਂ ਨੂੰ ਔਲਾਦ ਸੀਮਿਤ ਸਮਾਂ ਹੀ ਦਿੰਦੀ ਏ। ਨਹੁੰਆਂ ਕਦੀ ਧੀਆਂ ਨਹੀਂ ਬਣਦੀਆਂ ਹੁੰਦੀਆਂ। ਪੋਤੇ ਪੋਤੀਆਂ ਨੂੰ ਵੀ ਸਾਥੋਂ ਦੂਰ ਹੀ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਕਹਿਣਗੀਆਂ, ਬੁਢਾ ਘਰੋੜ ਘਰੋੜ ਕੇ ਅੰਗਰੇਜ਼ੀ ਬੋਲਦਾ ਏ, ਕਿਤੇ ਸਾਡੇ ਬੱਚਿਆਂ ਦੇ ਬੋਲਣ ਦਾ ਲਹਿਜਾ ਹੀ ਨਾ ਵਿਗਾੜ ਦੇਵੇ।
ਪੱਤਰਕਾਰ:- ਕੀ ਇੰਝ ਤੁਹਾਡੇ ਨਾਲ ਹੁੰਦਾ ਏ ਜਾਂ ਤੁਸੀਂ ਲੋਕਾਂ ਦੀਆਂ ਗੱਲਾਂ ਕਰ ਰਹੇ ਹੋ?
ਸਰੈਣ:- ਸਾਡੇ ਚੋਂ ਕਈਆਂ ਨਾਲ਼ ਇੰਝ ਹੁੰਦਾ ਏ। ਮਨੁੱਖੀ ਰਿਸ਼ਤੇ ਦੋ ਦੂਣੀ ਚਾਰ ਨਹੀਂ ਹੁੰਦੇ। ਅੱਜ ਕਿਸੇ ਨਾਲ ਹੁੰਦਾ ਏ, ਕੱਲ ਨੂੰ ਮੇਰੇ ਨਾਲ਼ ਵੀ ਹੋ ਸਕਦਾ ਏ। ਗੁਰੂਘਰ ਵਿੱਚ ਕੁਝ ਸਨੇਹੀ ਜਰੂਰ ਬਣ ਜਾਂਦੇ ਹਨ ਪਰ ਉਹ ਸਭ ਕੁਝ ਨਹੀਂ ਹੁੰਦੇ। ਸਿਡਨੀ ਵਿੱਚ ਆ ਕੇ ਤੋਰਾ ਫੇਰਾ ਅਤਿਅੰਤ ਔਖਾ ਹੋ ਜਾਂਦਾ ਏ। ਬੱਸਾਂ ਦੇ ਰੂਟਾਂ ਦਾ ਕੁਝ ਪਤਾ ਨਹੀਂ ਲਗਦਾ। ਬੋਲੀ ਦਾ ਮਸਲਾ ਏ। ਸੀਨੀਅਰਜ਼ ਦੀ ਸੱਥ ਤੱਕ ਪਹੁੰਚਣਾ ਵੀ ਇੱਕ ਬਿਰਧ ਲਈ ਬੜਾ ਔਖਾ ਹੋ ਜਾਂਦਾ ਏ। ਜਦ ਦਿੱਲੀ ਏਅਰਪੋਰਟ ਤੇ ਉੱਤਰਦਾ ਹਾਂ ਤਾਂ ਇਸ ਬੁਢਾਪੇ ਵਿੱਚ ਪੰਜਾਬ ਦੀ ਬੱਸ ਫੜਦਾ ਹਾਂ। ਲੜਕੀ ਦਾ ਪਰਿਵਾਰ ਕਦੀ ਕਦੀ ਤਾਂ ਲੈਣ ਆ ਜਾਂਦਾ ਏ ਪਰ ਹਮੇਸ਼ਾ ਆਉਣ ਦੀ ਤਕਲੀਫ ਮੰਨਦਾ ਏ। ਇੱਧਰ ਤੇ ਓਧਰ ਦੋਹਾਂ ਪਰਿਵਾਰਾਂ ਨੂੰ ਖੁਸ਼ ਰੱਖਣ ਲਈ ਬੱਚਿਆਂ ਨੂੰ ਬਣਦੇ ਸਰਦੇ ਤੋਹਫੇ ਦੇ ਦਿੰਦਾ ਹਾਂ। ਸਿਰਫ ਫੌਜ ਦੀ ਪੈਨਸ਼ਨ ਏ, ਹੋਰ ਮੇਰੇ ਪਾਸ ਕੁਝ ਨਹੀਂ ਏ। ਕਿਸੇ ਨਾਲ਼ ਦਿਲੋਂ ਆਪਣਾ ਦੁੱਖ ਸਾਂਝਾ ਨਹੀਂ ਕਰ ਸਕਦਾ। ਮੈਨੂੰ ਸਮਝ ਨਹੀਂ ਆਉਂਦਾ ਸਾਡੇ ਜਿਹੇ ਚੰਦ ਕੁ ਬਜ਼ੁਰਗਾਂ ਦਾ ਸਰਕਾਰਾਂ ਤੇ ਕੀ ਭਾਰ ਪੈ ਜਾਊ? ਜੇ ਪੱਕੇ ਨਹੀਂ ਵੀ ਕਰਨਾ ਤਾਂ ਘੱਟ ਤੋਂ ਘੱਟ ਬਿਨਾਂ ਬੁਢਾਪਾ ਪੈਨਸ਼ਨ ਦਿੱਤੇ ਇੱਕ ਥਾਂ ਤੇ ਟਿਕ ਤਾਂ ਲੈਣ ਦੇਣ। ਸਾਡੀ ਹੋਰ ਜ਼ਿੰਦਗੀ ਵੀ ਕਿੰਨੀ ਕੁ ਏ ਹੁਣ? ਨਦੀ ਕਿਨਾਰੇ ਰੁੱਖੜਾ! ਪੰਜਾਬ ਜਾਂਦਾ ਹਾਂ ਤਾਂ ਚਲੋ ਚੱਲ। ਕਦੀ ਮੁਕਤਸਰ ਤੇ ਕਦੀ ਭੈਣ ਦੇ ਪਿੰਡ ਬਠਿੰਡੇ। ਸਿਡਨੀ ਆਉਂਦਾ ਹਾਂ ਬਹੁਤਾ ਸਮਾਂ ਘਰ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਹਾਂ। ਸਿਡਨੀ ਵਿੱਚ ਨਾ ਕੋਈ ਸਾਨੂੰ ਕਿਤੇ ਲਿਜਾਣ ਦਾ ਸਮਾਂ ਕੱਢਦਾ ਏ ਤੇ ਨਾ ਹੀ ਇਨ੍ਹਾਂ ਪਾਸ ਸਾਡੇ ਕੋਲ਼ ਬੈਠਣ ਦਾ ਸਮਾਂ ਹੈ। ਅਸੀਂ ਬੱਚਿਆਂ ਪਾਸ ਬੈਠਣਾ ਚਾਹੁੰਦੇ ਹਾਂ ਉਹ ਸਾਡੇ ਤੋਂ ਦੂਰ ਨੂੰ ਦੌੜਦੇ ਹਨ। ਜੇ ਪੱਕਾ ਹੋਵਾਂ ਤਾਂ ਸਫਰ ਦਾ ਖਰਚਾ ਘਟ ਸਕਦਾ ਏ।
ਪੱਤਰਕਾਰ:- ਬਾਈ ਜੀ, ਗੱਲਾਂ ਤੁਹਾਡੀਆਂ ਠੀਕ ਹਨ। ਅਸੀਂ ਤਾਂ ਤੁਹਾਡੀ ਆਵਾਜ਼ ਲੋਕਾਂ ਮੂਹਰੇ ਰੱਖ ਸਕਦੇ ਹਾਂ, ਕਰ ਕੁਝ ਨਹੀਂ ਸਕਦੇ।
(ਦਰਸ਼ਕਾਂ ਵਿੱਚੋਂ ਇੱਕ ਵਿਅਕਤੀ ਹੱਥ ਖੜ੍ਹਾ ਕਰ ਦਿੰਦਾ ਏ)
ਦੱਸੋ ਜੀ ਕੀ ਮਸਲਾ ਏ?
