
ਭਾਰਤ ਦੇ ਆਜ਼ਾਦੀ ਦਿਵਸ, 15 ਅਗਸਤ, ‘ਤੇ ਵਿਸ਼ੇਸ਼ ਪੇਸ਼ ਹੈ - ਗ਼ੁਲਾਮੀ ਤੇ ਗ਼ੁਲਾਮੀ ਦੀ ਰਹਿੰਦ ਖ਼ੂੰਹਦ ਬਾਰੇ ਕਵਿਤਾਵਾਂ ਦਾ ਗੁਲਦਸਤਾ - ਡਾ. ਸੁਖਪਾਲ ਸੰਘੇੜਾ ਓਰਫ਼ ਪਰਖ਼ਾ
ਗ਼ੁਲਾਮੀਨਾਮਾ (ਗ਼ੁਲਾਮੀ ਦੀ ਰਹਿੰਦ ਖ਼ੂੰਹਦ ਕਈ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ)
ਗ਼ੁਲਾਮੀ
ਆਜ਼ਾਦੀ ਕੀ ਲੜਾਈ ਮੇਂ
ਸਭ ਸੇ ਮੁਸ਼ਕਲ ਕਾਮ ਹੈ,
ਗ਼ੁਲਾਮ ਕੋ ਸਮਝਾਨਾ
ਕਿ ਵੋਹ ਗ਼ੁਲਾਮ ਹੈ।
ਰਾਜ ਸੱਤਾ
ਉਨ੍ਹਾਂ ਦੀ ਰਾਜ ਸਤਾ
ਬੰਦੂਕ ਦੀ ਨਾਲੀ ‘ਚੋਂ ਨਹੀਂ
ਸਾਡੀ ਗ਼ੁਲਾਮੀ
ਵਿੱਚੋ ਨਿੱਕਲਦੀ ਹੈ,
ਗ਼ੁਲਾਮੀ ਵਿੱਚ ਪਲਦੀ ਹੈ।
ਆਜ਼ਾਦੀ-ਏ-ਗ਼ੁਲਾਮੀ
ਝੂਠ ਹੈ ਕਿ ਅੰਗਰੇਜ਼ ਨੇ ਸਾਨੂੰ
ਗ਼ੁਲਾਮ ਬਣਾਇਆਂ,
ਉਹ ਤਾਂ ਝੂਟੇ ਲੈਣ ਸੀ ਆਇਆਂ,
ਸਾਡੀ ਗ਼ੁਲਾਮੀ ਉੱਪਰ ਚੜਕੇ।
ਆਇਆਂ ਤੇ ਚਲੇ ਗਿਆਂ ‘ਪਰਖ਼ਿਆ’,
ਸਾਡੀ ਗ਼ੁਲਾਮੀ ਨੂੰ
ਮੁੜ ਆਜ਼ਾਦ ਕਰਕੇ।
ਨਾਮ-ਏ-ਗ਼ੁਲਾਮ
ਅਕਲ ਅਜ਼ਾਦੀ ਦਾ ਯੁੱਗ ਹੈ ਚੜ੍ਹਿਆ
ਮਾਲਕ ਵੀ ਹੋ ਗਏ ਸ਼ੈਤਾਨ ਬੜੇ ਨੇ।
ਡੀਨ ਪ੍ਰੋਫੈਸਰ ਚੈਅਰਮੈਨ ਬਣ ਜਾਉ
ਫਿਰਦੇ ਪ੍ਰਧਾਨ ‘ਤੇ ਪ੍ਰਧਾਨ ਚੜ੍ਹੇ ਨੇ।
ਜ਼ਮਾਨਾ ਵੀ ਕਿੰਨਾ ਅੱਗੇ ਵਧ ਆਇਆ
ਇਹ ਨਾਵਾਂ ਦਾ ਕੈਸਾ ਚੱਕਰ ਚੱਲਾਇਆ,
ਗ਼ੁਲਾਮਾਂ ਦੇ ਆਹ ਦੇਖ ਪਰਖ਼ਿਆ,
ਕੀ ਕੀ ਇਨ੍ਹਾਂ ਨੇ ਨਾਮ ਧਰੇ ਨੇ।
ਅਮਰ ਗ਼ੁਲਾਮੀ
ਚੰਬੜੀ ਜਿਸਮਾਂ ਤਾਈਂ ਗ਼ੁਲਾਮੀ
ਫ਼ੋਰਨ ਹੀ ਲੱਥ ਜਾਵੇ।
ਸੋਚ ਸਹੀ ਹਥਿਆਰਾਂ ਸੰਗ ਜੇ
ਵੱਸ ਗ਼ੁਲਾਮਾਂ ਆਵੇ।
ਠਹਿਰ ਗ਼ੁਲਾਮੀ ਪੀੜੀਓ ਪੀੜੀ
ਅਮਰ ਹੋ ਵਗਣੇ ਲੱਗਦੀ,
ਗ਼ੁਲਾਮੀ ਜੀਵਨ-ਜਾਂਚ ਚੱਜੀਂ ਜਦ
ਗੁੜਤੀ ਬਣ ਘੁਲ ਜਾਵੇ।
ਸਦੀਆਂ ਬਾਅਦ ਜੇ ਪਿੰਜਰਾ ਖੁੱਲ੍ਹਿਆਂ
ਪੰਛੀ ਨਹੀਂ ਉੱਡ ਪਾਂਦੇ,
ਪੂਰੀ ਨਸਲ ਹੀ ਸਹਿਜੇ ਪਰਖ਼ਿਆ
ਉੱਡਣ ਗੁਣ ਖੋਹਾਵੇ।
ਅਜ਼ਾਦੀ ਸਾਡੀ
ਜੱਗ ਨੂੰ ਜਿੱਤੀ ਬੈਠੇ ਹਾਂ ਜੀ
ਕੋਈ ਨਾ ਰੀਸ ਅਸਾਡੀ।
ਹਰ ਥਾਂ ਸਾਡੇ ਝੰਡੇ ਝੂਲਣ
ਮਾਣ ਹਾਂ ਰਹੇ ਅਜ਼ਾਦੀ।
ਅਸੀਂ ਹਾਂ ਵੱਡੇ ਖੰਭਾਂ ਵਾਲੇ
‘ਪਰਖ਼ਿਆ’ ਵੱਡੇ ਪੰਛੀ,
ਇਕ ਪਿੰਜਰੇ ਤੋਂ ਦੂਜੇ ਪਿੰਜਰੇ
ਤੱਕ ਉਡਾਰੀ ਸਾਡੀ।
ਕੈਦੀ
ਜਿੰਨਾ ਮਰਜ਼ੀ ਦੌੜ੍ਹੇ ਉੱਡੇ
ਬੰਦਾ ਤਨ ਦਾ ਕੈਦੀ।
ਵੱਡੇ ਵੱਡੇ ਸੁਪਨੇ ਦੇਖੇ
ਫਿਰ ਵੀ ਮਨ ਦਾ ਕੈਦੀ।
ਸਭ ਤੋਂ ਵੱਡੀ ਲਾਹਨਤ ਵਾਲੀ
ਕੈਦ ਉਦੋਂ ਮੈਂ ਤੱਕਾਂ,
ਜਦ ਕੋਈ ‘ਵੱਡਾ’ ਬੰਦਾ ਪਰਖ਼ਿਆ
ਛੋਟੇਪਨ ਦਾ ਕੈਦੀ।
ਗ਼ੁਲਾਮੀ-ਏ-ਮਨ
ਜੇ ਗ਼ੁਲਾਮੀ ਤਨ ਦੀ ਉਸ ਸੰਗ
ਸਿੱਧਾ ਮੱਥਾ ਡਾਈਏ।
ਜਿੱਤਾਂ ਹਾਰਾਂ ‘ਚੀਂ ਲੰਘ ਉਸ ‘ਤੇ
