ਸ੍ਰ. ਨਾਇਬ ਸਿੰਘ ਪੂਨੀਆ ਨੂੰ ਸੇਵਾ ਮੁਕਤੀ 'ਤੇ ਦਿੱਤੀ ਨਿੱਘੀ ਵਿਦਾਇਗੀ
ਤਲਵੰਡੀ ਸਾਬੋ, 13 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅਧਿਆਪਕ ਦਾ ਕਿੱਤਾ ਬਹੁਤ ਹੀ ਪਵਿੱਤਰ ਅਤੇ ਵਿਸ਼ੇਸ਼ ਜਿੰਮੇਵਾਰੀ ਵਾਲਾ ਕਿੱਤਾ ਹੈ ਅਤੇ ਉਸ ਤੋਂ ਵੀ ਕਿਤੇ ਵੱਧ ਅਧਿਆਪਕ ਦੇ ਤੌਰ 'ਤੇ ਵਿਦਿਆਰਥੀਆਂ ਨੂੰ ਸਹੀ ਸੇਧ ਅਤੇ ਅਗਵਾਈ ਦੇਣਾ ਬਹੁਤ ਹੀ ਘੱਟ ਅਧਿਆਪਕਾਂ ਦੇ ਹਿੱਸੇ ਆਉਂਦਾ ਹੈ। ਇਸ ਲਈ ਅਧਿਆਪਕ ਨੂੰ ਕੌਮ ਦੇ ਨਿਰਮਾਤਾ ਦੇ ਵਿਸੇਸਣ ਨਾਲ ਨਵਾਜਿਆ ਜਾਂਦਾ ਹੈ। ਅੱਜ ਅਜਿਹੇ ਹੀ ਬਹੁਤ ਸ਼ਾਂਤ ਸੁਭਾਅ ਵਾਲੇ ਅਤੇ ਮਿਹਨਤੀ ਅਧਿਆਪਕ ਸ੍ਰ. ਨਾਇਬ ਸਿੰਘ ਜੀ ਪੂਨੀਆ ਨੂੰ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਸਮਾਜਿਕ ਸਿੱਖਿਆ ਅਧਿਆਪਕ 58 ਸਾਲਾਂ ਦੀ ਉਮਰ ਪੂਰੀ ਹੋਣ 'ਤੇ ਸਰਕਾਰੀ ਹਾਈ ਸਕੂਲ ਲਾਲੇਆਣਾ (ਬਠਿੰਡਾ) ਤੋਂ ਸਮੂਹ ਨਗਰ ਪੰਚਾਇਤ, ਐੱਸ ਐੱਮ ਸੀ ਅਤੇ ਸਮੂਹ ਸਕੂਲ ਸਟਾਫ ਦੁਆਰਾ ਨਿੱਘੀ ਸੇਵਾ ਮੁਕਤੀ 'ਤੇ ਵਿਦਾਇਗੀ ਦਿੱਤੀ ਗਈ। ਸ੍ਰ. ਨਾਇਬ ਸਿੰਘ ਪੂਨੀਆ ਜੀ ਦਾ ਜਨਮ 5 ਜੂਨ 1965 ਨੂੰ ਇੱਕ ਮੱਧ ਵਰਗੀ, ਮਿਹਨਤੀ ਪਰਿਵਾਰ ਵਿੱਚ ਪਿਤਾ ਸ੍ਰ. ਹਰਨਾਮ ਸਿੰਘ, ਮਾਤਾ ਸਰਦਾਰਨੀ ਨੰਦ ਕੌਰ ਜੀ ਦੇ ਘਰ ਮਾਹੀਨੰਗਲ, ਤਹਿਸੀਲ ਤਲਵੰਡੀ ਸਾਬੋ (ਬਠਿੰਡਾ) ਵਿਖੇ ਹੋਇਆ। ਬਚਪਨ ਤੋਂ ਹੀ ਆਪ ਜੀ ਦੀ ਰੁਚੀ ਅਧਿਆਪਨ ਕਿੱਤੇ ਵਿੱਚ ਸੀ। ਆਪ ਜੀ ਨੇ ਆਪਣੀ ਮਿਹਨਤ, ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਆਪਣੇ ਇਸ ਟੀਚੇ ਨੂੰ ਸਰ ਕੀਤਾ ਅਤੇ ਮਿਤੀ 19 ਦਸੰਬਰ 1998 ਨੂੰ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਮਿਡਲ ਸਕੂਲ ਚੱਬਾ (ਫਿਰੋਜ਼ਪੁਰ) ਵਿੱਚ ਆਪ ਜੀ ਦੀ ਪਹਿਲੀ ਨਿਯੁਕਤੀ ਕੀਤੀ। ਕੁੱਝ ਸੇਵਾ ਸਰਕਾਰੀ ਮਿਡਲ ਸਕੂਲ ਗੋਲੇਵਾਲਾ ਵਿਖੇ ਨਿਭਾਈ। ਜਨਵਰੀ 2006 ਤੋਂ ਸਤੰਬਰ 2013 ਤੱਕ ਆਪ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ (ਬਠਿੰਡਾ) ਵਿੱਚ ਸੇਵਾ ਨਿਭਾਈ। ਸੰਨ 2013 ਤੋਂ ਮਿਤੀ 30 ਜੂਨ 2023 ਤੱਕ ਆਪ ਸਰਕਾਰੀ ਹਾਈ ਸਕੂਲ ਲਾਲੇਆਣਾ (ਬਠਿੰਡਾ) ਵਿੱਚ ਸੇਵਾ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ। ਇਹਨਾਂ ਦੇ ਸੇਵਾ ਮੁਕਤੀ ਸਮਾਰੋਹ ਵਿੱਚ ਐੱਸ ਐੱਮ ਸੀ ਕਮੇਟੀ ਦੇ ਚੇਅਰਮੈਨ ਸ੍ਰੀ ਤਰਸੇਮ ਸਿੰਘ ਜੀ, ਗ੍ਰਾਮ ਪੰਚਾਇਤ ਲਾਲੇਆਣਾ ਦੇ ਸਰਪੰਚ ਸ੍ਰੀ ਗੁਰਮੇਲ ਸਿੰਘ, ਸਰਕਾਰੀ ਪ੍ਰਾਇਮਰੀ ਲਾਲੇਆਣਾ ਦਾ ਸਮੂਹ ਸਟਾਫ, ਇਸ ਸਕੂਲ ਵਿੱਚ ਸੇਵਾ ਨਿਭਾਅ ਚੁੱਕੇ ਅਧਿਆਪਕ ਸਹਿਬਾਨ, ਬੀਐੱਨਓ ਸ੍ਰੀ ਦਰਸ਼ਨ ਕੁਮਾਰ ਗੋਇਲ ਜੀ, ਪ੍ਰਿੰਸੀਪਲ ਸ੍ਰ. ਅਮਨਦੀਪ ਸਿੰਘ ਜੀ ਸਸਸਸ ਮਾਹੀਨੰਗਲ, ਪ੍ਰਿੰਸੀਪਲ ਸ੍ਰ. ਰਜਿੰਦਰ ਸਿੰਘ ਸਸਸਸ ਚਹਿਲਾਂਵਾਲੀ, ਸ੍ਰੀਮਤੀ ਚੰਦਨਪਰੀਤ ਕੌਰ ਸਹਸ ਬੁਰਜ ਮਹਿਮਾ, ਸ੍ਰ. ਦਰਸ਼ਨ ਸਿੰਘ ਜੀ ਸੁਪਰਇਨਟੈਂਡੈਂਟ ਇੰਜਨੀਅਰ ਪੀਐਸਈਬੀ, ਸਰਕਾਰੀ ਹਾਈ ਸਕੂਲ ਲਾਲੇਆਣਾ ਦਾ ਸਮੂਹ ਸਟਾਫ, ਰਿਸ਼ਤੇਦਾਰ ਅਤੇ ਹੋਰ ਮੋਹਤਬਰ ਸਖਸ਼ੀਅਤਾਂ ਨੇ ਸ੍ਰ. ਨਾਇਬ ਸਿੰਘ ਜੀ ਨੂੰ ਵਧਾਈਆਂ ਦਿੱਤੀਆਂ ਅਤੇ ਸਵਸਥ ਜੀਵਨ ਲਈ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਸਮਾਰੋਹ 'ਚ ਸਮੂਹ ਹਾਜਰੀਨ ਦਾ ਸਕੂਲ ਮੁਖੀ ਸ੍ਰ. ਜਗਤਾਰ ਸਿੰਘ ਜੀ ਦੁਆਰਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਪੀਟੀਆਈ ਸ੍ਰ. ਹਰਿਮੰਦਰ ਸਿੰਘ ਦੁਆਰਾ ਬਾਖੂਬੀ ਕੀਤਾ ਗਿਆ।