(ਕਰਮ ਸਿੰਘ ਖੜ੍ਹਾ ਹੋ ਜਾਂਦਾ ਹੈ। ਪੱਤਰਕਾਰ ਚਲਾ ਜਾਂਦਾ ਹੈ)
ਕਰਮ ਸਿੰਘ (ਸਰੈਣ ਸਿੰਘ ਨੂੰ):- ਅਸੀਂ ਕਈ ਤੁਹਾਡੇ ਜਿਹੇ ਹੀ ਹਾਂ। ਮੈਂ ਹੁਣ 80 ਸਾਲ ਦਾ ਹਾਂ। ਸਿਡਨੀ ਆਉਂਦਾ ਹਾਂ ਤਾਂ ਨੂੰਹ ਖਾਣ ਨੂੰ ਪੈਂਦੀ ਏ ਸਾਨੂੰ ਦੋਹਾਂ ਨੂੰ। ਅਸੀਂ ਆਪਣੀ ਰੋਟੀ ਆਪ ਬਣਾਉਂਦੇ ਹਾਂ। ਮੇਰੀ ਘਰਵਾਲ਼ੀ ਬਿਮਾਰ ਵੀ ਰਹਿੰਦੀ ਏ। ਫਿਰ ਵੀ ਆਪਣੀ ਰੋਟੀ ਆਪ ਬਣਾਉਂਦੀ ਏ। ਉਮਰ ਓਹਦੀ ਵੀ 78 ਸਾਲ ਏ। ਮੈਂ ਫੌਜ ਵਿੱਚੋਂ ਰਿਟਾਇਰ ਹੋ ਕੇ ਸੈਨਿਕ ਸਕੂਲ ਕਪੂਰਥਲੇ ਦਫਤਰ ਸੁਪਰਡੰਟ ਲਗ ਗਿਆ ਸਾਂ। ਫਿਰ ਉੱਥੋਂ ਵੀ ਸੇਵਾ ਮੁਕਤ ਹੋ ਗਿਆ। ਇੱਥੇ ਸਿਡਨੀ ਰਹਿੰਦਾ ਮੁੰਡਾ ਸਾਡਾ ਇਕਲੌਤਾ ਪੁੱਤ ਹੀ ਏ। ਪੜ੍ਹਨ ਲਈ ਇੱਥੇ ਭੇਜ ਦਿੱਤਾ ਸੀ। ਚਾਰ ਕੁ ਸਾਲ ਬਾਅਦ ਇੱਥੋਂ ਉਹ ਦੋ ਬਣਕੇ ਪੰਜਾਬ ਆ ਗਿਆ। ਜਿਵੇਂ ਰਾਜੀ ਸਨ ਅਸੀਂ ਵਿਆਹ ਦਿੱਤੇ। ਸਾਨੂੰ ਕਹਿਦਾ, 'ਟਰੱਕ ਲੈਣਾ ਏ, ਪੇਸੇ ਦਿਓ, ਤੁਹਾਨੂੰ ਵੀ ਨਾਲ਼ ਹੀ ਲੈ ਜਾਵਾਂਗੇ।' ਅਸੀਂ ਯਕੀਨ ਕਰਕੇ ਦੋ ਖੇਤ ਵੇਚ ਕੇ ਅੱਛੇ ਖਾਸੇ ਪੈਸੇ ਦੇ ਦਿੱਤੇ। ਸਾਨੂੰ ਆਪਣੇ ਨਾਲ਼ ਤਾਂ ਲੈ ਆਏ ਪਰ ਇੱਥੇ ਆ ਕੇ ਰੋਜ਼ ਕਾਟੋ ਕਲੇਸ਼ ਸ਼ੁਰੂ ਹੋ ਗਿਆ। ਨੂੰਹ ਵਢੂੰ ਖਾਊਂ ਕਰੀ ਜਾਂਦੀ ਏ। ਅਸੀਂ ਵਾਪਸ ਜਾ ਰਹੇ ਹਾਂ। ਬਾਹਰਲਾ ਦੇਸ਼ ਕਾਹਦਾ ਲੱਭਿਆ ਮੁੰਡਾ ਵੀ ਗੁਆ ਲਿਆ। ਸਵਰਗ ਵਿੱਚ ਨੌਕਰ ਹੋਣ ਨਾਲ਼ੋਂ ਨਰਕ ਦਾ ਰਾਜਾ ਹੋਣਾ ਬਿਹਤਰ ਹੁੰਦਾ ਏ। ਸਿਡਨੀ ਉਨ੍ਹਾਂ ਲਈ ਸਵਰਗ ਏ, ਸਾਡੇ ਲਈ ਨਰਕ ਏ। ਪੰਜਾਬੋਂ ਤਦ ਇੱਧਰ ਨੂੰ ਆਵਾਂਗੇ ਜਦ ਸਰਕਾਰ ਕੋਈ ਪੱਕਾ ਠਿਕਾਣਾ ਦੇਊ।
(ਸਟੇਜ ਤੇ ਪੱਤਰਕਾਰ ਤੇ ਸਰੈਣ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ ਕਿ ਅਮਲੀ ਐਕਟਿੰਗ ਕਰਦਾ ਹੋਇਆ ਦੋਹਾਂ ਨੂੰ ਡਿਸਟਰਬ ਕਰਕੇ ਐਂਟਰੀ ਕਰਦਾ ਹੈ। (ਅਮਲੀ ਦੇ ਕਮੀਜ ਦਾ ਅਗਲਾ ਪਾਸਾ ਪਜਾਮੇਂ ਵਿੱਚ ਟੰਗਿਆ ਹੋਇਆ ਹੈ)
ਅਮਲੀ:- ਸਾਸਰੀ ਕਾਲ ਬਾਈਂ ਜੀ।
ਪੱਤਰਕਾਰ ਤੇ ਸਰੈਣ ਸਿੰਘ (ਇਕੱਠੇ ਬੋਲਦੇ ਹਨ):- ਸਤਿ ਸ੍ਰੀ ਅਕਾਲ ਅਮਲੀਆ, ਕਿੱਥੋਂ ਤੇ ਕਿਵੇਂ ਆਉਣਾ ਹੋਇਆ?
ਅਮਲੀ:- ਸ਼ਹਿਰੋਂ ਸੌਦਾ ਪੱਤਾ ਲੈ ਕੇ ਆਇਆਂ।ਨਾਲ਼ੇ ਨਸ਼ਾ ਛੁਡਾਊ ਡਾਕਟਰ ਨੂੰ ਮਿਲਕੇ ਅਇਆਂ।
ਸਰੈਣ:- ਕੀ ਕਹਿੰਦਾ ਡਾਕਟਰ?
ਅਮਲੀ:- ਡਾਕਟਰ ਕਹਿੰਦਾ ਤੂੰ ਨਸ਼ਾ ਛੱਡਦੇ, ਮੈਂ ਕਿਹਾ ਤੂੰ ਫੀਸ ਲੈਣੀ ਛੱਡ ਦੇ ਮੈਂ ਨਸ਼ਾ ਛੱਡ ਦੂੰ।
ਪੱਤਰਕਾਰ:- ਫਿਰ?