ਆਖਰ ਫ਼ਤਿਹ ਗੂੰਜਾਈਏ।
ਗ਼ੁਲਾਮੀ ਬੋਲੀ ਰਸਮਾਂ ਰਾਹੀਂ
ਮਨ ਵਿੱਚ ਜੇ ਘੁਸ ਆਏ,
ਲੱਖ ਆਜ਼ਾਦੀ ਪਾ ‘ਪਰਖ਼ਿਆ’
ਗ਼ੁਲਾਮੀ ਹੀ ਹੰਢਾਈਏ।
ਸਤਿਕਾਰ ਬਨਾਮ ਗ਼ੁਲਾਮੀ
ਹੱਥ ਜੋੜ ‘ਨਮਸਤੇ’ ਕਹਿਣਾ
ਜਾਂ ‘ਸਾਸਰੀਕਾਲ’ ਜੀਓ।
‘ਮੱਥਾ ਟੇਕਣਾ’ ਦੋ ਪੈਰਾਂ ਨੂੰ
ਛੋਹ ਹੱਥਾਂ ਦੇ ਨਾਲ ਜੀਓ।
ਜਾਂ ਫਿਰ ਬਿਨ੍ਹਾਂ ਸੁਆਲ ਕੋਈ ਪੁੱਛਿਆਂ
ਹਾਂਜੀ ਹਾਂਜੀ ਕਰਨਾ,
ਹਰ ਕਿਸੇ ਨੂੰ ਸਿਰ ਝੁਕਾ ਕੇ
ਮਿਲਣਾ ਸੰਗ ਸਤਿਕਾਰ ਜੀਓ।
‘ਪਰਖ਼ਿਆ’ ‘ਚੱਜ’ ਜ਼ਰੂਰੀ ਨਹੀਂ ਇਹ
ਸਤਿਕਾਰ ਦੇ ਪਾਤਰ ਹਰਦਮ ਹੀ,
ਧੋਖੇ ਅਤੇ ਗ਼ੁਲਾਮੀ ਲਈ ਵੀ
ਛੁਪਣ ਦੇ ਢੰਮ ਕਮਾਲ ਜੀਓ!
ਕਮਾਈ-ਏ-ਮਿਹਨਤ
ਲੈ ਸੁਪਨੇ ‘ਪਰਖ਼ਿਆ’ ਪੱਕਿਆ ਦੇ
ਇਹਨੇ ਕੱਚਿਆਂ ਤਾਈਂ ਢਾਉਂਣਾ ਨਹੀਂ।
ਮਿੱਟੀ ‘ਚੇ ਗੱਢੀ ਰਹਿਣਾ ਹੈ
ਇਹਨੇ ਉੱਠ ਅੰਬਰਾਂ ਨੂੰ ਗਾਹੁਣਾ ਨਹੀਂ।
ਕਰ ਮਿਹਨਤ ਜਿਹਨੇ ਸਦੀਆਂ ਤੋਂ
ਗ਼ੁਲਾਮੀ ਹੀ ਸਿਰਫ਼ ਕਮਾਈ ਹੈ,
ਉਸ ਕੌਮ ਨੇ, ਲੱਖ ਪਰੋਸ ਦਿਓ
ਆਜ਼ਾਦੀ ਨੂੰ ਅਪਾਉਣਾ ਨਹੀਂ।
ਰੂਪ-ਏ-ਗ਼ੁਲਾਮੀ
ਰੱਬ ਦੇ ਬਹੁਤ ਗ਼ੁਲਾਮ ਨੇ ਇੱਥੇ
ਗ਼ੁਲਾਮ ਨੇ ਗੋਰੇ ਰੰਗ ਦੇ ਵੀ।
ਨਸ਼ਿਆਂ ਦੇ ਗ਼ੁਲਾਮ ਤੇ ਨਾਲੇ
ਡਰੱਗਾਂ ਵਾਲੀ ਭੰਗ ਦੇ ਵੀ।
