MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਿੱਜੀ ਪਬਲਿਸ਼ਰਾਂ ਦੀਆਂ ਕਿਤਾਬਾਂ ਕਾਰਨ ਅਧਿਆਪਕਾਂ ਦੇ ਵੱਸੋਂ ਬਾਹਰ ਹੋ ਰਹੀ ਹੈ ''ਚਾਈਲਡ ਸਾਈਕਾਲੋਜੀ''

ਤੀਜੀ ਜਮਾਤ ਤੋਂ ਸੁਰੂ ਹੋਏ ਪੀਰੀਅਡ ਸਿਸਟਮ ਦੇ ਕਾਰਨ, ਹੁਸ਼ਿਆਰ ਬੱਚਿਆਂ ਦਾ ਪੜ੍ਹਾਈ ਤੋਂ ਭਟਕ ਰਿਹਾ ਹੈ ''ਮਨ''

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 27 ਅਗਸਤ (ਸੁਰਿੰਦਰ ਸਿੰਘ ਚੱਠਾ)-ਲਾਕਡਾਊਨ 'ਚ ਲੰਮਾ ਸਮਾਂ ਬੰਦ ਰਹੇ ਵਿੱਦਿਅਕ ਅਦਾਰਿਆਂ ਕਾਰਨ ਜਿੱਥੇ ਘਰਾਂ 'ਚ ਰਹਿ ਕੇ ਬੱਚਿਆਂ ਦਾ ਵਿਸੇਸ ਕਰਕੇ 3 ਤੋਂ 9 ਸਾਲ ਦੇ ਬੱਚਿਆਂ ਨੂੰ ਮਿਲਣ ਵਾਲੇ ਸਕੂਲ ਦੇ ਸਿਲੇਬਸ ਅਤੇ ਮਹਿੰਗੇ ਪਬਲਿਸ਼ਰਾਂ ਦੀਆਂ ਕਿਤਾਬਾਂ ਨੂੰ ਸਕੂਲ ਮਾਲਕਾਂ ਨੇਂ ਆਪਣੀਆਂ ਮੋਟੀਆਂ ਕਮਾਈਆਂ ਵਾਸਤੇ ਚੁਣਿਆਂ ਹੈ ਪਰ ਮੌਜੂਦਾ ਦਿਨਾਂ 'ਚ ਇਹ ਕਿਤਾਬਾਂ ਬੱਚਿਆਂ ਦੇ ਸਰਵ-ਪੱਖੀ ਵਿਕਾਸ ਨੂੰ ਕਥਿਤ ਤੌਰ 'ਤੇ ਨਸਟ ਕਰ ਰਹੀਆਂ ਹਨ। ਨਿੱਜੀ ਪਬਲਿਸ਼ਰਾਂ ਨੇਂ ਇਹ ਕਿਤਾਬਾਂ ਅਜਿਹੀ ਮਨੋ-ਬਿਰਤੀ ਨਾਲ ਛਾਪੀਆਂ ਸਨ, ਜਿਸ 'ਚ ਨਿਰੰਤਰ ਸਕੂਲ ਖੁੱਲ੍ਹਣਾਂ ਸਾਮਲ ਸੀ। ਪ੍ਰੰਤੂ ਸਕੂਲ ਨਹੀਂ ਖੁੱਲੇ। ਜਦੋਂ ਸਕੂਲ ਖੁੱਲ੍ਹੇ ਤਾਂ ਪੂਰਨ ਯੋਗ ਬੁੱਧੀ ਦੀ ਅਣਹੋਂਦ ਵਾਲੇ ਕਥਿੱਤ ਅਧਿਆਪਕ ਬੱਚਿਆਂ ਨੂੰ ਮਸ਼ੀਨ ਸਮਝ ਕੇ ਧੜਾ-ਧੜ੍ਹ ਕੰਮ ਅਤੇ ਟੈਸਟ ਦੇ ਨਾਲ-ਨਾਲ ਕਾਪੀਆਂ ਪੂਰੀਆਂ ਕਰਨ ਦਾ ਦਬਾਅ ਬਣਾਉਣ ਲੱਗ ਪਏ। ਜਿਸ ਕਾਰਨ ਬੱਚੇ ਹੁਣ ਸਕੂਲਾਂ ਤੋਂ ਡਰ ਰਹੇ ਹਨ। ਸਰਕਾਰ ਅਤੇ ਸਿੱਖਿਆ ਵਿਭਾਗ ਦੀ ਦੇਖ ਰੇਖ 'ਚ ਹੋ ਰਹੇ ਇਸ ਵਰਤਾਰੇ ਨੂੰ ਹਰੇਕ ਮਾਂ-ਬਾਪ ਦੇਖਦੇ ਕੇ ਵੀ ਕੁਝ ਨਹੀਂ ਕਰ ਸਕਦਾ, ਸਿਰਫ ਬੇਵੱਸ ਹੋ ਕੇ ਬੌਂਦਲ ਚੁੱਕਿਆ ਹੈ। ਜਿੱਥੇ ਸਰਕਾਰੀ ਸਕੂਲ 'ਚ ਪੰਜਵੀਂ ਤੱਕ ਇੱਕ ਹੀ ਅਧਿਆਪਕ ਬੱਚਿਆਂ ਨੂੰ ਸਾਰਾ ਸਾਲ ਪੜਾਉਂਦਾ ਸੀ ਉਥੇ ਅੱਜ ਨਿੱਜੀ ਅਦਾਰਿਆਂ 'ਚ ਤੀਜੀ ਜਮਾਤ ਦੇ ਮਾਸੂਮ ਬੱਚਿਆਂ ਨੂੰ ਪੀਰੀਅਡ ਵਿਵਸਥਾ ਨੇਂ ਮਧੋਲ ਦਿੱਤਾ ਹੈ। ਜਿਸ ਤੋਂ ਕਥਿਤ ਤੌਰ 'ਤੇ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਦੁਆਰਾ ਬੱਚਿਆਂ ਨੂੰ ਵਿੱਦਿਆ ਤੋਂ ਵਾਂਝੇ ਕਰਨ ਦੇ ਕਥਿਤ ਮਨਸੂਬਿਆਂ ਨੂੰ ਸਿਰੇ ਚਾੜ੍ਹਨ 'ਚ ਨਿੱਜੀ ਸਕੂਲ ਵੀ ਅਹਿਮ ਰੋਲ ਨਿਭਾਅ ਰਹੇ ਹਨ। ਕਿਉਂਕਿ ਸਾਰੇ ਸਾਲ 'ਚ ਪੂਰੀਆਂ ਕਰਨ ਵਾਲੀਆਂ ਕਿਤਾਬਾਂ ਦੇ ਇਕਦਮ ਸਕੂਲ ਆਏ ਬੱਚਿਆਂ ਨੂੰ ਟੈਸਟ ਐਲਾਨ ਕਰਨੇ, ਸਖਤੀ ਨਾਲ ਟੈਸਟ ਲੈਣੇਂ, ਬੱਚਿਆਂ ਨੂੰ ਡਾਂਟਣਾ ਆਦਿ ਵਰਗੀਆਂ ਕਿਰਿਆਵਾਂ ਨਾਲ ਬੱਚਿਆਂ ਨੂੰ ਸਕੂਲ ਕਿਸੇ ਭੂਤ ਬੰਗਲੇ ਵਰਗਾ ਲੱਗਣ ਲੱਗ ਜਾਂਦਾ ਹੈ। ਕਮਜੋਰ ਮਾਨਸਿਕਤਾ ਵਾਲੇ ਪਬਲਿਸ਼ਰਾਂ ਨੇਂ ਸਿਰਫ ਸਟੈਂਡਰਡ ਦਿਖਾਉਣ ਲਈ ਔਖੇ ਸਬਦਾਂ ਦੀ ਚੋਣ ਕਰਕੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੀਆਂ ਛਾਪੀਆਂ ਕਿਤਾਬਾਂ ਮਾਸੂਮਾਂ ਦੇ ਮਾਨਸਿਕ ਪੱਧਰ ਨਾਲ ਮੇਲ ਨਹੀਂ ਖਾਂਦੀਆਂ। ਉਪਰੋਂ ਅਧਿਆਪਕਾਂ ਦੀ ਮਾਨਸਿਕਤਾ ਮਾਂ ਜਾਂ ਵੱਡੀ ਭੈਣ ਬਣਕੇ ਬੱਚਿਆਂ ਦੀ ਤਿਆਰੀ ਕਰਵਾਉਣ ਦੀ ਥਾਂ ਸਿਰਫ ਦਬਾਅ ਬਣਾਉਣ ਤੱਕ ਦੀ ਸੋਚ ਵੱਲ ਸੂੰਗੜ ਰਹੀ ਹੋਣ ਕਰਕੇ ਸਾਡੇ ਵਿੱਦਿਆ ਗ੍ਰਹਿਣ ਕਰਨ ਗਏ ਮਾਸੂਮ ਬੱਚੇ ਵੀ ਖੁਦ ਦੀ ਮਾਨਸਿਕਤਾ ਵਿਗਾੜ ਕੇ ਨਿੱਜੀ ਸਕੂਲਾਂ ਤੋਂ ਘਰਾਂ 'ਚ ਵਾਪਸ ਆਉਂਦੇ ਹਨ। ਮਾਪੇ ਡਰਦੇ ਹਨ ਕਿ ਕਿਤੇ ਹਜਾਰਾਂ ਰੁਪਏ ਮਹੀਨੇਂ ਦੀਆਂ ਫੀਸਾਂ, ਮਹਿੰਗੀਆਂ ਕਿਤਾਬਾਂ, ਵਰਦੀਆਂ, ਟਿਊਸਨਾਂ ਨਾਲ ਬੱਚੇ ਕਿਤੇ ਮਾਨਸਿਕ ਰੋਗੀ ਨਾ ਬਣ ਜਾਣ। ਕੁੱਲ ਮਿਲਾ ਕੇ ਕਮਜੋਰ ਵਿਦਿਆਰਥੀ ਤਾਂ ਖਾਤਮੇਂ ਵੱਲ ਵੱਧ ਰਹੇ ਹਨ, ਸਗੋਂ ਅਜਿਹੇ ਵਰਤਾਰਿਆਂ ਨਾਲ ਹੁਸਿਆਰ ਵਿਦਿਆਰਥੀਆਂ ਦਾ ਵੀ ਬੇੜਾ ਗਰਕ ਹੋ ਰਿਹਾ ਹੈ। ਜੇ ਕੁਝ ਸਫਲਤਾ ਪੂਰਵਕ ਚੱਲ ਰਿਹਾ ਹੈ ਤਾਂ ਸਕੂਲ ਦੇ ਖਜਾਨਚੀਆਂ ਕੋਲ ਰੋਜਾਨਾਂ ਜਮ੍ਹਾਂ ਹੁੰਦੀਆਂ ਫੀਸਾਂ, ਬਜਾਰ 'ਚ ਵਿਕਦੀ ਸਟੇਸਨਰੀ ਅਤੇ ਵਰਦੀਆਂ ਦੇ ਕਾਰੋਬਾਰ। ਜੇਕਰ ਅਜਿਹਾ ਆਲਮ ਰਿਹਾ ਤਾਂ  ਮੌਜੂਦਾ ਪੀੜ੍ਹੀ ਆਈਲੈਟਸ ਕਰਨ ਤੋਂ ਵੀ ਅਸਮਰੱਥ ਰਹਿ ਜਾਵੇਗੀ ਜੋ ਅੱਜ ਦੇ ਨਲਾਇਕ ਹਾਕਮ ਦੀ ਬਦੌਲਤ ਮਾਪਿਆਂ ਕੋਲ ਇੱਕ ਮਾਤਰ ਵਿਕਲ੍ਹਪ ਬਾਕੀ ਬਚਿਆ ਹੈ। ਸਕੂਲ ਸਿੱਖਿਆ ਦੀ ਆੜ 'ਚ ਸੂਬਾ ਸਰਕਾਰ ਦੇ ਗੁਰਗਿਆਂ ਦਾ ਪਬਲਿਸਰਾਂ ਨਾਲ ਕਥਿਤ ਮੋਟਾ ਕਮਿਸਨ ਨਾ ਬੰਦ ਹੋਵੇ, ਇਸ ਕਰਕੇ ਸਰਕਾਰਾਂ ਨੇਂ ਰਾਜ ਦੇ ਸਕੂਲ ਸਿੱਖਿਆ ਬੋਰਡ ਦੀਆਂ ਸਰਕਾਰੀ ਕਿਤਾਬਾਂ ਹਰੇਕ ਨਿੱਜੀ ਵਿੱਦਿਅਕ ਅਦਾਰੇ ਵਾਸਤੇ ਲਾਜਮੀਂ ਨਹੀਂ ਕੀਤੀਆਂ। ਜੇਕਰ ਨਿੱਜੀ ਪਬਲਿਸਰਾਂ ਦੀ ਥਾਂ ਬੋਰਡ ਦੀਆਂ ਕਿਤਾਬਾਂ ਹੀ ਲਾਜਮੀਂ ਕੀਤੀਆਂ ਜਾਣ ਤਾਂ ਜਿੱਥੇ ਮਾਪਿਆਂ ਦੀ ਹੁੰਦੀ ਵੱਡੀ ਆਰਥਿਕ ਲੁੱਟ ਬੰਦ ਹੋਵੇਗੀ, ਉਥੇ ਹੀ ਯੋਗ ਤਰੀਕੇ ਅਤੇ ਮਾਸੂਮਾਂ ਦੀ ਮਾਨਸਿਕਤਾ ਮੁਤਾਬਕ ਤਿਆਰ ਕਿਤਾਬਾਂ ਰਾਹੀਂ ਬੱਚਿਆਂ ਦਾ ਭਵਿੱਖ ਵੀ ਸੁਧਰ ਸਕਦਾ ਹੈ। ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਖਿੱਚਣ ਅਤੇ ਪਬਲਿਸਰਾਂ ਰਾਹੀਂ ਅਰਬਾਂ ਰੁਪਏ ਕਮਿਸਨ ਦਾ ਧੰਦਾ ਜੇਕਰ ਰੁਕਿਆ ਤਾਂ ਕਥਿਤ ਸਰਕਾਰੀ ਭ੍ਰਿਸਟਾਚਾਰ ਦੇ ਕੀੜੇ ਮਰ ਜਾਣਗੇ। ਅਜਿਹੇ ਕੀੜਿਆਂ ਦੀ ਸੁਰੱਖਿਆ ਵਾਸਤੇ ਮੌਜੂਦਾ ਹਾਕਮ ਸਾਡੀ ਨਸਲ ਦੀ ਵਿੱਦਿਆ ਦੇ ਨਾਮ 'ਤੇ ਨਸਲਕੁਸੀ ਕਰ ਰਿਹਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਹੈ।