
ਅੱਜ ਹੀ ਕਹੋ ਨੋ ਤੰਬਾਕੂ - ਸੁਖਪਾਲ ਸਿੰਘ ਗਿੱਲ
ਪੂਰੀ ਦੁਨੀਆ ਚ ਸੰਸਾਰ ਪੱਧਰੀ ਤੰਬਾਕੂ ਰਹਿਤ ਦਿਵਸ 31 ਮਈ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਉਪਰਾਲਾ ਹੁੰਦਾ ਹੈ, ਜੋ ਕਿ ਚਾਹੀਦਾ ਵੀ ਹੈ। ਸ਼ਰਾਬ ਦੀ ਵਰਤੋਂ ਲਈ ਉਸਦੀ ਬੋਤਲ ਤੇ ਲਿਖਿਆ ਹੁੰਦਾ ਹੈ "ਪੀਣੀ ਸਿਹਤ ਲਈ ਹਾਨੀਕਾਰਕ ਹੈ" ਪਰ ਲੋਕ ਫਿਰ ਵੀ ਪੀਂਦੇ ਹਨ। ਇਸੇ ਤਰ੍ਹਾਂ ਸਭ ਪ੍ਰਕਾਰ ਦਾ ਨਸ਼ਾ ਇਸੀ ਪ੍ਰਕਿਰਿਆ ਵਿੱਚੋਂ ਗੁਜਰਦਾ ਹੈ। ਤੰਬਾਕੂ ਰਹਿਤ ਦਿਵਸ ਦੀ ਸ਼ੁਰੂਆਤ ਡਬਲੂ ਐਚ ਓ ਨੇ 1987 ਵਿੱਚ ਕੀਤੀ ਸੀ। ਪਹਿਲਾ ਪਹਲ ਤੰਬਾਕੂ ਰਹਿਤ ਦਿਵਸ 7 ਅਪ੍ਰੈਲ ਨੂੰ ਮਨਾਇਆ ਗਿਆ ਸੀ। ਉਸ ਤੋਂ ਬਾਅਦ ਮਤਾ ਪਾਸ ਕਰਕੇ 31 ਮਈ 1988 ਨੂੰ ਮਨਾਇਆ ਗਿਆ। ਇਸ ਲਈ ਲਗਾਤਾਰ ਹਰ ਸਾਲ ਤੰਬਾਕੂ ਰਹਿਤ ਦਿਵਸ 31 ਮਈ ਨੂੰ ਹੀ ਮਨਾਇਆ ਜਾਂਦਾ ਹੈ।
ਪੰਜਾਬ ਸਰਕਾਰ ਪਹਿਲੇ ਹੀ ਨਸ਼ਿਆਂ ਦੇ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਚ ਰੁੱਝੀ ਹੋਈ ਹੈ।ਇਸ ਲਈ ਅਵਾਮ ਨੂੰ ਸਿਹਤਮੰਦ ਬਣਾਉਂਣਾ ਹੈ। ਸਕੂਲਾਂ ਤੋਂ 100 ਮੀਟਰ ਦੀ ਦੂਰੀ ਤੇ ਤੰਬਾਕੂ ਵੇਚਣ ਵਾਲਿਆਂ ਦੀਆਂ ਦੁਕਾਨਾਂ ਹੁੰਦੀਆਂ ਹਨ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਸਤੇ ਤੰਬਾਕੂ ਖਰੀਦਣ ਤੇ ਮਨਾਈ ਕੀਤੀ ਹੋਈ ਹੈ। ਭਾਰਤ ਚ 30% ਕੈਂਸਰ ਤੰਬਾਕੂ ਦੀ ਵਰਤੋਂ ਨਾਲ ਹੁੰਦਾ ਹੈ। ਅੱਜ ਤੰਬਾਕੂ ਤੋਂ ਤੌਬਾ ਕਰਨ ਜਾਂ ਘਟਾਉਣ ਦਾ ਸਮਾਂ ਹੈ।