ਅਮੀਰ-ਗਰੀਬ ਤੇ ਜਾਤ-ਪਾਤ ਸੰਗ
ਹੋਰ ਅਨੇਕਾਂ ਚੀਜ਼ਾਂ ਨੇ,
ਜੋ ਸੱਭ ਏਸ ਕੌਮ ਦੇ ਵਿੱਚੇ
ਊਚ ਨੀਚ ਨੂੰ ਜੰਮ ਦੇ ਵੀ।
ਜਗੀਰੂ ਤੇ ਸਰਮਾਇਆਦਾਰੀ
ਦੋ ਯੁੱਗ ਇੱਕੋ ਹੀ ਵੇਲੇ,
ਇੱਕ ਦੂਜੇ ‘ਚੇ ਫ਼ਸ ਫ਼ਸ ਘਟਦੇ
ਬੰਦਿਆਂ ਦੇ ਤਨ ਮਨ ‘ਚੇ ਵੀ।
ਮਨ ਕੋਈ ਪੱਧਰਾ ਨਾਹੀਂ ਬਲਕਿ
ਊਚ-ਨੀਚ ਸੰਗ ਹੈ ਭਰਿਆ,
ਭਾਂਤ ਭਾਂਤ ਦੇ ਭੇਦ ਲੋਕਾਂ ਨੂੰ
ਕਈ ਜਮਾਤੀਂ ਵੰਡ ਦੇ ਵੀ।
ਜਮਾਤਾਂ ਉੱਪਰ ਜਮਾਤਾਂ ਚੜੀਆਂ
ਅੰਬਰ ਤੀਕਰ ਜਾਵਣ ਜੋ,
‘ਮਾਰਕਸ’ ਸਿਰ ਦੇ ਵਾਲ ਨੋਚਦਾ
ਏਸ ਕੌਮ ‘ਚੋਂ ਲੰਘ ਕੇ ਹੀ।
‘ਨੀਚ’ ਦੇ ਅੱਗੇ ਸ਼ਾਨ ਬੰਦੇ ਦੀ
‘ਕਲਗੀ’ ਬਣ ਬਣ ਹੈ ਝੁੱਲਦੀ,
ਉਹੀ ‘ਕਲਗੀ’ ਪੂਛ ਹੋ ਹਿੱਲਦੀ
ਅੱਗੇ ਊਚ ਦੇ ਮੰਦ ਦੇ ਵੀ।
ਗ਼ੁਲਾਮਾਂ ਦੀ ਇਸ ਨਗਰੀ ਵਿੱਚੇ
ਛਾਈ ਮਨ ਗ਼ੁਲਾਮੀ ਇੱਦਾਂ,
ਰਾਜੇ ਵੀ ਗ਼ੁਲਾਮ ‘ਪਰਖ਼ਿਆਂ’
ਆਪ ਤੋਂ ਉੱਚੇ ਸੰਗ ਦੇ ਵੀ।
ਕੱਲ ਤੋਂ ਕੱਲ ਦਾ ਗਧੀ-ਗੇੜ੍ਹ
ਗੁਜ਼ਰੇ ‘ਕੱਲ੍ਹ’ ਦੇ ਨੇੜੇ ਆਓਣੇ
ਵਾਲਾ ‘ਕੱਲ੍ਹ’ ਵਸੇਂਦਾ ਹੈ।
ਦੋਹਾਂ ਕੱਲ੍ਹਾਂ ਦੇ ਵਿੱਚ ਵਿਚਾਲੇ
ਕੌਮ ਦਾ ‘ਅੱਜ’ ਨਚੇਂਦਾ ਹੈ।
ਜ਼ਿਹਨ-ਏ-ਕੌਮ ‘ਚੇ ‘ਭਲਕ’ ਨਿੱਤ ਨੇਮੇ
ਫ਼ਾਸੀਂ ਉੱਤੇ ਹੈ ਚੜ੍ਹਦਾ,
ਕੱਲ੍ਹ ਤੋਂ ਕੱਲ੍ਹ ਦਾ ਨਾਚ ਸਫ਼ਰ ਨਹੀਂ
