MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿੰਡ ਨੂਰਪੁਰ ਸੇਠਾਂ ਦੇ ਲੋਕ ਚਿੱਟੇ ਦੇ ਤਸਕਰਾਂ ਖਿਲਾਫ ਹੋਏ ਇਕਜੁੱਟ

ਐਸ ਐਸ ਪੀ ਦੇ ਫੋਨ ਕਰਨ ਦੇ ਬਾਵਜੂਦ ਪੁਲਸ ਨੇ ਨਹੀ ਲਿਆ ਐਕਸ਼ਨ



ਫ਼ਿਰੋਜ਼ਪੁਰ 25 ਅਗਸਤ (ਸਤਬੀਰਬਰਾੜ) ਨਸ਼ਿਆਂ ਤੇ ਕਾਬੂ ਪਾਉਣ ਦੇ ਨਾ ਤੇ ਵੋਟਾਂ ਮੰਗਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸੱਤਾ ਸੰਭਾਲਦਿਆਂ ਹੀ ਆਪਣੇ ਸੂਬਾ ਵਾਸੀਆਂ ਨੂੰ ਵਿਸਾਰ ਗਈ। ਆਮ ਜਨਤਾ ਨੂੰ ਆਪਣੀਆਂ ਆਉਣ ਵਾਲੀਆ ਨਸਲਾਂ ਨੂੰ ਨਸ਼ਿਆਂ ਦੇ ਦੈਂਤ ਤੋਂ ਬਚਾਉਣ ਲਈ ਲੋਕਾਂ ਨੂੰ ਇਕਜੁੱਟ ਹੋਣਾ ਪੈ ਰਿਹ ਹੈ।
ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਭਾਰਤ ਦੇ ਸਭ ਤੋਂ ਵਧੀਆ ਪਿੰਡ ਨੂਰਪੁਰ ਸੇਠਾਂ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ। ਵਾਰ ਵਾਰ ਪੁਲਸ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੇ ਬਾਵਜੂਦ ਵੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਹੀ ਹੁੰਦੀ। ਬੀਤੇ ਕੱਲ ਪਿੰਡ ਦੇ ਇਕ ਕਥਿਤ ਨਸ਼ਾ ਵਿਕਰੇਤਾ ਦੀ ਗੁਆਂਢੀਆਂ ਨਾਲ ਕੁੱਟਮਾਰ ਤੋਂ ਬਾਅਦ ਸ਼ਿਕਾਇਤ ਕਰਤਾ ਪਿੰਡ ਨੂਰਪੁਰ ਸੇਠਾਂ ਦੀ ਪੰਚਾਇਤ ਅਤੇ ਪਤਵੰਤਿਆਂ ਦਾ ਇਕ ਵਫਦ ਜਿਲਾ ਪੁਲਿਸ ਮੁਖੀ ਨੂੰ ਕਥਿਤ ਨਸ਼ਾ ਤਸਕਰ ਖਿਲਾਫ ਕਾਰਵਾਈ ਕਰਨ ਲਈ ਮਿਲਿਆ ਤਾਂ ਐਸਐਸਪੀ ਫ਼ਿਰੋਜ਼ਪੁਰ ਦੀਪਕ ਹਿਲੋਰੀ ਨੇ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਪਰ ਇਕ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਨੇ ਕੋਈ ਕਾਰਵਾਈ ਨਹੀ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਮੇਜ ਸਿੰਘ ਸੱਭਰਵਾਲ ਨੇ ਦੱਸਿਆ ਕਿ ਉਹਨਾ ਨੇ ਥਾਨਾ ਕੁਲਗੜੀ ਦੇ ਮੁੱਖ ਅਫ਼ਸਰ ਨੂੰ ਫੋਨ ਕੀਤਾ ਸੀ ਪਰ ਉਹਨਾ ਕਿਹਾ ਕਿ ਉਕਤ ਮਾਮਲੇ ਬਾਰੇ ਉਸਨੂੰ ਕੋਈ ਇਲਮ ਨਹੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਸਿੰਘ ਕੰਬੋਜ ਨੇ ਆਖਿਆ ਕਿ ਅੱਜ ਜਦੋਂ ਉਹ ਜਿਲਾ ਪੁਲਿਸ ਮੁਖੀ ਨੂੰ ਮਿਲੇ ਸਨ ਤਾਂ ਐਸਐਸਪੀ ਫਿਰੋਜ਼ਪੁਰ ਨੇ ਐਸ.ਐਚ.ਓ ਥਾਨਾ ਕੁਲਗੜੀ ਨੂੰ ਸਾਡੇ ਸਾਹਮਣੇ ਫੋਨ ਕਰਕੇ ਕਥਿਤ ਨਸ਼ਾ ਤਸਕਰ ਤੇ ਕਾਰਵਾਈ ਕਰਨ ਲਈ ਵੀ ਆਖਿਆ ਸੀ ਪਰ ਪੁਲਸ ਵੱਲੋਂ ਕਾਰਵਾਈ ਨਾ ਕਰਨਾ ਪ੍ਰਸ਼ਾਸ਼ਨ ਦੀ ਵੱਡੀ ਨਲਾਇਕੀ ਹੈ। ਉਹਨਾ ਆਖਿਆ ਕਿ ਜੇ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਥਾਣੇ ਮੂਹਰੇ ਧਰਨਾ ਲਾਉਣ ਲਈ ਮਜਬੂਰ ਹੋਣਗੇ। ਮੁਲਾਜ਼ਮ ਆਗੂ ਦਰਸ਼ਨ ਸਿੰਘ ਚੇਅਰਮੈਨ ਨੇ ਆਖਿਆ ਕਿ ਸਾਡਾ ਪਿੰਡ ਨਸ਼ਿਆਂ ਦੀ ਮਾਰ ਹੇਠ ਆ ਗਿਆ ਹੈ ਤੇ ਆਹਲਾ ਅਧਿਕਾਰੀਆਂ ਨੂੰ ਮਿਲਣ ਦਾ ਬਾਵਜੂਦ ਵੀ ਕਥਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਹੀ ਹੋ ਰਹੀ। ਨਸ਼ਾ ਤਸਕਰ ਕਥਿਤ ਤੌਰ ਤੇ ਫਾਇਰਿੰਗ ਕਰਕੇ ਲੋਕਾਂ ਨੂੰ ਡਰਾ ਰਹੇ ਨੇ ਪਰ ਪੰਜਾਬ ਪੁਲਸ ਖਾਮੋਸ਼ ਤਮਾਸ਼ਾ ਦੇਖ ਰਹੀ ਹੈ। ਪਿੰਡ ਦੇ ਨੰਬਰਦਾਰ ਭਗਵਾਨ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਸਾਰਾ ਪਿੰਡ ਇਕਜੁੱਟ ਹੈ ਤੇ ਕਿਸੇ ਹਾਲਤ ਵਿੱਚ ਪਿੰਡ ਵਾਸੀ ਵਿੱਚ ਨਸ਼ਿਆਂ ਦੇ ਅੱਡੇ ਨਹੀ ਚੱਲਣ ਦੇਣਗੇ। ਨੌਜਵਾਨ ਆਗੂ ਜੁਗਿੰਦਰ ਸਿੰਘ ਮਾਣਕ ਨੇ ਆਖਿਆ ਕਿ ਪਿੰਡ ਦਾ ਹਰ ਬਾਸ਼ਿੰਦਾ ਨਸ਼ਿਆ ਖਿਲਾਫ ਇਕਜੁੱਟ ਹੋ ਕੇ ਲਾਮਬੰਦ ਹੋਵੇ। ਉਹਨਾ ਕਿਹਾ ਕਿ ਨਸ਼ਿਆ ਨੂੰ ਠੱਲ੍ਹ ਪਾਉਣ ਲਈ ਸਰਕਾਰ ਪਿੰਡ ਵਾਸੀਆਂ ਦਾ ਸਾਥ ਦੇਵੇ। ਪਿੰਡ ਵਾਸੀਆਂ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਪੁਲਸ ਨੇ ਪਿੰਡ ਦੇ ਨਸ਼ਾ ਤਸਕਰ ਕਾਬੂ ਕੀਤੇ ਸਨ ਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਕੁਝ ਹਥਿਆਰ ਵੀ ਕਾਬੂ ਕੀਤੇ ਸਨ ਪਰ ਪੁਲਸ ਦੀ ਕਥਿਤ ਮਿਲੀਭੁਗਤ ਕਾਰਨ ਉਕਤ ਲੋਕ ਥੋੜੇ ਦਿਨਾਂ ਬਾਅਦ ਪੁਲਸ ਦੀ ਗ੍ਰਿਫਤ ਤੋ ਬਾਹਰ ਆ ਗਏ ਸਨ।  ਪਿੰਡ ਦੇ ਇਕ ਨੌਜਵਾਨ ਨੇ ਦਸਿਆ ਕਿ ਨਸ਼ਾ ਤਸਕਰਾਂ ਨਾਲ ਪੁਲਸ ਦੀ ਕਥਿਤ ਮਿਲੀਭੁਗਤ ਹੈ ਤੇ ਨਸ਼ਾ ਵੇਚਣ ਵਾਲੇ ਪੁਲਸ ਮੁਲਾਜ਼ਮਾਂ ਨਾਲ ਉਹਨਾ ਦੇ ਜਨਮ ਦਿਨ ਥਾਣਿਆਂ ਵਿਚ ਮਨਾ ਰਹੇ ਹਨ ਤੇ ਉਹੀ ਪੁਲਸ ਉਹਨਾ ਖਿਲਾਫ ਕਾਰਵਾਈ ਕਿਵੇ ਕਰੇ ਗੀ। ਇਸ ਸਬੰਧੀ ਜਦੋਂ ਐਸ.ਐਚ.ਓ ਥਾਨਾ ਕੁਲਗੜੀ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾ ਦਸਿਆ ਕਿ ਨੂਰਪੁਰ ਸੇਠਾਂ ਵਿੱਚ ਪੁਲਸ ਪਾਰਟੀ ਗਈ ਸੀ ਪਰ ਕੋਈ ਕਾਬੂ ਨਹੀ ਆਇਆ।