ਮੌਸਮ ਵਿਭਾਗ ਦੀ ਤਾਜ਼ਾ ਭਵਿੱਖਵਾਣੀ, ਇਨ੍ਹਾਂ ਸੂਬਿਆਂ 'ਚ ਕਈ ਦਿਨਾਂ ਤਕ ਮੀਂਹ ਤੇ ਔਲੇ ਪੈਣ ਦੀ ਸੰਭਾਵਨਾ
ਨਵੀਂ ਦਿੱਲੀ 3 ਮਾਰਚ (ਮਪ) ਪਹਾੜੀ ਇਲਾਕਿਆਂ 'ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਪਰ ਮੈਦਾਨੀ ਇਲਾਕਿਆਂ 'ਚ ਇਸ ਦਾ ਅਸਰ ਘੱਟ ਹੀ ਦਿਖਾਈ ਦੇਵੇਗਾ। ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ 'ਚ ਗਰਮੀ ਦੀ ਤਪਿਸ਼ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਿਕ ਇਕ ਤਾਜ਼ਾ ਪੱਛਮੀ ਵਿਸ਼ੋਭ ਸਰਗਰਮ ਹੋ ਰਿਹਾ ਹੈ। ਇਸ ਕਾਰਨ ਪੱਛਮੀ ਹਿਮਾਲਿਆ ਖੇਤਰ 'ਚ ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ, ਬਾਲਿਸਤਾਨ ਤੇ ਮੁਜਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ 5 ਤੇ 6 ਮਾਰਚ ਨੂੰ ਬਾਰਿਸ਼ ਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 6-7 ਮਾਰਚ ਨੂੰ ਪੰਜਾਬ 'ਚ ਹਲਕੀ ਮੀਂਹ ਪੈਣ ਦੀ ਸੰਭਾਵਨਾ ਹੈ। 7 ਮਾਰਚ ਨੂੰ ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ 'ਚ ਗਰਜ ਨਾਲ ਹਲਕੀ ਬਾਰਿਸ਼ ਤੇ ਔਲੇ ਪੈਣ ਦੀ ਸੰਭਾਵਨਾ ਹੈ। ਉੱਥੇ 7 ਮਾਰਚ ਨੂੰ ਹਰਿਆਣਾ, ਚੰਡੀਗੜ੍ਹ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਵੱਖ-ਵੱਖ ਸਥਾਨਾਂ 'ਤੇ ਬਿਜਲੀ ਚਮਕਣ ਨਾਲ ਹਨੇਰੀ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਕਈ ਸੂਬਿਆਂ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਹਫ਼ਤੇ ਹਿਮਾਚਲ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਤੇ ਅਸਾਮ ਦੇ ਕਈ ਹਿੱਸਿਆਂ 'ਚ ਮੀਂਹ ਤੇ ਬਰਫ਼ਬਾਰੀ ਦਾ ਅਨੁਮਾਨ ਹੈ। ਉਤਰਾਖੰਡ ਮੌਸਮ ਵਿਭਾਗ ਮੁਤਾਬਿਕ ਸੂਬੇ 'ਚ ਚਮੌਲੀ, ਰੁਦਰਪ੍ਰਿਆਗ, ਉਤਰਾਕਾਸ਼ੀ ਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ 'ਚ ਅਗਲੇ 4 ਦਿਨਾਂ ਤਕ ਹਲਕਾ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 6 ਮਾਰਚ ਨੂੰ ਸੂਬੇ 'ਚ ਆਸਮਾਨੀ ਬਿਜਲੀ ਦੇ ਡਿੱਗਣ ਤੇ ਔਲੇ ਪੈਣ ਦਾ ਖ਼ੁਦਸ਼ਾ ਪ੍ਰਗਟਾਇਆ ਜਾ ਗਿਆ ਹੈ।