ਗਧੀ-ਗੇੜ੍ਹ ਕਹੇਂਦਾ ਹੈ।
ਐਸੀ ਕੌਮ ਦੀ ‘ਅਕਲ’ ‘ਸਿਆਣਪ’
ਤਾਈਂ ਉਲੰਘ ਨਾ ਪਾਂਦੀ ਹੈ,
ਤਰਕ ਕੌਮ ਦਾ ਵਿੱਚ ‘ਚਲਾਕੀ’
ਗਿਆਨ ਤੁੱਕਾਂ ਵਿੱਚ ਰਹਿੰਦਾ ਹੈ।
ਤਾਹੀਂਉਂ ਮਾਰਕਸ ਸਿਰੋਂ ਨਿਕਲ ਕੇ
ਲੈਨਿਨ ਮਾਓ ਚੀਂ ਹੁੰਦਾ ਹੋਇਆ,
ਸਿਧਾਂਤੇ ਇੰਨਕਲਾਬ ‘ਪਰਖ਼ਿਆ’
ਧਰਮ-ਖ਼ੂਹੇ ਢਹਿ ਪੈਂਦਾ ਹੈ।
ਗ਼ੁਲਾਮ-ਏ-ਪਿਆਰ
ਧਿਆ ਕੇ ਜੋਤ ਪਿਆਰ ਦੀ,
ਮਹਿਬੂਬ ਨੂੰ ਰੱਬ ਕਰਦੇ ਹਾਂ।
ਇਸ਼ਕ ਦੀ ਸ਼ਮ੍ਹਾ ਦੇ ਉੱਪਰ
ਪਤੰਗੇ ਬਣ ਕੇ ਸੜ੍ਹਦੇ ਹਾਂ।
ਆਪਣੇ ਪੱਟ ਦੇ ਹੀ
ਮਨੁੱਖੀ ਮਾਸ ਨੂੰ ਰਿੰਨ ਕੇ,
ਸੋਹਣੀ ਦੀ ਭੁੱਖ ਦੇ ਸਾਂਹਵੇਂ
ਇਸ਼ਕ-ਬਾਟੇ ‘ਚੇ ਧਰਦੇ ਹਾਂ।
ਬਾਰਾਂ ਸਾਲ ਜਵਾਨੀ ਦੇ
ਮੱਝੀਆਂ ਨੂੰ ਚਰਵਾਕੇ ਵੀ,
ਤੁਰਲ੍ਹਾ-ਏ-ਚੂਚਕ ਦੀ ਛਾਂ ਥੱਲੇ
ਹੀਰ ਦੇ ਸੰਗ ਮਰਦੇ ਹਾਂ।
ਜਾਂ ਪੂਜਾ ਹੈ ਜਾਂ ਕੁਰਬਾਨੀ
ਹੋਰ ਕੋਈ ਰਾਹ ਨਹੀਂ ਸਿੱਖਿਆ,
ਸਦੀਆਂ ਲੰਬੀ ਕਸਰ ਹੈ ਮਨ ਦੀ
ਇਸ਼ਕ ਜਿਹਦਾ ਨਾਮ ਧਰਦੇ ਹਾਂ।
ਸਾਡੀ ਕੌਮ ਨੂੰ ‘ਪਰਖਿਆ’
ਇਹ ਕੀ ਲੱਗੀ ਬੀਮਾਰੀ ਹੈ,
ਅਸੀਂ ਜੇ ਪਿਆਰ ਵੀ ਕਰਦੇ ਹਾਂ
ਤਾਂ ਗ਼ੁਲਾਮਾਂ ਵਾਂਗ ਕਰਦੇ ਹਾਂ।
ਗ਼ੁਲਾਮੀ, ਇਸ਼ਕ, ਤੇ ਗਿਆਨ
ਕਿਸੇ ਆਜ਼ਾਦ ਸਮਾਜ ‘ਚੇ ਮਾਨਵ
ਕੋਈ ਵੀ ਨਸਲ ਕਹਾਏ,