ਵਿਸ਼ਵ ਭਰ ਵਿੱਚ ਮਰਨ ਵਾਲੇ 70 ਲੱਖ ਤੋਂ ਜਿਆਦਾ ਲੋਕ ਜਿਸ ਵਿੱਚ 60 ਲੱਖ ਦੇ ਕਰੀਬ ਮੌਤਾਂ ਤੰਬਾਕੂ ਨਾਲ ਹੁੰਦੀਆਂ ਹਨ।ਇੱਥੇ ਇੱਕ ਹੋਰ ਵੀ ਮਾੜੀ ਪ੍ਰਕਿਰਿਆ ਹੈ ਕਿ 10 ਲੱਖ ਲੋਕ ਜਿਹੜੇ ਇਸ ਦੇ ਸੇਵਨ ਨਹੀਂ ਕਰਦੇ ਉਹ ਵੀ ਇਸਦੇ ਨਾ-ਪੱਖੀ ਪ੍ਰਭਾਵਾਂ ਦੇ ਅਧੀਨ ਆ ਕੇ ਮਾਰੇ ਜਾਂਦੇ ਹਨ।
ਸੰਸਾਰ ਚ 100 ਕਰੋੜ 30 ਲੱਖ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, ਜਿਸ ਚ 80% ਘੱਟ ਆਮਦਨੀ ਤੇ ਗਰੀਬ ਤਬਕੇ ਵਾਲੇ ਹੁੰਦੇ ਹਨ। ਤੰਬਾਕੂ ਦੀ ਵਰਤੋਂ ਘਟਾ ਕੇ ਅਸੀਂ 25% ਤੰਬਾਕੂ ਦੇ ਨਾਹ-ਪੱਖੀ ਪ੍ਰਭਾਵਾਂ ਨੂੰ ਘਟਾ ਸਕਦੇ ਹਾਂ। ਤੰਬਾਕੂ ਪੀਣ ਖਾਣ ਵਾਲਿਆਂ ਦੀ ਮਹਾਂਮਾਰੀ ਨੂੰ ਨਾ ਰੋਕਿਆ ਗਿਆ ਤਾਂ 2030 ਤੱਕ ਤੰਬਾਕੂ ਨਾਲ ਮਰਨ ਵਾਲਿਆਂ ਦੀ ਗਿਣਤੀ 80 ਲੱਖ ਤੱਕ ਪਹੁੰਚ ਜਾਵੇਗੀ। ਚਲਾਕ ਕੰਪਨੀਆਂ ਲੋਕਾਂ ਨੂੰ ਨਵੇਂ ਨਵੇਂ ਢੰਗਾਂ ਨਾਲ ਤੰਬਾਕੂ ਪ੍ਰੋਡਕਟ ਨੂੰ ਸਵਾਦਿਸ਼ਟ ਬਣਾ ਕੇ ਵੇਚ ਰਹੀਆਂ ਹਨ ਜੋ ਕਿ ਆਪਣੇ ਲਾਲਚ ਵਿੱਚ ਫਸਾ ਰਹੀਆਂ ਹਨ। ਜਦੋਂ ਅਫੀਮ ਪੋਸਤ ਤੇ ਲਗਾਮ ਲੱਗ ਸਕਦੀ ਹੈ ਤਾਂ ਤੰਬਾਕੂ ਉੱਤੇ ਕਿਉਂ ਨਹੀਂ? ਇਸ ਨੂੰ ਸਿੱਖ ਧਰਮ ਵਿੱਚ ਵੀ ਵਰਜਿਤ ਕੀਤਾ ਗਿਆ ਹੈ ਇਸ ਲਈ ਇਸ ਉੱਤੇ ਮੁਕੰਮਲ ਪਾਬੰਦੀ ਦੀ ਲੋੜ ਹੈ।
ਕਾਫੀ ਦਹਾਕਿਆਂ ਤੋਂ ਤੰਬਾਕੂ ਨੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। 1988 ਤੱਕ ਸਰਕਾਰਾਂ ਸੁੱਤੀਆਂ ਰਹੀਆਂ। ਜਰਦਾ, ਸਿਗਰਟ, ਬੀੜੀ ਤੇ ਨਸਵਾਰ ਇਸ ਦੇ ਰੂਪ ਹਨ। ਮੈਡੀਕਲ ਥਿਊਰੀ ਅਨੁਸਾਰ ਤੰਬਾਕੂ ਵਿੱਚ 4000 ਜ਼ਹਿਰੀਲੇ ਮਿਸ਼ਰਣ ਹੁੰਦੇ ਹਨ। ਇਸ ਵਿੱਚ ਨਿਕੋਟੀਨ ਅਤੇ ਨਾਈਟਰੋਜਨ ਯੋਗਕਾਂ ਨੂੰ ਮਨੁੱਖੀ ਸਿਹਤ ਲਈ ਬੇ ਹੱਦ ਖਤਰਨਾਕ ਦੱਸਿਆ ਜਾਂਦਾ ਹੈ। ਇਹ ਸਾਰੇ ਸਰੀਰ ਤੇ ਹਾਨੀਕਾਰਕ ਪ੍ਰਭਾਵ ਪਾਉਂਦੇ ਹਨ। ਤੰਬਾਕੂ ਨੂੰ ਰੋਕਣ ਲਈ ਭਾਰਤੀ ਦੰਡ ਵਿਧਾਨ ਦੀ ਧਾਰਾ 278 ਕੰਮ ਕਰਦੀ ਹੈ।ਮਾਨਯੋਗ ਸੁਪਰੀਮ ਕੋਰਟ ਨੇ 2004 ਵਿੱਚ ਜਨਤਕ ਥਾਵਾਂ ਤੇ ਸਿਗਰਟ ਨੋਸ਼ੀ ਅਤੇ ਤੰਬਾਕੂ ਵਰਤਣ ਦੀ ਮਨਾਹੀ ਕੀਤੀ ਸੀ। ਇਸ ਦਾ ਅਸਰ ਤਾਂ ਹੋਇਆ ਪਰ ਚਪ ਚੁਪੀਤੇ ਲੁਕਵੇਂ ਤਰੀਕੇ ਨਾਲ ਅੱਜ ਵੀ ਜਾਰੀ ਹੈ। ਤੰਬਾਕੂ ਛੱਡਣ ਦਾ ਤੰਬਾਕੂ ਪੀਣ ਵਾਲੇ ਨਾਮ ਹੀ ਨਹੀਂ ਲੈ ਰਹੇ। ਇਸ ਨਾਲ ਦਿਮਾਗੀ ਬਿਮਾਰੀਆਂ ਦੇ ਡਾਕਟਰਾਂ ਨਾਲ ਰਾਬਤਾ ਕਰਕੇ ਪਤਾ ਲੱਗਦਾ ਹੈ ਕਿ ਤੰਬਾਕੂ ਨੇ ਕਿਸ ਤਰ੍ਹਾਂ ਮਨੁੱਖ ਨੂੰ ਮਨੋਵਿਗਿਆਨਿਕ ਤੌਰ ਤੇ ਮੱਕੜ ਜਾਲ ਫਸਾ ਕੇ ਰੱਖਿਆ ਹੋਇਆ ਹੈ।
2022 ਚ ਵਿਸ਼ਵ ਤੰਬਾਕੂ ਰਹਿਤ ਦਿਵਸ ਥੀਮ ਨੇ ਤੰਬਾਕੂ ਰਹਿਤ ਦਿਵਸ 2022 ਨਵੇਂ ਢੰਗ ਨਾਲ ਮਨਾਉਣ ਦੀ ਘੋਸ਼ਣਾ ਕੀਤੀ ਸੀਕਿ- ਤੰਬਾਕੂ ਸਾਡੇ ਵਾਤਾਵਰਨ ਲਈ ਇੱਕ ਖਤਰਾ ਹੈ। ਇਹ ਵਿਸ਼ਾ ਸੱਚਾ ਵੀ ਸੀ।ਕਿਉਂਕਿ ਤੰਬਾਕੂ ਦੀ ਮੁਸ਼ਕ ਧੂਏ ਨਾਲ ਉਹ ਵੀ ਗ੍ਰਸਤ ਹੋ ਜਾਂਦੀਆਂ ਹਨ ਜੋ ਤੰਬਾਕੂ ਪੀਂਦੇ ਹੀ ਨਹੀਂ ਹਨ। 