ਅਮਲੀ:- ਫਿਰ? ਫਿਰ ਮੈਂ ਜਿੰਮ ਚਲਿਆ ਗਿਆ। ਜਿੰਮ ਮੇਰਾ ਸਰੀਰ ਦੇਖ ਕੇ ਕਹਿਣ ਲੱਗਾ ਤੂੰ ਘਰੇ ਹੀ ਰਹੇਂ ਤਾਂ ਚੰਗਾ। ਫਿਰ ਮੈਂ ਬੈਂਕ ਚਲਾ ਗਿਆ ਲੋਨ ਲੈਣ। ਮੈਨੇਜਰ ਮੇਰੀ ਸ਼ਕਲ ਦੇਖ ਕੇ ਕਹਿੰਦਾ, ਲੋਕ ਲੋਨ ਲੈਣ ਤੋਂ ਬਾਅਦ ਝੱਗਾ ਚੁੱਕਦੇ ਹਨ ਤੂੰ ਤਾਂ ਪਹਿਲਾਂ ਹੀ ਚੁੱਕੀ ਫਿਰਦਾਂ।
ਸਰੈਣ:- ਚੱਲ ਦਫਾ ਹੋ! ਹੁਣ ਅਸੀਂ ਗੱਲਾਂ ਕਰਨੀਆਂ ਨੇ, ਦੁੱਖ ਸੁੱਖ ਕਰਨੇ ਨੇ।
ਅਮਲੀ:- ਤੂੰ ਤਾਂ ਹਰ ਵੇਲ਼ੇ ਲਾਈਨ ਤੇ ਹੀ ਰਹਿਨੈ। ਤੂੰ ਦੁਖੀ ਘੱਟ, ਫੋਨ ਦਾ ਕਸਟਮਕੇਅਰ ਜ਼ਿਆਦਾ ਲਗਦੈਂ। ਸਰੈਣਿਆਂ ਤੂੰ ਕਿਓਂ ਮੌਤ ਨੂੰ ਛੜਾਂ ਮਾਰੀ ਜਾਨਾਂ। ਮਹੀਨੇ ਬਾਅਦ 50 ਹਜ਼ਾਰ ਫੌਜ ਦੀ ਪੈਨਸ਼ਨ ਡੁੱਕ ਲੈਨਾ, ਜ਼ਮੀਨ ਦਾ ਠੇਕਾ ਵੱਖਰਾ। ਤੂੰ ਛੜਾ ਛੜਾਕ ਬੱੰਦਾ ਹਰ ਵੇਲ਼ੇ ਰੀਂ ਰੀਂ ਕਰਦਾ ਰਹਿਨਾ ਤੇ ਲੋਕਾਂ ਨੂੰ ਵੀ ਭੜਕਾਈ ਜਾਨਾ। ਕਦੇ ਸਾਡੇ ਵਰਗਿਆਂ ਨੂੰ ਵੀ ਨਾਗਣੀ ਲੈਣ ਜੋਗੇ ਪੈਸੇ ਦੇ ਦਿਆ ਕਰ। ਸ਼ੁਕਰ ਕਰ ਸਰਕਾਰਾਂ ਦਾ, ਗੰਦੇ ਟੋਭਿਆਂ 'ਚ ਨਾਉਣ ਵਾਲ਼ੇ ਨੂੰ ਇੰਨੇ ਸੋਹਣੇ ਦੇਸ਼ ਦੀ ਸੈਰ ਕਰਵਾਤੀ! ਪਹਿਲਾਂ ਕਦੇ ਜਹਾਜ ਤੇ ਸਮੁੰਦਰ ਦੇਖਿਆ ਸੀ? ਪੰਜਾਬ 'ਚ ਤੇਰੇ ਵਰਗੇ ਬੁੜਿਆਂ ਦੇ ਸਾਰੇ ਪਾਸਿਓਂ ਧੱਕੇ ਹੀ ਪੈਂਦੇ ਨੇ, 60-65 ਸਾਲ ਤੋਂ ਨੀ ਟੱਪਦੇ। ਵਾਖਰੂ ਵਾਖਰੂ ਕਰਿਆ ਕਰੋ। ਰੱਬ ਦਾ ਸ਼ੁਕਰ ਨੀ ਕਰਦੇ, ਬੋਲਣ ਨੂੰ ਮਰਦੇ ਆ, ਭੂੰਜੇ ਮੂਤਣੇ। ਇੱਟ ਭੜਿੱਟ ਤਟ ਬਖੀਆਂ ਫਿੱਟ...... ਇੱਟ ਭੜਿੱਟ ਤਟ ਬਖੀਆਂ ਫਿੱਟ......!!