ਹੁੱਬ ਹੁੱਬ ਲੋਕੀ ਪਿਆਰ ਕਰੇਂਦੇ
ਇਸ਼ਕ ਨਾ ਨਜ਼ਰੀਂ ਆਏ।
ਲੋਕਾਂ ਦੀਆਂ ਪਸੰਦਾਂ ਤੇ ਨਾਲੇ
ਨਾ-ਪਸੰਦਾਂ ਹੁੰਦੀਆਂ,
ਇਸ਼ਕ ਦਾ ਕੋਈ ਝਮੇਲਾ ਨਾਹੀਂ
ਪਿਆਰ ਹੀ ਲੁੱਡੀਆਂ ਪਾਏ।
ਇਸ਼ਕ ਗ਼ੁਲਾਮੀ ਮਾਂ ਦਾ ਜਾਇਆ
ਇੱਕ ਦੂਜੇ ਵਿੱਚ ਜਿੰਦਾ,
ਇੱਕ ਨੂੰ ਠੇਸ ਪਹੁੰਚਦੀ ਦੂਜਾ
ਪੀੜ੍ਹਾ ਵਿੱਚ ਕੁਰਲਾਏ।
ਇਸ਼ਕ ਪਿਆਰ ਦਾ ਅੱਤਵਾਦ ਹੈ
ਤਰਕ ਤੋਂ ਜੋ ਭਗੌੜਾ,
ਗ਼ੁਲਾਮ ਕਬੀਲੇ ਰੋਕਾਂ ਵਾਲੇ
ਵਿੱਚ ਹੀ ਜੰਮ ਪਲ ਪਾਏ।
ਇਸ਼ਕ ਉਹਨੂੰ ਹੀ ਲੱਗਦਾ ਜਿਸ ਵਿੱਚ
ਘੋਰ ਗ਼ੁਲਾਮੀ ਵਸਦੀ,
ਵਰਨਾ ਰੂਹ ਕਿੰਝ ਉਮਰ ਜਿੱਡੇ ਇਸ
ਰੋਗ ਤਾਈਂ ਝੱਲ ਪਾਏ।
ਗ਼ੁਲਾਮੀ-ਏ-ਮਨ ਦੀ ਜ਼ਮੀ ਦੇ ਵਿੱਚੋਂ
ਬੀਅ ਪਿਆਰ ਦਾ ਪੁੰਗਰੇ,
ਪਾਣੀ ਖਾਦ ਗ਼ੁਲਾਮੀਓਂ ਚੂਸੀਂ
ਇਸ਼ਕ ਬੂਟਾ ਪਲ ਜਾਏ।
ਇੰਝ ਮਨ ਉੱਗੇ ਇਸ਼ਕ ਦੇ ਬੂਟੇ
ਨੂੰ ਜਦੋਂ ਫ਼ਲ ਲੱਗਦਾ,
ਆਸ਼ਕ ਦਾ ਮਨ ਫ਼ਲ ਉਹ ਖਾ ਕੇ
ਪਾਗ਼ਲਪਨ ਹੰਢਾਏ।
ਗ਼ੁਲਾਮ ਕੌਮ ‘ਚੇ ਪਿਆਰ ਨਹੀਂ ਕਿਧਰੇ
ਸਿੱਧਾ ਇਸ਼ਕ ਹੀ ਹੁੰਦਾ,
ਹਰ ਕੋਈ ਚੀਜ਼ ਨਕਾਰਾ ਜਾਂ ਫਿਰ
ਇਸ਼ਕ ਨਾਗ ਡਸ ਜਾਏ।
ਇਸ਼ਕ ਕਿਸੇ ਵੀ ਚੀਜ਼ ਦਾ, ਆਸ਼ਕ
ਨੂੰ ਪਾਗ਼ਲ ਕਰ ਜਾਂਦਾ,
ਗ਼ੁਲਾਮ ਕੌਮ ਉਸ ਆਸ਼ਕ ਨੂੰ ਚੁੱਕ
‘ਰੱਬ’ ਦੇ ‘ਤਖ਼ਤ’ ਦੇ ਬਹਾਏ
