MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਦੀ ਸੰਭਾਲ ਲਈ ਸ਼੍ਰੋਮਣੀ ਕਮੇਟੀ 'ਵਾਤਾਵਰਨ ਵਿਭਾਗ' ਨੂੰ ਮੁੜ ਸੁਰਜੀਤ ਕਰੇ : ਪ੍ਰੋ. ਬਡੂੰਗਰ 

* ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਕੀਤੀ ਮੰਗ  

ਫਤਿਹਗੜ੍ਹ ਸਾਹਿਬ 28 ਜੁਲਾਈ (ਹਰਪ੍ਰੀਤ ਕੋਰ ਟਿਵਾਣਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ  ਦਿਨ ਪ੍ਰਤੀ ਦਿਨ ਗੰਧਲੇ ਹੁੰਦੇ ਜਾ ਰਹੇ ਵਾਤਾਵਰਨ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ  ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਰਲ ਮਿਲ ਕੇ  ਵੱਡੇ ਪੱਧਰ ਤੇ ਯਤਨ ਕੀਤੇ ਜਾਣੇ ਚਾਹੀਦੇ ਹਨ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦੇ ਤੱਤਕਾਲੀਨ ਪ੍ਰਧਾਨਗੀ ਕਾਰਜਕਾਲ ਦੋਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ  ਵਾਤਾਵਰਨ ਦੀ ਸੰਭਾਲ ਲਈ ਵਿਸ਼ੇਸ਼ ਵਿਭਾਗ ਵੀ ਬਾਬਾ ਸੇਵਾ ਸਿੰਘ ਜੀ ਦੇ ਸਥਾਨ ਖਡੂਰ ਸਾਹਿਬ  ਵਿਖੇ ਇੱਕ ਵੱਡਾ ਸਮਾਗਮ ਕਰਕੇ ਸ਼ੁਰੂ ਕੀਤਾ ਗਿਆ ਸੀ ਤੇ  101 ਬੂਟੇ ਵੀ ਲਗਾਏ ਗਏ ਸਨ , ਇਸ ਉਪਰੰਤ ਫਤਿਹਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਮੇਤ   ਪੰਜਾਬ ਵਿੱਚ  ਕਈ ਵੱਖ ਵੱਖ  ਥਾਵਾਂ ਤੇ ਸਮਾਗਮ ਵੀ ਕਰਵਾਏ ਗਏ ਸਨ  ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਵਾਏ ਗਏ  ਸਨ । ਉਨ੍ਹਾਂ ਦੱਸਿਆ ਕਿ   ਇਸ ਸਮਾਗਮ ਵਿਚ ਕਈ ਵਾਤਾਵਰਣ ਪ੍ਰੇਮੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ । ਪ੍ਰੋ. ਬਡੂੰਗਰ ਨੇ ਦੱਸਿਆ ਕਿ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਇਸੇ ਕਾਰਨ  ਇਸ ਵਿਭਾਗ ਨੂੰ ਬੰਦ ਕਰ ਦਿੱਤਾ ਗਿਆ ਸੀ  ।
ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੱਤਰ ਲਿਖ ਕੇ  ਮੰਗ ਕੀਤੀ ਹੈ ਕਿ ਵਾਤਾਵਰਨ ਵਿਭਾਗ ਨੂੰ  ਗੁਰਮਤਿ ਸਿਧਾਂਤ ਅਨੁਸਾਰ ਦੁਬਾਰਾ ਕਾਰਜਸ਼ੀਲ ਕੀਤਾ ਜਾਵੇ ਤੇ ਵਾਤਾਵਰਨ ਦੀ ਸੰਭਾਲ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ  ਗੰਧਲੇ ਹੁੰਦੇ ਜਾ ਰਹੇ ਵਾਤਾਵਰਨ ਕਰਕੇ ਮਨੁੱਖੀ ਜਾਨਾਂ ਨੂੰ  ਪਹੁੰਚ ਰਹੇ  ਨੁਕਸਾਨ ਤੋਂ ਬਚਾਇਆ ਜਾ ਸਕੇ ।