(ਇੰਨੇ ਨੂੰ ਸੱਥ ਵਿੱਚ ਬੈਠੀ ਇੱਕ ਇਸਤਰੀ ਹੱਥ ਖੜ੍ਹਾ ਕਰ ਦਿੰਦੀ ਏ।)
ਸਰੈਣ:- ਭੈਣ ਜੀ, ਕੀ ਕਹਿਣਾ ਚਾਹੋਗੇ?
ਪ੍ਰਕਾਸ਼ ਕੌਰ:- ਵੀਰ ਜੀ, ਮੇਰਾ ਨਾਮ ਪ੍ਰਕਾਸ਼ ਕੌਰ ਏ। ਮੇਰੀ ਗੱਲ ਧਿਆਨ ਨਾਲ਼ ਸੁਣੋ। ਇਨ੍ਹਾਂ ਦੇਸ਼ਾਂ ਵਿੱਚ ਤੇਰੇ ਮੇਰੇ ਜਿਹੇ ਕਈ ਦੁਖਿਆਰੇ ਹਨ। ਪਹਿਲੀ ਗੱਲ ਹੈ, ਇਕੱਠੇ ਹੋਵੋ। ਪੁਲ ਇਕੱਲੀ ਲੱਕੜੀ ਨਾਲ਼ ਨਹੀਂ ਬਣ ਸਕਦਾ। ਇੱਕ ਧਾਗੇ ਨਾਲ਼ ਕੱਪੜਾ ਨਹੀਂ ਬੁਣਿਆ ਜਾ ਸਕਦਾ। ਪੱਤਰਕਾਰ ਸਾਡਾ ਕੀ ਸੰਵਾਰ ਦੇਣਗੇ? ਬੜੀ ਹੱਦ ਖਬਰ ਛਾਪ ਦੇਣਗੇ, ਉਹ ਵੀ ਪੰਜਾਬੀ ਜਾਂ ਹਿੰਦੀ ਵਿੱਚ ਜਿਹਨੂੰ ਗੋਰੇ ਲੋਕ ਪੜ੍ਹਨਾ ਹੀ ਨਹੀਂ ਜਾਣਦੇ।
ਸਰੈਣ:- ਭੈਣ ਜੀ, ਤੁਹਾਡੇ ਕੋਲ ਕਿਹੜਾ ਜਾਦੂ ਦਾ ਡੰਡਾ ਏ ਜਿਹੜਾ ਸਾਡਾ ਮਸਲਾ ਹੱਲ ਕਰ ਦੇਊ?