ਇੱਥੋਂ ਤੱਕ ਕਿ ਗਿਆਨ ਦਾ ਆਸ਼ਕ
ਵੀ ਪਾਗ਼ਲ ਹੀ ਹੁੰਦਾ,
ਆਸ਼ਕੀ ਉਹਦੀ ਗਿਆਨ ਉਹਦੇ ਸੰਗ
ਅਗਿਆਨ ਦੀ ਅੱਗ ਸੜ ਜਾਏ।
ਸਾਂਝੇ ਦੁਸ਼ਮਣ ਗਿਆਨ ਤੋਂ ਭੱਜਣ
ਇਸ਼ਕ, ਗ਼ੁਲਾਮੀ ਦੋਨੋਂ,
ਦੋਨਾਂ ਉੱਪਰ ਗਿਆਨ ‘ਪਰਖ਼ਿਆ’
ਤਰਕ ਝੰਡਾ ਲਹਿਰਾਏ।
ਗ਼ੁਲਾਮੀ-ਏ-ਲਹਿਰ
ਜਦ
ਕੌਮ ਦੀ ਆਜ਼ਾਦੀ ਲਈ ਛਿੜੀ ਲਹਿਰ ਦੇ
ਲੀਡਰ ਦੀ ਸੋਚ “ਫ਼ਲਸਫ਼ੇ ਦੀ ਦਲਦਲ” ਤੋਂ
ਇਸ ਕਦਰ ਫ਼ਿਸਲ ਜਾਵੇ,
ਕਿ ਉਹਦੀ ਭਾਰਤੀ ਜ਼ੁਬਾਨ
“ਚੀਨ ਦਾ ਪ੍ਰਧਾਨ
ਸਾਡਾ ਪ੍ਰਧਾਨ”
ਦਾ ਜੈਕਾਰਾ ਗੂੰਜਾਵੇ,
ਤਦ
ਰੂਹ-ਏ-ਕੌਮ ਵਿੱਚ ਵਸੀ ਗ਼ੁਲਾਮੀ ਦਾ
ਇਸਤੋਂ ਵੱਡਾ ਸਬੂਤ
ਕੁੱਲ ਕਾਇਤਾਨ ਵਿੱਚ
ਮੇਰੀ ਸਮਝ ਦੀ ਨਜ਼ਰ ਨਾ ਆਵੇ।
ਗੁੜਤੀ-ਏ-ਗ਼ੁਲਾਮੀ
ਇਹਦਾ ਕੋਈ ਇਲਾਜ ਕਰ ਕੌਮੇ
ਬੀਮਾਰੀ ਇਸ ਕਦਰ ਵੱਧ ਚੁੱਕੀ ਕਿ,
ਜ਼ਿੰਦਗੀ ਨਾ ਜੀਵੀ ਨਾ ਹੰਡਾਈ ਹੈ
ਜ਼ਿਦਗੀ ਦੀ ਸਿਰਫ਼ ਹਾਜ਼ਰੀ ਭਰਦੇ ਹਾਂ।
ਵਿਰਸੇ ਵਿੱਚ ਬੜਾ ਕੁੱਝ
ਖ਼ੇਹ ਸੁਆਹ ਵੀ ਮਿਲਦਾ ਹੈ,
ਜੋ ਚੰਗਾ, ਉਸ ਵਿੱਚ ਵੀ ਕਿਓਂ
ਅਗ਼ਿਆਨਤਾ ਬਣ ਬਲਦੇ ਹਾਂ।
ਸਾਡੇ ਵਿਰਸੇ ਦੀ ਗੁੜਤੀ ਵਿੱਚ ਵੀ
ਜ਼ਰੂਰ ਕੋਈ ਨੁਕਸ ਹੋਣੈਂ ਯਾਰੋ,
ਅਸੀਂ ਨਾਂ ਚੱਜ ਨਾਲ ਜੀਊਂਦੇ
ਨਾ ਚੱਜ ਨਾਲ ਮਰਦੇ ਹਾਂ।
ਨਫਰਤ ਤਾਂ ਬੱਸ ਨਫਰਤ ਹੁੰਦੀ ਹੈ