1951 ਚ ਭਾਰਤ ਚ 23 ਕਰੋੜ ਕਿਲੋਗ੍ਰਾਮ ਤੰਬਾਕੂ ਵਰਤਿਆ ਜਾਂਦਾ ਸੀ ਜਿਸ ਦੀ ਖਪਤ 1991 ਵਿੱਚ 40 ਕਰੋੜ ਕਿਲੋਗ੍ਰਾਮ ਹੋ ਗਈ। ਸੰਸਾਰ ਚ ਦੋ ਅਰਬ ਡਾਲਰਾਂ ਦੀਆਂ ਸਿਗਰਟਾਂ ਪੀਤੀਆਂ ਜਾਂਦੀਆਂ ਹਨ। ਜਿਸ ਦਾ ਧੂਆਂ ਕਰ ਦਿੱਤਾ ਜਾਂਦਾ ਹੈ। ਪਿੰਡਾਂ ਚ ਕੁਝ ਜਿਆਦਾ ਤੰਬਾਕੂ ਦੀ ਵਰਤੋਂ ਹੁੰਦੀ ਹੈ। ਪੰਜਾਬ ਚ ਤੰਬਾਕੂ ਦੀ ਖਪਤ ਵਧਣਾ ਇੱਕ ਗੰਭੀਰ ਵਿਸ਼ਾ ਹੈ।
ਸਿੱਖ ਧਰਮ ਵਿੱਚ ਤੰਬਾਕੂ ਨੂੰ ਜਗਤ ਜੂਠ ਕਿਹਾ ਜਾਂਦਾ ਹੈ। ਇੱਕ ਅਨੁਮਾਨ ਹੈ ਕਿ 17ਵੀਂ ਸਦੀ ਵਿੱਚ ਪੁਰਤਗਾਲੀਆਂ ਨੇ ਤੰਬਾਕੂ ਦੀ ਖੇਤੀ ਦੀ ਭਾਰਤ ਵਿੱਚ ਸ਼ੁਰੂਆਤ ਕੀਤੀ ਸੀ। ਅੱਜ ਤੰਬਾਕੂ ਪੈਦਾ ਕਰਨ ਵਾਲਾ ਭਾਰਤ ਦੁਨੀਆ ਦਾ ਤੀਜਾ ਮੁਲਕ ਹੈ। ਭਾਰਤ ਦੀ ਤੰਬਾਕੂ ਦੀ ਪੈਦਾਵਾਰ 16-7% ਬਾਹਰ ਭੇਜੀ ਜਾਂਦੀ ਹੈ ਇਸ ਦੀ ਉਤੇਜਨਾ ਨਾਲ ਮਨ ਪਲੀਤ ਅਤੇ ਸਹਾਰਾ ਰਹਿਤ ਹੋ ਜਾਦਾ ਹੈ।ਉਤੇਜਨਾ ਤੋਂ ਬਾਅਦ ਸਰੀਰ ਸਹਾਰਾ ਰਹਿਤ ਹੋ ਜਾਂਦਾ ਹੈ। ਇਸ ਲਈ ਤੰਬਾਕੂ ਦੇ ਮਨੁੱਖੀ ਸਿਹਤ ਲਈ ਪ੍ਰਭਾਵਾਂ ਦੇ ਮੱਦੇ ਨਜ਼ਰ ਰੱਖ ਕੇ "ਨੋ ਤੰਬਾਕੂ ਕਹੋ"।ਗੁਰਬਾਣੀ ਦਾ ਸੰਦੇਸ਼ ਵੀ ਸਾਨੂੰ ਇਸ ਦੇ ਵਰਤਣ ਦੀ ਮਨਾਹੀ ਕਰਦਾ ਹੈ।
ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ, ਆਪਣਾ ਪਰਾਇਆ ਨ ਪਛਾਣਈ ਇਹ ਖਸਮਹੁ ਧਕੇ ਖਾਇ"
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫਸਰ
9878111445