ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ
ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪੋਰਟਲ ਉੱਪਰ ਰਜਿਸਟਰੇਸ਼ਨ ਲਾਜਮੀ ਕਰਵਾਉਣ
ਸੁਲਤਾਨਪੁਰ ਲੋਧੀ , 22 ਜੂਨ (ਅਸ਼ੋਕ ਗੋਗਨਾ) ਐਸ.ਡੀ.ਐਮ ਸੁਲਤਾਨਪੁਰ ਲੋਧੀ ਚੰਦਰਜੋਤੀ ਸਿੰਘ ਅਤੇ ਖੇਤੀਬਾੜੀ ਵਿਭਾਗ ਸੁਲਤਾਨਪੁਰ ਲੋਧੀ ਦੀ ਟੀਮ ਨੇ ਅੱਜ ਬੂਸੋਵਾਲ ਪਿੰਡ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਕੀਤਾ।
ਇਸ ਮੌਕੇ ਐਸ ਡੀ ਐਮ ਸੁਲਤਾਨਪੁਰ ਲੋਧੀ ਚੰਦਰਜੋਤੀ ਨੇ ਕਿਸਾਨ ਦੇ ਪਾਣੀ ਬਚਾਉਣ ਅਤੇ ਖੇਤੀ ਖਰਚੇ ਘਟਾਉਣ ਲਈ ਸਿੱਧੀ ਬਿਜਾਈ ਰਾਹੀਂ ਝੋਨਾ ਬੀਜਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਇਸ ਵਿਧੀ ਨੂੰ ਅਪਣਾਉਣਾ ਚਾਹੀਦਾ ਹੈ।
ਖੇਤੀਬਾੜੀ ਅਫਸਰ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਨੂੰ ਹੱਲਾਸ਼ੇਰੀ ਦੇਣ ਲਈ ਕਿਸਾਨਾਂ ਨੂੰ 1500 ਪ੍ਰਤੀ ਏਕੜ ਦੇ ਹਿਸਾਬ ਨਾਲ ਮਾਲੀ ਇਮਦਾਦ ਦਿੱਤੀ ਜਾ ਰਹੀ ਹੈ ਇਸ ਲਈ ਕਿਸਾਨ ਦਾ 25 ਜੂਨ ਤੋਂ ਪਹਿਲਾਂ ਪੋਰਟਲ ਉੱਪਰ ਰਜਿਸਟਰ ਹੋਣਾ ਲਾਜਮੀ ਹੈ।
ਉਹਨਾਂ ਦੱਸਿਆ ਕਿ ਸਾਰੇ ਕਿਸਾਨਾਂ ਨੂੰ ਪੋਰਟਲ ਉੱਪਰ ਰਜਿਸਟਰ ਕਰ ਦਿੱਤਾ ਗਿਆ ਹੈ ਲੇਕਿਨ ਫਿਰ ਵੀ ਜੇ ਕੋਈ ਕਿਸਾਨ ਪੋਰਟਲ ਉੱਪਰ ਰਜਿਸਟਰ ਹੋਣ ਤੋਂ ਰਹਿ ਗਿਆ ਹੋਵੇ ਤਾਂ ਉਹ ਖੇਤੀਬਾੜੀ ਦਫਤਰ ਨਾਲ ਤਾਲਮੇਲ ਕਰਕੇ ਰਜਿਸਟਰੇਸ਼ਨ ਕਰਵਾ ਸਕਦਾ ਹੈ।
ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਕਿਸਾਨ ਅਮਰਜੀਤ ਸਿੰਘ ਲਗਾਤਾਰ ਪਿਛਲੇ 4 ਸਾਲ ਤੋਂ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਫਸਲ ਪੈਦਾ ਕਰ ਰਿਹਾ ਹੈ ਅਤੇ ਕਿਸਾਨ ਨੇ ਪਿੱਛਲੇ ਸਾਲ ਪ੍ਰਤੀ ਏਕੜ 39 ਕੁਇੰਟਲ ਤੱਕ ਝਾੜ ਪ੍ਰਾਪਤ ਕੀਤਾ ਹੈ।
ਸਿੱਧੀ ਬਿਜਾਈ ਨਾਲ ਕੱਦ ਕਰਕੇ ਲਗਾਏ ਝੋਨੇ ਦੇ ਮੁਕਾਬਲੇ ਆਲਮੀ ਤਪਸ਼ ਨੂੰ ਵਧਾਉਣ ਲਈ ਜਿੰਮੇਵਾਰ ਗ੍ਰੀਨ ਹਾਉਸ ਗੈਸਾ ਦਾ ਰਿਸਾਵ ਘੱਟ ਹੁੰਦਾ ਹੈ ਅਤੇ ਮੀਂਹ ਦਾ ਪਾਣੀ ਜਮੀਨ ਵਿੱਚ ਜਜਬ ਹੌਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੱਧਦਾ ਹੈ।
ਇਸ ਮੌਕੇ ਪਰਮਿੰਦਰ ਕੁਮਾਰ ਨੇ ਕਿਸਾਨਾਂ ਖੇਤੀ ਲਾਗਤਾਂ ਘਟਾ ਕੇ ਵੱਧ ਮੁਨਾਫਾ ਲੈਣ ਸਿੱਧੀ ਬਿਜਾਈ ਵਰਗੀਆਂ ਤਕਨੀਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਇੰਜੀਨੀਅਰ ਅਭਿਸ਼ੇਕ ਵੈਦ ਅਤੇ ਮਨਜਿੰਦਰ ਸਿੰਘ ਏ ਟੀ ਐਮ ਨੇ ਪ੍ਰਦਸ਼ਨੀ ਪਲਾਂਟ ਲਈ ਪ੍ਰਬੰਧ ਕੀਤੇ। ਇਸ ਮੌਕੇ ਸੁਖਵਿੰਦਰ ਸਿੰਘ ਅਮਰਜੀਤ ਸਿੰਘ ਰਜਨੀਸ਼ ਕੁਮਾਰ ਆਦਿ ਮੌਜੂਦ ਸਨ।