ਉਸ ਵਿੱਚ ਚੱਜ ਦਾ ਕੀ ਹੋਣਾ,
ਅਸੀਂ ਜਦ ਪਿਆਰ ਵੀ ਕਰਦੇ ਹਾਂ
ਤਾਂ ਗ਼ੁਲਾਮਾਂ ਵਾਂਗ ਕਰਦੇ ਹਾਂ।
ਕਲਗੀਧਰ ਗ਼ੁਲਾਮੀ
ਲੱਖ ਛੁਪਾਇਆਂ ਛੁਪਦੇ ਨਾ ਨਾਹੀਂ
ਭੇਤ ਦਿਲਾਂ ਦੇ ਖੋਲ੍ਹੇ,
ਕਦੀ ਕਦੀ ਬੰਦੇ ਦਾ ਅਸਲਾ
ਮੂੰਹ ਸਿਰ ਚੜ੍ਹ ਕੇ ਬੋਲੇ।
ਕੌਮ ਦੀ ਰੂਹ ਵਿੱਚ ਅਟਕ ਗਿਆ ਜੋ
ਇਤਿਹਾਸੀ ਬੰਧ ਲਗਾ ਕੇ,
ਯੁੱਗ ਗ਼ੁਲਾਮੀ ਜਾਂਦਾ ਜਾਂਦਾ
ਕੁਝ ‘ਅਕਲਾਂ’ ਵਿੱਚ ਖ਼ੌਲੇ।
ਇੱਕ ਗ਼ੁਲਾਮੀ ਕਿਰਤ ਦੀ ਹੁੰਦੀ
ਦੂਜੀ ਦੇ ਸਿਰ ਕਲਗੀ,
ਕਲਗੀਧਾਰ ਗ਼ੁਲਾਮੀ ਸਿਰ ‘ਚੇ
ਅਕਲ ਪੁੱਠੀ ਲਟਕਾਵੇ।
ਪੁੱਠੀ ‘ਅਕਲ’ ਨੂੰ ਇਸ ਦੁਨੀਆਂ ਦਾ
ਸੱਭ ਕੁਝ ਪੁੱਠਾ ਦਿਸਦਾ,
‘ਭਲਕ’ ਭੁਲੇਖੇ ‘ਕੱਲ’ ਨੂੰ ਚੱਲੇ
ਭੂਤ ਭਵਿਖ ਬਣ ਜਾਵੇ।
ਗ਼ਦਰੀ ਭਗਤ ਸਰਾਭੇ ਜਿਸਨੁੰ
ਅੱਤਵਾਦੀ ਪਏ ਦਿਸਦੇ,
ਹੋਰ ਦਿਸਣ ਕੀ ਡਾਇਰਾਂ ਨੂੰ ਜੋ
ਅਕਲ ਸਿਰੋਪੇ ਪਾਵੇ।
ਪੁੱਠੀ ਅਕਲ ਦਾ ਬੰਦਾ ਨਿੰਦਿਆ
ਜਦ ਹੋਰਾਂ ਦੀ ਬੋਲੇ,
ਉਹ ‘ਬੋਲਿਆ’ ਸੁਣ ਉਸ ਬਾਰੇ
ਕੀ ਕੀ ਕੁਝ ਫ਼ੁਰਮਾਵੇ
ਲੱਖ ਛੁਪਾਇਆਂ ਛੁਪਦੇ ਨਾਹੀਂ
ਭੇਤ ਦਿਲਾਂ ਦੇ ਖੋਲ੍ਹੇ,
‘ਪਰਖ਼ਿਆ’ ਜਦ ਬੰਦੇ ਦਾ ਅਸਲਾ
ਉਹਦੇ ਸਿਰ ਚੜ੍ਹ ਕੇ ਬੋਲੇ।
Email: dr.sukhpal.sanghera@gmail.com
The End