(ਇੰਨੇ ਨੂੰ ਸਟੇਜ ਚਾਲਕ ਵੀ ਆ ਕੇ ਸਟੇਜ ਤੇ ਖੜ੍ਹ ਜਾਂਦਾ ਏ।)
ਪ੍ਰਕਾਸ਼ ਕੌਰ:- ਵੀਰ ਜੀ, ਕਾਹਲ਼ੇ ਨਾ ਪਓ। ਮਸਲੇ ਦੀ ਗੰਭੀਰਤਾ ਨੂੰ ਸਮਝੋ। ਗੁਰੂਘਰ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ਼ ਆਪਣੀ ਤਕਲੀਫ ਸਾਂਝੀ ਕਰੋ। ਉਨ੍ਹਾਂ ਰਾਹੀਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਓ। ਇਹ ਨੁਮਾਇੰਦੇ ਆਪਣੀ ਸਾਖ ਪਰਵਾਸ ਮੰਤਰੀ ਤੱਕ ਕਾਇਮ ਕਰਨ। ਸਰਕਾਰ ਜ਼ਿਆਦਾ ਬੁੱਢੇ ਸਿਟੀਜ਼ਨਾਂ ਵੱਲ ਧਿਆਨ ਦੇ ਵੀ ਸਕਦੀ ਏ। ਅੱਜ ਜਿਹੜੇ ਸਾਡੇ ਵਿੱਚ 60-65 ਸਾਲ ਦੇ ਹਨ ਉਨ੍ਹਾਂ ਦਾ ਸਰਕਾਰ ਨੇ ਕੁਝ ਨਹੀਂ ਕਰਨਾ। ਉਮਰ ਦੀ ਹੱਦ ਰੱਖੋ 70 ਸਾਲ ਤੋਂ ਉੱਪਰ। ਨਾਲ਼ੇ ਆਪਾਂ ਕਿਸੇ ਪ੍ਰਾਈਵੇਟ ਕੰਨਸਲਟੈਂਸੀ ਨਾਲ਼ ਵੀ ਨਾਤਾ ਕਇਮ ਕਰੀਏ। ਮੈਨੂੰ ਲਗਦਾ ਸਾਨੂੰ ਧਾਲੀਵਾਲ਼ ਕੰਨਸਲਟੈਂਸੀ ਠੀਕ ਰਹੂ। ਧਾਲੀਵਾਲ਼ ਸਾਹਿਬ ਲਾਲਚੀ ਨਹੀਂ ਹਨ। ਉਨ੍ਹਾਂ ਦੀ ਸੋਚ ਸਮਾਜ ਸੇਵੀ ਹੈ। ਮੈਨੂੰ ਪੂਰੀ ਆਸ ਏ ਕਿ ਗੁਰੂਘਰ ਦੇ ਨੁਮਾਇੰਦੇ ਤੇ ਧਾਲੀਵਾਲ਼ ਸਾਹਿਬ ਸਾਡੀਆਂ ਤਕਲੀਫਾਂ ਘਟਾਉਣ ਵਿੱਚ ਚੋਖਾ ਯੋਗਦਾਨ ਪਾ ਸਕਦੇ ਹਨ।
ਸਟੇਜ ਚਾਲਕ:- ਸਰੈਣ ਸਿਹਾਂ, ਪ੍ਰਕਾਸ਼ ਕੌਰ ਠੀਕ ਕਹਿੰਦੀ ਏ।
(ਪਰਦਾ ਗਿਰਦਾ ਏ)
(ਪਰਦੇ ਦੇ ਪਿੱਛਿਓਂ ਸਟੇਜ ਚਾਲਕ ਦੀ ਆਵਾਜ਼ ਆਉਂਦੀ ਏ)
ਸਟੇਜ ਚਾਲਕ:- ਵੀਰੋ ਤੇ ਭੈਣੋ, ਮੈਂ ਦੋ ਤਿੰਨ ਦਿਨ ਬਾਅਦ ਧਾਲੀਵਾਲ਼ ਕੰਨਸਲਟੈਂਸੀ ਵਾਲ਼ੇ ਧਰਮਜੀਤ ਨੂੰ ਮਿਲਿਆ ਸੀ। ਉਹ ਕਹਿਣ ਲੱਗਾ - ਭਾਅ ਜੀ, ਤੁਸੀਂ ਸਰੈਣ ਸਿੰਘ ਨੂੰ ਸਾਡੇ ਪਾਸ ਭੇਜਿਆ ਸੀ। ਆਪਣਾ ਰੋਣਾ ਰੋਂਦੇ ਨੇ ਉਸਨੇ ਤਾਂ ਇੱਥੋਂ ਤੱਕ ਵੀ ਪੁੱਛ ਲਿਆ ਕਿ ਬੰਦੇ ਦੇ ਸਿਡਨੀ ਵਿੱਚ ਮਰਨ ਸਮੇਂ ਦਾਹ ਸੰਸਕਾਰ ਤੇ ਕਿੰਨਾ ਕੁ ਖਰਚਾ ਆਉਂਦਾ ਏ। ਕਹਿੰਦਾ, ਜੇ ਮੈਂ ਇੱਥੇ ਪੂਰਾ ਹੋ ਗਿਆ ਤਾਂ ਮੇਰੇ ਲੜਕੇ ਨੇ ਤਾਂ ਮੇਰੇ ੳੇੱਤੇ ਖੁੱਲ੍ਹਾ ਖਰਚਾ ਵੀ ਨਹੀਂ ਕਰਨਾ। ਜੇ ਉਹ ਦਸ ਹਜ਼ਾਰ ਡਾਲਰ ਲਾਊ ਤਾਂ ਤਕਰੀਬਨ ਛੇ ਲੱਖ ਰੁਪਏ ਬਣ ਜਾਂਦੇ ਹਨ। ਇੱਥੇ ਔਲਾਦ ਜਰਬਾਂ ਤਕਸੀਆਂ ਵਿੱਚ ਪਈ ਹੀ ਰਹਿੰਦੀ ਏ। ਫਿਰ ਕਹਿੰਦਾ, ਜੇ ਮੈਂ ਪੰਜਾਬ ਵਿੱਚ ਮਰਾਂ ਤਾਂ ਘੱਟ ਖਰਚੇ ਨਾਲ਼ ਵੱਡਾ ਇਕੱਠ ਹੋ ਜਾਊ। ਦੋ ਕੁ ਲੱਖ ਰੁਪਏ ਨਾਲ਼ ਹੀ ਸਰ ਜਾਊ। ਸਿਡਨੀ ਵਿੱਚ ਤਾਂ ਮਰੇ ਬੰਦੇ ਦੋ ਭੋਗ ਦਾ ਵੀ ਚੱਜ ਨਾਲ਼ ਪਤਾ ਨਹੀਂ ਲਗਦਾ। ਇੱਥੇ ਤਾਂ ਔਲਾਦ ਮਰੇ ਬੰਦੇ ਦੇ ਫੁੱਲ ਪੰਜਾਬ ਵਿੱਚ ਲਿਜਾਉਣ ਤੋਂ ਵੀ ਘੌਲ਼ ਕਰਦੀ ਰਹਿੰਦੀ ਏ। ਸੁਣਿਆ ਇੱਥੇ ਦਾਹ ਸੰਸਕਾਰ ਲਈ ਬੀਮਾ ਵੀ ਹੋ ਜਾਂਦਾ ਏ। ਕੀ ਇਹ ਸੱਚ ਏ ਕਿ ਕਈ ਗੋਰੇ ਆਪਣੀ ਕਬਰ ਦਾ ਖਰਚਾ ਪਹਿਲਾਂ ਤੋਂ ਹੀ ਕਿਸ਼ਤਾਂ ਵਿੱਚ ਦਿੰਦੇ ਰਹਿੰਦੇ ਹਨ?' ਧਰਮਜੀਤ ਦੀਆਂ ਗੱਲਾਂ ਸੁਣਕੇ ਮੈਂ ਤਾਂ ਵਾਹਿਗੁਰੂ। ਵਾਹਿਗੁਰੂ॥ ਕਰਨ ਲੱਗ ਪਿਆ।
ਇੰਨੇ ਨੂੰ ਸਟੇਜ ਦੇ ਪਿੱਛਿਓਂ ਇੱਕ ਆਵਾਜ਼ ਗੂੰਜਦੀ ਏ,
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
(ਪਰਦਾ)
ਲੇਖਕ
ਅਵਤਾਰ ਐਸ. ਸੰਘਾ
(ਸਿਡਨੀ ਆਸਟਰੇਲੀਆ)
ਫੋਨ ਨੰਬਰ:- +61 437 641 033